ਪੰਚਾਇਤੀ ਚੋਣਾਂ ਨੂੰ ਲੈ ਕੇ ਐਕਸ਼ਨ ‘ਚ DGP ਗੌਰਵ ਯਾਦਵ, ਜਾਰੀ ਕੀਤੀਆਂ ਸਖ਼ਤ ਹਦਾਇਤਾਂ

ਜਲੰਧਰ/ਚੰਡੀਗੜ੍ਹ- ਪੰਚਾਇਤੀ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਡੀ. ਆਈ. ਜੀ. ਪਟਿਆਲਾ ਰੇਂਜ, ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਦੇ ਐੱਸ. ਐੱਸ. ਪੀ. ਸਮੇਤ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਹੈ ਕਿ ਛੋਟੇ-ਮੋਟੇ ਅਪਰਾਧਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਐੱਫ਼. ਆਈ. ਆਰ. ਦਰਜ ਕਰਨ ਵਿੱਚ ਕਿਸੇ ਵੀ ਅਣਗਹਿਲੀ ਲਈ ਸਬੰਧਤ ਅਧਿਕਾਰੀ ਜ਼ਿੰਮੇਵਾਰ ਹੋਣਗੇ।
ਇਥੇ ਦੱਸ ਦੇਈਏ ਕਿ ਪੰਚਾਇਤੀ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਖ਼ਤਮ ਹੋ ਜਾਵੇਗਾ। 15 ਨੂੰ 13 ਹਜ਼ਾਰ ਪੰਚਾਇਤਾਂ ਲਈ ਵੋਟਾਂ ਪੈਣਗੀਆਂ। ਚੋਣ ਨਤੀਜੇ ਉਸੇ ਦਿਨ ਸ਼ਾਮ ਨੂੰ ਐਲਾਨੇ ਜਾਣਗੇ। ਚੋਣਾਂ ਸ਼ਾਂਤੀਪੂਰਵਕ ਕਰਵਾਉਣਾ ਪੁਲਸ ਅਤੇ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਹੈ। ਕਿਉਂਕਿ ਹੁਣ ਤੱਕ ਕਈ ਜ਼ਿਲ੍ਹਿਆਂ ਵਿੱਚ ਕਤਲ ਵਰਗੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਅਜਿਹੇ ‘ਚ ਹੁਣ ਡੀ. ਜੀ. ਪੀ. ਖ਼ੁਦ ਸਰਗਰਮ ਹੋ ਗਏ ਹਨ। ਉਹ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਇਸ ਤੋਂ ਇਲਾਵਾ ਪੁਲਸ ਵੱਲੋਂ ਕਾਸੋ ਆਪ੍ਰੇਸ਼ਨ ਵੀ ਕੀਤਾ ਗਿਆ ਹੈ।
ਫੀਲਡ ‘ਚ ਪੁਲਸ ਦੀ ਮੌਜੂਦਗੀ ਵਿਖਾਈ ਦੇਵੇ, ਨਾਕੇ ਲਗਾਏ ਜਾਣ
ਡੀ. ਜੀ. ਪੀ. ਨੇ ਕਿਹਾ ਕਿ ਇਸ ਸਮੇਂ ਸਾਡਾ ਉਦੇਸ਼ ਪੰਚਾਇਤੀ ਚੋਣਾਂ ਨੂੰ ਸ਼ਾਂਤੀਪੂਰਵਕ ਕਰਵਾਉਣਾ ਹੈ, ਇਸ ਲਈ ਇਲਾਕੇ ਵਿੱਚ ਨਾਕਾਬੰਦੀ ਕੀਤੀ ਜਾਵੇ। ਇਲਾਕੇ ਵਿੱਚ ਪੁਲਸ ਦੀ ਮੌਜੂਦਗੀ ਵਿਖਾਈ ਦੇਣੀ ਚਾਹੀਦੀ ਹੈ। ਜੇਕਰ ਕਿਸੇ ਥਾਂ ‘ਤੇ ਕੋਈ ਲੜਾਈ-ਝਗੜਾ ਹੁੰਦਾ ਹੈ ਤਾਂ ਪੁਲਸ ਤੁਰੰਤ ਪਹੁੰਚ ਜਾਵੇ। ਇਨ੍ਹਾਂ ਸਾਰੇ ਕੰਮਾਂ ਲਈ ਪੁਲਸ ਰਿਜ਼ਰਵ ਰੱਖੀ ਜਾਵੇਗੀ। ਇਸ ਤਰ੍ਹਾਂ ਚੋਣਾਂ ਦੀ ਵਿਉਂਤਬੰਦੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਨੈਚਿੰਗ, ਡਕੈਤੀ ਜਾਂ ਫਿਰੌਤੀ ਦੀਆਂ ਕਾਲਾਂ ਜਾਂ ਨਸ਼ੇ ਦੇ ਮਾਮਲੇ ਵਰਗੇ ਛੋਟੇ-ਮੋਟੇ ਅਪਰਾਧ ਹੁੰਦੇ ਹਨ। ਇਹ ਗੱਲਾਂ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੀਆਂ ਹਨ।
ਅਜਿਹੇ ਵਿੱਚ ਐੱਸ. ਐੱਚ. ਓ, ਡੀ. ਐੱਸ. ਪੀ. ਅਤੇ ਐੱਸ. ਐੱਸ. ਪੀ. ਦੀ ਜ਼ਿੰਮੇਵਾਰੀ ਵੀ ਤੈਅ ਹੋਵੇਗੀ। ਜੇਕਰ ਐੱਨ. ਡੀ. ਪੀ. ਐੱਸ. ਐਕਟ ਤਹਿਤ ਫੜੇ ਗਏ ਮੁਲਜ਼ਮ ਜੇਲ੍ਹ ਤੋਂ ਬਾਹਰ ਹਨ ਤਾਂ ਉਨ੍ਹਾਂ ਖ਼ਿਲਾਫ਼ ਵਾਰ-ਵਾਰ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੀ ਜਾਇਦਾਦ ਕੁਰਕ ਕੀਤੀ ਜਾਵੇ। ਲੋਕਾਂ ਤੋਂ ਆਉਣ ਵਾਲੀ ਸੂਚਨਾ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ।