ਪੰਜਾਬ ‘ਚ ਤੜਕਸਾਰ ਰੂਹ ਕੰਬਾਊ ਵਾਰਦਾਤ, ਜਿੰਮ ਮਾਲਕ ‘ਤੇ ਤਾਬੜਤੋੜ ਚਲਾਈਆਂ ਗੋਲੀਆਂ

ਮੋਹਾਲੀ : ਮੋਹਾਲੀ ਵਿਖੇ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਜਿੰਮ ਮਾਲਕ ‘ਤੇ ਤੜਕੇ ਹੀ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਜਾਣਕਾਰੀ ਮੁਤਾਬਕ ਸਵੇਰ ਦੇ ਕਰੀਬ 5 ਵਜੇ ਫੇਜ਼-2 ਸਥਿਤ ਜਿੰਮ ਬਾਹਰ ਕੁੱਝ ਅਣਪਛਾਤੇ ਲੋਕ ਆਏ।

ਉਨ੍ਹਾਂ ਨੇ ਜਿੰਮ ਦੇ ਬਾਹਰ ਖੜ੍ਹੇ ਜਿੰਮ ਮਾਲਕ ‘ਤੇ ਤਾਬੜਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਵਾਰਦਾਤ ਦੌਰਾਨ ਜਿੰਮ ਮਾਲਕ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਿਆ। ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਜਿੰਮ ਮਾਲਕ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਾਇਆ ਗਿਆ। ਸੂਚਨਾ ਮਿਲਣ ਮਗਰੋਂ ਪੁਲਸ ਵੀ ਮੌਕੇ ‘ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਚੰਡੀਗੜ੍ਹ ‘ਚ ਵੀ ਚੱਲ ਗਈਆਂ ਗੋਲੀਆਂ

ਮੋਹਾਲੀ ‘ਚ ਵਾਪਰੀ ਉਕਤ ਵਾਰਦਾਤ ਤੋਂ ਥੋੜ੍ਹੀ ਦੇਰ ਬਾਅਦ ਹੀ ਚੰਡੀਗੜ੍ਹ ਦੇ ਸੈਕਟਰ-52 ‘ਚ ਵੀ ਗੋਲੀਆਂ ਚੱਲ ਗਈਆਂ। ਇੱਥੇ ਅਣਪਛਾਤੇ ਹਮਲਾਵਰਾਂ ਨੇ ਪੰਜ ਗੋਲੀਆਂ ਚਲਾਈਆਂ। ਸੀ. ਸੀ. ਟੀ. ਵੀ. ਫੁਟੇਜ ‘ਚ ਇਹ ਸਾਰੀ ਘਟਨਾ ਕੈਦ ਹੋ ਗਈ। ਇਸ ‘ਚ ਦਿਖਾਈ ਦਿੱਤਾ ਕਿ ਮੋਟਰਸਾਈਕਲ ਸਵਾਰ 2 ਨੌਜਵਾਨ ਹੋਟਲ ਦੇ ਬਾਹਰ ਗੋਲੀਆਂ ਚਲਾ ਰਹੇ ਹਨ। ਇਸ ਅਚਾਨਕ ਹੋਈ ਗੋਲੀਬਾਰੀ ਨੇ ਹੋਟਲ ਦੇ ਬਾਹਰ ਦਹਿਸ਼ਤ ਫੈਲਾ ਦਿੱਤੀ। ਪੁਲਸ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਨੂੰ ਘੇਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।