ਸੱਥ ਵਿੱਚ ਬੈਠੇ ਲੋਕ ਸੱਥ ਦੇ ਨੇੜੇ ਹੀ ਪਿੰਡ ਦੇ ਬੱਸ ਅੱਡੇ ‘ਤੇ ਬੱਸ ਦੀ ਉਡੀਕ ਕਰ ਰਹੇ ਲੋਕਾਂ ਵੱਲ ਵੇਖ ਕੇ ਮੂੰਹ ਜੋੜ ਜੋੜ ਇਉਂ ਗੱਲਾਂ ਕਰੀ ਜਾ ਰਹੇ ਸਨ ਜਿਵੇਂ ਪਿੰਡ ‘ਚ ਆਏ ਕਿਸੇ ਓਪਰੇ ਬੰਦੇ ਦੀ ਪਛਾਣ ਹੋ ਰਹੀ ਹੋਵੇ। ਏਨੇ ਚਿਰ ਨੂੰ ਨਾਥਾ ਅਮਲੀ ਵੀ ਸੱਥ ਵਿੱਚ ਆ ਦੜਕਿਆ। ਸੱਥ ‘ਚ ਆਉਂਦਾ ਹੀ ਨਾਥਾ ਅਮਲੀ ਸੱਥ ਵਾਲੇ ਥੜ੍ਹੇ ‘ਤੇ ਬੈਠਦਾ ਬਾਬੇ ਗੁਰਮੁਖ ਸਿਉਂ ਨੂੰ ਕਹਿੰਦਾ, ”ਆਹ ਤਾਂ ਬਾਬਾ ਕਿਸੇ ਦੀਆਂ ਚੁਗਲੀਆਂ ਜ੍ਹੀਆਂ ਕਰਦੇ ਲੱਗਦੇ ਐ ਜਿਹੜਾ ਮੂੰਹ ਜੋੜ ਜੋੜ ਗੱਲਾਂ ਕਰੀ ਜਾਨੇਂ ਐਂ। ਓਧਰ ਕਿੱਧਰ ਝਾਕੀ ਜਾਨੇਂ ਐ ਸਵਾਰੀਆਂ ਵੱਲ? ਨਾਲੇ ਅੱਜ ਕਿਮੇਂ ਭਲਾ ਬਾਹਲੀਆਂ ਸਵਾਰੀਆਂ ਖੜ੍ਹੀਐਂ ਜਿਮੇਂ ਬੱਸ ਨ੍ਹੀ ਆਈ ਹੁੰਦੀ?”
ਮਾਹਲਾ ਨੰਬਰਦਾਰ ਕਹਿੰਦਾ, ”ਮਿਸ ਹੋ ਗਿਆ ਲੱਗਦੈ ਟੈਮ। ਨਹੀਂ ਤਾਂ ਐਨੇ ਚਿਰ ਨੂੰ ਬੱਸ ਤਿੰਨ ਪਿੰਡ ਨੰਘ ਜਾਂਦੀ ਐ। ਹੁਣ ਤਾਂ ਫ਼ਿਰ ਦਪਹਿਰ ਆਲੀ ਆਊ। ਉਹ ਊਂ ਛੱਤ ਤਕ ਭਰੀ ਹੋਊ।”
ਨਾਥਾ ਅਮਲੀ ਨੰਬਰਦਾਰ ਦੀ ਗੱਲ ਸੁਣ ਕੇ ਨੰਬਰਦਾਰ ਨੂੰ ਟਿੱਚਰ ‘ਚ ਕਹਿੰਦਾ, ”ਜੇ ਨੰਬਰਦਾਰਾ ਬਿਨਾਂ ਛੱਤ ਆਲੀ ਬੱਸ ਆ ਗੀ ਫ਼ੇਰ ਕੀ ਬਣੂ ਸਵਾਰੀਆਂ ਦਾ ਬਈ?”
ਸੀਤਾ ਮਰਾਸੀ ਕਹਿੰਦਾ, ”ਬਿਨਾਂ ਛੱਤ ਆਲੀ ਬੱਸ ਨਾ ਹੋਈ , ਉਹ ਤਾਂ ਫ਼ਿਰ ਧੂਰੀ ਆਲੀ ਬਾਰਾਂ ਫ਼ੁੱਟੀ ਟਰਾਲੀਓ ਹੋਗੀ।”
ਬਾਬੇ ਗੁਰਮੁੱਖ ਸਿਉਂ ਨੇ ਨਾਥੇ ਅਮਲੀ ਨੂੰ ਪੁੱਛਿਆ, ”ਬਿਨਾਂ ਛੱਤ ਆਲੀ ਬੱਸ ਵੀ ਹੁੰਦੀ ਐ ਅਮਲੀਆ ਓਏ?”
ਅਮਲੀ ਟਿੱਚਰ ‘ਚ ਕਹਿੰਦਾ, ”ਆਹ ਆਪਣੇ ਪਿੰਡ ਆਲੇ ਕਾਲੂ ਕੁਆੜੀਏ ਦੇ ਕੁਆੜ ‘ਚ ਦੋ ਖੜ੍ਹੀਆਂ ਬਿਨਾਂ ਛੱਤ ਆਲੀਆਂ ਮਿੰਨੀ ਬੱਸਾਂ।”
ਜੱਗਾ ਕਾਮਰੇਡ ਸਵਾਰੀਆਂ ਵੱਲ ਵੇਖ ਕੇ ਬਾਬੇ ਗੁਰਮੁੱਖ ਸਿਉਂ ਨੂੰ ਕਹਿੰਦਾ, ”ਸਵਾਰੀਆਂ ਤਾਂ ਬਾਬਾ ਹੋਰ ਆਈ ਜਾਂਦੀਐਂ, ਇਹ ਕਿੱਥੇ ਬੈਠਣਗੀਆਂ ਸ਼ੀਟ ਤਾਂ ਪਹਿਲਾਂ ਈਂ ਨ੍ਹੀ ਹੋਣੀ ਬੱਸ ‘ਚ?”
ਅਮਲੀ ਕਹਿੰਦਾ, ”ਤੁਸੀਂ ਤਾਂ ਯਾਰ ਸਾਰੇ ਈ ਸਵਾਰੀਆਂ ਵੱਲ ਇਉਂ ਵੇਖੀ ਜਾਨੇ ਐਂ ਜਿਮੇਂ ਬੋਕ ਤੁੱਕਿਆਂ ਵੱਲ ਝਾਕਦਾ ਹੁੰਦੈ। ਨਾਲੇ ਇਹਦੇ ‘ਚ ਫ਼ਿਰ ਸਵਾਰੀਆਂ ਵੱਲ ਵੇਖਣ ਆਲੀ ਕਿਹੜੀ ਗੱਲ ਐ। ਆਪਣੇ ਪਿੰਡ ਦੇ ਈ ਐ ਸਾਰੇ, ਕੋਈ ਬਾਹਰੋਂ ਤਾਂ ਨ੍ਹੀ।”
ਬਾਬਾ ਗੁਰਮੁੱਖ ਸਿਉਂ ਕਹਿੰਦਾ, ”ਬਾਕੀ ਦੇ ਤਾਂ ਅਮਲੀਆ ਠੀਕ ਐ ਬਈ ਆਪਣੇ ਈ ਪਿੰਡ ਦੇ ਐ ਸਾਰੇ, ਪਰ ਔਹ ਜਿਹੜਾ ਬੰਦਾ ਕੇਲੇ ਦੀ ਛੱਲੀ ਛਿੱਲ ਕੇ ਖਾਈ ਜਾਂਦੈ, ਉਹਦੇ ਵੱਲ ਵੇਂਹਨੇ ਐਂ ਬਈ ਇਹ ਕਿਹੜੇ ਪਿੰਡੋਂ ਐ। ਪਤੰਦਰ ਸਾਰਾ ਈ ਕੇਲਾ ਛਿਲ ਕੇ ਖੜ੍ਹ ਗਿਆ ਜਿਮੇਂ ਕੱਪੜੇ ਆਲੇ ਥਾਣ ਤੋਂ ਮੋਮਜਾਮਾ ਲਾੲ੍ਹੀ ਦਾ ਹੁੰਦੈ। ਛਿੱਲੜ ਜਾ ਔਹ ਪਰ੍ਹੇ ਨਾਲੀ ‘ਚ ਮਾਰਿਆ ਚਲਾ ਕੇ।”
ਬਾਬੇ ਦੀ ਨਿਸ਼ਾਨ ਦੇਹੀ ‘ਤੇ ਅਮਲੀ ਵੀ ਕੇਲਾ ਖਾਂਦੇ ਵੱਲ ਕੋਇਆਂ ਵਿਚਦੀ ਟੇਢੀ ਜੀ ਅੱਖ ਨਾਲ ਇਉਂ ਝਾਕਿਆ ਜਿਮੇਂ ਸਾਉਣ ਦੇ ਮਹੀਨੇ ‘ਚ ਮੀਂਹ ਪੈਣ ਪਿੱਛੋਂ ਡੂੰਘੇ ‘ਚ ਲਸ਼ਕਦਾ ਹੁੰਦੈ। ਬਹਾਨੇ ਜੇ ਨਾਲ ਕੇਲਾ ਖਾਂਦੇ ਕੋਲ ਜਾ ਕੇ ਇਉਂ ਪਛਾਣ ਕੱਢ ਲੱਗ ਪਿਆ ਜਿਮੇਂ ਪਸੂਆਂ ਦੇ ਵਪਾਰੀ ਸੱਜਰ ਸੂਈ ਮੱਝ ਦੇ ਦੁਆਲੇ ਘੁੰਮੀ ਜਾਂਦੇ ਹੁੰਦੇ ਐ।
ਪੂਰੀ ਨਿੱਰਖ ਪਰਖ ਕਰ ਕੇ ਅਮਲੀ ਬਾਬੇ ਗੁਰਮੁੱਖ ਸਿਉਂ ਕੋਲ ਆ ਕੇ ਬਾਬੇ ਨੂੰ ਕਹਿੰਦਾ, ”ਬੰਦਾ ਤਾਂ ਬਾਬਾ ਬਾਹਰੋਂ ਈ ਐ ਕਿਤੋਂ, ਪਰ ਮੈਨੂੰ ਤਾਂ ਇਹ ਕੇਲਾ ਛੱਲੀ ਦੀ ਹਰਕਤ ਤੋਂ ਆਪਣੇ ਬਠਿੰਡੇ ਜ਼ਿਲ੍ਹੇ ਦਾ ਲੱਗਦੈ। ਬਾਕੀ ਫ਼ੇਰ ਜੇ ਪਤਾ ਹੋਵੇ ਬਈ ਇਹ ਆਪਣੇ ਪਿੰਡ ‘ਚ ਆਇਆ ਕੀਹਦੇ ਐ ਫ਼ੇਰ ਜਮ੍ਹਾਂ ਈ ਚਾਨਣ ਹੋ ਜੂ ਬਈ ਕੀਹਦਾ ਕੁਸ ਐ ਇਹੇ। ਨਾਲੇ ਆਪਾਂ ਕਿਉਂ ਬਾਬਾ ਮਗ਼ਜ਼ ਖਪਾਈ ਕੀਤੀ ਐ। ਕੋਈ ਕਿਤੋਂ ਹੋਵੇ ਨਾ ਹੋਵੇ। ਆਪਾਂ ਕਿਹੜਾ ਝੋਟਾ ਵੇਚਣਾ ਬਈ ਸੌਦੇ ‘ਚ ਭਾਨੀ ਨਾ ਵੱਜ ਜੇ?”
ਮਾਹਲਾ ਨੰਬਰਦਾਰ ਕਹਿੰਦਾ, ”ਇਉਂ ਨ੍ਹੀ ਗੱਲ ਅਮਲੀਆ। ਅਸੀਂ ਤਾਂ ਇਉਂ ਗੱਲ ਕਰਦੇ ਆਂ ਬਈ ਪਤੰਦਰ ਕੇਲੇ ਦੀ ਛੱਲੀ ਸਾਰੀਓ ਛਿੱਲ ਕੇ ਗਪਲ ਗਪਲ ਕਰ ਕੇ ਖਾ ਗਿਆ। ਨਾਲੇ ਹੱਥ ਲਬੇੜ ਕੇ ਮਗਰੋਂ ਔਹ ਜਿਹੜਾ ਕੋਲੇ ਝੋਲੈ, ਉਹਦੇ ਨਾਲ ਪੂੰਝੀ ਜਾਵੇ।”
ਅਮਲੀ ਨੰਬਰਦਾਰ ਨੂੰ ਭੱਜ ਕੇ ਪੈ ਗਿਆ, ”ਆਪਾਂ ਕੀ ਲੈਣਾ ਨੰਬਰਦਾਰਾ ਕਾਸੇ ਨਾਲ ਪੂੰਝੀ ਜਾਵੇ ਭਾਮੇਂ ਹੀਂ ਹੀਂ ਮੇਰੇ ਮੂੰਹ ‘ਚੋਂ ਕੁਸ ਹੋਰ ਨਿੱਕਲ ਗਿਆ ਸੀ।”
ਹਰਨਾਮਾ ਬੁੜ੍ਹਾ ਕਹਿੰਦਾ, ”ਬੰਦਾ ਬਾਹਰੋਂ ਹੋਣ ਕਰ ਕੇ ਆਪਾਂ ਤਾਂ ਲੱਖਣ ਈ ਲਾਉਣੇ ਆਂ ਬਈ ਕਿਹੜੇ ਪਿੰਡੋਂ ਹੋ ਸਕਦੈ। ਇਹ ਤਾਂ ਡਮਾਕ ਦੀ ਕਸਰਤ ਐ ਅਮਲੀਆ ਆਪਣੇ ਦੀ?”
ਅਮਲੀ ਕਹਿੰਦਾ, ”ਦੱਸ ਤਾਂ ਬੁੜ੍ਹਿਆ ਦਿੱਤਾ ਸੋਨੂੰ ਬਈ ਪਿੰਡ ਦਾ ਤਾਂ ਪਤਾ ਨ੍ਹੀ, ਪਰ ਜਿਲ੍ਹਾ ਬਾਈ ਦਾ ਆਪਣੇ ਆਂਗੂੰ ਬਠਿੰਡਾ ਹੋਊ। ਪੁੱਛ ਲੋ ਭਾਮੇਂ, ਹਜੇ ਕਿਹੜਾ ਬੱਸ ਦੀ ਮੂਹਰੀ ਸੀਟ ‘ਤੇ ਬਹਿ ਗਿਆ, ਖੜ੍ਹਾ ‘ਤਾ ਗੋਹੇ ‘ਤੇ ਈ ਐ। ਪਤੰਦਰ ਕੇਲਾ ਖਾਣ ਚੀ ਉੱਲਝਿਆ ਰਿਹਾ, ਥੱਲੇ ਵੇਖਿਆ ਨ੍ਹੀ ਬਈ ਕੀ ਕੁਸ ਹੋਈ ਜਾਂਦੈ। ਮਿੱਧ ਮਿੱਧ ਗੋਹਾ, ਕੋਠੇ ਲਿਪਣ ਆਲੀ ਘਾਣੀ ਅਰਗਾ ਬਣਾ ‘ਤਾ।”
ਰਤਨ ਸਿਉਂ ਸੂਬੇਦਾਰ ਨੇ ਅਮਲੀ ਨੂੰ ਪੁੱਛਿਆ, ”ਤੈਨੂੰ ਕੈਸੇ ਪਤਾ ਨਾਥਾ ਸਿੰਘ ਬਈ ਇਸ ਕਾ ਜਿਲ੍ਹਾ ਬਠਿੰਡਾ ਹੈਗਾ?”
ਅਮਲੀ ਸੂਬੇਦਾਰ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਲੈ ਸੁਣ ਲਾ ਫ਼ਿਰ ਫ਼ੌਜੀਆ ਬਈ ਮੈਂ ਕਿਮੇਂ ਪਰਖ ਕੀਤੀ ਐ ਇਹਦੀ। ਦੋ ਤਿੰਨ ਮਹੀਨੇ ਹੋ ਗੇ ਆਪਣੇ ਓਧਰਲੇ ਗੁਆੜ ਆਲੇ ਅਰਜਨ ਸਿਉਂ ਰਾਗੀ ਕੀ ਕੁੜੀ ਨੂੰ ਸੰਗਰੂਰਾਂ ਵਲੋਂ ਵੇਖਣ ਆ ਗੇ। ਚਾਹ ਤਾਂ ਉਨ੍ਹਾਂ ਨੇ ਪੀਤੀ ਨਾ ਤੇ ਰਾਗੀ ਕਿਆਂ ਨੇ ਕੇਲੇ ਦੀਆਂ ਛੱਲੀਆਂ ਤੇ ਹੋਰ ਫ਼ੱਲ ਫ਼ਲੂਟ ਲਿਆ ਕੇ ਮੂਹਰੇ ਰੱਖ ‘ਤੇ ਬਈ ਚੱਲੋ ਆਹ ਫ਼ੱਲ ਫ਼ਲੂਟ ਖਾ ਲੋ। ਸਾਰਿਆਂ ਨੇ ਇੱਕ ਇੱਕ ਕੇਲੇ ਦੀ ਛੱਲੀ ਚੱਕ ਲੀ ਤੇ ਇੱਕ ਕੇਲੇ ਦੀ ਛੱਲੀ ਮੁੰਡੇ ਦੀ ਮਾਂ ਚਲਾਕੋ ਕੁੜੀ ਨੂੰ ਫ਼ੜਾ ਕੇ ਕਹਿੰਦੀ ‘ਲੈ ਤੂੰ ਵੀ ਖਾ ਲੈ।'”
ਬਾਬਾ ਗੁਰਮੁੱਖ ਸਿਉਂ ਅਮਲੀ ਦੀ ਗੱਲ ਵਿੱਚੋਂ ਟੋਕ ਕੇ ਕੁੜੀ ਵੇਖਣ ਆਏ ਬੋਲਿਆ, ”ਫ਼ੇਰ ਕੀ ਹੋਇਆ, ਖਾ ਲੀ ਉਹਨੇ ਕੁ ਫ਼ੜੀਓ ਈ ਨ੍ਹੀ ਸੰਗਦੀ ਨੇ?”
ਅਮਲੀ ਕਹਿੰਦਾ, ”ਹੋਣਾ ਕੀ ਸੀ ਬਾਬਾ, ਸਿਧਰੀ ਜੀ ਆਹ ਬਾਈ ਆਂਗੂੰ ਸਾਰੀਓ ਈ ਛਿੱਲ ਕੇ ਬਹਿ ਗੀ। ਅਗਲੇ ਵੇਖਣ ਆਲੇ ਉੱਠ ਕੇ ਖੜ੍ਹੇ ਹੋ ਗੇ। ਜਾਂਦੀ ਜਾਂਦੀ ਮੁੰਡੇ ਦੀ ਮਾਂ ਪਤਾ ਕੀ ਕਹਿੰਦੀ? ਕਹਿੰਦੀ ‘ਬਠਿੰਡੇ ਜ਼ਿਲ੍ਹੇ ਆਲਿਆਂ ਬਾਰੇ ਜਿਮੇਂ ਸੁਣਦੇ ਸੀ ਓਮੇਂ ਈ ਐ।’ ਉਹ ਗੱਲ ਆਂਗੂੰ ਬਾਬਾ ਤਾਹੀ ਮੈਂ ਲੱਖਣ ਲਾਇਆ ਬਈ ਇਹ ਵੀ ਬਠਿੰਡੇ ਜ਼ਿਲ੍ਹੇ ਦਾ ਈ ਹੋਊ ਭਾਊ। ਬਠਿੰਡੇ ਆਲੇ ਇਉਂ ਈਂ ਸਾਰਾ ਕੇਲੇ ਛਿੱਲ ਕੇ ਖਾਂਦੇ ਐ ਬਈ ਵਾਰੀ ਵਾਰੀ ਛਿੱਲੜ ਕਿੱਥੇ ਲਾਹਾਂਗੇ, ਕੇਰਾਂ ਈ ਲਾਹ ਕੇ ਪਰ੍ਹਾਂ ਜੱਭ ਵੱਢੋ।”
ਪ੍ਰਤਾਪਾ ਭਾਊ ਅਮਲੀ ਦੀ ਭਾਊ ਵਾਲੀ ਗੱਲ ਸੁਣ ਕੇ ਅਮਲੀ ਨੂੰ ਕਹਿੰਦਾ, ”ਭਾਊ ਤਾਂ ਅਮਲੀਆ ਮਾਝੇ ਆਲੇ ਹੁੰਦੇ ਐ ਬਠਿੰਡੇ ਆਲੇ ਨ੍ਹੀ ਹੁੰਦੇ। ਤੂੰ ਕਹੀ ਜਾਨੈਂ ਬਠਿੰਡੇ ਜਿਲ੍ਹੇ ਦਾ ਹੋਊ ਭਾਊ।”
ਹਰਨਾਮਾ ਬੁੜ੍ਹਾ ਬਾਬੇ ਗੁਰਮੁੱਖ ਸਿਉਂ ਨੂੰ ਕਹਿੰਦਾ, ”ਊਂ ਤਾਂ ਗੁਰਮੁਖ ਸਿਆਂ ਅੱਡੋ ਅੱਡ ‘ਲਾਕਿਆਂ ਦੇ ਲੋਕਾਂ ਦਾ ਉਨ੍ਹਾਂ ਦੇ ਲੱਛਣਾ ਤੋਂ ਈ ਪਤਾ ਲੱਗ ਜਾਂਦੈ। ਖ਼ਾਸੇ ਚਿਰ ਦੀ ਗੱਲ ਐ, ਕੇਰਾਂ ਮੈਨੂੰ ਤੇ ਰੁਲਦੂ ਮਾਹਟਰ ਨੂੰ ਮਾਨਸਾ ਵੱਲ ਦੈਂਗੜਾਂ ਦੀ ਕੁੜੀ ਦੇ ਰੌਲੇ ‘ਚ ਉਨ੍ਹਾਂ ਨਾਲ ਜਾਣਾ ਪੈ ਗਿਆ। ਘੁੱਲਾ ਸਰਪੈਂਚ, ਮਖਤਿਆਰਾ ਬਿੰਬਰ ਤੇ ਹੋਰ ਵੀ ਕਈ ਜਣੇ ਸੀ। ਜਦੋਂ ਢਾਈ ਤਿੰਨ ਵਜੇ ਉਨ੍ਹਾਂ ਦੇ ਘਰੇ ਪਹੁੰਚੇ ਤਾਂ ਆਪਣੇ ਪਿੰਡ ਆਲੀ ਕੁੜੀ ਦੀ ਨਨਾਣ ਰਸੋਈ ‘ਚ ਸਮਾਨ ਰੱਖਣ ਆਲੀ ਕੰਸ ‘ਤੇ ਪੈਰਾਂ ਭਾਰ ਬੈਠੀ ਸਟੋਪ ‘ਤੇ ਚਾਹ ਬਣਾਈ ਜਾਵੇ। ਕਮਲੀ ਨੂੰ ਚੱਜ ਨਾ ਆਇਆ ਬਈ ਖੜ੍ਹ ਕੇ ਚਾਹ ਬਣਾ ਲਾਂ। ਕੰਸ ‘ਤੇ ਸਟੋਪ ਦੇ ਬਰਾਬਰਾ ਪੈਰਾਂ ਭਾਰ ਬੈਠੀ। ਫ਼ੇਰ ਹੋਰ ਸੁਣ ਲਾ, ਜਦੋਂ ਸਾਨੂੰ ਚਾਹ ਲਿਆ ਕੇ ਦਿੱਤੀ ਤਾਂ ਘੁੱਲਾ ਸਰਪੈਂਚ ਕਹਿੰਦਾ ‘ਭਾਈ ਬੀਬਾ ਮੈਨੂੰ ਤਾਂ ਚਾਹ ‘ਚ ਪਾਉਣ ਨੂੰ ਮਿੱਠਾ ਹੋਰ ਲਿਆ ਦੇ।’ ਉਹ ਸਿਧਰੀ ਜੀ ਅਕਲੋਂ ਖ਼ਾਲੀ ਨੇ ਇਉਂ ਮਨਾ ਕੀਤਾ ਬਈ ਖੰਡ ਕਿਸੇ ਕੌਲੀ ਵਾਟੀ ਲੈ ਜਾਂ, ਕਮਲੀ ਜੀ ਖੰਡ ਦੀ ਮੁੱਠੀ ਭਰ ਕੇ ਲਿਆ ਕੇ ਕੋਲੇ ਆ ਖੜ੍ਹੀ। ਘੁੱਲਾ ਸਰਪੈਂਚ ਖੰਡ ਦੀ ਮੁੱਠੀ ਭਰੀ ਖੜ੍ਹੀ ਨੂੰ ਵੇਖ ਕੇ ਕਹਿੰਦਾ ‘ਠੀਕ ਐ, ਠੀਕ ਐ ਭਾਈ ਮਿੱਠਾ। ਪਹਿਲੀ ਘੁੱਟ ਭਰਨ ਵੇਲੇ ਮੈਨੂੰ ਘੱਟ ਲੱਗਿਆ ਸੀ।’ ਇਉਂ ਗੁਰਮੁਖ ਸਿਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਆਲਿਆਂ ਦੀ ਬਾਤਚੀਤ ਐ।”
ਮਾਹਲਾ ਨੰਬਰਦਾਰ ਹਰਨਾਮੇ ਬੁੜ੍ਹੇ ਨੂੰ ਕਹਿੰਦਾ, ”ਹਰਨਾਮ ਸਿਆਂ ਮੋਗੇ ਜਿਲ੍ਹੇ ਆਲਿਆਂ ਦੀ ਵੀ ਸਣਾ ਦੇ ਕੋਈ।”
ਨਾਥਾ ਅਮਲੀ ਟਿੱਚਰ ‘ਚ ਕਹਿੰਦਾ, ”ਮੋਗੇ ਦੇ ਆਲੇ ਦੁਆਲੇ ਦੇ ਕਿਸੇ ਪਿੰਡ ਦੀ ਸਣਾਈਂ ਤਾਊ ਹਰਨਾਮ ਸਿਆਂ। ਮੋਗੇ ਤੋਂ ਬਹੁਤੀ ਦੂਰ ਦੀ ਨ੍ਹੀ ਅਸੀਂ ਸੁਣਨੀ।”
ਬਾਬਾ ਗੁਰਮੁੱਖ ਸਿਉਂ ਵੀ ਟਿੱਚਰ ‘ਚ ਬੋਲਿਆ, ”ਚੱਲ ਇਉਂ ਕਰ ਫ਼ਿਰ ਹਰਨਾਮ ਸਿਆਂ, ਸਿੰਘਾਂ ਆਲੇ ਪਿੰਡ ਦੀ ਸਣਾ ਦੇ ਫ਼ਿਰ?”
ਬਾਬੇ ਨੇ ਸਿੰਘਾਂ ਵਾਲੇ ਪਿੰਡ ਦਾ ਨਾਂ ਤਾਂ ਕਰ ਕੇ ਲਿਆ ਸੀ ਕਿਉਂਕਿ ਸਿੰਘਾਂ ਵਾਲਾ ਹਰਨਾਮੇ ਬੁੜ੍ਹੇ ਦੇ ਸਹੁਰਿਆਂ ਦਾ ਪਿੰਡ ਐ।
ਸਿੰਘਾਂ ਵਾਲੇ ਪਿੰਡ ਦਾ ਨਾਂਅ ਸੁਣ ਕੇ ਹਰਨਾਮਾ ਬੁੜ੍ਹਾ ਮੁਸ਼ਕਣੀਆਂ ਹੱਸ ਕੇ ਕਹਿੰਦਾ, ”ਹੁਣ ਗੁਰਮੁੱਖ ਸਿਆਂ ਕਾਹਦੇ ਸਹੁਰੇ ਰਹਿ ਗੇ। ਹੁਣ ਤਾਂ ਜੇ ਕਿਤੇ ਸਹੁਰੀਂ ਜਾ ਵੀ ਵੜੇ, ਅੱਬਲ ਤਾਂ ਉਨ੍ਹਾਂ ਨੇ ਸਿਆਨਣਾ ਨ੍ਹੀ। ਜੇ ਕਿਤੇ ਸਿਆਣ ਵੀ ਲਿਆ ਤਾਂ ਕਹਿਣਗੇ ‘ਹੁਣ ਤਾਂ ਐਮੇਂ ਪਸੂ ਈ ਡਰਾਉਣ ਆਉਂਦੈ ਬੁੜ੍ਹਾ।'”
ਨਾਥਾ ਅਮਲੀ ਕਹਿੰਦਾ, ”ਚੱਲ ਤੂੰ ਊਂ ਮੋਗੇ ਜਿਲ੍ਹੇ ਦੀ ਸਣਾ ਦੇ। ਮਾਨਸਾ ਦੀ ਤਾਂ ਤੂੰ ਸਣਾ ‘ਤੀ। ਬਠਿੰਡੇ ਆਲਿਆਂ ਦੀ ਵੀ ਸੁਣ ‘ਤੀ। ਮੋਗੇ ਦੀ ਸਣਾ ਦੇ, ਫ਼ਰੀਦਕੋਟ ਦੀ ਸਣਾ ਦੇ, ਬੋਹੇ ਬਲਾਢੇ ਦੀ ਸਣਾਦੇ। ਰਤੀਆ ਰਾਈਆ ਧਿੰਗੜ ਕਿੰਨੇ ਤਾਂ ਜਿਲ੍ਹੇ ਐ। ਕਿਸੇ ਦੀ ਤਾਂ ਸਣਾ ਦੇ ਯਰ।”
ਰਤਨ ਸਿਉਂ ਸੂਬੇਦਾਰ ਅਮਲੀ ਦੀ ਗੱਲ ਸੁਣ ਕੇ ਅਮਲੀ ਨੂੰ ਕਹਿੰਦਾ, ”ਰਤੀਆ ਰਾਈਆ ਧਿੰਗੜ ਕਿਹੜੇ ਪਿਉ ਆਲੇ ਜ਼ਿਲ੍ਹੇ ਬਣਾ ਲੇ ਓਏ ਨਾਥਾ ਸਿੰਘ। ਰਤੀਆ ਤਾਂ ਹਰਿਆਣੇ ਦਾ ਕਸਬੈ। ਰਾਈਆ ਧਿੰਗੜ ਪਿੰਡਾਂ ਦੇ ਨਾਂਓਂ ਐ ਅਮਲੀਆ। ਨਾਲੇ ਬੋਹਾ ਬਲਾਢਾ ਕਿਤੇ ਜ਼ਿਲ੍ਹੇ ਐ ਕੋਈ। ਊਈਂ ਅੱਲ ਫ਼ਲੱਲੀਆਂ ਮਾਰੀ ਜਾਨੈਂ। ਕੋਈ ਪੜ੍ਹਿਆਂ ਲਿਖਿਆਂ ਆਲੀ ਬਾਤ ਕਰ ਲਿਆ ਕਰ।”
ਨਾਥਾ ਅਮਲੀ ਸੂਬੇਦਾਰ ਨੂੰ ਭੂਸਰੀ ਢਾਂਡੀ ਵਾਂਗੂੰ ਭੱਜ ਕੇ ਪੈ ਗਿਆ, ”ਤੂੰ ਸਣਾ ਦੇ ਬਾਹਲ਼ਾ ਪੜ੍ਹਿਆ ਲਿਖਿਆ ਸਮਝਦੈਂ ਆਪਣੇ ਆਪ ਨੂੰ। ਛੱਪੜ ‘ਚੋਂ ਮੱਝ ਤਾਂ ਤੈਥੋਂ ਨਿੱਕਲੀ ਨਾ ਸਾਰੀ ਦਿਹਾੜੀ ਰੋੜੇ ਮਾਰੀਂ ਗਿਐਂ। ਗੱਲਾਂ ਕਰਦੈਂ ਨਾਥੇ ਨਾਲ।”
ਸੀਤੇ ਮਰਾਸੀ ਨੇ ਅਮਲੀ ਨੂੰ ਮਖੌਲ ‘ਚ ਪੁੱਛਿਆ, ”ਤੂੰ ਕੱਢੀ ਸੀ ਫ਼ਿਰ ਅਮਲੀਆ ਮੱਝ ਓਏ, ਕੁ ਕਿਸੇ ਹੋਰ ਨੇ?”
ਅਮਲੀ ਕਹਿੰਦਾ, ”ਮੈਂ ਤਾਂ ਨ੍ਹੀ ਕੱਢੀ ਸੀ। ਨਿੱਕਲ ਤਾਂ ਆਥਣੇ ਜੇ ਆਪੇ ਈ ਗਈ ਸੀ ਦਸ ਵਜੇ ਦੀ ਵੜੀ ਵੀ। ਪਰ ਊਂ ਗੱਲ ਕਰਦੇ ਐਂ ਬਈ ਹਰੇਕ ਗੱਲ ਪਿੱਛੇ ਮੇਰੇ ਨਾਲ ਆ ਲਾਉਂਦਾ ਆਢਾ। ਫ਼ੇਰ ਜੇ ਮੈਥੋਂ ਸੁਣ ਲੈਂਦਾ ਫ਼ੇਰ ਸੱਥ ‘ਚੋਂ ਇਉਂ ਭੱਜ ਲੈਂਦਾ ਜਿਮੇਂ ਸਾਨ੍ਹ ਨੂੰ ਵੇਖ ਕੇ ਸਾਨ੍ਹ ਟਟੀਹਰੀ ਬਣ ਜਾਂਦੈ। ਹੁਣ ਵੀ ਜੇ ਨਾ ਭੱਜਿਆ ਤਾਂ ਕਹਿ ਦੀਂ।”
ਅਮਲੀ ਦੀ ਏਨੀ ਗੱਲ ਸੁਣ ਕੇ ਸੂਬੇਦਾਰ ਸੱਥ ‘ਚੋਂ ਉੱਠ ਕੇ ਘਰ ਨੂੰ ਤੁਰ ਗਿਆ ਬਈ ਹੁਣ ਕਿਤੇ ਲੜ ਨਾ ਪਈਏ। ਜਿਉਂ ਹੀ ਸੂਬੇਦਾਰ ਸੱਥ ‘ਚੋਂ ਉੱਠ ਕੇ ਘਰ ਨੂੰ ਤੁਰਿਆ ਤਾਂ ਬਾਕੀ ਸੱਥ ਵਾਲੇ ਵੀ ਸੂਬੇਦਾਰ ਤੇ ਨਾਥੇ ਅਮਲੀ ਦੀਆਂ ਗੱਲਾਂ ਕਰਦੇ ਕਰਦੇ ਆਪੋ ਆਪਣੇ ਘਰਾਂ ਨੂੰ ਚੱਲ ਪਏ।