ਬਿਹਾਰ – ਬਿਹਾਰ ਦੇ ਪੂਰਨੀਆ ਤੋਂ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਕਾਰਕੁਨਾਂ ਨੇ ਉਸ ਨੂੰ ਇਹ ਧਮਕੀ ਦਿੱਤੀ ਹੈ। ਪੱਪੂ ਯਾਦਵ ਨੇ ਇਸ ਬਾਰੇ ਡੀਆਈਜੀ, ਪੂਰਨੀਆ ਰੇਂਜ ਦੇ ਐੱਸਪੀ ਅਤੇ ਡੀਜੀਪੀ ਨੂੰ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੱਪੂ ਯਾਦਵ ਨੂੰ ਯੂਏਈ ਦੇ ਇੱਕ ਨੰਬਰ ਤੋਂ ਕਾਲ ਕਰਕੇ ਧਮਕੀ ਦਿੱਤੀ ਗਈ ਹੈ। ਧਮਕੀ ਦੇਣ ਵਾਲਾ ਵਿਅਕਤੀ ਲਾਰੈਂਸ ਗੈਂਗ ਦਾ ਮੈਂਬਰ ਹੋਣ ਦਾ ਦਾਅਵਾ ਕਰ ਰਿਹਾ ਹੈ।
ਇਸ ਤੋਂ ਇਲਾਵਾ ਉਸ ਨੇ ਵਟਸਐਪ ਰਾਹੀਂ ਫੋਨ ਕਰਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਹ ਇੱਕ ਬਿਜ਼ਨੈੱਸ ਖਾਤਾ ਹੈ। ਇਸ ਤੋਂ ਇਲਾਵਾ ਝਾਰਖੰਡ ਦੀ ਜੇਲ੍ਹ ‘ਚ ਬੰਦ ਗੈਂਗਸਟਰ ਅਮਨ ਦੇ ਕਰੀਬੀ ਮਯੰਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਪੱਪੂ ਯਾਦਵ ਨੂੰ ਧਮਕੀ ਦਿੱਤੀ ਹੈ। ਮਯੰਕ ਸਿੰਘ ਨਾਂ ਦੇ ਫੇਸਬੁੱਕ ਅਕਾਊਂਟ ਤੋਂ 26 ਅਕਤੂਬਰ ਨੂੰ ਕੀਤੀ ਗਈ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਅਖ਼ਬਾਰਾਂ ਰਾਹੀਂ ਜਾਣਕਾਰੀ ਮਿਲੀ ਹੈ ਕਿ ਹਾਲ ਹੀ ਵਿੱਚ ਬਿਹਾਰ ਦੇ ਪੂਰਨੀਆ ਤੋਂ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਉਰਫ਼ ਰਾਜੇਸ਼ ਰੰਜਨ ਨੇ ਲਾਰੈਂਸ ਬਾਰੇ ਗ਼ਲਤ ਬਿਆਨ ਦਿੱਤਾ ਸੀ।
ਗੈਂਗਸਟਰ ਦੇ ਕਰੀਬੀ ਵਿਅਕਤੀ ਨੇ ਅੱਗੇ ਲਿਖਿਆ ਕਿ ਮੈਂ ਪੱਪੂ ਯਾਦਵ ਨੂੰ ਸਾਫ਼-ਸਾਫ਼ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਔਂਕਾਤ ਵਿਚ ਰਹਿ ਕੇ ਚੁੱਪਚਾਪ ਰਾਜਨੀਤੀ ਕਰੋ, ਜ਼ਿਆਦਾ ਇਧਰ-ਉਧਰ ਤਿੰਨ-ਪੰਜ ਕਰਕੇ ਟੀਆਰਪੀ ਕਮਾਉਣ ਦੇ ਚੱਕਰ ‘ਚ ਨਾ ਪਵੋ। ਵਰਨਾ ਰੈਸਟ ਇਨ ਪੀਸ ਕਰ ਦੇਵਾਂਗੇ। ਦੂਜੇ ਪਾਸੇ ਪੱਪੂ ਯਾਦਵ ਨੇ ਬਿਹਾਰ ਪੁਲਸ ਦੇ ਡੀਜੀਪੀ ਨੂੰ ਇਸ ਗੱਲ ਦੀ ਜਾਣਕਾਰੀ ਦੇ ਕੇ ਸੁਰੱਖਿਆ ਦੀ ਮੰਗ ਕੀਤੀ ਹੈ।
ਪੱਪੂ ਯਾਦਵ ਨੇ ਦੱਸਿਆ ਕਿ “ਮੈਨੂੰ ਲਾਰੈਂਸ ਦੇ ਨਾਂ ‘ਤੇ ਧਮਕੀਆਂ ਦਿੱਤੀਆਂ ਗਈਆਂ ਹਨ। ਮੈਂ ਇਸ ਸਬੰਧ ਵਿੱਚ ਬਿਹਾਰ ਦੇ ਡੀਜੀਪੀ ਅਤੇ ਆਈਜੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ। ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਮੈਂ ਦੁਖੀ ਹਾਂ। ਮੇਰੇ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ, ਇਸ ਲਈ ਸਰਕਾਰ ਨੂੰ ਮੇਰੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੋਣ ਦੀ ਲੋੜ ਹੈ।”