ਪਿੰਡ ਦੀ ਸੱਥ ਵਿੱਚੋਂ (ਕਿਸ਼ਤ-257)

ਜਿਉਂ ਹੀ ਬਾਬਾ ਸੰਧੂਰਾ ਸਿਉਂ ਸੱਥ ‘ਚ ਆਇਆ ਤਾਂ ਨਾਥਾ ਅਮਲੀ ਬਾਬੇ ਨੂੰ ਪੁੱਛਣ ਬਹਿ ਗਿਆ, ”ਕੱਲ੍ਹ ਨ੍ਹੀ ਆਇਆ ਬਾਬਾ ਤੂੰ ਸੱਥ ‘ਚ। ਗਿਆ ਵਿਆ ਸੀ ਕਿਤੇ ਕੁ ਅੰਬੋ ਨੇ ‘ਚਾਰ ਵਾਸਤੇ ਅੰਬਾਂ ਦੀਆਂ ਫ਼ਾੜੀਆਂ ਕਰਾਉਣ ਭੇਜ ‘ਤਾ ਸੀ ਮਿਸਤਰੀਆਂ ਦੇ? ਜਾਂ ਫ਼ਿਰ ਧਨੌਲੇ ਦੀ ਮੰਡੀ ‘ਤੇ ਗਿਆ ਹੋਏਂਗਾ ਮੱਝ ਮੁੱਝ ਲੈਣ?”
ਅਮਲੀ ਦੀ ਗੱਲ ਵਿੱਚੋਂ ਟੋਕ ਕੇ ਮਾਹਲਾ ਨੰਬਰਦਾਰ ਕਹਿੰਦਾ, ”ਮੱਝ ਇਹਨੇ ਕੀ ਕਰਨੀ ਐ, ਅੱਗੇ ਥੋੜ੍ਹੀਆਂ ਖੜ੍ਹੀਆਂ ਖੋਲ੍ਹੜਾਂ ਘਰੇ।”
ਨਾਥਾ ਅਮਲੀ ਕਹਿੰਦਾ, ”ਜੇ ਘਰੇ ਖੜ੍ਹੀਆਂ ਤਾਂ ਇਹਦਾ ਵੱਡਾ ਮੁੰਡਾ ਘੀਲਾ ਆਪਣੇ ਗੁਆੜ ਆਲੇ ਸੰਤਰੇ ਰਾਠ ਦੀ ਡਹਿਰੀ ‘ਤੇ ਡੋਲੂ ਕਿਉਂ ਲਈ ਖੜ੍ਹਾ ਹੁੰਦੈ।”
ਨੰਬਰਦਾਰ ਕਹਿੰਦਾ, ”ਖਬਰੇ ਡੈਰੀ ਦੁੱਧ ਪਾਉਣ ਗਿਆ ਹੋਵੇ। ਆਪਾਂ ਨੂੰ ਕੀ ਪਤਾ।”
ਨਾਥਾ ਅਮਲੀ ਫ਼ੇਰ ਪੈ ਗਿਆ ਨੰਬਰਦਾਰ ਨੂੰ ਚਾਰੇ ਚੱਕ ਕੇ, ”ਤੂੰ ਨੰਬਰਦਾਰਾ ਬਿਨਾਂ ਫ਼ੀਸੋਂ ਈ ਬਾਬੇ ਦਾ ਵਕੀਲ ਬਣੀ ਜਾਨੈਂ। ਭੋਰਾ ਕੁ ਤਾਂ ਡੋਲੀ ਜੀ ਹੁੰਦੀ ਐ ਜਿਹੜੀ ਉਹ ਲਈ ਖੜ੍ਹਾ ਹੁੰਦੈ ਨਿੱਤ। ਪਾਈਆ ਦਸ੍ਹੇਰ ਉਹਦੇ ‘ਚ ਦੁੱਧ ਪੈਂਦਾ ਹੋਊ। ਵੱਸ ਐਨਾ ਕੁ ਹੀ ਦੁੱਧ ਵੇਚਣ ਗਿਆ ਹੋਊ। ਏਡੇ ਕੁ ਭਾਂਡੇ ‘ਚ ਤਾਂ ਅਗਲਾ ਦੁੱਧ ਲੈਣ ਜਾਂਦਾ ਹੁੰਦਾ। ਉਹ ਵੀ ਚਾਹ ਜੋਗਾ ਬਈ ਜੀਹਦੇ ਨਾਲ ਦੋ ਡੰਗਾਂ ਦੀ ਚਾਹ ਬਣ ਜੇ।”
ਗੱਲਾਂ ਸੁਣੀ ਜਾਂਦਾ ਸੀਤਾ ਮਰਾਸੀ ਵੀ ਉਧੜਿਆ ਤੱਕਲੇ ਤੋਂ ਲਹੇ ਗਲੋਟੇ ਵਾਂਗੂੰ, ”ਪਾਈਆਂ ਦਸ੍ਹੇਰ ਦੁੱਧ ਨਾਲ ਪੈਂਤੀ ਜੀਆਂ ਦਾ ਕਿੱਥੋਂ ਹੋ ਜੂ ਨੇਕੜੂ। ਐਡੇ ਟੱਬਰ ‘ਚ ਤਾਂ ਏਦੂੰ ਬਾਹਲ਼ਾ ਦੁੱਧ ਭਾਂਡਿਆਂ ਦੇ ਨਾਲ ਖੱਲੀਂ ਖੂੰਜੀਂ ਲੱਗ ਕੇ ਧੋਤਾ ਜਾਂਦੈ। ਪਾਈਆ ਦੁੱਧ ਨਾਲ ਤਾਂ ਕਿਤੇ ਜੰਨ ਦੀ ਸੇਵਾ ਨਾ ਹੋ ਜੇ। ਤੁਸੀਂ ਤਾਂ ਬਾਬੇ ਕੇ ਪੈਂਤੀ ਜੀਅ ਗਿਣਦੇ ਐਂ, ਮੈਂ ਕਹਿਨਾਂ ਕਿਤੇ ਢਾਈ ਵੀਹਾਂ ਨਾ ਹੋਣ। ਗਿਣ ਲੋ ਭਾਮੇਂ।”
ਨਾਥਾ ਅਮਲੀ ਮੇਲੇ ਪਟਵਾਰੀ ਵਾਂਗੂੰ ਬਹਿ ਗਿਆ ਫ਼ਿਰ ਗਿਣਨ, ”ਮੈਂ ਦੱਸਦਾਂ ਗਿਣ ਕੇ ਬਾਬੇ ਕੇ ਟੱਬਰ ਦੇ ਜੀਅ। ਬਾਬਾ ਤੇ ਬਾਬੇ ਦੇ ਸੱਤ ਮੁੰਡੇ। ਅੱਠ ਜਣੇ ਹੋ ਗੇ। ਸਾਰਿਆਂ ਤੋਂ ਛੋਟੀਆਂ ਦੋ ਗੁੱਡੀਆਂ, ਜਿਹੜੀਆਂ ਵਿਆਹੁਣ ਆਲੀਆਂ ਰਹਿੰਦੀਆਂ ਹਜੇ। ਦਸ ਹੋ ਗੇ। ਫ਼ੇਰ ਵੇਖ ਲਾ ਸੱਤ ਈ ਨੂੰਹਾਂ ਬਾਬੇ ਦੇ। ਕਿੰਨੇ ਹੋ ਗੇ ਸਤਾਰਾਂ।”
ਬਾਬਾ ਸੰਧੂਰਾ ਸਿਉਂ ਵੀ ਬੋਲਿਆ ਫ਼ਿਰ ਮਖੌਲ ‘ਚ। ਅਮਲੀ ਦੇ ਖੂੰਡੀ ਦੀ ਹੁੱਜ ਮਾਰ ਕੇ ਕਹਿੰਦਾ, ”ਥੱਲੇ ਨੂੰ ਈ ਤੁਰਿਆ ਆਉਣਾ ਓਏ ਵਿੰਗੜਾ ਜਿਆ ਤੇ ਤੇਰੀ ਅੰਬੋ ਨੂੰ ਤੂੰ ਗਿਣਤੀ ‘ਚੋਂ ਈ ਬਾਹਰ ਕੱਢ ਗਿਐਂ। ਉਹ ਨ੍ਹੀ ਗਿਣੀ। ਜਿੱਥੋਂ ਤਕ ਤੂੰ ਗਿਣਤੀ ਕੀਤੀ ਐ ਓੱਥੋਂ ਤਕ ਤੇਰੀ ਅੰਬੋ ਸਣੇ ‘ਠਾਰਾਂ ਹੋ ਗੇ।”
ਬਾਬੇ ਸੰਧੂਰਾ ਸਿਉਂ ਦੀ ਗੱਲ ਸੁਣ ਕੇ ਨਾਥਾ ਅਮਲੀ ਬਾਬੇ ਨੂੰ ਟਿੱਚਰ ‘ਚ ਕਹਿੰਦਾ, ”ਸੋਡੇ ਟੱਬਰ ਦੀ ਗਿਣਤੀ ਕਿਤੇ ਬਾਬੇ ਦੋ ਮਿੰਟਾਂ ‘ਚ ਹੋ ਜੂ। ਪ੍ਰਾਇਮਰੀ ਸਕੂਲ ਜਿੱਡਾ ਤਾਂ ਲਾਣਾ ਸੋਡਾ। ਨਾਲੇ ਅੰਬੋਂ ਖਾਸੀ ਬੰਬਾਰ ਜੀ ਰਹਿੰਦੀ ਐ। ਗਿਣਤੀ ਕਰਦੇ ਕਰਦੇ ਜਦੋਂ ਨੂੰ ਤੇਰੇ ਪੜੋਤੇ ਪੜੋਤੀਆਂ ਤਕ ਪਹੁੰਚਣਾ ਖਣੀ ਅੰਬੋਂ ਨੂੰ ਉਦੋਂ ਨੂੰ ਸੱਦਾ ਈ ਨਾ ਆ ਜੇ ਦਰਗਾਹੋਂ। ਤਾਂ ਨ੍ਹੀ ਗਿਣੀ ਸੀ ਹਜੇ। ਜੇ ਪਹਿਲਾਂ ਗਿਣ ਲੀ ਤਾਂ ਫ਼ੇਰ ਮਗਰੋਂ ਐਮੇਂ ਕੱਟ ਵੱਢ ਕਰਨੀ ਪਊ। ਫ਼ੇਰ ਤੁਸੀਂ ਸਾਰਿਆਂ ਨੇ ਰੌਲਾ ਪਾਉਣਾ ਬਈ ਆਹ ਕੀ ਅਮਲੀਆ ਘਪਲ਼ ਚੌਦੇਂ ਜੀ ਕਰ ‘ਤੀ। ਮੈਂਤਾਂ ਤਾਂ ਕਰ ਕੇ ਅੰਬੋਂ ਨੂੰ ਹਜੇ ਇੱਕ ਪਾਸੇ ਰੱਖਿਆ ਹੋਇਆ। ਜੇ ਗਿਣਤੀ ਪੂਰੀ ਹੋਣ ਤਕ ਅੰਬੋ ਬਚ ਗੀ ਤਾਂ ਇੱਕ ਜੀਅ ਵਧਾ ਦਿਆਂਗੇ, ਜੇ ਵਚਾਰੀ ਦਾ ਘੋਰੜੂ ਵੱਜ ਗਿਆ ਫ਼ੇਰ ਵੇਖ ਲਾ ਗਿਣਤੀ ‘ਚੋਂ ਕੱਢੀ ਵੀਓ ਈ ਐ। ”
ਸੀਤਾ ਮਰਾਸੀ ਵੀ ਬੋਲਿਆ ਫ਼ਿਰ ਟਿੱਚਰ ‘ਚ, ”ਬੰਬਾਰ ਤਾਂ ਅਮਲੀਆ ਬਾਬਾ ਵੀ ਖਾਸਾ ਰਹਿੰਦਾ। ਜਾਂ ਤਾਂ ਇਹਨੂੰ ਵੀ ਛੱਡ ਦਿੰਦਾ। ਇਹਨੂੰ ਵੀ ਮਗਰੋਂ ਗਿਣ ਲੈਂਦੇ। ਇਹਨੇ ਕਿਹੜਾ ਬੋਲਣਾ ਸੀ।”
ਅਮਲੀ ਤੇ ਮਰਾਸੀ ਦੋਵੇਂ ਜਣੇ ਬਾਬੇ ਸੰਧੂਰਾ ਸਿਉਂ ਨੂੰ ਇਉਂ ਪੈ ਗੇ ‘ਕੱਠੇ ਹੋ ਜਿਮੇਂ ਬਿਜਲੀ ਵਾਲੇ ਖੰਭਾ ਖੜ੍ਹਾ ਕਰਨ ਵਾਸਤੇ ਖੰਭੇ ਨੂੰ ਪੈ ਜਾਂਦੇ ਐ। ਅਮਲੀ ਆਵਦੇ ਢੰਗ ਨਾਲ ਬਾਬੇ ਨੂੰ ਮਖੌਲ ਕਰੀ ਜਾਵੇ ਤੇ ਸੀਤਾ ਮਰਾਸੀ ਆਪਣੇ ਲਹਿਜੇ ‘ਚ ਗੱਲ ‘ਤੇ ਗੱਲ ਵਧਾਈ ਤੁਰਿਆ ਜਾਵੇ।
ਨਾਥੇ ਅਮਲੀ ਤੇ ਸੀਤੇ ਮਰਾਸੀ ਦੇ ਮੂੰਹੋਂ ਬਾਬੇ ਨੂੰ ਟਿੱਚਰਾਂ ਹੁੰਦੀਆਂ ਸੁਣ ਕੇ ਗੱਜਣ ਬੁੜ੍ਹਾ ਬਾਬੇ ਸੰਧੂਰਾ ਸਿਉਂ ਨੂੰ ਕਹਿੰਦਾ, ”ਅੱਜ ਤਾਂ ਸੰਧੂਰਾ ਸਿਆਂ ਚੌਦੇਂ ਮੱਸਿਆ ‘ਕੱਠੀਆਂ ਹੋਈਆਂ ਫ਼ਿਰਦੀਐਂ। ਅੱਗੇ ਪਤੰਦਰ ਇੱਕ ਦਿਨ ਮਨ੍ਹੀ ਲੜੇ ਬਿਨਾਂ ਘਰ ਨੂੰ ਗਏ। ਅੱਜ ਵੇਖ ਕਿਮੇਂ ਘਿਉ ਖਿਚੜੀ ਹੋਏ ਬੈਠੇ ਐ।”
ਬਾਬਾ ਸੰਧੂਰਾ ਸਿਉਂ ਮੁਸ਼ਕਣੀਆਂ ਹੱਸ ਕੇ ਕਹਿੰਦਾ, ”ਹਜੇ ਤਾਂ ਗੱਜਣ ਸਿਆਂ ਪੂਣੀ ਨੂੰ ਹੱਥ ਈ ਪਾਇਆ। ਤੰਦ ਤਾਂ ਨ੍ਹੀ ਕੱਢਿਆ ਕੋਈ। ਦੋ ਆਲੀ ਚਾਹ ਪੀ ਕੇ ਆਉਣ ਦੇ ਤਾਂ ਸਹੀ ਇਨ੍ਹਾਂ ਨੂੰ, ਫ਼ੇਰ ਵੇਖੀਂ ਕਿਮੇਂ ਚੁੰਝੋ ਚੁੰਝੀ ਹੁੰਦੇ। ਆਥਣੇ ਜੇ ਘਰ ਨੂੰ ਜਾਣ ਵੇਲੇ ਵੇਖੀਂ ਖਰਲੋ ਪੈਂਦੀ। ਹੋਰ ਕੋਈ ਸੱਥ ‘ਚ ਆਪਸ ‘ਚ ਬੋਲੇ ਨਾ ਬੋਲੇ, ਇਨ੍ਹਾਂ ਦੋਹਾਂ ਨੇ ਕੜ੍ਹੀ ਘੋਲਣੀਉਂ ਘੋਲਣੀ। ਫ਼ੇਰ ਆਹ ਵਿੰਗੜ ਜਾ ਤਾਂ ਸੀਤਾ ਸਿਉਂ ਨੂੰ ਇਉਂ ਕਚੀਚੀਆਂ ਲੈ ਲੈ ਪਊ ਜਿਮੇਂ ਭੁੱਖੀ ਬਾਂਦਰੀ ਛੇੜੀ ਜਾਂਦੇ ਜੁਆਕਾਂ ਨੂੰ ਦੰਦੀਆਂ ਜੀਆਂ ਚੜਾਉਂਦੀ ਹੁੰਦੀ ਐ। ਹੁਣ ਵੇਖ ਕਿਮੇਂ ਗੱਲਾਂ ਮਾਰਦੇ ਐ ਜਿਮੇਂ ਵਕੀਲ ਸੱਚੇ ਝੂਠੇ ਦੀ ਬਹਿਸ ਕਰਦੇ ਹੁੰਦੇ ਐ।”
ਮਾਹਲਾ ਨੰਬਰਦਾਰ ਬਾਬੇ ਸੰਧੂਰਾ ਸਿਉਂ ਨੂੰ ਕਹਿੰਦਾ, ”ਇਨ੍ਹਾਂ ਦੀ ਤਾਂ ਤਾਊ ਕੱਟੇ ਕੱਟੀ ਆਲੀ ਗੱਲ ਐ। ਅਕੇ ਕੱਟੀ ਕੱਟੇ ਨੂੰ ਕਹਿੰਦੀ ‘ਆ ਜਾ ਕੱਟਿਆ ਭੱਜਣ ਭਜਾਉਣ ਖੇਡੀਏ’। ਕੱਟਾ ਕੱਟੀ ਨੂੰ ਕਹਿੰਦਾ ‘ਤੂੰ ਤਾਂ ਪੀਨੀਂ ਐ ਦੁੱਧ, ਮੈਨੂੰ ਪੈਂਦੀ ਐ ਸੁੱਕੀ ਤੂੜੀ। ਮੈਥੋਂ ਤਾਂ ਭੱਜ ਨ੍ਹੀ ਹੋਣਾ। ਯਾਰ ਤਾਂ ਕਿੱਲੇ ‘ਤੇ ਈ ਖੇਡਣਗੇ’। ਉਹ ਗੱਲ ਇਨ੍ਹਾਂ ਦੋਹਾਂ ਦੀ ਐ। ਅਮਲੀ ਦੀ ਤਾਂ ਰੀਠੇ ਜਿੰਨੀ ਟਾਂਕੀ ਹੋਈ ਐ। ਇਹਨੇ ਤਾਂ ਖਿੱਦੋ ਆਂਗੂੰ ਬੁੜ੍ਹਕਣਾ ਈ ਐ। ਮਰਾਸੀ ਐਮੇਂ ਈ ਬਿਨਾਂ ਹਵਾ ਤੋਂ ਹਿੱਲੀ ਜਾਂਦੈ ਜਿਮੇਂ ਤਣੀ ‘ਤੇ ਸੁੱਕਣਾ ਪਾਇਆ ਸੁੱਥੂ ਹਿੱਲਦਾ ਹੁੰਦੈ।”
ਗੱਲਾਂ ਸੁਣੀ ਜਾਂਦਾ ਬੁੱਘਰ ਦਖਾਣ ਬਾਬੇ ਸੰਧੂਰਾ ਸਿਉਂ ਨੂੰ ਕਹਿੰਦਾ, ”ਕਿਉਂ ਬਾਬਾ! ਜਿਹੜੀ ਗੱਲ ਅਮਲੀ ਨੇ ਪਹਿਲਾਂ ਪੁੱਛੀ ਸੀ ਤੈਥੋਂ ਬਈ ਕੱਲ੍ਹ ਸੱਥ ‘ਚ ਕਿਉਂ ਨ੍ਹੀ ਆਇਆ ਸੀ, ਉਹ ਗੱਲ ਤੂੰ ਮਿੱਟੀ ਘੱਟੇ ਚੀ  ਰੋਲ ‘ਤੀ। ਦੱਸਦੇ ਯਾਰ ਜੁਆਕ ਨੇ ਹਮਦਰਦੀ ਨਾਲ ਪੁੱਛਿਆ ਸੀ।”
ਬੁੱਘਰ ਦਖਾਣ ਦੀ ਗੱਲ ਸੁਣ ਕੇ ਨਾਥਾ ਅਮਲੀ ਸਮਝ ਗਿਆ ਬਈ ਦਖਾਣ ਨੇ ਬਾਬੇ ਵਿੱਚਦੀ ਮੈਨੂੰ ਟਿੱਚਰ ਕੀਤੀ ਐ। ਅਮਲੀ ਬੁੱਘਰ ਦਖਾਣ ਨੂੰ ਗੁੱਸੇ ‘ਚ ਕਹਿੰਦਾ, ”ਤੁੰ ਗੱਲ ਨੂੰ ਤੂਲ ਨਾ ਦਿਆ ਕਰ ਓਏ ਦਖਾਣਾਂ। ਤੂੰ ਜਾਗਰ ਕੇ ਬੋਘੀ ਨੂੰ ਦੱਸ ‘ਤਾ ਸੀ ਜਿੱਦਣ ਉਹਨੇ ਤੈਥੋਂ ਪੁੱਛਿਆ ਸੀ ਬਈ ਅੱਜ ਕਿਮੇਂ ਪੱਗ ਲਾਹੀ ਫ਼ਿਰਦੈਂ ਸਿਰ ਤੋਂ?”
ਬੁੱਘਰ ਆਕੜ ਕੇ ਅਮਲੀ ਨੂੰ ਕਹਿੰਦਾ, ”ਕਿੱਦਣ ਓਏ?”
ਅਮਲੀ ਕਹਿੰਦਾ, ”ਜਿੱਦੇਂ ਡਰਾਉਣਿਆਂ ਨੇ ਆਵਦੇ ਘਰੇ ਅੰਦਰ ਵਾੜ ਕੇ ਦੱਖੂ ਦਾਣੇ ਦਿੱਤੇ ਸੀ। ਕੁੱਟ ਕੱਟ ਕੇ ਘਰੋਂ ਬਾਹਰ ਕੱਢ ਕੇ ਤੈਨੂੰ ਕਿਹਾ ਸੀ ਬਈ ਜੇ ਘਰ ਤਕ ਜਾਂਦੇ ਨੇ ਸਿਰ ‘ਤੇ ਪੱਗ ਦਾ ਲੜ ਵੀ ਧਰਿਐ, ਤਾਂ ਵੇਖ ਲੀਂ ਫ਼ਿਰ ਕਿਮੇਂ ਬੁੜ੍ਹਕਣ ਗੀਆਂ ਕੱਲ੍ਹ ਨੂੰ। ਤੂੰ ਪੱਗ ਇਉਂ ਕੱਛ ‘ਚ ਲਈ ਜਾਂਦਾ ਸੀ ਜਿਮੇਂ ਰਤਨੇ ਕਾ ਮੋਤੀ ਆਵਦੇ ਫ਼ੁੱਫ਼ੜ ਆਏ ਤੋਂ ਮੇਜਰ ਮੁਰਗੀਆਂ ਆਲੇ ਦੇ ਘਰੋਂ ਕੁੱਕੜ ਕੱਛ ‘ਚ ਲਈ ਜਾਂਦੇ ਨੂੰ ਨਮੇਂ ਆਏ ਵੱਡੀ ਸਾਰੀ ਪੱਗ ਜੀ ਆਲੇ ਠਾਣੇਦਾਰ ਨੇ ਕੁੱਟਿਆ ਸੀ ਤੇ ਤੂੰ ਠਾਣੇਦਾਰ ਦੀਆਂ ਬਿਨਾਂ ਕਸੂਰੋਂ ਈ ਮਿਨਤਾਂ ਤਰਲੇ ਕੱਢਦਾ ਸੀ।”
ਬਾਬੇ ਨੇ ਬੁੱਘਰ ਦਖਾਣ ਤੇ ਅਮਲੀ ਦਾ ਧਿਆਨ ਲੜਾਈ ਵਾਲੇ ਪਾਸਿਉਂ ਹਟਾਉਣ ਲਈ ਗੱਲ ਬਦਲਦਾ ਨਾਥੇ ਅਮਲੀ ਨੂੰ ਕਹਿੰਦਾ, ”ਆਹ ਡਰਾਉਣਿਆਂ ਦਾ ਕਿਹੜਾ ਘਰ ਵੱਜਦਾ ਅਮਲੀਆ ਓਏ। ਇਹ ਪਤੰਦਰੋ ਅੱਜ ਨਮਾਂ ਈ ਨਾਂਅ ਕੱਢ ਕੇ ਬਹਿ ਗੇ।”
ਜਗਤਾਰ ਮਾਹਟਰ ਕਹਿੰਦਾ, ”ਖੇਤ ਆਲੇ ਪ੍ਰੀਤਮ ਸਿਉਂ ਕਿਆਂ ਨੂੰ ਕਹਿੰਦੇ ਐ ਡਰਾਉਣਿਆਂ ਦਾ ਟੱਬਰ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਇਹ ਨਾਂਅ ਕਿਮੇਂ ਪਿਆ ਬਈ ਉਨ੍ਹਾਂ ਦਾ?”
ਅਮਲੀ ਕਹਿੰਦਾ, ”ਨਾਂਅ ਪੈਣ ਨੂੰ ਕਿਹੜਾ ਟੈਮ ਲੱਗਦਾ। ਕੋਈ ਨਾ ਕੋਈ ਲੱਛਣ ਕਰ ਕੇ ਵਖਾਓ ਤੇ ਨਾਂਅ ਧਰਾਓ।”
ਬਾਬਾ ਸੰਧੂਰਾ ਸਿਉਂ ਕਹਿੰਦਾ, ”ਤਾਂਹ ਵੀ ਡਰਾਉਣੇ ਕਿਮੇਂ ਵਜਦੇ ਐ ਖੇਤ ਆਲੇ?”
ਨਾਥਾ ਅਮਲੀ ਕਹਿੰਦਾ, ”ਤੈਨੂੰ ਪਤਾ ਤਾਂ ਹੈ ਬਾਬਾ ਬਈ ਇਨ੍ਹਾਂ ਦੇ ਵੱਡੇ ਬੁੜ੍ਹੇ ਅਗਲੇ ਬੰਨੀ ਅੱਖਾਂ ਪਾੜ-ਪਾੜ ਇਉਂ ਝਾਕਣਗੇ ਜਿਮੇਂ ਕਿਸੇ ਨੂੰ ਡਰਾਉਣਾ ਹੁੰਦੈ। ਡਰਾਉਣੇ ਨਾਂਅ ਇਨ੍ਹਾਂ ਦਾ ਜੰਗੇ ਰਾਹੀ ਕੇ ਗੇਲੇ ਨੇ ਧਰਿਆ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਉਹ ਕਿਮੇਂ ਬਈ?”
ਨਾਥਾ ਅਮਲੀ ਕਹਿੰਦਾ, ”ਜੰਗੇ ਰਾਹੀ ਕਾ ਗੇਲਾ ਡਰਾਉਣਿਆਂ ਦੇ ਘਰੇ ਵਿਆਹ ਦੀ ਭਾਜੀ ਦੇਣ ਗਿਆ। ਡਰਾਉਣਿਆਂ ਦਾ ਬੁੜ੍ਹਾ ਪ੍ਰੀਤਮ ਆਵਦੇ ਘਰ ਦੇ ਬਾਹਰਲੇ ਪਾਸੇ ਕੌਲ਼ੇ ਦੇ ਨਾਲ ਬਣੀ ਥੜ੍ਹੀ ‘ਤੇ ਬੈਠਾ ਸੀ। ਜਦੋਂ ਗੇਲਾ ਨੇ ਜਾ ਕੇ ਸ਼ੈਂਕਲ ਖੜ੍ਹਾਇਆ ਤਾਂ ਬੁੜ੍ਹਾ ਕਹਿੰਦਾ ‘ਕੀ ਚੱਕੀ ਫ਼ਿਰਦੈਂ ਓਏ’? ਅਕੇ ਗੇਲਾ ਕਹਿੰਦਾ ‘ਵਿਆਹ ਸੀ ਬਾਬਾ ਆਪਣੇ, ਉਹਦੀ ਭਾਜੀ ਦੇਣ ਆਇਆ’। ਅਕੇ ਬੁੜ੍ਹਾ ਗੇਲੇ ਬੰਨੀ ਅੱਖਾਂ ਕੱਢ ਕੱਢ ਨਾਲੇ ਤਾਂ ਵੇਖੀ ਜਾਵੇ ਨਾਲੇ ਇਉਂ ਗੱਲਾਂ ਕਰੇ ਜਿਮੇਂ ਲੜਦਾ ਹੁੰਦਾ। ਵਿਆਹ ਦੀ ਭਾਜੀ ਫ਼ੜ ਕੇ ਬੁੜ੍ਹਾ ਗੇਲੇ ਨੂੰ ਕਹਿੰਦਾ ‘ਭੱਜ ਜਾ ਓਏ, ਘਰੇ ਹੈਨ੍ਹੀ ਕੋਈ, ਨਹੀਂ ਤਾਂ ਤੈਨੂੰ ਤੁਪਕਾ ਚਾਹ ਦਾ ਈ ਪਿਆ ਦਿੰਦੇ’। ਗੇਲੇ ਨੇ ਆਵਦੇ ਘਰੇ ਆ ਕੇ ਦੱਸਿਆ ਬਈ ਖੇਤ ਆਲਿਆਂ ਦਾ ਬੁੜ੍ਹਾ ਇਉਂ ਬੋਲਿਆ ਮੈਨੂੰ ਜਿਮੇਂ ਡਰਾਉਂਦਾ ਹੁੰਦਾ। ਓੱਥੇ ਕਿਤੇ ਮਾਨਾਂ ਦਾ ਮੇਜਰ ਬੈਠਾ ਸੀ ਉਨ੍ਹਾਂ ਦੇ ਘਰੇ। ਉਹਨੇ ਇਹ ਗੱਲ ਸੁਣ ਲੀ। ਉਹਨੇ ਪਿੰਡ ‘ਚ ਸਭ ਨੂੰ ਦੱਸ ‘ਤਾ ਬਈ ਖੇਤ ਆਲਿਆਂ ਦਾ ਨਾਂਅ ਡਰਾਉਣਿਆਂ ਦਾ ਲਾਣਾ ਧਰ ‘ਤਾ। ਆਹ ਗੱਲ ਹੋਈ ਐ ਬਾਬਾ। ਹੁਣ ਸਾਰਾ ਪਿੰਡ ਖੇਤ ਆਲੇ ਪ੍ਰੀਤਮ ਕਿਆਂ ਨੂੰ ਡਰਾਉਣਿਆਂ ਦਾ ਟੱਬਰ ਕਹਿੰਦਾ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਸੱਥ ਕੋਲ ਦੀ ਲੰਘਣ ਲੱਗਿਆ ਟਰੱਕ ਜਿਉਂ ਹੀ ਬਿਜਲੀ ਦੇ ਖੰਭੇ ‘ਚ ਵੱਜਿਆ ਤਾਂ ਬਿਜਲੀ ਦੀਆਂ ਤਾਰਾਂ ਟੁੱਟ ਕੇ ਚੰਗਿਆੜੇ ਕੱਢਦੀਆਂ ਥੱਲੇ ਡਿੱਗ ਪਈਆਂ। ਸਾਰੀ ਸੱਥ ਬਿਜਲੀ ਦੇ ਕਰੰਟ ਤੋਂ ਡਰਦੀ ਸੱਥ ‘ਚ ਉੱਠ ਖੜੋਤੀ।
ਨਾਥਾ ਅਮਲੀ ਕਹਿੰਦਾ, ”ਤਾਰਾਂ ਤੋਂ ਡਰਦੇ ਕਾਹਤੋਂ ਉੱਠ ਖੜ੍ਹੇ ਓਏ। ਇਹ ਕਿਹੜਾ ਖੇਤ ਆਲਿਆਂ ਦਾ ਬੁੜ੍ਹਾ ਬਈ ਡਰਾਉਂਦਾ ਫ਼ਿਰਦੈ।”
ਅਮਲੀ ਦੀ ਗੱਲ ਸੁਣ ਕੇ ਬਾਬਾ ਸੰਧੂਰਾ ਸਿਉਂ ਅਮਲੀ ਨੂੰ ਘੂਰਦਾ ਬੋਲਿਆ, ”ਚੁੱਪ ਨ੍ਹੀ ਕਰਦਾ ਓਏ ਵਿੰਗੜਾ ਜਿਆ। ਚਲੋ ਜਾਉ ਘਰ ਨੂੰ। ਐਮੇਂ ਗਲਤ ਫ਼ਲਤ ਬੋਲੀ ਜਾਨੇ ਐਂ।
ਬਾਬੇ ਨੂੰ ਹਰਖਿਆ ਵੇਖ ਕੇ ਸਾਰੀ ਸੱਥ ਬਿਜਲੀ ਦੀਆਂ ਤਾਰਾਂ ਦੀਆਂ ਗੱਲਾਂ ਕਰਦੇ ਆਪੋ ਆਪਣੇ ਘਰਾਂ ਨੂੰ ਤੁਰ ਗਏ।