ਪੰਜਾਬ ‘ਚ ਨਸ਼ੇ: ਹਕੀਕਤ ਨਾਲੋਂ ਪ੍ਰਚਾਰ ਜ਼ਿਆਦਾ

dar-300x111-300x111ਜਦੋਂ ਪੰਜਾਬੀ ਗੀਤਾਂ ਦੇ ਮਾਡਲ ਹਰਪ ਫ਼ਾਰਮਰ ਨੇ ਫ਼ੇਸਬੁੱਕ ਉਤੇ ਇਕ ਵੀਡੀਓ ਪਾਈ ਜਿਸ ਦਾ ਸਿਰਲੇਖ ਸੀ ‘ਸਟਾਪ ਡੀਫ਼ੇਮਿੰਗ ਪੰਜਾਬ’ ਤਾਂ ਕੁਝ ਲੋਕਾਂ ਨੇ ਉਸ ਦੇ ਖਿਲਾਫ਼ ਵੀ ਇਕ ਮੁਹਿੰਮ ਛੇੜ ਦਿੱਤੀ ਅਤੇ ਕਿਹਾ ਕਿ ਉਹ ਸੱਤਾਧਾਰੀ ਪਾਰਟੀ ਅਕਾਲੀ ਦਲ ਦੀ ਸਹਾਇਤਾ ਕਰ ਰਿਹਾ ਹੈ ਜਦਕਿ ਉਸ ਦੀ ਇਸ ਮੁਹਿੰਮ ਨੂੰ ਦਲੇਰ ਮਹਿੰਦੀ, ਬੱਬੂ ਮਾਨ, ਅੰਕੂਰ ਸਿੰਘ ਪਾਤਰ ਅਤੇ ਗੁਰੂ ਰੰਧਾਵਾ ਵਰਗੀਆਂ ਸ਼ਖਸੀਅਤਾਂ ਦਾ ਵੀ ਸਮਰਥਨ ਮਿਲਿਆ। ਹਰਪ ਦਾ ਕਹਿਣਾ ਸੀ ਕਿ ਜਦੋਂ ਉਹ ਵਿਦੇਸ਼ਾਂ ਵਿੱਚ ਜਾਂਦਾ ਹੈ ਤਾਂ ਲੋਕ ਪੰਜਾਬੀਆਂ ਬਾਰੇ ਨਾਂਹ ਪੱਖੀ ਸੋਚ ਅਪਣਾਉਂਦੇ ਹਨ ਅਤੇ ਉਨ੍ਹਾਂ ਨੂੰ ਨਸ਼ੇੜੀ ਸਮਝਦੇ ਹਨ ਜਦਕਿ ਇਹ ਸੱਚਾਈ ਨਹੀਂ ਹੈ ਤੇ ਪੰਜਾਬ ਇਹੋ ਜਿਹਾ ਨਹੀਂ ਹੈ। ਉਸ ਨੇ ਅੱਗੇ ਲਿਖਿਆ ਕਿ ਉਸ ਦਾ ਮਿਸ਼ਨ ਹੈ ਕਿ ਪੰਜਾਬ ਦੀ ਸਹੀ ਤਸਵੀਰ ਪੇਸ਼ ਕਰਾਂ ਅਤੇ ਨਸ਼ੀਲੇ ਪਦਾਰਥਾਂ ਸਬੰਧੀ ਵਿਦੇਸ਼ੀਆਂ ਦੇ ਦਿਮਾਗ ਵਿੱਚ ਜਿਹੜੀ ਸੋਚ ਬਣੀ ਹੈ ਉਸ ਨੂੰ ਉਸਾਰੂ ਸੋਚ ਵਿੱਚ ਤਬਦੀਲ ਕਰਾਂ। ਉਸ ਨੇ ਅੱਗੇ ਲਿਖਿਆ ਹੈ ਕਿ ਕੁਝ ਲੋਕ ਆਪਣੇ ਸਵਾਰਥੀ ਹਿੱਤਾਂ ਦੀ ਖਾਤਰ ਪੰਜਾਬ ਦੀ ਇਕ ਭੱਦੀ ਤਸਵੀਰ ਪੇਸ਼ ਕਰਦੇ ਹਨ। ਬਦਕਿਸਮਤੀ ਨਾਲ ਉਹ ਇਹ ਸਮਝਣ ਵਿੱਚ ਅਸਮਰਥ ਹਨ ਕਿ ਉਹ ਪੰਜਾਬ ਦੇ ਨੌਜਵਾਨਾਂ ਦੀ ਤਰੱਕੀ ਨੂੰ ਨੁਕਸਾਨ ਪਹੁੰਚਾ ਰਹੇ ਹਨ। ਨਸ਼ੀਲੇ ਪਦਾਰਥ ਇਕ ਕੌਮੀ ਸਮੱਸਿਆ ਹੈ ਅਤੇ ਪੰਜਾਬ ਇਕ ਸਰਹੱਦੀ ਸੂਬਾ ਹੈ ਅਤੇ ਇਥੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਗੁਆਂਢੀ ਮੁਲਕ ਵਿੱਚੋਂ ਹੁੰਦੀ ਹੈ ਪਰ ਇਸ ਦਾ ਇਹ ਅਰਥ ਨਹੀਂ ਹੈ ਕਿ ਸਾਰੇ ਪੰਜਾਬੀ ਨਸ਼ੇੜੀ ਬਣ ਗਏ ਹਨ।
ਹਰਪ ਫ਼ਾਰਮਰ ਦੀ ਇਸ ਟਿੱਪਣੀ ਉਤੇ ਕੁਝ ਲੋਕ ਇੰਨੇ ਜ਼ਿਆਦਾ ਬੁਖਲਾ ਗਏ ਅਤੇ ਉਸ ਉਤੇ ਬਹੁਤ ਗਲਤ ਟਿੱਪਣੀਆਂ ਕੀਤੀਆਂ ਗਈਆਂ। ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਅਮਲੀ ਤੇ ਨਸ਼ੇੜੀ ਸਿੱਧ ਕਰਨਾ ਚਾਹ ਰਹੇ ਹਨ, ਉਹ ਤਾਂ ਇਹ ਕਹਿਣ ਉਤੇ ਜ਼ੋਰ ਦਿੰਦੇ ਹਨ ਕਿ ਪੰਜਾਬ ਦੇ 80 ਫ਼ੀਸਦੀ ਨੌਜਵਾਨ ਨਸ਼ਿਆਂ ਦੇ ਆਦੀ ਹਨ। ਇਹ ਲੋਕ ਇਕ ਖਾਸ ਪਾਰਟੀ ਨਾਲ ਸਬੰਧਤ ਹਨ ਅਤੇ ਉਹ ਇਹ ਦਾਅਵਾ ਕਰਦੇ ਹਨ ਕਿ ਸਿਰਫ਼ ਉਹੀ ਸੱਚ ਬੋਲਦੇ ਹਨ। ਠੀਕ ਹੈ ਕਿ ਉਹ ਸੱਚ ਬੋਲਦੇ ਹਨ ਪਰ ਉਹ ਅੱਧਾ ਸੱਚ ਬੋਲਦੇ ਹਨ। ਜਿਹੜਾ ਬਾਕੀ ਬੋਲਦੇ ਹਨ, ਉਸ ਵਿੱਚ ਇਕ ਗੁੰਮਰਾਹਕੁੰਨ ਪ੍ਰਚਾਰ ਹੁੰਦਾ ਹੈ ਜਿਸ ਨਾਲ ਪੰਜਾਬੀਆਂ ਅਕਸ ਖਰਾਬ ਹੋ ਰਿਹਾ ਹੈ। ਰਹਿੰਦੀ ਖੂੰਹਦੀ ਕਸਰ ਹੁਣ ਇਕ ਫ਼ਿਲਮ ‘ਉੜਤਾ ਪੰਜਾਬ’ ਕੱਢ ਦੇਵੇਗੀ।
ਇਹ ਠੀਕ ਹੈ ਪੰਜਾਬ ਵਿੱਚ ਦੇਸ਼ ਨਾਲੋਂ ਜ਼ਿਆਦਾ ਲੋਕ ਨਸ਼ੇ ਕਰਦੇ ਪਰ ਇਹ ਸੱਚ ਨਹੀਂ ਹੈ ਕਿ ਪੰਜਾਬ ਵਿੱਚ 70 ਤੋਂ 80 ਫ਼ੀਸਦੀ ਨੌਜਵਾਨ ਇਹੀ ਕੁਝ ਕਰ ਰਹੇ ਹਨ। ਜੇਕਰ ਇੰਨੇ ਨੌਜਵਾਨ ਨਸ਼ੇ ਕਰਨ ਲੱਗ ਪੈਣ ਤਾਂ ਪੰਜਾਬ ਦੇ ਪਰਿਵਾਰਾਂ ਦੇ ਭਾਂਡੇ ਵੀ ਵਿੱਕ ਜਾਣ ਅਤੇ ਨੌਜਵਾਨ ਗਲ੍ਹੀਆਂ ਵਿੱਚ ਇਕ ਦੂਜੇ ਦੇ ਟੱਕਰਾਂ ਮਾਰਦੇ ਫ਼ਿਰਨ। ਸੰਯੁਕਤ ਰਾਸ਼ਟਰ ਦੀ ਰਿਪੋਰਟ ਕਹਿੰਦੀ ਹੈ ਕਿ ਕੁਲ ਦੁਨੀਆਂ ਵਿੱਚ 0.2 ਫ਼ੀਸਦੀ ਲੋਕ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਕਰਦੇ ਹਨ ਜਦਕਿ ਪੂਰੇ ਭਾਰਤ ਵਿੱਚ 0.7 ਫ਼ੀਸਦੀ ਲੋਕ ਨਸ਼ਿਆਂ ਦੇ ਆਦੀ ਹਨ। ਪੰਜਾਬ ਵਿੱਚ ਇਹ ਫ਼ੀਸਦ ਕੁਝ ਜ਼ਿਆਦਾ ਹੈ। ਇਥੇ 1.2 ਫ਼ੀਸਦੀ ਲੋਕ ਨਸ਼ਿਆਂ ਦਾ ਸੇਵਨ ਕਰਦੇ ਹਨ। ਪੰਜਾਬ ਵਿੱਚ ਜਿੰਨੇ ਪ੍ਰਤੀਸ਼ਤ ਲੋਕ ਨਸ਼ੇ ਕਰ ਰਹੇ ਹਨ, ਉਹ ਸਭ ਲਈ ਚਿੰਤਾ ਦਾ ਵਿਸ਼ਾ ਹਨ ਪਰ ਇਹ ਗਿਣਤੀ ਓਨੀ ਨਹੀਂ ਹੈ ਜਿੰਨੇ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸੱਤਾਧਾਰੀ ਪਾਰਟੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਸ ਸਮੇਂ ਕੁਲ ਆਬਾਦੀ 2.77 ਕਰੋੜ ਹੈ ਜਿਸ ਵਿੱਚੋਂ 0.06 ਫ਼ੀਸਦੀ ਲੋਕ ਅਫ਼ੀਮ ਖਾਂਦੇ ਹਨ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਨੇ ਇਹ ਅੰਕੜੇ ਪੇਸ਼ ਕੀਤੇ ਹਨ। ਇਸ ਦਾ ਮਤਲਬ ਇਹ ਹੈ ਕਿ 16000 ਲੋਕ ਹੀ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ। ਸ੍ਰ. ਬਾਦਲ ਦੇ ਇਨ੍ਹਾਂ ਦਾਅਵਿਆਂ ਉਤੇ ਵੀ ਪ੍ਰਸ਼ਨਚਿੰਨ੍ਹ ਲੱਗਦਾ ਹੈ ਕਿਉਂਕਿ ਪੰਜਾਬ ਵਿੱਚ ਕੌਮੀ ਪੱਧਰ ਨਾਲੋਂ ਜ਼ਿਆਦਾ ਪ੍ਰਤੀਸ਼ਤ ਲੋਕ ਨਸ਼ਿਆਂ ਦੇ ਆਦੀ ਹਨ, ਇਸ ਲਈ ਇਹ ਗਿਣਤੀ ਵੀ ਜ਼ਿਆਦਾ ਹੈ।  ਇਸ ਮੁੱਦੇ ਦਾ ਸਿਆਸੀਕਰਨ ਇਸ ਲਈ ਵੀ ਹੋਇਆ ਹੈ ਕਿਉਂਕਿ  ਇਸ ਧੰਦੇ ਨਾਲ ਸੱਤਾਧਾਰੀ ਪਾਰਟੀ ਦੇ ਕੁਝ ਲੋਕਾਂ ਦਾ ਨਾਂ ਵੀ ਜੁੜਿਆ ਹੋਇਆ ਹੈ। ਇਹੀ ਕਾਰਨ ਹੈ ਕਿ ਇਸ ਮਾਮਲੇ ਨੂੰ ਸਮਾਜਿਕ ਨਹੀਂ ਬਣਨ ਦਿੱਤਾ। ਇਸ ਮੁੱਦੇ ਨੂੰ ਉਛਾਲ ਕੇ ਹੀ ਸਿਆਸਤਦਾਨ ਲਾਭ ਉਠਾਉਣਾ ਚਾਹ ਰਹੇ ਹਨ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਤਾਂ ਇਥੋਂ ਤਕ ਕਹਿ ਦਿੱਤਾ ਸੀ ਕਿ ਪੰਜਾਬ ਦੇ 70 ਫ਼ੀਸਦੀ ਨੌਜਵਾਨ ਨਸ਼ੀਲੇ ਪਦਾਰਥ ਖਾਂਦੇ ਹਨ। ਉਨ੍ਹਾਂ ਵੀ ਪੰਜਾਬ ਦੀ ਪੱਗ ਉਛਾਲਣ ਦੀ ਕੋਸ਼ਿਸ਼ ਕੀਤੀ ਸੀ। ਉਂਝ ਤਾਂ ਨਸ਼ੇੜੀਆਂ ਦੀ ਸਹੀ ਗਿਣਤੀ ਲੱਭਣ ਦਾ ਕੋਈ ਪੈਮਾਨਾ ਨਹੀਂ ਹੈ ਪਰ ਕੁਝ ਸਰਵੇਖਣਾਂ ਦੇ ਆਧਾਰ ‘ਤੇ ਹੀ ਇਹ ਅਨੁਮਾਨ ਲਗਾਏ ਜਾ ਸਕਦੇ ਹਨ। ਏਮਜ਼ ਦੇ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਅਤੁਲ ਅੰਬੇਡਕਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ 1.9 ਕਰੋੜ 18 ਸਾਲ ਜਾਂ ਉਸ ਤੋਂ ਉਪਰ ਦੀ ਉਮਰ ਦੇ ਹਨ। ਜੇਕਰ 1.2 ਫ਼ੀਸਦੀ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਗਿਣਤੀ 2.32 ਲੱਖ ਬਣਦੀ ਹੈ ਅਤੇ ਇਨ੍ਹਾਂ ਨਸ਼ੇੜੀਆਂ ਜਾਂ ਅਮਲੀਆਂ ਵਿੱਚ 99 ਫ਼ੀਸਦੀ ਮਰਦ ਹਨ। ਨੈਸ਼ਨਲ ਡਰੱਗ ਡਿਪੈਂਡੈਂਸ ਟਰੀਟਮੈਂਟ ਸੈਂਟਰ, ਸੁਸਾਇਟੀ ਫ਼ਾਰ ਪ੍ਰਮੋਸ਼ਨ ਅ ਯੂਥ ਨੇ ਏਮਜ ਨਾਲ ਰਲ ਕੇ ਇਹ ਸਟੱਡੀ ਕੀਤੀ ਜਿਸ ਵਿੱਚ ਇਹੀ ਗਿਣਤੀ ਉਸ ਨੇ ਦਿੱਤੀ ਹੈ। ਇਨ੍ਹਾਂ ਨੇ ਤਰਨ ਤਾਰਨ, ਸੰਗਰੂਰ, ਪਟਿਆਲਾ, ਮੋਗਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਫ਼ਿਰੋਜ਼ਪੁਰ ਅਤੇ ਬਠਿੰਡਾ ਜਿਹੇ ਜ਼ਿਲ੍ਹਿਆਂ ਵਿੱਚ ਇਹ ਸਟੱਡੀ ਕੀਤੀ। ਇਥੇ ਸੂਬੇ ਦੀ 60 ਫ਼ੀਸਦੀ ਜਨ ਸੰਖਿਆ ਰਹਿੰਦੀ ਹੈ। ਇਥੋਂ ਇਹ ਪਤਾ ਲੱਗਿਆ ਕਿ ਜਿਹੜੇ ਲੋਕ ਨਸ਼ੇ ਕਰ ਰਹੇ ਹਨ ਉਨ੍ਹਾਂ ਵਿੱਚੋਂ 76 ਫ਼ੀਸਦੀ ਦੀ ਉਮਰ 18 ਤੋਂ 35 ਸਾਲ ਹੈ। ਇਨ੍ਹਾਂ ਵਿੱਚੋਂ 54 ਫ਼ੀਸਦੀ ਵਿਆਹੇ ਹੋਏ ਹਨ। ਨਸ਼ੇ ਕਰਨ ਵਾਲੇ ਜ਼ਿਆਦਾਤਰ ਪੜ੍ਹੇ ਲਿਖੇ ਹਨ ਅਤੇ ਉਨ੍ਹਾਂ ਵਿੱਚੋਂ ਕਈਆਂ ਕੋਲ ਤਾਂ ਵੱਡੀਆਂ ਡਿਗਰੀਆਂ ਵੀ ਹਨ। ਜਿਹੜੇ ਲੋਕ ਪੰਜਾਬ ਦਾ ਅਕਸ ਵਿਗਾੜਨਾ ਚਾਹੁੰਦੇ ਹਨ ਉਨ੍ਹਾਂ ਨੂੰ ਇਹ ਵੀ ਦੱਸ ਦੇਈਏ ਕਿ ਸਟੱਡੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜੇਕਰ ਕੋਈ ਨੌਜਵਾਨ ਹੈਰੋਇਨ ਦਾ ਨਸ਼ਾ ਕਰਦਾ ਹੈ ਤਾਂ ਉਹ ਦਿਨ ਵਿੱਚ 1450 ਰੁਪਏ ਖਰਚਦਾ ਹੈ, ਜੇਕਰ ਕੋਈ ਅਫ਼ੀਮ ਖਾਂਦਾ ਹੈ ਤਾਂ ਉਹ ਦਿਨ ਵਿੱਚ 340 ਰੁਪਏ ਖਰਚਦਾ ਹੈ ਜਦਕਿ ਜੇਕਰ ਕੋਈ ਕੈਪਸੂਲ ਜਾਂ ਨਸ਼ੀਲੀਆਂ ਗੋਲੀਆਂ ਖਾਂਦਾ ਹੈ ਤਾਂ ਉਹ ਦਿਨ ਵਿੱਚ 265 ਰੁਪਏ ਖਰਚਦਾ ਹੈ।
ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਨਸ਼ੇ ਚਿੰਤਾ ਦਾ ਵਿਸ਼ਾ ਜ਼ਰੂਰ ਹਨ ਪਰ ਇਸ ਮੁੱਦੇ ਨੂੰ ਜਿਸ ਪ੍ਰਕਾਰ ਸ਼ੋਸ਼ਲ ਮੀਡੀਏ ਉਤੇ ਉਛਾਲਿਆ ਜਾ ਰਿਹਾ ਹੈ, ਉਸ ਨਾਲ ਪੰਜਾਬ ਦੇ ਨੌਜਵਾਨਾਂ ਦੀ ਬਦਨਾਮੀ ਹੁੰਦੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਪ੍ਰਚਾਰ ਕਾਰਨ ਵਿਦੇਸ਼ਾਂ ਵਿੱਚ ਵੀ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾ ਰਿਹਾ ਹੈ ਅਤੇ ਅੱਗਿਓਂ ਵੀ ਕੀਤਾ ਜਾਂਦਾ ਰਹੇਗਾ। ਦੂਜਾ ਪਹਿਲੂ ਇਹ ਹੈ ਕਿ ਕੁਝ ਲੋਕਾਂ ਦੁਆਰਾ ਇਹ ਹੈਰੋਇਨ ਅਤੇ ਸਿੰਥੈਟਿਕ ਨਸ਼ਿਆਂ ਦੇ ਪੰਜਾਬੀਆਂ ਦੇ ਆਦੀ ਹੋਣ ਦੇ ਜੋ ਦਾਅਵੇ ਕੀਤੇ ਜਾ ਰਹੇ ਹਨ, ਉਹ ਪੂਰੇ ਸਹੀ ਨਹੀਂ ਹਨ ਕਿਉਂਕਿ ਇਹ ਨਸ਼ੇ ਇੰਨੇ ਜ਼ਿਆਦਾ ਮਹਿੰਗੇ ਹਨ ਕਿ ਆਮ ਨੌਜਵਾਨ ਤਾਂ ਓਨੇ ਪੈਸੇ ਖਰਚ ਹੀ ਨਹੀਂ ਸਕਦਾ। ਕੁਝ ਅਮੀਰਜ਼ਾਦੇ ਜ਼ਰੂਰ ਪੈਸਾ ਖਰਚ ਸਕਦੇ ਹੋਣਗੇ। ਇਸ ਦਾ ਮਤਲਬ ਇਹ ਨਹੀਂ ਹੈ ਕਿ ਪੂਰਾ ਪੰਜਾਬ ਹੀ ਨਸ਼ਿਆਂ ਵਿੱਚ ਗਰਕ ਗਿਆ ਹੈ। ਸਿਆਸੀ ਹਿੱਤਾਂ ਦੀ ਖਾਤਰ ਇਸ ਮੁੱਦੇ ਦਾ ਇਸਤੇਮਾਲ ਕਰਨ ਵਾਲੇ ਸੂਬੇ ਦਾ ਸਭ ਤੋਂ ਵੱਡਾ ਨੁਕਸਾਨ ਕਰ ਰਹੇ ਹਨ। ਅੱਜ ਵੀ ਪੰਜਾਬ ਦੇ ਨੌਜਵਾਨ ਵੱਡੇ ਅਧਿਕਾਰੀ ਬਣ ਰਹੇ ਹਨ, ਵੱਡੇ ਖਿਡਾਰੀ ਬਣ ਰਹੇ ਹਨ, ਮਿਹਨਤਾਂ ਕਰ ਰਹੇ ਹਨ, ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੰਵਾਰਨ ਲਈ ਕੋਈ ਕਸਰ ਨਹੀਂ ਛੱਡ ਰਹੇ। ਅਜਿਹੇ ਮਿਹਨਤੀ ਲੋਕਾਂ ਦੀ ਗਿਣਤੀ 90 ਫ਼ੀਸਦੀ ਤੋਂ ਜ਼ਿਆਦਾ ਹੈ। ਗਲਤ ਪ੍ਰਚਾਰ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਵੀ ਨਸ਼ੇੜੀਆਂ ਦੀ ਫ਼ੀਸਦ ਵਿੱਚ ਪੇਸ਼ ਕਰ ਰਹੇ ਹਨ।

LEAVE A REPLY