ਪੰਜਾਬ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ, ਹੁਣ 19 ਸਾਲਾ ਮੁੰਡੇ ਦੀ ਮੌਤ, ਜਾਰੀ ਹੋਇਆ ਹੈ Red Alert

ਫਾਜ਼ਿਲਕਾ : ਪੰਜਾਬ ’ਚ ਗਰਮੀ ਨੇ ਕਹਿਰ ਵਰ੍ਹਾਇਆ ਹੋਇਆ ਹੈ। ਫਾਜ਼ਿਲਕਾ ’ਚ ਸ਼ੁੱਕਰਵਾਰ ਨੂੰ ਗਰਮੀ ਕਾਰਨ ਮੌਤ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਝੋਟਿਆਂਵਾਲੀ ਦੇ 19 ਸਾਲਾ ਪਵਨ ਕੁਮਾਰ ਦੀ ਗਰਮੀ ਕਾਰਨ ਮੌਤ ਹੋ ਗਈ ਹੈ। ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਪਹੁੰਚੇ ਅਰਨੀਵਾਲਾ ਥਾਣੇ ਦੇ ਐੱਸ. ਐੱਚ. ਓ. ਤਰਸੇਮ ਸ਼ਰਮਾ ਨੇ ਦੱਸਿਆ ਕਿ ਇੱਟਾਂ ਦੇ ਭੱਠੇ ’ਤੇ ਕੰਮ ਕਰਨ ਵਾਲੇ ਮ੍ਰਿਤਕ ਪਵਨ ਕੁਮਾਰ ਕੱਲ੍ਹ ਕੰਮ ਤੋਂ ਵਾਪਸ ਮੋਟਰਸਾਈਕਲ ’ਤੇ ਆਪਣੇ ਪਿੰਡ ਆ ਰਿਹਾ ਸੀ।
ਰਸਤੇ ’ਚ ਚੰਡੀਗੜ੍ਹ ਬਸਤੀ ਦੇ ਕੋਲ ਉਹ ਗਰਮੀ ਕਾਰਨ ਘਬਰਾ ਗਿਆ। ਇਸ ਦੌਰਾਨ ਉਹ ਪਾਣੀ ਪੀਣ ਲਈ ਛਾਉਣੀ ’ਚ ਦਾਖ਼ਲ ਹੋਇਆ। ਜਿਥੇ ਚੱਕਰ ਆਉਣ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ।
ਪੁਲਸ ਅਧਿਕਾਰੀ ਅਨੁਸਾਰ ਇਸ ਮਾਮਲੇ ’ਚ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਬੋਹਰ ਦੇ ਪੰਜਪੀਰ ਦੇ ਰਹਿਣ ਵਾਲੇ ਇਕ 72 ਸਾਲਾ ਬਜ਼ੁਰਗ ਵਿਅਕਤੀ ਦੀ ਗਰਮੀ ਕਾਰਨ ਮੌਤ ਹੋ ਗਈ ਸੀ। ਮੌਸਮ ਵਿਭਾਗ ਵਲੋਂ ਪੂਰੇ ਸੂਬੇ ‘ਚ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ।