ਜ਼ਿਆਦਾਤਾਰ ਰੋਗੀਆਂ ਵਿੱਚ ਪੇਟ ਦਰਦ ਦਾ ਕਾਰਨ ਪੇਚਿਸ ਤੇ ਮਰੋੜ ਹੁੰਦੇ ਹਨ। ਪੇਚਿਸ ਚਾਹੇ ਲੇਸਦਾਰ ਹੋਵੇ ਜਾਂ ਖੂਨੀ, ਦੋਵੇਂ ਹਾਲਤਾਂ ਵਿੱਚ ਵੱਡੀ ਆਂਤੜੀ ਵਿੱਚ ਜ਼ਖ਼ਮ ਹੋ ਜਾਂਦੇ ਜੋ ਪੇਟ ਦਰਦ ਦਾ ਕਾਰਨ ਬਣਦੇ ਹਨ। ਪੇਟ ਦੇ ਕੀੜੇ ਵੀ ਪੇਟ ਦਰਦ ਦਾ ਵੱਡਾ ਕਾਰਨ ਹਨ, ਖਾਸ ਕਰਕੇ ਬੱਚਿਆਂ ਵਿੱਚ ਇਹ ਸਮੱਸਿਆ ਵੱਡੀ ਹੈ। ਕੀੜੇ ਹੋਣ ਦੀ ਦਸ਼ਾ ਵਿੱਚ ਦਰਦ ਆਮ ਕਰਕੇ ਕਦੇ ਕਦੇ ਅਤੇ ਮੱਠਾ ਮੱਠਾ ਹੁੰਦਾ ਅਤੇ ਕੁਝ ਦੇਰ ਪਿਛੋਂ ਆਪਣੇ ਆਪ ਵੀ ਠੀਕ ਹੋ ਜਾਂਦਾ ਹੈ। ਲੜਕੀਆਂ ਵਿੱਚ ਮਾਂਹਵਾਰੀ ਸਮੇਂ ਪੇਟ ਦਰਦ ਦੀ ਤਕਲੀਫ਼ ਹੋ ਜਾਂਦੀ ਹੈ, ਜਿਸ ਨੂੰ ਘਰੇਲੂ ਉਪਾਵਾਂ ਨਾਲ ਠੀਕ ਕੀਤਾ ਜਾ ਸਕਦਾ ਹੈ। ਵੈਸੇ ਮਾਂਹਵਾਰੀ ਸ਼ੁਰੂ ਹੁੰਦਿਆਂ ਹੀ ਇਹ ਠੀਕ ਹੋ ਜਾਂਦਾ ਹੈ। ਬਾਲਗਾਂ ਵਿੱਚ ਪੇਟ ਦਰਦ ਦਾ ਕਾਰਨ ਪੇਪਟਿਕ ਅਲਸਰ, ਡਿਊਡੀਨਲ ਅਲਸਰ ਜਾਂ ਪੇਪਟਿਕ ਅਲਸਰ ਸਿੰਡਰੋਮ ਦਾ ਦਰਦ ਵੀ ਪਾਇਆ ਜਾਂਦਾ ਹੈ। ਆਮ ਤੌਰ ‘ਤੇ ਮਿਰਚ ਮਸਾਲੇਦਾਰ ਭੋਜਨ ਖਾਣ ਪਿਛੋਂ ਇਸ ਪ੍ਰਕਾਰ ਦਾ ਦਰਦ ਹੰਦਾ ਹੈ। ਇੰਡੋਸਕੋਪੀ ਜਾਂਚ ਨਾਲ ਇਸ ਪ੍ਰਕਾਰ ਦੇ ਪੇਟ ਦਰਦ ਦਾ ਪਤਾ ਲੱਗ ਜਾਂਦਾ ਤੇ ਸਹੀ ਇਲਾਜ ਨਾਲ ਰੋਗ ਖਤਮ ਹੋ ਜਾਂਦਾ ਹੈ।
ਅੰਤੜੀਆਂ ਵਿੱਚ ਸੋਜ਼: ਇਸ ਨੂੰ ‘ਕੋਕਸ ਇਬਡੋਮਿਨ’ ਕਹਿੰਦੇ ਹਨ। ਇਸ ਦੇ ਕਾਰਨ ਵੀ ਪੇਟ ਵਿੱਚ ਦਰਦ ਹੁੰਦਾ ਹੈ। ਮਹੀਨਿਆਂ ਦੇ ਇਲਾਜ ਨਾਲ ਇਹ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ। ਇਹ ਪੇਟ ਦੀ ਤਪਦਿਕ ਹੀ ਹੁੰਦੀ ਹੈ। ਲੀਵਰ ਦੀ ਸੋਜ਼ ਕਾਰਨ ਵੀ ਪੇਟ ਵਿੱਚ ਦਰਦ ਹੁੰਦਾ ਹੈ। ਪਿੱਤੇ ਦੀ ਥੈਲੀ ਵਿੱਚ ਪੱਥਰੀ ਜਾਂ ਸੋਜ਼,ਅਪੈਂਡੇਸਾਈਟਸ ਤੋਂ ਇਲਾਵਾ ਕੁਝ ਔਰਤ ਰੋਗਾਂ ਵਿੱਚ ਪੇਟ ਦਰਦ ਦੇ ਨਾਲ ਉਲਟੀ, ਬੁਖ਼ਾਰ, ਪਤਲੇ ਦਸਤ, ਪੀਲੀਆ ਦੀ ਸ਼ਿਕਾਇਤ ਹੁੰਦੀ ਹੈ। ਇਸ ਤਰ੍ਹਾਂ ਦੇ ਦਰਦਾਂ ਦੀ ਆਪਣੀ ਹੀ ਪਛਾਣ ਹੁੰਦੀ ਹੈ, ਜਿਸ ਨੂੰ ਡਾਕਟਰ ਅਸਾਨੀ ਨਾਲ ਪਛਾਣ ਲੈਂਦੇ ਹਨ।
ਅਪੈਂਡਿਕਸ ਅਤੇ ਪਿੱਤੇ ਦੀ ਥੈਲੀ ਦੀ ਸੋਜ਼: ਇਸ ਕਾਰਨ ਅਚਾਨਕ ਦਰਦ ਉਠਦਾ ਤੇ ਤੇਜ਼ ਹੁੰਦਾ ਅਤੇ ਕੁਝ ਘੰਟਿਆਂ ਤੱਕ ਰਹਿ ਸਕਦਾ ਹੈ। ਦਰਦ ਮੌਕੇ ਉਲਟੀ, ਜੀਅ ਕੱਚਾ ਤੇ ਬੁਖ਼ਾਰ ਹੁੰਦਾ ਹੈ। ਅਜਿਹਾ ਦਰਦ ਸਾਰੇ ਪੇਟ ‘ਚ ਨਾ ਹੋ ਕੇ ਕੁਝ ਸੀਮਤ ਹਿੱਸੇ, ਖਾਸ ਦਿਸ਼ਾ ਵਿੱਚ ਜਾਂਦਾ ਹੈ। ਆਮ ਉਪਾਵਾਂ ਨਾਲ ਇਹ ਠੀਕ ਨਹੀਂ ਹੁੰਦਾ। ਦਰਦ ਜਦੋਂ ਅਪੈਂਡਿਕਸ ਦੇ ਕਾਰਨ ਹੁੰਦਾ ਤਾਂ ਉਦੋਂ ਦਰਦ ਦੀ ਸ਼ੁਰੂਆਤ ਧੁੰਨੀ ਦੇ ਕੋਲੋਂ ਹੁੰਦੀ ਹੈ। ਕੁਝ ਘੰਟਿਆਂ ਜਾਂ ਇੱਕ ਦੋ ਦਿਨਾਂ ਤੱਕ ਪੇਟ ਦੇ ਸੱਜੇ ਪਾਸੇ ਹੇਠਲੇ ਹਿਸੇ ਵਿੱਚ ਸਥਿਰ ਹੋ ਜਾਂਦਾ ਹੈ। ਇੱਕ ਛੋਟਾ ਜਿਹਾ ਗੋਲਾ ਵੀ ਉਥੇ ਮਹਿਸੂਸ ਹੁੰਦਾ ਹੈ। ਇਲਾਜ ਸਮੇਂ ਡਾਕਟਰ ਅਪ੍ਰੇਸ਼ਨ ਰਾਹੀਂ ਅਪੈਂਡਿਕਸ ਨੂੰ ਕੱਢ ਦਿੰਦੇ ਹਨ। ਅਪੈਂਡਿਕਸ ਦਾ ਸ਼ੱਕ ਪੈਣ ‘ਤੇ ਰੋਗੀ ਨੂੰ ਮਾਰਫ਼ੀਨ ਦਾ ਟੀਕਾ ਦੇ ਕੇ ਗੁੜ੍ਹੀ ਨੀਂਦ ਨਹੀਂ ਸਿਵਾਉਣਾ ਚਾਹੀਦਾ ਅਤੇ ਨਾ ਹੀ ਮੂੰਹ ਰਸਦੇ ਖਾਣਾ ਦਿਓ। ਸਾਦਾ ਪਾਣੀ, ਹਲਕੀ ਚਾਹ, ਥੋੜੀ ਥੋੜੀ ਮਾਤਰਾ ‘ਚ ਦਿੱਤੀ ਜਾ ਸਕਦੀ ਹੈ। ਧਿਆਨ ਰਹੇ ਅਪੈਂਡਿਕਸ ਦੇ ਦਰਦ ਦੇ ਲੱਛਣ ਆਉਂਦੇ ਹੀ ਤੁਰੰਤ ਯੋਗ ਡਾਕਟਰ ਤੋਂ ਇਲਾਜ ਕਰਾਵਾਉਣਾ ਤੇ ਉਸ ਦੀ ਸਲਾਹ ਨਾਲ ਅਪ੍ਰੇਸ਼ਨ ਕਰਵਾ ਲੈਣਾ ਚਾਹੀਦਾ ਹੈ। ਅਜਿਹਾ ਨਾ ਹੋਣ ‘ਤੇ ਅਪੈਂਡਿਕਸ ਫ਼ਟਣ ਦਾ ਖ਼ਤਰਾਹੁੰਦਾ ਹੈ। ਇਸ ਸਥਿਤੀ ਨੂੰ ਗੰਭੀਰ ਹੀ ਸਮਝਣਾ ਚਾਹੀਦਾ ਹੈ।
ਪਿੱਤੇ ਦੀ ਪੱਥਰੀ: ਪਿੱਤੇ ਵਿੱਚ ਪੱਥਰੀ ਦੋ ਕਿਸਮ ਦੀ ਹੁੰਦੀ ਹੈ। ਪਹਿਲੀ ਜਿਸ’ਚ ਸਿਰਫ਼ ਇੱਕ ਜਾਂ ਦੋ ਵੱਡੀਆਂ ਪਥਰੀਆਂ ਜਾਂ ਦੂਜੀ, ਜਿਸ ‘ਚ 15-20 ਜਾਂ ਵੱਧ ਛੋਟੇ ਛੋਟੇ ਪੱਥਰ ਹੋਣ। ਪੱਥਰੀ ਦੀ ਸ਼ਕਾਇਤ ਹੋਣ ‘ਤੇ ਦਰਦ ਤਾਂ ਅਕਸਰ ਹੁੰਦਾ ਹੀ ਹੈ, ਪਰ ਬੁਖ਼ਾਰ ਦੀ ਜ਼ਿਆਦਾ ਸ਼ਿਕਾਇਤ ਨਹੀਂ ਹੁੰਦੀ। ਉਲਟੀ, ਜੀਅ ਕੱਚਾ ਦੀ ਸ਼ਿਕਾਇਤ ਦਰਦ ਹੋਣ ਵੇਲੇ ਹਮੇਸ਼ਾ ਨਹੀਂ ਹੁੰਦੀ, ਕਦੀ ਕਦੀ ਹੀ ਹੋ ਸਕਦੀ ਹੈ। ਅਲਟਰਾਸਾਊਂਡ ਦੀ ਸੌਖੀ ਜਾਂਚ ਨਾਲ ਪਿੱਤੇ ਦੀ ਥੈਲੀ ‘ਚ ਪਈ ਪੱਥਰੀ ਦੀ ਸਟੀਕ ਜਾਣਕਾਰੀ ਮਿਲ ਜਾਂਦੀ ਹੈ। ਇਸ ਜਾਂਚ ਨਾਲ ਥੈਲੀ ਦਾ ਸਾਈਜ਼, ਮੋਟਾਈ, ਸੁੰਗੜਨ ਦੀ ਸ਼ਕਤੀ, ਪਥਰੀ ਦਾ ਸਾਈਜ਼, ਆਦਿ ਵੀ ਪਤਾ ਲੰਗ ਜਾਂਦੇ ਹਨ। ਪੱਥਰੀ ਛੋਟੀ ਹੋਣ ‘ਤੇ ਕਦੀ ਕਦੀ ਇਹ ਪਿੱਤੇ ਦੀ ਥੈਲੀ ਦੀ ਨਾਲੀ (ਸੀ.ਬੀ.ਡੀ.) ਵਿੱਚ ਖਿਸਕ ਕੇ ਚਲੀ ਜਾਂਦੀ ਹੈ। ਅਜਿਹੀ ਹਾਲਤ ਵਿੱਚ ਪੀਲੀਆ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਇਲਾਜ ਨਾ ਕਰਵਾਉਣ ਤੇ ਲਾਪ੍ਰਵਾਹੀ ਵਰਤਣ ਕਰਕੇ ਸੋਜ਼ ਹੋਣ ਦਾ ਖ਼ਤਰਾ ਵੀ ਹੋ ਸਕਦਾ ਹੈ।
ਗੁਰਦੇ ਵਿੱਚ ਪੱਥਰੀ: ਪੇਟ ਦਰਦ ਦਾ ਇੱਕ ਕਾਰਨ ਗੁਰਦੇ ਵਿੱਚ ਪੱਥਰੀ ਹੋਣ ਦੀ ਸਮੱਸਿਆ ਕਾਫ਼ੀ ਵਧੀ ਹੋਈ ਹੈ। ਪੱਥਰੀ ਛੋਟੀ ਹੋਣ ‘ਤੇ ਮੂਤਰ ਨਾਲੀ ‘ਚ ਵੀ ਖਿਸਕ ਕੇ ਚਲੀ ਜਾਂਦੀ ਹੈ ਇੱਕ ਵਾਰੀ ਜਦ ਦਾਣਾ ਬਣ ਜਾਵੇ ਤਦ ਉਸ ‘ਤੇ ਕੈਲਸ਼ੀਅਮ ਅਤੇ ਫ਼ਾਸਫ਼ੋਰਸ ਜਮਾ ਹੋ ਕੇ ਛੋਟਾ ਦਾਣਾ ਵੱਡੀ ਪਥਰੀ ‘ਚ ਬਦਲ ਜਾਂਦਾ ਹੈ।
ਰੋਗੀ ਨੂੰ ਦਰਦ ਮੌਕੇ ਉਲਟੀ ਵਾਂਗੂ ਲਗਦਾ ਹੈ। ਬੁਖਾਰ ਵੀ ਹੋ ਸਕਦਾ ਹੈ। ਜੇ ਪੱਥਰੀ ਛੋਟੀ ਹੋਵੇ ਤਾਂ ਇਸ ਦੇ ਮੂਤਰ ਮਾਰਗ ਰਾਹੀਂ ਬਾਹਰ ਨਿਕਲ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਜੇ ਪੱਥਰੀ ਦਾ ਆਕਾਰ ਵੱਡਾ ਹੋਵੇ ਤਾਂ ਇਸ ਨੂੰ ਸਾਬਤ ਜਾਂ ਤੋੜ ਕੇ ਵੀ ਕੱਢਿਆ ਜਾ ਸਕਦਾ ਹੈ।
ਦਵਾਈਆਂ ਨਾਲ ਪੱਥਰੀ ਤੋੜ ਕੇ ਜਾਂ ਗਾਲ ਕੇ ਕੱਢਣ ਦੇ ਮੌਕੇ ਵੀ ਹੁੰਦੇ ਹਨ ਪਰ ਦਵਾਈ ਨਾਲ ਇਹ ਇਲਾਜ ਵੱਡੀ ਪੱਥਰੀ ਵਿੱਚ ਨਾਕਾਮ ਹੋ ਜਾਂਦਾ ਹੈ ਤਾਂ ਫ਼ਿਰ ਇਸ ਦਾ ਇੱਕੋ ਇੱਕ ਹੱਲ ਅਪ੍ਰੇਸ਼ਨ ਹੀ ਹੁੰਦਾ ਹੈ। ਕਈ ਰੋਗੀਆਂ ਵਿੱਚ ਵਾਰ ਵਾਰ ਪੱਥਰੀ ਬਣਨ ਦੀ ਸਮੱਸਿਆ ਬਣੀ ਰਹਿੰਦੀ ਹੈ। ਅਜਿਹੇ ਲੋਕਾਂ ਨੂੰ ਉਨ੍ਹਾਂ ਸਾਰੇ ਕਾਰਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਪੱਥਰੀ ਬਣਨ ਵਿੱਚ ਸਹਾਇਕ ਬਣਦੇ ਹਨ।
ਡਾ. ਅਜੀਤਪਾਲ ਸਿੰਘ, ਐਮ.ਡੀ.