ਪੰਜਾਬ ਐਗਰੀਕਲਚਰਲ ਬਿੱਲ ਸਿਰਫ ਅੱਖਾਂ ਦਾ ਧੋਖਾ : ਕੈਪਟਨ ਅਮਰਿੰਦਰ

5ਚੰਡੀਗਡ਼੍ਹ  : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਪੰਜਾਬ ਸੈਟਲਮੈਂਟ ਆਫ ਐਗਰੀਕਲਚਰਲ ਇਨਡੈਬਟਨੇਸ ਬਿੱਲ, 2016 ਅਧੀਨ ਆਡ਼੍ਹਤੀਆਂ ਤੋਂ ਕਿਸਾਨਾਂ ਵੱਲੋਂ ਲਏ ਲੋਨਾਂ ਦਾ ਨਿਪਟਾਰਾ ਕੀਤੇ ਜਾਣ ਸਬੰਧੀ ਦਾਅਵਿਆਂ ਨੂੰ ਸਿਰੇ ਤੋਂ ਖਾਰਿਜ਼ ਕਰਦਿਆਂ ਇਸਨੂੰ ਬਾਦਲ ਸਰਕਾਰ ਦਾ ਸਿਰਫ ਅੱਖਾਂ ਦਾ ਧੋਖਾ ਕਰਾਰ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸੂਬਾ ਵਿਧਾਨ ਸਭਾ ਵੱਲੋਂ ਇਸ ਸਾਲ ਦੀ ਸ਼ੁਰੂਆਤ ‘ਚ ਪਾਸ ਕੀਤਾ ਗਿਆ ਬਿੱਲ ਪੰਜਾਬ ਦੇ ਕਰਜੇ ਹੇਠਾਂ ਦੱਬੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਦੇ ਦਾਅਵੇ ਸਿਰਫ ਇਕ ਵਾਰ ਫਿਰ ਤੋਂ ਪੰਜਾਬ ਦੇ ਲੋਕਾਂ ਤੇ ਖਾਸ ਕਰਕੇ ਕਰਜ਼ਾ ਪ੍ਰਭਾਵਿਤ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹਨ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੋਵੇਂ ਸ੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਸੂਬਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਆਪਣੇ ਵੱਲ ਕਰਨ ਲਈ ਅਜਿਹੇ ਸਾਰੇ ਟੋਟਕੇ ਅਪਣਾਉਂਦਿਆਂ ਝੂਠੇ ਦਾਅਵੇ ਕਰ ਰਹੇ ਹਨ।
ਇਸ ਲਡ਼ੀ ਹੇਠ ਕੈਪਟਨ ਅਮਰਿੰਦਰ ਨੇ ਸੁਖਬੀਰ ਦੇ ਬਿਆਨ ਕਿ ਇਹ ਬਿੱਲ ਕਰਜ਼ਾ ਪ੍ਰਭਾਵਿਤ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਦਿਸ਼ਾ ‘ਚ ਇਕ ਵੱਡਾ ਕਦਮ ਸੀ, ‘ਤੇ ਜ਼ੋਰਦਾਰ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਇਸਨੂੰ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦੇਣ ਲਈ ਇਕ ਭਰਮਪੂਰਨ ਟਿੱਪਣੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਦੇ ਦਾਅਵਿਆਂ ਦੇ ਉਲਟ ਗੈਰ ਸੰਗਠਿਤ ਖੇਤੀਬਾਡ਼ੀ ਕਰਜ਼ਿਆਂ ਦੇ ਮੁਲਾਂਕਣ ਅਤੇ ਉਨ੍ਹਾਂ ਦੇ ਨਿਪਟਾਰੇ ਲਈ ਰੂਪਰੇਖਾ ਮੁਹੱਈਆ ਕਰਵਾਉਣ ਤੋਂ ਕੋਹਾਂ ਦੂਰ, ਇਹ ਬਿੱਲ ਸਿਰਫ ਕਿਸਾਨਾਂ ਤੇ ਪੈਸੇ ਉਧਾਰ ਦੇਣ ਵਾਲਿਆਂ ਵਿਚਾਲੇ ਝਗਡ਼ਿਆਂ ਦਾ ਹੱਲ ਕਰਨ ‘ਤੇ ਜ਼ੋਰ ਦਿੰਦਾ ਹੈ ਅਤੇ ਇਸਦਾ ਕਰਜ਼ਾ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਦੇਣ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਨਹੀਂ ਹੈ।
ਕੈਪਟਨ ਅਮਰਿੰਦਰ ਨੇ ਪਿਛਲੇ 10 ਸਾਲਾਂ ਤੋਂ ਮਾਡ਼ੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਲਈ ਰਾਹਤ ਦੀ ਕੋਈ ਵੀ ਰੋਸ਼ਨੀ ਨਾ ਮੁਹੱਈਆ ਕਰਵਾਉਣ ਵਾਲੀ ਬਾਦਲ ਸਰਕਾਰ ਦੀ ਜ਼ੋਰਦਾਰ ਨਿੰਦਾ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸੁਖਬੀਰ ਭਰਮ ਵਾਲੀ ਦੁਨੀਆਂ ‘ਚ ਜਿਉਂਦੇ ਹਨ, ਜਿਹਡ਼ੀ ਸੱਚਾਈ ਤੋਂ ਕੋਹਾਂ ਦੂਰ ਹੈ। ਅਜਿਹੇ ‘ਚ ਤੁਸੀਂ ਆਪਣੇ ਝੂਠਾਂ ਰਾਹੀਂ ਜ਼ਿਆਦਾ ਵਕਤ ਤੱਕ ਲੋਕਾਂ ਨੂੰ ਧੋਖੇ ‘ਚ ਨਹੀਂ ਰੱਖ ਸਕਦੇ। ਉਹ ਤੁਹਾਡੀ ਗਲਤ ਸੋਚ ਨੂੰ ਦੇਖ ਚੁੱਕੇ ਹਨ, ਜਿਨ੍ਹਾਂ ਨੇ ਤੁਹਾਡੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਭਾਰੀ ਹਰਜਾਨਾ ਭੁਗਤਿਆ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਪ ਵੱਲੋਂ ਪੰਜਾਬ ‘ਚ ਕਾਂਗਰਸ ਦੀ ਕਿਸਾਨ ਸੰਪਰਕ ਮੁਹਿੰਮ ਨੂੰ ਕਾਪੀ ਕਰਨ ਵਾਸਤੇ ਕੀਤੀਆਂ ਜਾ ਰਹੀਆਂ ਨਾਕਾਮ ਕੋਸ਼ਿਸ਼ਾਂ ਦੀ ਨਿੰਦਾ ਕੀਤੀ ਹੈ। ਇਸਦੇ ਤਹਿਤ ਆਪ ਵੱਲੋਂ ਮੰਡੀਆਂ ‘ਚ ਢਿੱਲੀ ਖ੍ਰੀਦ ਪ੍ਰੀਕ੍ਰਿਆ ਖਿਲਾਫ ਕੀਤੇ ਗਏ ਪ੍ਰਦਰਸ਼ਨ ਨੂੰ ਨਿਰਾਸ਼ਾਜਨਕ ਸਮਰਥਨ ਦਰਾਸਉਂਦਾ ਹੈ ਕਿ ਪਾਰਟੀ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੀਆਂ ਉਮੀਦਾਂ ਨੂੰ ਸਮਝਣ ‘ਚ ਪੂਰੀ ਤਰ੍ਹਾਂ ਅਸਫਲ ਰਹੀ ਹੈ।
ਕੈਪਟਨ ਅਮਰਿੰਦਰ ਨੇ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨੀਆਂ ‘ਚੋਂ ਕੱਢਣ ਪ੍ਰਤੀ ਆਪਣੀ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਜਿਸਦੇ ਤਹਿਤ ਸੂਬੇ ‘ਚ ਕੁੱਲ ਪੇਂਡੂ ਕਰਜ਼ਿਆਂ ‘ਚ 35,000 ਕਰੋਡ਼ ਰੁਪਏ ਦਾ ਹਿੱਸਾ ਕਿਸਾਨਾਂ ਸਿਰ ਚਡ਼੍ਹੇ ਕਰਜ਼ਿਆਂ ਦਾ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸੱਤਾ ‘ਚ ਆਉਣ ਤੋਂ ਤੁਰੰਤ ਬਾਅਦ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰ ਦਿੱਤੇ ਜਾਣਗੇ।

LEAVE A REPLY