ਚੰਡੀਗੜ੍ਹ/ਜਲੰਧਰ – ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਵੀਰਵਾਰ ਨੂੰ ਫਾਰਮਾ ਕੰਪਨੀ ਮੈਸਰਜ਼ ਕੈਪਟੈਬ ਬਾਇਓਟੈਕ, ਸੋਲਨ ਵੱਲੋਂ ਘਟੀਆ ਦਰਜੇ ਦੀ ਆਈ. ਵੀ. ਫਲਿਊਡ ਜਾਂ ਨਾਰਮਲ ਸਲਾਈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪੀ.ਐੱਚ.ਐੱਸ.ਸੀ.) ਨੂੰ ਸਪਲਾਈ ਕਰਨ ਦੇ ਦੋਸ਼ ਹੇਠ ਉਕਤ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਹੈ।
ਵੀਰਵਾਰ ਨੂੰ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸਿਹਤ ਮੰਤਰੀ ਨੇ ਦੱਸਿਆ ਕਿ ਕੰਪਨੀ ’ਤੇ ਪੰਜਾਬ ਸਰਕਾਰ ਦੇ ਕਿਸੇ ਵੀ ਟੈਂਡਰ ’ਚ ਹਿੱਸਾ ਲੈਣ ’ਤੇ ਤਿੰਨ ਸਾਲਾਂ ਲਈ ਰੋਕ ਲਾ ਦਿੱਤੀ ਹੈ। ਇਸ ਤੋਂ ਇਲਾਵਾ ਪੀ. ਐੱਚ. ਐੱਸ. ਸੀ. ਨੂੰ ਸਪਲਾਈ ਕੀਤੀਆਂ ਜਾ ਰਹੀਆਂ 11 ਵਸਤੂਆਂ ਦੀ ਕੀਮਤ ਸਬੰਧੀ ਸਾਰੇ ਕੰਟਰੈਕਟ ਵੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਗਏ ਹਨ। ਕੰਪਨੀ ਦੀ 3 ਲੱਖ 30 ਹਜ਼ਾਰ ਰੁਪਏ ਦੀ ਕਾਰਗੁਜ਼ਾਰੀ ਸਕਿਓਰਿਟੀ ਰਕਮ ਜ਼ਬਤ ਕਰ ਲਈ ਹੈ ਤੇ ਬਕਾਇਆ ਭੁਗਤਾਨ ਰੋਕ ਦਿੱਤੇ ਗਏ ਹਨ। ਸਰਕਾਰ ਵੱਲੋਂ ਡਰੱਗ ਐਂਡ ਕਾਸਮੈਟਿਕਸ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਕਰਨ ਲਈ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐੱਸ.ਸੀ.ਓ.) ਕੋਲ ਇਹ ਮਾਮਲਾ ਉਠਾਉਣ ਉਪਰੰਤ ਅਥਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕੰਪਨੀ ਦੇ ਸਾਰੇ ਨਿਰਮਾਣ/ਉਤਪਾਦਨ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ।
ਇਹ ਕਾਰਵਾਈ ਅੰਮ੍ਰਿਤਸਰ ਅਤੇ ਸੰਗਰੂਰ ਦੇ ਸਰਕਾਰੀ ਹਸਪਤਾਲਾਂ ਵਿੱਚ ਕੁਝ ਮਰੀਜ਼ਾਂ ਨੂੰ ਮੈਸਰਜ ਕੈਪਟੈਬ ਬਾਇਓਟੈੱਕ ਵੱਲੋਂ ਤਿਆਰ ਕੀਤੀ ਨਾਰਮਲ ਸਲਾਈਨ ਦੀ ਵਰਤੋਂ ਕਾਰਨ ਹੋਏ ਐਡਵਰਸ ਡਰੱਗ ਰੀਐਕਸ਼ਨ (ਏ. ਡੀ. ਆਰ.) ਤੋਂ ਬਾਅਦ ਅਮਲ ’ਚ ਲਿਆਂਦੀ ਗਈ ਹੈ। ਤੁਰੰਤ ਕਾਰਵਾਈ ਕਰਦਿਆਂ ਡੀ. ਐੱਚ. ਐੱਸ. ਪੰਜਾਬ ਨੇ ਸੂਬੇ ਦੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਉਕਤ ਨਾਰਮਲ ਸਲਾਈਨ ਦੇ ਪੂਰੇ ਸਟਾਕ ਨੂੰ ਫ੍ਰੀਜ਼ ਕਰ ਦਿੱਤਾ ਅਤੇ ਪੀ. ਐੱਚ. ਐੱਸ. ਸੀ. ਨੇ ਕੰਪਨੀ ਵੱਲੋਂ ਸਪਲਾਈ ਕੀਤੇ ਗਏ ਸਾਰੇ ਸਟਾਕ ਨੂੰ ਵਾਪਸ ਮੰਗਵਾ ਲਿਆ ਸੀ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਐੱਫ. ਡੀ. ਏ. ਪੰਜਾਬ ਅਤੇ ਸੀ. ਡੀ. ਐੱਸ. ਸੀ.ਓ. ਨਵੀਂ ਦਿੱਲੀ ਦੀ ਸਾਂਝੀ ਟੀਮ ਵੱਲੋਂ ਉਕਤ ਨਾਰਮਲ ਸਲਾਈਨ ਦੇ ਨਮੂਨੇ ਲਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੀ. ਐੱਚ. ਐੱਸ. ਸੀ. ਵੱਲੋਂ ਸੂਬੇ ਭਰ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਤੋਂ ਨਾਰਮਲ ਸਲਾਈਨ ਦਾ ਸਾਰਾ ਸਟਾਕ ਕੰਪਨੀ ਵੱਲੋਂ ਆਪਣੇ ਖਰਚੇ ’ਤੇ ਵਾਪਸ ਮੰਗਵਾਉਣ ਦੇ ਨਿਰਦੇਸ਼ ਦਿੱਤੇ ਜਾਣ ਉਪਰੰਤ ਉਕਤ ਕੰਪਨੀ ਨੇ ਸਾਰਾ ਬਚਿਆ ਹੋਇਆ ਸਟਾਕ ਵਾਪਸ ਮੰਗਵਾ ਲਿਆ ਸੀ। ਵਿਭਾਗ ਵੱਲੋਂ ਤਿੰਨ ਲੈਬਾਂ, ਜਿਨ੍ਹਾਂ ਨੇ ਪਹਿਲਾਂ ਇਸ ਕੰਪਨੀ ਦੇ ਨਮੂਨਿਆਂ ਨੂੰ ਪਾਸ ਕੀਤਾ ਸੀ ਅਤੇ ਜਿਨ੍ਹਾਂ ਨੂੰ ਬਾਅਦ ’ਚ ‘ਗੈਰ-ਮਿਆਰੀ’ ਐਲਾਨ ਦਿੱਤਾ ਗਿਆ ਹੈ, ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।