ਪੰਜਾਬ ਪੰਚਾਇਤੀ ਚੋਣਾਂ: 12 ਵਜੇ ਤੱਕ ਜਲੰਧਰ ‘ਚ 28 ਫ਼ੀਸਦੀ ਹੋਈ ਵੋਟਿੰਗ

ਜਲੰਧਰ – ਸੂਬੇ ਭਰ ਵਿਚ ਪੰਚਾਇਤੀ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸਵੇਰੇ 8 ਵਜੇ ਤੋਂ ਜਾਰੀ ਹੈ। ਉਥੇ ਹੀ ਪਿੰਡ ਦੀ ਸਰਕਾਰ ਲਈ ਜਲੰਧਰ ਵਿਚ ਵੀ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ। ਜਲੰਧਰ ਵਿਚ ਕੁੱਲ੍ਹ 12 ਵਜੇ ਤੱਕ 28 ਫ਼ੀਸਦੀ ਵੋਟਿੰਗ ਹੋਈ। ਨਕੋਦਰ ‘ਚ ਹੁਣ ਤੱਕ 32 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ। ਉਥੇ ਹੀ ਆਦਮਪੁਰ ਵਿਚ 1 ਵਜੇ ਤੱਕ 36 ਫ਼ੀਸਦੀ ਪੋਲਿੰਗ ਹੋਈ।
ਦੱਸ ਦੇਈਏ ਕਿ ਜ਼ਿਲ੍ਹੇ ਵਿਚ 195 ਗ੍ਰਾਮ ਪੰਚਾਇਤਾਂ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੀਆਂ ਜਾ ਚੁੱਕੀਆਂ ਹਨ ਅਤੇ ਬਾਕੀ 695 ਪੰਚਾਇਤਾਂ ਲਈ ਪੋਲਿੰਗ ਹੋ ਰਹੀ ਹੈ। ਜਲੰਧਰ ਜ਼ਿਲ੍ਹੇ ਵਿਚ ਕੁੱਲ੍ਹ 8,15,033 ਵੋਟਰ ਹਨ, ਜਿਨ੍ਹਾਂ ਵਿਚ 4,20,756 ਮਰਦ, 3,94,268 ਔਰਤਾਂ ਅਤੇ 9 ਹੋਰ ਵੋਟਰ ਸ਼ਾਮਲ ਹਨ। ਇਨ੍ਹਾਂ ਚੋਣਾਂ ਵਿਚ ਪੋਲਿੰਗ ਪ੍ਰਕਿਰਿਆ ਨੂੰ ਸੁਚਾਰੂ ਅਤੇ ਉਚਿਤ ਢੰਗ ਨਾਲ ਕਰਵਾਉਣ ਲਈ 10 ਹਜ਼ਾਰ ਤੋਂ ਵੱਧ ਪੋਲਿੰਗ ਕਰਮਚਾਰੀ ਆਪਣੀ ਡਿਊਟੀ ਨਿਭਾਅ ਰਹੇ ਹਨ।
ਡਿਪਟੀ ਕਮਿਸ਼ਨਰ ਡਾ. ਅਗਰਵਾਲ ਨੇ ਦੱਸਿਆ ਕਿ ਪੋਲਿੰਗ ਦੇ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ, ਜਿਸ ਦੇ ਬਾਅਦ ਚੋਣ ਨਤੀਜੇ ਐਲਾਨ ਦਿੱਤੇ ਜਾਣਗੇ। ਉਨ੍ਹਾਂ ਵੋਟਰਾਂ ਨੂੰ ਸਮੇਂ ’ਤੇ ਪੋਲਿੰਗ ਕੇਂਦਰ ਪਹੁੰਚ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਸੂਬਾਈ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ ਪੋਲਿੰਗ ਕੇਂਦਰਾਂ ’ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਅਤੇ ਨਿਰਪੱਖ ਚੋਣ ਪ੍ਰਸ਼ਾਸਨ ਦੀ ਮੁੱਖ ਪਹਿਲ ਹੈ।
ਉਨ੍ਹਾਂ ਚੋਣ ਕਰਮਚਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ ਤੇ ਈਮਾਨਦਾਰੀ ਨਾਲ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਪੋਲਿੰਗ ਕਰਮਚਾਰੀਆਂ ਨੂੰ ਇਸ ਗੱਲ ’ਤੇ ਮਾਣ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਇਸ ਮਹੱਤਵਪੂਰਨ ਕੰਮ ਵਿਚ ਆਪਣੀ ਡਿਊਟੀ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਵੋਟਰਾਂ ਨੂੰ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵੋਟਰ ਸ਼ਾਂਤੀ ਅਤੇ ਅਨੁਸ਼ਾਸਨ ਨਾਲ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਲੋਕਤੰਤਰਿਕ ਪ੍ਰਕਿਰਿਆ ਨੂੰ ਸਫ਼ਲ ਬਣਾਉਣ।
ਇਨ੍ਹਾਂ ’ਚੋਂ ਕੋਈ ਇਕ ਦਸਤਾਵੇਜ਼ ਦਿਖਾ ਕੇ ਵੋਟਰ ਪਾ ਸਕਣਗੇ ਵੋਟ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਨਾਗਰਿਕ ਪੋਲਿੰਗ ਕੇਂਦਰ ’ਤੇ ਪਛਾਣ-ਪੱਤਰ ਵਜੋਂ ਆਪਣਾ ਵੋਟਰ ਕਾਰਡ, ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਮਨਰੇਗਾ ਜੌਬ ਕਾਰਡ, ਡਰਾਈਵਿੰਗ ਲਾਇਸੈਂਸ, ਰਾਸ਼ਨ ਕਾਰਡ ਅਤੇ ਨੀਲਾ ਕਾਰਡ ਦਿਖਾ ਕੇ ਆਪਣੀ ਵੋਟ ਪਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸਦੇ ਇਲਾਵਾ ਫੋਟੋ ਵਾਲੀ ਨਾਗਰਿਕ ਪਾਸਬੁੱਕ, ਸਿਹਤ ਬੀਮਾ ਕਾਰਡ, ਸੇਵਾ ਪਛਾਣ ਪੱਤਰ (ਫੋਟੋ ਸਮੇਤ) ਜੋ ਕੇਂਦਰ/ਸੂਬਾਈ ਸਰਕਾਰ/ਪੀ. ਐੱਸ. ਯੂ./ਸਮਾਰਟ ਕਾਰਡ (ਵੱਲੋਂ ਜਾਰੀ ਐੱਨ. ਪੀ. ਆਰ. ਤਹਿਤ ਆਰ. ਜੀ. ਆਈ), ਪੈਨਸ਼ਨ ਦਸਤਾਵੇਜ਼, ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਐੱਮ. ਪੀ./ਐੱਮ. ਐੱਲ.ਏ. ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਪਛਾਣ-ਪੱਤਰ ਅਤੇ ਵਿਸ਼ੇਸ਼ ਦਿਵਿਆਂਗ ਆਈ. ਡੀ. ਕਾਰਡ (ਯੂ. ਡੀ. ਆਈ. ਡੀ. ਕਾਰਡ) ਦਿਖਾ ਕੇ ਵੀ ਵੋਟ ਪਾਈ ਜਾ ਸਕਦੀ ਹੈ।