ਨਥਾਣਾ : ਥਾਣਾ ਨਥਾਣਾ ਅਧੀਨ ਪੈਂਦੇ ਪਿੰਡ ਪੂਹਲਾ ਵਿਖੇ ਘਰੇਲੂ ਝਗੜੇ ਕਾਰਨ ਗੋਲੀ ਚਲਾਉਣ ਵਾਲੇ ਮਾਮਲੇ ਵਿਚ ਨਾਮਜ਼ਦ ਨੌਜਵਾਨ ਇੰਦਰਜੀਤ ਸਿੰਘ ਨੂੰ ਥਾਣਾ ਨਥਾਣਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਥਾਣਾ ਨਥਾਣਾ ਮੁਖੀ ਹਰਜੀਤ ਸਿੰਘ ਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੀਨੀਅਰ ਪੁਲਸ ਕਪਤਾਨ ਬਠਿੰਡਾ ਅਵਨੀਤ ਕੌਂਡਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਨਥਾਣਾ ਪੁਲਸ ਵੱਲੋਂ ਸਮਾਜ ਵਿਚ ਮਾੜੇ ਅਨਸਰਾਂ ਖ਼ਿਲਾਫ਼ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਇਸੇ ਤਹਿਤ ਪੁਲਸ ਥਾਣਾ ਨਥਾਣਾ ਅਧੀਨ ਪੈਂਦੇ ਪਿੰਡ ਪੂਹਲਾ ਵਿਖੇ ਹੋਈ ਫਾਇਰਿੰਗ ਮਾਮਲੇ ਵਿਚ ਨਾਮਜ਼ਦ ਵਿਅਕਤੀ ਨੂੰ ਉਸੇ ਦਿਨ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀl ਪੁਲਸ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਰਮਜੀਤ ਕੌਰ ਪਤਨੀ ਸੁਖਜਿੰਦਰ ਸਿੰਘ ਨੇ ਥਾਣਾ ਨਥਾਣਾ ਵਿਖੇ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਜ਼ਮੀਨ ਦੇ ਬਟਵਾਰੇ ਦੇ ਝਗੜੇ ਦੌਰਾਨ ਉਸਦੇ ਪੁੱਤਰ ਵੱਲੋਂ ਆਪਣੇ ਪਿਤਾ ਦੀ ਲਾਇਸੈਂਸ 12 ਬੋਰ ਰਾਈਫਲ ਨਾਲ ਆਪਣੇ ਪਿਤਾ ਸੁਖਜਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ।
ਇਸ ਨਾਲ ਇੰਦਰਜੀਤ ਸਿੰਘ ਦੀ ਪਤਨੀ ਦੇ ਭਰਾ ਆਕਾਸ਼ਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਡੱਬਵਾਲੀ ਢਾਬ ਹਰਿਆਣਾ ਜ਼ਖਮੀ ਹੋ ਗਿਆ। ਉਸ ਨੂੰ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਦਾਖ਼ਲ ਕਰਵਾਇਆ ਗਿਆ ਅਤੇ ਉਸ ਦੇ ਪਤੀ ਸੁਖਜਿੰਦਰ ਸਿੰਘ ਅਤੇ ਉਸ ਦੇ ਪੈਰ ਉੱਤੇ ਵੀ ਕੁੱਝ ਛਰੇ ਲੱਗੇ ਹਨ। ਇਸ ਫਾਇਰੰਗ ਮਾਮਲੇ ਵਿਚ ਪੁਲਸ ਨੇ ਥਾਣਾ ਨਥਾਣਾ ਵਿਖੇ ਮੁੱਕਦਮਾ ਦਰਜ ਕਰ ਕੇ ਮੁਲਜ਼ਮ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਮੁੱਖ ਥਾਣਾ ਅਫਸਰ ਹਰਜੀਤ ਸਿੰਘ ਮਾਨ ਕਰ ਰਹੇ ਹਨl ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੂੰ ਜਲਦੀ ਹੀ ਅਦਾਲਤ ਵਿਚ ਪੇਸ਼ ਕਰ ਕੇ ਅਗਾਊਂ ਕਾਰਵਾਈ ਕੀਤੀ ਜਾਵੇਗੀ।