ਪੱਛਮੀ ਬੰਗਾਲ ਰੇਲ ਹਾਦਸਾ; ਹੁਣ ਤੱਕ 15 ਲੋਕਾਂ ਨੇ ਗੁਆਈ ਜਾਨ

ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ‘ਚ ਸੋਮਵਾਰ ਸਵੇਰ ਨੂੰ ਇਕ ਵੱਡਾ ਰੇਲ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਇਕ ਮਾਲ ਗੱਡੀ ਨੇ ਸਿਆਲਦਾਹ ਜਾਣ ਵਾਲੀ ਕੰਚਨਜੰਗਾ ਐਕਸਪ੍ਰੈੱਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਟੱਕਰ ਦੀ ਵਜ੍ਹਾ ਕਰ ਕੇ ਕੰਚਨਜੰਗਾ ਐਕਸਪ੍ਰੈੱਸ ਦੀਆਂ ਕਈ ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਸ ਭਿਆਨਕ ਰੇਲ ਹਾਦਸੇ ਵਿਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 60 ਲੋਕ ਜ਼ਖਮੀ ਹੋ ਗਏ ਹਨ। ਉੱਤਰੀ ਬੰਗਾਲ ਦੇ ਨਿਊ ਜਲਪਾਈਗੁੜੀ ਸਟੇਸ਼ਨ ਤੋਂ ਲਗਭਗ 30 ਕਿਲੋਮੀਟਰ ਦੀ ਦੂਰੀ ‘ਤੇ ਰੰਗਪਾਨੀ ਸਟੇਸ਼ਨ ਨੇੜੇ ਮਾਲ ਗੱਡੀ ਦੇ ਰੇਲ ਗੱਡੀ ਨਾਲ ਟਕਰਾਉਣ ਕਾਰਨ ਪਿਛਲੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ। ਇਸ ਦਰਦਨਾਕ ਹਾਦਸੇ ਵਿਚ ਰੇਲ ਦੇ ਡਰਾਈਵਰ ਅਤੇ ਇਕ ਗਾਰਡ ਦੀ ਵੀ ਜਾਨ ਗਈ ਹੈ। ਸੂਬਾ ਅਤੇ ਕੇਂਦਰ ਦੀਆਂ ਕਈ ਏਜੰਸੀਆਂ ਯਾਤਰੀਆਂ ਨੂੰ ਬਚਾਉਣ ਲਈ ਸਥਾਨਕ ਲੋਕਾਂ ਦੇ ਨਾਲ ਜੰਗੀ ਪੱਧਰ ‘ਤੇ ਕੰਮ ਕਰ ਰਹੀਆਂ ਸਨ।
ਨਹੀਂ ਲੱਗਾ ਸੀ ਕਵਚ ਸਿਸਟਮ
ਰੇਲਵੇ ਬੋਰਡ ਦੀ ਪ੍ਰਧਾਨ ਅਤੇ ਸੀ. ਈ. ਓ. ਜਯਾ ਵਰਮਾ ਸਿਨਹਾ ਨੇ ਜਾਣਕਾਰੀ ਦਿੱਤੀ ਕਿ ਦਿੱਲੀ ਅਤੇ ਗੁਹਾਟੀ ਰੇਲ ਲਾਈਨ ਅਤੇ ਪੱਛਮੀ ਬੰਗਾਲ ਵਿਚ ਕਵਚ ਸਿਸਟਮ ਅਜੇ ਰੇਲ ਟਰੈੱਕ ‘ਤੇ ਨਹੀਂ ਲੱਗਾ ਹੈ। ਇਹ ਰੂਟ ਅਗਲੇ ਸਾਲ ਦੇ ਪਲਾਨ ਵਿਚ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਪੂਰੇ ਦੇਸ਼ ‘ਚ 1500 ਕਿਲੋਮੀਟਰ ਟਰੈੱਕ ‘ਤੇ ਕਵਚ ਕੰਮ ਕਰ ਰਿਹਾ ਹੈ। 2025 ਤੱਕ ਤਿੰਨ ਹਜ਼ਾਰ ਕਿਲੋਮੀਟਰ ਟਰੈੱਕ ‘ਤੇ ਕਵਚ ਨੂੰ ਲਾਉਣ ਦਾ ਪਲਾਨ ਹੈ। ਇਹ ਕਵਚ ਸਿਸਟਮ ਟ੍ਰੈਫਿਕ ਟਕਰਾਅ ਤੋਂ ਬਚਾਅ ਪ੍ਰਣਾਲੀ ਹੈ, ਜੋ ਰੇਲ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਅਤੇ ਸਿਗਨਲ ਸੰਚਾਰਿਤ ਕਰਨ ਲਈ RFID ਤਕਨੀਕ ਅਤੇ ਲੋਕੋ-ਟੂ-ਲੋਕੋ ਸੰਚਾਰ ਅਤੇ ਰੇਡੀਓ ਬੁਨਿਆਂਦੀ ਢਾਂਚੇ ਦੀ ਵਰਤੋਂ ਕਰਦੀ ਹੈ।
ਰੇਲਵੇ ਵਲੋਂ ਟਿਕਟ ਬੁਕ ਕਰਾਉਣ ‘ਤੇ ਕੀਤਾ ਜਾਂਦਾ ਹੈ ਬੀਮਾ
ਹਾਦਸੇ ਵਿਚ ਕਿਸੇ ਦੀ ਮੌਤ ਦੀ ਕੀਮਤ ਨਹੀਂ ਲਾਈ ਜਾ ਸਕਦੀ ਪਰ ਕੀ ਤੁਹਾਨੂੰ ਪਤਾ ਹੈ ਕਿ ਰੇਲ ਦਾ ਆਨਲਾਈਨ ਟਿਕਟ ਬੁਕ ਕਰਾਉਣ ਦੌਰਾਨ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਯਾਨੀ ਕਿ IRCTC ਵਲੋਂ ਯਾਤਰੀਆਂ ਦਾ ਬੀਮਾ ਵੀ ਕੀਤਾ ਜਾਂਦਾ ਹੈ। ਇਸ ਬੀਮੇ ਦੇ ਤਹਿਤ 10 ਲੱਖ ਰੁਪਏ ਤੱਕ ਦਾ ਕਵਚ ਦਿੱਤੇ ਜਾਣ ਦੀ ਵਿਵਸਥਾ ਹੁੰਦੀ ਹੈ। ਓਡੀਸ਼ਾ ਦੇ ਬਾਲਾਸੋਰ ਰੇਲ ਹਾਦਸੇ ਮਗਰੋਂ ਟ੍ਰੈਵਲ ਇੰਸ਼ੋਰੈਂਸ ਦੇ ਨਿਯਮਾਂ ਵਿਚ ਇਹ ਵੱਡਾ ਬਦਲਾਅ ਕੀਤਾ ਗਿਆ ਸੀ। IRCTC ਰੇਲ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਮਹਿਜ 35 ਪੈਸੇ ਦੇ ਲੱਗਭਗ ਜ਼ੀਰੋ ਪ੍ਰੀਮੀਅਰ ‘ਤੇ 10 ਲੱਖ ਰੁਪਏ ਤੱਕ ਦਾ ਬੀਮਾ ਕਵਰ ਪ੍ਰਦਾਨ ਕਰਦਾ ਹੈ। ਇਹ ਯਾਤਰੀਆਂ ਲਈ ਸਭ ਤੋਂ ਸਸਤਾ ਅਤੇ ਸਭ ਤੋਂ ਚੰਗਾ ਬੀਮਾ ਕਵਰ ਹੋ ਸਕਦਾ ਹੈ। IRCTC ਐਪ ਜਾਂ ਵੈੱਬਸਾਈਟ ਜ਼ਰੀਏ ਰੇਲ ਟਿਕਟ ਬੁਕ ਕਰਦੇ ਸਮੇਂ ਪੇਮੈਂਟ ਪ੍ਰੋਰੈੱਸ ਦੌਰਾਨ ਇੰਸ਼ੋਰੈਂਸ ਦਾ ਬਦਲ ਦਿੱਤਾ ਜਾਂਦਾ ਹੈ।