ਡਾਇਰੀ ਦਾ ਪੰਨਾ
ਨਿੰਦਰ ਘੁਗਿਆਣਵੀ
ਗੁਰਪ੍ਰੀਤ ਸਿੰਘ ਬਣਾ ਵਾਲੀ ਜਿੱਦਣ ਸਰਦੂਲਗੜੋਂ MLA ਦੀ ਚੋਣ ਜਿੱਤਿਆ ਤਾਂ ਮੈਨੂੰ ਉਚੇਚੀ ਖ਼ੁਸ਼ੀ ਹੋਈ ਕਿ ਚਲੋ ਸਾਡਾ ਬੇਲੀ ਵੀ ਕਿਸੇ ਖਾਤੇ ‘ਚ ਪੈ ਗਿਆ ਹੈ, ਭੂੰਦੜਾਂ ਨਾਲ ਭੱਜ-ਭੱਜ ਕੇ ਬਥੇਰੀ ਭੂੰ ਭੂੰ ਕਰ ਲਈ ਵਿਚਾਰੇ ਨੇ, ਪਰ ਪੱਲੇ ਕੱਖ ਨਾ ਪਿਆ ਜਾਂ ਪਾਇਆ ਈ ਨਹੀਂ ਗਿਆ ਉਹਦੇ!
ਧਿਆਨ ਕਰੋ ਦੋਸਤੋ, ਇਹ ਕਦੋਂ ਕੋਈ ਸਿਆਸੀ ਆਕਾ ਚਾਹੁੰਦਾ ਹੁੰਦੈ ਕਿ ਉਹਦਾ ਸਿਖਾਂਦਰੂ (ਚੇਲਾ) ਉਹਦੇ ਤੋਂ ਐਨੀ ਛੇਤੀ ਅਗਾਂਹ ਨੂੰ ਲੰਘ ਤੁਰੇ, ਮਤਲਬ ਹੀ ਨਹੀਂ, ਬਸ … ਇਹ ਨੇਤਾ ਲੋਕ ਫ਼ੋਕੇ ਮੋਢੇ ਹੀ ਪਲੋਸਦੇ ਰਹਿੰਦੇ ਨੇ ਆਪਣੇ ਸਿਖਾਂਦਰੂਆਂ ਦੇ, ਅਤੇ ਚੰਗਾ ਸਮਾਂ ਆਉਣ ਦੀ ਉਡੀਕ ਕਰਨ ਨੂੰ ਕਹਿੰਦੇ ਨੇ, ”ਇਹ ਸਿਖਾਂਦਰੂ ਅਗਾਂਹ ਓਦੋਂ ਈ ਲੰਘਦੇ ਨੇ ਜਦੋਂ ਆਕਾ ਜੀ ਤੋਂ ਵਾਹਵਾ ਪਰੇ ਨੂੰ ਜਾਂਦੇ ਨੇ ਅਤੇ ਜਾਂ ਫ਼ਿਰ ਉਨਾਂ ਤੋਂ ਬਾਹਰੇ ਹੋ ਬਗ਼ਾਵਤ ਕਰਦੇ ਨੇ। ਸਾਡੇ ਜ਼ਿਲ੍ਹੇ ਵਿੱਚ ਵੀ ਕੁਛ ਫ਼ਰੀਦਕੋਟੀਏ ਸੱਜਣ ਐਹੋ ਜਿਹੇ ਲੀਡਰ ਹੈਗੇ ਨੇ, ਜਿੰਨਾ ਨੇ ਆਪਣੇ ਚੇਲੇ ਕਦੀ ਤਲਵੰਡੀ ਵਾਲੀਆਂ ਨਹਿਰਾਂ ਨਹੀਂ ਟੱਪਣ ਦਿੱਤੇ, ਉਨਾਂ ਨੂੰ ਚੰਡੀਗੜ੍ਹ ਸੈਕਰੇਟੇਰੀਏਟ ਜਾਂ ਪਾਰਟੀ ਪ੍ਰਧਾਨ ਦੇ ਬੂਹੇ ਪਹੁੰਚਣਾ ਬੜਾ ਔਖਾ ਰਿਹੈ ਅਤੇ ਹੁਣ ਵੀ ਹੈ, ਚਾਹੇ ਕਿਸੇ ਵੀ ਪਾਰਟੀ ਦਾ ਹੋਵੇ। ਮੈਂ ਖ਼ੁਦ ਦੇਖਦਾ ਆ ਰਿਹਾ ਹਾਂ ਲੋਕਲ ਲੀਡਰਾਂ ਨੂੰ ਬਸ ਐਵੇਂ ਪਿੰਡਾਂ ‘ਚ ਨਾਲ-ਨਾਲ ਮਰਿਆਂ-ਮੁਰਿਆਂ ਦੇ ਭੋਗਾਂ ਜਾਂ ਟੂਰਨਾਮੈਂਟਾਂ ‘ਤੇ ਤੋਰੀ ਫ਼ਿਰਨਗੇ। ਜਾਂ ਫ਼ਿਰ ਕਿਤੇ ਸਥਾਨਕ ਜਿਹੇ ਨਿੱਕੇ-ਮੋਟੇ ਅਹੁਦੇ ਦਿਲਵਾ ਛੱਡਦੇ ਨੇ, ਬਲਾਕ ਪੱਧਰੀ ਜਿਹੇ, ਪਰਿਸ਼ਦ ਪੱਧਰੀ, ਮਾਰਕੀਟ ਕਮੇਟੀ ਵਗੈਰਾ-ਵਗੈਰਾ ਜਾਂ ਕਿਸੇ ਬਾਹਲਾ ਖਹਿੜੇ ਪੈਣ ਵਾਲੇ ਨੂੰ ਅੜੇ-ਥੁੜੇ ਕੋਔਪ੍ਰੇਟਿਵ ਬੈਂਕ ‘ਚ ਵਾੜਤਾ ਅਤੇ ਕੋਈ ਲੈਂਡ ਮੌਰਗੇਜ ਬੈਂਕ ਨੂੰ ਤੋਰਤਾ। ਇਹ ਸੱਚ ਹੈ ਕਿ ਇਹ ਆਕਾ ਡਰਦੇ ਸਨ ਅਤੇ ਡਰਦੇ ਹਨ ਕਿ ਜੇ ਇਹ ਨਵੇਂ ਚੇਲਿਆਂ ਦੀ ਸਿੱਧਮ-ਸਿੱਧੀ ਚੰਡੀਗੜ੍ਹ ਕੋਠੀ ਨੂੰ ਜਾਂ ਸੈਕਰੇਟੇਰੀਏਟ ਨੂੰ ਪਹੁੰਚ ਹੋਗੀ, ਇਨਾਂ ਦੇ ਪਾਸ ਸਾਥੋਂ ਪਾਸੇ ਪਾਸੇ ਹੀ ਬਣਨ ਲਗਪੇ ਤਾਂ ਫ਼ਿਰ ਛੇਤੀ ਹੀ ਇਹ ਬਾਈਪਾਸ ਲੰਘਣ ਲੱਗ ਜਾਣਗੇ। ਫ਼ਿਰ ਕਿਹਨੇ ਪੁੱਛਣਾ ਹੈ ਸਾਨੂੰ, ਅਤੇ ਉਥੇ ਪਹੁੰਚ ਕੇ ਇਹੋ ਹੀ ਸਾਡੀ ਜੜ੍ਹ ‘ਚ ਦਾਤੀ ਫ਼ੇਰਨਗੇ। ਸੋ, ਦੋਸਤੋ, ਇਹੋ ਸਾਡੇ ਸ਼ਹਿਰ ਫ਼ਰੀਦਕੋਟ ਵਾਲੀ ਪਰੰਪਰਾ ਹੋਰਨਾਂ ਬਥੇਰੇ ਸ਼ਹਿਰਾਂ ਵਿੱਚ ਵੀ ਹੈਗੀ ਐ। ਬੜੇ ਸਾਲਾਂ ਦੀ ਗੱਲ ਸੁਣਾਵਾਂ, ਮਜੀਠੀਏ ਦੇ ਗੋਡੇ ਮੁੱਢ ਜਾ ਬੈਠਾ ਇੱਕ ਨਵਾਂ-ਨਵਾਂ ਯੁਵਾ ਨੇਤਾ, ਹੱਦੋਂ ਵੱਧ ਫ਼ੁਕਰਦੀਨ ਅਤੇ ਓਵਰ ਕਲੈਵਰ। ਉਹ ਆਪਣੇ ਜ਼ਿਲ੍ਹੇ ਦੇ ਨੇਤਾ ਦੇ ਨਾਲ ਹੀ ਮਜੀਠੀਏ ਨੂੰ ਕਾਨਫ਼ਰੰਸਾਂ ‘ਚ ਮਿਲਿਆ ਕਰਦਾ ਸੀ। ਮਜੀਠੀਏ ਨੇ ਆਪਣੇ ਕੋਲ ਆਇਆ ਦੇਖਕੇ ਸਮਝਿਆ ਕਿ ਸ਼ਾਇਦ ਨੇਤਾ ਜੀ ਨੇ ਈ ਘੱਲਿਆ ਹੋਣੈ, ਅਤੇ ਸਬੱਬੀਂ ਹੀ, ਜ਼ਿਲ੍ਹੇ ਦੇ ਮੁੱਖ ਨੇਤਾ ਜੀ ਦਾ ਮਜੀਠਿਆ ਜੀ ਨੂੰ ਓਦੋਂ ਹੀ ਫ਼ੋਨ ਆ ਗਿਆ ਕਿ ਮੈਂ ਆ ਰਿਹਾਂ ਮਿਲਣ ਜਨਾਬ ਨੂੰ ਦਸਾਂ ਮਿੰਟਾਂ ‘ਚ …। ਮਜੀਠੀਏ ਮੂੰਹੋਂ ਨਿਕਲ ਗਿਆ, ”ਆਜੋ ਆਜੋ, ਫ਼ਲਾਣਾ ਵੀ ਆਇਆ ਹੋਇਆ ਐ, ਕੋਲ ਈ ਬੈਠਾ ਐ ਮੇਰੇ।” ਇਹ ਸੁਣ ਕੇ ਮੁੱਖ ਨੇਤਾ ਦਾ ਹਾਰਟ ਫ਼ੇਲ੍ਹ ਹੋਣ ਵਾਲਾ ਹੋ ਗਿਆ ਕਿ ਇਹ ਪਤੰਦਰ ਦਾ ਮੈਥੋਂ ਬਿਨਾਂ ਦੱਸੇ-ਪੁੱਛੇ ਹੀ ਅਗਾਂਹ ਕਿਵੇਂ ਜਾ ਬੈਠੈ? ਮਜੀਠੀਏ ਨੂੰ ਕੋਲ ਬੈਠਾ ਉਹ ਨਵਾਂ ਨੇਤਾ ਪੁੱਛਦਾ ਹੈ, ”ਸਰਦਾਰ ਜੀ, ਕੀਹਦਾ ਫ਼ੋਨ ਸੀ? ”ਮਜੀਠੀਏ ਨੇ ਕਿਹਾ ਕਿ ਤੇਰੇ ਬੌਸ ਦਾ ਹੀ ਸੀ, ਉਹ ਵੀ ਆ ਰਿਹੈ ਹੁਣੇ ਏਥੇ। ਤੇ ਇਹ ਸੁਣ ਕੇ ਨਵਾਂ ਨੇਤਾ ਉਥੋਂ ਭੱਜੂੰ-ਭੱਜੂੰ ਕਰੇ, ਅਤੇ ਏਧਰ ਉਹਦਾ ਵੀ ਹਾਰਟ ਫ਼ੇਲ੍ਹ ਹੋਣ ਨੂੰ ਫ਼ਿਰੇ ਕਿ ਅੱਜ ਚੋਰੀ ਮਿਲਣ ਦੀ ਚੋਰੀ ਫ਼ੜੀ ਹੀ ਗਈ। ਖੈਰ!
***
ਹੁਣ ਆਪਾਂ ਆਪਣੇ ਬੇਲੀ ਗੁਰਪ੍ਰੀਤ ਦੀ ਗੱਲ ਕਰੀਏ! ਕਿਧਰੇ ਹੋਰ ਪਾਸੇ ਨੂੰ ਤੁਰ ਗਏ ਸਾਂ ਯਾਰ … ਲਗਦੈ ਓਧਰ ਤੁਰਨਾ ਵੀ ਲਾਜ਼ਮੀ ਸੀ।
ਮੈਨੂੰ ਪਤਾ ਹੈ ਕਿ ਗੁਰਪ੍ਰੀਤ ਬਣਾ ਵਾਲੀ ਨੇ ਇਹੋ ਜਿਹੇ ਬਥੇਰੇ ਦਿਨ ਦੇਖੇ ਨੇ, ਕਿਵੇਂ ਖੱਜਲ ਕਰਦੇ ਨੇ ਸਿਆਸੀ ਆਕਾ ਨਵਿਆਂ ਨੂੰ। ਛੋਟੀ ਉਮਰੇ ਘਾਟ ਘਾਟ ਦਾ ਪਾਣੀ ਪੀ ਲਿਐ ਉਹਨੇ ਅਤੇ ਹਾਲੇ ਵੀ ਪੀ ਰਿਹੈ, ਇਹ ਸੱਚ ਹੈ ਕਿ ਸਿਆਸੀ ਖੇਤਰ ‘ਚ ਬੰਦਾ ਹਮੇਸ਼ਾ ਈ ਘਾਟ ਘਾਟ ਦਾ ਪਾਣੀ ਪੀਂਦਾ ਰਹਿੰਦਾ ਹੈ ਅਤੇ ਪੀ ਪੀ ਪੇਸ਼ਾਬ ਕਰਦਾ ਰਹਿੰਦਾ ਹੈ।
****
ਮੇਰੀ ਗੁਰਪ੍ਰੀਤ ਨਾਲ ਪਹਿਲੀ ਮੁਲਾਕਾਤ 20-21 ਸਾਲ ਪਹਿਲੋਂ ਗਾਇਕ ਮਿੱਤਰ ਹਰਦੇਵ ਮਾਹੀਨੰਗਲ ਨੇ ਕਰਵਾਈ ਸੀ ਕਿਉਂਕ ਰਿਸ਼ਤੇਦਾਰੀ ਪੱਖੋਂ ਹਰਦੇਵ ਦਾ ਬ੍ਰਦਰ-ਇਨ-ਲਾਅ ਮੱਖਣ ਦਾ ਵੀ ਬ੍ਰਦਰ ਇਨ ਲਾਅ ਹੈ। ਮੈਂ ਜਦ ਵੀ ਹਰਦੇਵ ਕੋਲ ਬਠਿੰਡੇ ਜਾਂਦਾ, ਗੁਰਪ੍ਰੀਤ ਆਇਆ ਬੈਠਾ ਹੁੰਦਾ ਸੀ। ਖ਼ੂਬ ਹਾਸੇ ਠੱਠੇ ਹੁੰਦੇ। ਮਹਿਫ਼ਿਲ ਸੱਜਦੀ। ਗੁਰਪ੍ਰੀਤ ਗੀਤਕਾਰ ਹੋਣ ਕਰ ਕੇ ਕਲਾਕਾਰਾਂ ਦੀ ਸੰਗਤ ਦਾ ਸੁਖ ਮਾਣਦਾ ਨਾ ਥੱਕਦਾ ਅਤੇ ਨਾ ਥੱਕਣ ਦਿੰਦਾ, ਨਾ ਟਿਕਣ ਦਿੰਦਾ, ਛੇੜਖਾਨੀਆਂ ਵੀ ਕਰੀ ਜਾਂਦਾ। ਲੋਹੜੇ ਦੀ ਗੱਲ ਅਹੁੜਦੀ ਹੈ ਪਤੰਦਰ ਨੂੰ! ਗੱਲ ਵੀ ਰੋਚਕ ਤੋਂ ਰੋਚਕ, ਅਤੇ ਗੱਲ ਬਣਾਉਣੀ ਵੀ ਆਉਂਦੀ ਹੈ ਅਤੇ ਸੁਣਾਉਣੀ ਵੀ। ਬੜਾ ਘੈਂਟ ਬੰਦੈ ਟਿੰਕੂ ਬਾਈ, (ਇਹ ਨਾਂ ਉਹਦਾ ਨਿੱਕ-ਨੇਮ ਐ ਘਰਦਾ)
***
MLA ਬਣਨ ਬਾਅਦ ਇੱਕ ਦਿਨ ਚੰਡੀਗੜ੍ਹ ਪੰਜਾਬ ਕਲਾ ਭਵਨ ਮੇਰੇ ਦਫ਼ਤਰ ਆਇਆ ਮਿਲਣ। ਨਾਲ ਗੰਨਮੈਨ ਨਹੀਂ ਲਿਆਇਆ। ਪ੍ਰਾਈਵੇਟ ਗੱਡੀ ‘ਚ ਕਿਸੇ ਮਿੱਤਰ ਨਾਲ ਬਹਿ ਕੇ ਆ ਗਿਆ। ਪਤਾ ਈ ਨਹੀਂ ਕਿੰਨੇ ਘੰਟੇ ਪਲਾਂ ‘ਚ ਹੀ ਬੀਤ ਗਏ। ਬੜਾ ਹਸਾਇਆ। ਦਫ਼ਤਰ ਵਾਲੇ ਆਖਣ ਕਿ ਸਰ, ਇਹੋ ਜਿਹੇ ਬੰਦੇ ਬੁਲਾਇਆ ਕਰੋ। ਐਨੀ ਰੌਣਕ ਲਾ ਦਿੱਤੀ ਐ, ਬੜਾ ਵਧੀਆ ਬੰਦਾ ਐ ਅਤੇ ਸੁਭਾਓ ਦਾ ਵੀ ਕਿੰਨਾ ਨਿੱਘਾ ਹੈ। ਮੇਰੇ ਸਾਹਮਣੇ ਬੈਠਿਆ ਗੁਰਪ੍ਰੀਤ ਆਪਣੇ MLA ਬਣਨ ਤੋਂ ਬਾਅਦ ਦੇ ਕੌੜੇ ਤਜਰਬਿਆਂ ਨੂੰ ਮਿੱਠੇ ਅਤੇ ਹਾਸਰਸ ਦੇ ਅੰਦਾਜ਼ ਵਿੱਚ ਸੁਣਾ ਰਿਹਾ ਸੀ ਅਤੇ ਲੜੀ ਟੁੱਟ ਹੀ ਨਹੀਂ ਸੀ ਰਹੀ।
***
ਸ਼ਾਇਦ ਵਿਧਾਨ ਸਭਾ ਦਾ ਦੂਜਾ ਸੈਸ਼ਨ ਸੀ। ਉਹ ਬੋਲਿਆ, ਚਾਰ ਪੰਜ ਮਿੰਟਾਂ ‘ਚ ਧੁੱਕੀ ਕੱਢ ਦਿੱਤੀ ਉਹਨੇ। ਆਵਾਜ਼ ਵੀ ਸੁਖ ਬਚਪਨ ਤੋਂ ਕਰਾਰੀ ਹੈ ਉਹਦੀ। ਉਹ ਵੀਡੀਓ ਕਲਿਪ ਖ਼ਾਸਾ ਵਾਇਰਲ ਹੋਇਆ ਅਤੇ ਸਲਾਹਿਆ ਵੀ ਗਿਆ। ਬੋਲਦੈ ਤਾਂ ਉਹ ਚੰਗਾ ਹੈ ਹੀ ਪਰ ਗੀਤ ਵੀ ਚੰਗਾ ਲਿਖ ਲੈਂਦਾ ਹੈ, ਅੱਜ ਦੀ ਮੁੰਡੀਰ ਵਾਸਤੇ। ਗਿਆਰਾਂ ਕੁ ਸਾਲ ਹੋਏ, ਗੀਤ ਲਿਖਿਆ, ਦਲਜੀਤ ਢਿੱਲੋਂ ਦੀ ਆਵਾਜ਼ ‘ਚ ਰਿਕਾਰਡ ਹੋਇਆ:
ਸ਼ਗਨਾਂ ਦਾ ਦਿਨ ਜਿਹੜਾ ਚੁੱਪ ਕਰ ਬਹਿ ਗਿਆ
ਯਾਰ ਦੇ ਵਿਆਹ ਦੇ ਵਿੱਚ ਨੱਚਣੋਂ ਵੀ ਰਹਿ ਗਿਆ
ਦੋ ਦੋ ਪੈਗ ਲਾ ਲਏ, ਤੀਜੇ ਦੀ ਤਿਆਰੀ ਆ
ਕੱਲ ਦਾ ਪਤਾ ਨੀ, ਅੱਜ ਪੂਰੀ ਸਰਦਾਰੀ ਆ।
ਪੰਜ ਕੁ ਸਾਲ ਹੋਏ, ਗੋਇਲ ਕੰਪਨੀ ਨੇ ਉਹਦਾ ਗੀਤ ਦਲਜੀਤ ਢਿੱਲੋਂ ਦੀ ਆਵਾਜ਼ ‘ਚ ਰਿਕਾਰਡ ਕਰਿਆ, ਬੋਲ ਸਨ:
ਸਭ ਸਖੀਆਂ ਪੁਛਦੀਆਂ ਨੇ
ਕਿਓਂ ਨੀ ਮੇਲਾ ਵੇਖਣ ਜਾਂਦੀ
ਕੀ ਬੋਲਾਂ ਹਾਣ ਦੀਓ, ਨੀਂਦ ਤਾਂ ਅੰਦਰੋਂ ਵੱਢ ਵੱਢ ਖਾਂਦੀ
ਰਹੀ ਝਾਕ ਨਾ ਸੱਜਣਾਂ ਦੀ, ਕੀ ਕਰਨੈਂ ਮੇਲੇ ਜਾ ਕੇ।
ਦੋ ਸਾਲ ਪਹਿਲਾਂ ਰਿਕਾਰਡ ਹੋਇਆ, ਬੋਲ ਸਨ:
ਮੈਂ ਤਾਂ ਵੇਖ ਉਹਨੂੰ ਹੋਗੀ ਸੀ ਹੈਰਾਨ ਨੀ
ਮੇਰੇ ਸਾਹਮਣੇ ਖੜ੍ਹੀ ਸੀ, ਮੇਰੀ ਜਾਨ ਨੀ
ਅਰਸ਼ਦੀਪ ਚੋਟੀਆਂ ਨੇ ਰਿਕਾਰਡ ਕਰਵਾਇਆ:
ਬੂਹੇ ਮੂਹਰੇ ਲੱਗੇ ਲਲਕਾਰਾ ਵੱਜਿਆ
ਪੀ ਕੇ ਸ਼ਰਾਬ ਕੋਈ ਨੰਗ ਗੱਜਿਆ
ਰੋਕ ਨਾ ਮੈਨੂੰ, ਮੇਰੀ ਬਾਂਹ ਛੱਡ ਦੇ
ਛੇਤੀ ਕਰ ਪੇਟੀ ‘ਚੋਂ ਬੰਦੂਕ ਕੱਢ ਦੇ …
ਇੱਕ ਹੋਰ ਗੀਤ ਦੇ ਬੋਲ:
ਤੈਨੂੰ ਮੇਰੇ ਤੋਂ ਪਿਆਰਾ ਲੱਗੇ ਆਈ ਫ਼ੋਨ ਵੇ …
ਤੇ ਇੱਕ ਹੋਰ ਗੀਤ ਦਾ ਰੰਗ ਵੇਖੋ:
ਜੀਰੀ ਲਾਉਂਦਾ ਲਾਉਂਦਾ ਜੱਟ ਪੀਜੀ ਹੋ ਗਿਆ ਤੇ ਬਾਹਲਾ ਈ ਕਿਊਟ ਹੋ ਗਿਆ …
(ਬਾਕੀ ਅਗਲੇ ਹਫ਼ਤੇ)