ਪੁਲਸ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਇੱਕ ਨੌਜਵਾਨ ਦੀ ਮੌਤ

ਨਵੀਂ ਦਿੱਲੀ : ਪੱਛਮੀ ਦਿੱਲੀ ਦੇ ਮਾਇਆਪੁਰੀ ਥਾਣੇ ‘ਚ ਹਿਰਾਸਤ ‘ਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਕੰਧ ‘ਤੇ ਚੜ੍ਹਦੇ ਸਮੇਂ ਕਥਿਤ ਤੌਰ ‘ਤੇ ਡਿੱਗਣ ਕਾਰਨ 26 ਸਾਲਾ ਨੌਜਵਾਨ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਅੰਸ਼ੂਮਨ ਤਨੇਜਾ ਨੂੰ ਉਸ ਦੇ ਮਾਤਾ-ਪਿਤਾ ਅਤੇ ਇਕ ਹੋਰ ਰਿਸ਼ਤੇਦਾਰ ‘ਤੇ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ‘ਚ ਪੁੱਛਗਿੱਛ ਲਈ ਪੁਲਸ ਸਟੇਸ਼ਨ ਲਿਆਂਦਾ ਗਿਆ ਸੀ। ਇਹ ਘਟਨਾ 26 ਨਵੰਬਰ ਦੀ ਹੈ।
ਪੁਲਸ ਨੇ ਇੱਕ ਬਿਆਨ ਵਿੱਚ ਕਿਹਾ, “ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਅੰਸ਼ੁਮਨ ਨੇ ਉਨ੍ਹਾਂ ‘ਤੇ ਚਾਕੂ ਨਾਲ ਹਮਲਾ ਕੀਤਾ। ਪੀੜਤਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਅਤੇ ਅੰਸ਼ੂਮਨ ਨੂੰ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ।” ਉਹਨਾਂ ਕਿਹਾ, “ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਅੰਸ਼ੁਮਨ ਨੇ ਕਰਮਚਾਰੀਆਂ ਨੂੰ ਧੱਕਾ ਦਿੱਤਾ ਅਤੇ ਕੰਧ ‘ਤੇ ਚੜ੍ਹਦੇ ਹੋਏ ਹੇਠਾਂ ਡਿੱਗ ਗਿਆ।” ਪੁਲਸ ਨੇ ਦੱਸਿਆ ਕਿ ਕੰਧ ਤੋਂ ਹੇਠਾਂ ਡਿੱਗਣ ਕਾਰਨ ਅੰਸ਼ੁਮਨ ਦੇ ਸਿਰ ‘ਤੇ ਸੱਟ ਲੱਗ ਗਈ ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੰਸ਼ੁਮਨ ਦੀ 28 ਨਵੰਬਰ ਨੂੰ ਐੱਲਐੱਨਜੇਪੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ।
ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਕਾਰਵਾਈ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਪੁਲਸ ਅਨੁਸਾਰ ਮ੍ਰਿਤਕ ਦੇ ਚਾਚੇ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਉਸਦੇ ਮਾਤਾ-ਪਿਤਾ ਦਾ ਇਲਾਜ ਫੌਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਉਸ ਦੇ ਪਿਤਾ ਸੇਵਾਮੁਕਤ ਜਲ ਸੈਨਾ ਅਧਿਕਾਰੀ ਹਨ।
ਅੰਸ਼ੁਮਨ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਉਸਦੀ ਭੈਣ ਵਿਆਹੀ ਹੋਈ ਹੈ ਅਤੇ ਦਿੱਲੀ ਵਿੱਚ ਰਹਿੰਦੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ 24 ਨਵੰਬਰ ਦੀ ਅੱਧੀ ਰਾਤ ਨੂੰ ਅੰਸ਼ੁਮਨ ਨੇ ਪੁਲਸ ਕੰਟਰੋਲ ਰੂਮ (ਪੀ.ਸੀ.ਆਰ.) ‘ਤੇ ਫੋਨ ਕਰਕੇ ਆਪਣੇ ਘਰ ‘ਚ ਹੋਈ ਲੁੱਟ ਦੀ ਸੂਚਨਾ ਦਿੱਤੀ ਸੀ, ਜੋ ਬਾਅਦ ‘ਚ ਫਰਜ਼ੀ ਨਿਕਲੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਸਮੇਂ ਉਸ ਦੀ ਹਾਲਤ ਠੀਕ ਨਹੀਂ ਸੀ। ਪੁਲਸ ਨੇ ਕਿਹਾ ਕਿ ਉਪਮੰਡਲ ਅਧਿਕਾਰੀ (ਐੱਸਡੀਐੱਮ) ਤੋਂ ਜਾਂਚ ਕੀਤੀ ਜਾਵੇਗੀ ਅਤੇ ਉਸ ਦੀ ਮੌਤ ਦੀ ਵੀ ਥਾਣੇ ਵਿੱਚ ਜਾਂਚ ਕੀਤੀ ਜਾ ਰਹੀ ਹੈ।