ਫਰੈਂਚ ਟੀਚਰ ਦਾ ਖ਼ੌਫ਼ਨਾਕ ਕਾਰਾ ! ਭਾਰਤ ਸਣੇ 9 ਦੇਸ਼ਾਂ ਦੀਆਂ 89 ਕੁੜੀਆਂ ਨਾਲ ਕੀਤੀ ਦਰਿੰਦਗੀ

ਇੰਟਰਨੈਸ਼ਨਲ ਡੈਸਕ- ਫਰਾਂਸ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ 79 ਸਾਲਾ ਸੇਵਾਮੁਕਤ ਅਧਿਆਪਕ ’ਤੇ 1960 ਦੇ ਦਹਾਕੇ ਤੋਂ 2022 ਤੱਕ 89 ਨਾਬਾਲਗਾਂ ਨਾਲ ਜਬਰ-ਜ਼ਨਾਹ ਅਤੇ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਹੈ। ਫਰਾਂਸ ਦੇ ਗ੍ਰੇਨੋਬਲ ਸ਼ਹਿਰ ’ਚ ਸਰਕਾਰੀ ਵਕੀਲ ਐਟੀਨ ਮੰਟੋ ਨੇ ਮੰਗਲਵਾਰ ਨੂੰ ਇਸ ਕੇਸ ਨੂੰ ਜਨਤਕ ਕਰਦੇ ਹੋਏ ਪੀੜਤਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ।
ਜਾਣਕਾਰੀ ਮੁਤਾਬਕ ਮੁਲਜ਼ਮ ਦਾ ਨਾਂ ਜੈਕ ਲੇਵੁਗਲ ਹੈ। ਸਰਕਾਰੀ ਵਕੀਲ ਅਨੁਸਾਰ ਜੈਕ ਲੇਵੁਗਲ ਨੇ 1960 ਤੋਂ 2022 ਦੇ ਵਿਚਕਾਰ ਭਾਰਤ, ਜਰਮਨੀ, ਸਵਿਟਜ਼ਰਲੈਂਡ, ਮੋਰੱਕੋ, ਨਾਈਜਰ, ਅਲਜੀਰੀਆ, ਫਿਲੀਪੀਨਜ਼, ਕੋਲੰਬੀਆ ਅਤੇ ਫਰਾਂਸ ’ਚ ਨਾਬਾਲਗਾਂ ਨਾਲ ਜਿਨਸੀ ਅਪਰਾਧ ਕੀਤੇ।
ਉਹ ਫਰੈਂਚ ਭਾਸ਼ਾ ਦਾ ਅਧਿਆਪਕ ਅਤੇ ਗੁਫ਼ਾ ਅਧਿਐਨ (ਸਪੈਲੀਓਲੋਜੀ) ਦੇ ਟ੍ਰੇਨਰ ਵਜੋਂ ਕੰਮ ਕਰਦਾ ਸੀ। ਨਾਲ ਹੀ ਸਾਰੀਆਂ ਥਾਵਾਂ ’ਤੇ ਜਾ ਕੇ ਨੌਜਵਾਨਾਂ ਨੂੰ ਮਿਲਦਾ ਸੀ ਅਤੇ ਉਨ੍ਹਾਂ ਨਾਲ ਜਿਨਸੀ ਸਬੰਧ ਬਣਾਉਂਦਾ ਸੀ। ਪੀੜਤਾਂ ਦੀ ਉਮਰ 13 ਤੋਂ 17 ਸਾਲ ਦੇ ਵਿਚਕਾਰ ਦੱਸੀ ਗਈ ਹੈ। ਮੁਲਜ਼ਮ ਸੇਵਾਮੁਕਤ ਅਧਿਆਪਕ 2024 ’ਚ ਦੋਸ਼ ਤੈਅ ਹੋਣ ਤੋਂ ਬਾਅਦ ਹਿਰਾਸਤ ’ਚ ਹੈ। ਮੁਲਜ਼ਮ ਨੇ ਆਪਣੀ ਬੀਮਾਰ ਮਾਂ ਅਤੇ ਬਜ਼ੁਰਗ ਮਾਸੀ ਦੀ ਹੱਤਿਆ ਦੀ ਗੱਲ ਵੀ ਕਬੂਲੀ ਹੈ।