ਯੇਰੂਸ਼ਲਮ : ਫਲਸਤੀਨੀ ਕੱਟੜਪੰਥੀਆਂ ਵੱਲੋਂ ਐਤਵਾਰ ਨੂੰ ਵੈਸਟ ਬੈਂਕ ‘ਚ ਇਕ ਵਾਹਨ ‘ਤੇ ਗੋਲੀਬਾਰੀ ਕਰਨ ਨਾਲ ਤਿੰਨ ਇਜ਼ਰਾਈਲੀ ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ। ਇਜ਼ਰਾਈਲ ਨੇ ਹਾਲ ਹੀ ਦੇ ਦਿਨਾਂ ਵਿਚ ਪੱਛਮੀ ਕੰਢੇ ਵਿਚ ਵੱਡੇ ਪੱਧਰ ‘ਤੇ ਹਮਲੇ ਕੀਤੇ ਹਨ। ਇਹ ਹਮਲਾ ਦੱਖਣੀ ਪੱਛਮੀ ਕੰਢੇ ਦੀ ਇਕ ਸੜਕ ‘ਤੇ ਹੋਇਆ।
ਪੁਲਸ ਨੇ ਪੁਸ਼ਟੀ ਕੀਤੀ ਕਿ ਮਾਰੇ ਗਏ ਤਿੰਨ ਵਿਅਕਤੀ ਅਧਿਕਾਰੀ ਸਨ ਅਤੇ ਨਾਲ ਹੀ ਇਹ ਵੀ ਕਿਹਾ ਕਿ ਹਮਲੇ ਤੋਂ ਬਾਅਦ ਹਮਲਾਵਰ ਭੱਜ ਗਏ। ਪੁਲਸ ਨੇ ਦੱਸਿਆ ਕਿ ਮਾਰੇ ਗਏ ਅਧਿਕਾਰੀਆਂ ਵਿੱਚੋਂ ਇੱਕ ਰੋਨੀ ਸ਼ਕੁਰੀ, 61, ਗਾਜ਼ਾ ਸਰਹੱਦ ਦੇ ਨੇੜੇ ਸਡੇਰੋਟ ਸ਼ਹਿਰ ਦਾ ਰਹਿਣ ਵਾਲਾ ਸੀ। ਰੋਨੀ ਦੀ ਪੁਲਸ ਅਧਿਕਾਰੀ ਬੇਟੀ ਮੋਰ ਪਹਿਲਾਂ ਹੀ 7 ਅਕਤੂਬਰ ਨੂੰ ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਦੌਰਾਨ ਮਾਰੀ ਗਈ ਸੀ। ਆਪਣੇ ਆਪ ਨੂੰ ਖਲੀਲ ਅਲ-ਰਹਿਮਾਨ ਬ੍ਰਿਗੇਡ ਦੱਸਣ ਵਾਲੇ ਇੱਕ ਘੱਟ-ਜਾਣਿਆ ਅੱਤਵਾਦੀ ਸਮੂਹ ਨੇ ਐਤਵਾਰ ਨੂੰ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਹਮਾਸ ਨੇ ਹਮਲੇ ਦੀ ਸ਼ਲਾਘਾ ਕਰਦੇ ਹੋਏ ਅਜਿਹੇ ਹੋਰ ਹਮਲਿਆਂ ਦੀ ਅਪੀਲ ਕੀਤੀ ਹੈ।