ਬਦਸਲੂਕੀ ਮਾਮਲਾ: ਜਾਣਕਾਰੀ ਇਕੱਠੀ ਕਰਨ ਲਈ ਸਵਾਤੀ ਮਾਲੀਵਾਲ ਦੇ ਘਰ ਪਹੁੰਚੀ ਪੁਲਸ

ਨਵੀਂ ਦਿੱਲੀ- ਦਿੱਲੀ ਪੁਲਸ ਦੀ ਇਕ ਟੀਮ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਆਮ ਆਦਮੀ ਪਾਰਟੀ (ਆਪ) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਬਦਸਲੂਕੀ ਦੇ ਮਾਮਲੇ ਵਿਚ ਵੀਰਵਾਰ ਨੂੰ ਉਨ੍ਹਾਂ ਦੇ ਘਰ ਪਹੁੰਚੀ। ਅਧਿਕਾਰੀਆਂ ਨੇ ਕਿਹਾ ਕਿ ਵਧੀਕ ਪੁਲਸ ਕਮਿਸ਼ਨਰ (ACP) ਦਰਜੇ ਦੇ ਇਕ ਅਧਿਕਾਰੀ ਦੀ ਅਗਵਾਈ ‘ਚ ਇਕ ਟੀਮ ਘਟਨਾ ਦੀ ਜਾਣਕਾਰੀ ਲੈਣ ਲਈ ਮਾਲੀਵਾਲ ਦੇ ਘਰ ਗਈ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮਾਲੀਵਾਲ ਸੋਮਵਾਰ ਸਵੇਰੇ ਸਿਵਲ ਲਾਈਨਜ਼ ਥਾਣੇ ਪਹੁੰਚੀ ਸੀ ਅਤੇ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਕੇਜਰੀਵਾਲ ਦੇ ਨਿੱਜੀ ਸਟਾਫ਼ ਦੇ ਇਕ ਮੈਂਬਰ ਨੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਸੀ।
ਓਧਰ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਮਾਲੀਵਾਲ ਦੇ ਦੋਸ਼ਾਂ ‘ਤੇ ਕੇਜਰੀਵਾਲ ਦੇ ਸਹਿਯੋਗੀ ਵਿਭਵ ਕੁਮਾਰ ਨੂੰ ਅੱਜ ਸੰਮਨ ਭੇਜਿਆ। ਉਨ੍ਹਾਂ ਦਾ ਪੱਖ ਸ਼ੁੱਕਰਵਾਰ ਨੂੰ 11 ਵਜੇ ਸੁਣਿਆ ਜਾਵੇਗਾ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਮਾਲੀਵਾਲ ਨਾਲ ਜੋ ਘਟਨਾ ਵਾਪਰੀ, ਉਹ ਅਤਿਅੰਤ ਨਿੰਦਾਯੋਗ ਹੈ। ਸੰਜੇ ਸਿੰਘ ਨੇ ਵੀਰਵਾਰ ਨੂੰ ਲਖਨਊ ਵਿਚ ਕੇਜਰੀਵਾਲ ਦੀ ਮੌਜੂਦਗੀ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਮਾਲੀਵਾਲ ਨੂੰ ਲੈ ਕੇ ਪੁੱਛੇ ਗਏ ਇਕ ਸਵਾਲ ‘ਤੇ ਕਿਹਾ ਕਿ ਪੂਰਾ ਦੇਸ਼ ਅੱਜ ਤੱਕ ਦੁਖੀ ਹੈ ਕਿ ਕਾਰਗਿਲ ਦੇ ਫ਼ੌਜੀ ਦੀ ਪਤਨੀ ਨੂੰ ਮਣੀਪੁਰ ਵਿਚ ਨਗਨ ਕਰ ਕੇ ਘੁੰਮਾਇਆ ਗਿਆ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਚੁੱਪ ਹਨ। ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਪ੍ਰਜਵਲ ਰੇਵੰਨਾ ਨੇ ਹਜ਼ਾਰਾਂ ਔਰਤਾਂ ਨਾਲ ਰੇਪ ਕੀਤਾ ਅਤੇ ਉਸ ਨੂੰ ਭਾਜਪਾ ਨੇ ਦੋਸ਼ ਵਿਚੋਂ ਦੌੜਨ ਦੀ ਆਗਿਆ ਦਿੱਤੀ। ਜਦੋਂ ਮਹਿਲਾ ਪਹਿਲਵਾਨ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਸਨ ਤਾਂ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਦੇ ਤੌਰ ਤੇ ਮਾਲੀਵਾਲ ਉੱਥੇ ਗਈ, ਉਨ੍ਹਾਂ ਨੂੰ ਪੁਲਸ ਨੇ ਘਸੀੜਿਆ ਅਤੇ ਕੁੱਟਿਆ।
ਸੰਜੇ ਸਿੰਘ ਨੇ ਕਿਹਾ ਕਿ ‘ਆਪ’ ਸਾਡਾ ਪਰਿਵਾਰ ਹੈ। ਪਾਰਟੀ ਨੇ ਇਸ ਮਾਮਲੇ ‘ਤੇ ਆਪਣਾ ਨਜ਼ਰੀਆ ਸਪੱਸ਼ਟ ਕਰ ਦਿੱਤਾ ਹੈ। ਮੈਂ ਚਾਹੁੰਦਾ ਹਾਂ ਕਿ ਜੋ ਮੁੱਦੇ ਮੈਂ ਤੁਹਾਡੇ ਸਾਹਮਣੇ ਰੱਖੇ ਹਨ, ਉਨ੍ਹਾਂ ‘ਤੇ ਭਾਜਪਾ ਅਤੇ ਪ੍ਰਧਾਨ ਮੰਤਰੀ ਨੂੰ ਵੀ ਜਵਾਬ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੂੰ ਸਵਾਤੀ ਮਾਲੀਵਾਲ ਦੇ ਮੁੱਦੇ ‘ਤੇ ਜਵਾਬ ਦੇਣਾ ਚਾਹੀਦਾ ਹੈ, ਜਿਨ੍ਹਾਂ ਨੂੰ ਜੰਤਰ-ਮੰਤਰ ‘ਤੇ ਘਸੀੜ ਕੇ ਕੁੱਟਿਆ ਗਿਆ। ਜਦੋਂ ਉਹ ਮਹਿਲਾ ਪਹਿਲਵਾਨਾਂ ਲਈ ਨਿਆਂ ਮੰਗਣ ਗਈ ਸੀ।