ਪਿੰਡ ਦੀ ਸੱਥ ਵਿੱਚੋਂ (ਕਿਸ਼ਤ-250)

ਜਿਉਂ ਹੀ ਬਾਬਾ ਗੰਡਾ ਸਿਉਂ ਸੱਥ ‘ਚ ਆ ਕੇ ਆਪਣੇ ਹਾਣਦਿਆਂ ਦੀ ਢਾਣੀ ‘ਚ ਬੈਠਾ ਤਾਂ ਨਾਥੇ ਅਮਲੀ ਨੇ ਬਾਬੇ ਨੂੰ ਪੁੱਛਿਆ, ”ਅੱਜ ਬਾਬਾ ਕਿਮੇਂ ਲਾਂਗੜੇ ਗਧੇ ਆਂਗੂੰ ਤੁਰਦੈਂ ਜਿਮੇਂ ਪੌੜੀ ਤੋਂ ਡਿੱਗ ਪਿਆ ਹੁੰਨੈਂ। ਬਾਹਲੀਓਂ ਈ ਸੱਟ ਵੱਜ ਗੀ ਲੱਗਦੀ ਐ। ਕਿਸੇ ਚੰਗੇ ਵੈਦ ਤੋਂ ਲੱਤ ਦੀ ਮਾਲਸ਼ ਮੂਲਸ਼ ਕਰਾਈਂ ਹੁਣ। ਐਮੇਂ ਨਾ ਆਪਣੇ ਪਿੰਡ ਆਲੇ ਮੱਖਣ ਵੈਦ ਕੋਲ ਜਾ ਕੇ ਬਹਿ ਜੀਂ। ਕੋਟ ਫ਼ਤੂਹੀ ਆਲੇ ਜੈਲੇ ਕੋਲੇ ਜਾ, ਉਹ ਕਰੂ ਤੇਰੀ ਸੱਟ ਨੂੰ ਲੋਟ। ਇਹ ਆਪਣੇ ਪਿੰਡ ਆਲੇ ਤਾਂ ‘ਰਾਮ ਆਏ ਫ਼ੋੜੇ ਫ਼ਿਨਸੀ ‘ਤੇ ਈ ਸਰੋਂ ਦੇ ਤੇਲ ਦਾ ਲੂੰਭਾ ਲਾਉਣ ਆਲੇ ਐ। ਤੜਕੇ ਨੂੰ ਚੜ੍ਹ ਜਾ ਸੱਤ ਆਲੀ ਬੱਸ ‘ਤੇ। ਜੈਲੇ ਕੋਲ ਨੂੰ। ਇੱਕ ਅੱਧੇ ਪੋਤੇ ਨੂੰ ਨਾਲ ਜਾ ਜੇ ‘ਕੱਲੇ ਤੋਂ ਤੁਰਿਆ ਨ੍ਹੀ ਜਾਂਦਾ ਤਾਂ।”
ਨਾਥਾ ਅਮਲੀ ਇੱਕੋ ਸਾਹ ‘ਚ ਬਾਬੇ ਨੂੰ ਸੌ ਵਲ ਵਿੰਗ ਪਾ ਕੇ ਮਸ਼ਵਰੇ ਦੇਈ ਗਿਆ। ਬਾਬਾ ਗੰਡਾ ਸਿਉਂ ਅਮਲੀ ਦੀਆਂ ਜਾਭਾਂ ਦੇ ਭੇੜ ਸੁਣ ਕੇ ਦੂਜੇ ਕੰਨ ਵਿੱਚਦੀ ਕੱਢੀ ਗਿਆ। ਨਾਲੇ ਫ਼ਜ਼:ੂਲ ਗੱਲਾਂ ਤੋਂ ਅੱਕ ਕੇ ਕੰਨ ‘ਚ ਕੀੜੇ ਪਏ ਵਾਲੇ ਕੁੱਤੇ ਵਾਂਗੂੰ ਸਿਰ ਜਾ ਮਾਰ ਛੱਡੇ ਨਾਲੇ ਸੀਤੇ ਮਰਾਸੀ ਵੱਲ ਕੋਇਆਂ ਵਿਚਦੀ ਝਾਕ ਛੱਡੇ ਬਈ ਮੇਰੀ ਥਾਂ ਅਮਲੀ ਦੀ ਗੱਲ ਦਾ ਮੋੜ ਮਰਾਸੀ ਦੇਵੇ।
ਅਮਲੀ ਦੀਆਂ ਗੱਲਾਂ ਸੁਣ ਕੇ ਸੀਤੇ ਮਰਾਸੀ ਨੇ ਅਮਲੀ ਨੂੰ ਪੁੱਛਿਆ, ”ਜੀਹਦੇ ਸੱਟ ਫ਼ੇਟ ਵੱਜੀ ਐ ਅਮਲੀਆ, ਉਹ ਤਾਂ ਬੋਲਿਆ ਨ੍ਹੀ, ਤੂੰ ਵਾਧੂ ਈ ਭੋਤਨਿਆਂ ਆਲਾ ਚਮਕੌਰ ਸੇਖੋਂ ਕਵੀਸ਼ਰ ਬਣਿਆ ਬੈਠੈਂ। ਪਹਿਲਾਂ ਬਾਬੇ ਨੂੰ ਪੁੱਛ ਤਾਂ ਲੈਂਦਾ ਬਈ ਬਾਬਾ ਤੇਰੇ ਸੱਟ ਕਿੱਥੇ ਵੱਜੀ ਐ। ਤੂੰ ਤਾਂ ਪਤੰਦਰਾ ਲਗਾਤਾਰ ਈ ਇਉਂ ਬੋਲੀਂ ਗਿਐਂ ਜਿਮੇਂ ਚੰਦ ਭਾਨ ਆਲਾ ਟੇਸ਼ਨ ਬੁੜ੍ਹਾ ਤੜਕੇ ਤੋਂ ਈਂ ਸ਼ਟਾਟ ਹੋ ਜਾਂਦਾ ਸੀ ਸਾਰੇ ਟੱਬਰ ਨੂੰ ਗਾਲਾਂ ਦੇਣ ਨੂੰ।”
ਮਾਹਲਾ ਨੰਬਰਦਾਰ ਮਰਾਸੀ ਤੇ ਅਮਲੀ ਨੂੰ ਕਹਿੰਦਾ, ”ਓ ਗੱਲ ਸੁਣੋ ਓਏ ਸੱਥ ਦਿਉ ਜੋਕਰੋ! ਸੋਨੂੰ ਕੀਹਨੇ ਕਿਹਾ ਬਈ ਗੰਡਾ ਸਿਉਂ ਦੇ ਸੱਟ ਵੱਜ ਗੀ। ਤੁਸੀਂ ਤਾਂ ਆਵਦਾ ਈ ਲੱਖਣ ਲਾ ਲਿਆ ਬਈ ਜਿਹੜਾ ਡੁੱਡ ਮਾਰ ਕੇ ਤੁਰਦੈ, ਕਿਸੇ ਥਾਂ ਕਥਾਂ ਸੱਟ ਈ ਵੱਜੀ ਹੋਊ ਹੋਰ ਕਿਤੇ ਖੱਡੀ ਬੁਣੀ ਜਾਂਦੇ ਦੇ ਬੁੜ੍ਹਕ ਕੇ ਨੜਾ ਤਾਂ ਨ੍ਹੀ ਵੱਜਿਆ।”
ਨਾਥਾ ਅਮਲੀ ਮਾਹਲੇ ਨੰਬਰਦਾਰ ਨੂੰ ਟਿੱਚਰ ਕਹਿੰਦਾ, ”ਜੇ ਨੰਬਰਦਾਰਾ ਬਾਬੇ ਦੇ ਸੱਟ ਨ੍ਹੀ ਵੱਜੀ ਤਾਂ ਫ਼ਿਰ ਸਾਡੇ ਐਨਕਾਂ ਲੱਗਣ ਆਲੀਆਂ ਹੋਣਗੀਆਂ। ਤੁਰਦਾ ਤਾਂ ਇਉਂ ਜਰੂਰ ਸੀ ਜਿਮੇਂ ਤਿੰਨ ਟੰਗੀ ਦੌੜ ਆਲੇ ਜੁਆਕ ਭੱਜਦੇ ਹੁੰਦੇ ਐ। ਬਾਕੀ ਫ਼ੇਰ ਬਾਬੇ ਨੂੰ ਪੁੱਛ ਲੈਨੇ ਆਂ ਬਈ ਬਾਬਾ ਤੂੰ ਬੰਬਾਰ ਐਂ ਕੁ ਕੋਈ ਹੋਰ ਮਰਜ ਐ?
ਜਾਬ੍ਹਾਂ ਦੇ ਭੇੜ ਹੁੰਦੇ ਸੁਣ ਕੇ ਬਾਬਾ ਗੰਡਾ ਸਿਉਂ ਮੁਸ਼ਕਣੀਆਂ ਹੱਸਦਾ ਹੱਸਦਾ ਕਹਿੰਦਾ, ”ਸੋਡੀ ਤਾਂ ਉਹ ਗੱਲ ਐ, ਅਕੇ ਕੇਰਾਂ ਆਪਣੇ ਪਿੰਡ ਆਲਾ ਜੱਗਰ ਸਿਉਂ ਮੰਡੀ ਆਲੇ ਸਿੰਗਲੇ ਡਾਕਦਾਰ ਤੋਂ ਤਾਪ ਦੀ ਦੁਆ ਬੂਟੀ ਲੈਣ ਉਠ ਗਿਆ। ਡਾਕਦਾਰ ਨੇ ਜੱਗਰ ਜਾਂਦੇ ਨੂੰ ਈ ਮਰੀਜ ਵੇਖਣ ਆਲੇ ਫ਼ੱਟੇ ‘ਤੇ ਢਾਹ ਲਿਆ। ਜਦੋਂ ਜਾਗਰ ਨੂੰ ਫ਼ੱਟੇ ‘ਤੇ ਪਾਇਆ ਤਾਂ ਜਾਗਰ ਆਪ ਮੁਹਾਰੇ ਈ ਰੇਡੀਏ ਆਂਗੂੰ ਲੱਗ ਪਿਆ ਬੋਲਣ। ਉਹਨੇ ਤਾਪ ਚੜ੍ਹਣ ਤੋਂ ਲੈ ਕੇ ਸਾਰੀ ਵਾਰਤਾਲਾਪ ਸਣਾਉਣੀ ਸ਼ੁਰੂ ਕਰ ‘ਤੀ। ਡਾਕਦਾਰ ਜਾਗਰ ਨੂੰ ਕਦੇ ਮੂਹਧਾ ਕਰ ਲੇ ਕਦੇ ਸਿੱਧਾ ਕਰ ਲੇ। ਜਾਗਰ ਬੋਲਣੋਂ ਨਾ ਹਟਿਆ, ਡਾਕਦਾਰ ਉਹਦੀ ਐਧਰ ਓਧਰ ਲੱਦ ਪਲੱਦ ਕਰਨੋ ਨਾ ਹਟਿਆ। ਬਾਹਰ ਬੈਠੇ ਹੋਰ ਮਰੀਜ ਡਾਕਦਾਰ ਨੂੰ ‘ਡੀਕੀ ਜਾਣ ਬਈ ਸਾਡੀ ਵਾਰੀ ਕਦੋਂ ਆਊ। ਇੱਕ ਮਰੀਜ ਬਜੁਰਗ ਉੱਠ ਕੇ ਡਾਕਦਾਰ ਨੂੰ ਕਹਿੰਦਾ ‘ਵੈਦ ਜੀ ਆਹ ਰੇਡੀਆ ਬੰਦ ਕਰ ਕੇ ਸਾਨੂੰ ਦੁਆ ਬੂਟੀ ਦਿਉ ਬਾਹਰ ਆ ਕੇ।’ ਉਹ ਗੱਲ ਸੋਡੀ ਐ। ਤੁਸੀਂ ਵੀ ਢਾਈਆਂ ਆਨਿਆਂ ਦੇ ਵਾਜੇ ਆਂਗੂੰ ਬੋਲੀ ਜਾਨੇਂ ਐ। ਮੇਰੇ ਕੰਨ ਹੱਸੀ ਜਾਂਦੇ ਐ ਬਈ ਇਹ ਕੀ ਗੱਲਾਂ ਕਰੀ ਜਾਂਦੇ ਐ?”
ਖੀਰਾ ਪੰਡਤ ਕਹਿੰਦਾ, ”ਡਾਕਦਾਰ ਦੀ ਤਾਂ ਬਾਬਾ ਫ਼ਿਰ ਗੁੱਲੂ ਨਹਿੰਗ ਆਲੀ ਗੱਲ ਸੀ। ਗੁੱਲੂ ਨਹਿੰਗ ਤੇ ਉਹਦੇ ਘਰ ਆਲੀ ਆਪਸ ਵਿੱਚ ਲੜ ਪੇ। ਉਹਦੇ ਘਰ ਆਲੀ ਨਹਿੰਗ ਨੂੰ ਉੱਚੀ ਉੱਚੀ ਬੋਲੀ ਜਾਵੇ ਵੇ ਤੂੰ ਕੰਮ ਨ੍ਹੀ ਕਰਦਾ। ਤੂੰ ਨਕੰਮਾ ਹੋ ਗਿਐਂ। ਨਹਿੰਗਾਂ ਨੇ ਤੈਨੂੰ ਸੁੱਖਾ ਪੀਣ ਲਾ ‘ਤਾ। ਤੂੰ ਤਾਂ ਘਰ ਦੇ ਕੰਮੋਂ ਵੀ ਗਿਆ।’ ਘਰ ਆਲੀ ਨਿੱਤ ਬੋਲੀ ਜਾਇਆ ਕਰੇ ਤੇ ਨਹਿੰਗਾ ਬੋਲੇ ਸੋ ਨਿਹਾਲ ਦੇ ਜਕਾਰੇ ਛੱਡੀ ਜਾਇਆ ਕਰੇ। ਉਹੀ ਗੱਲ ਡਾਕਦਾਰ ਦੀ ਸੀ ਬਾਬਾ ਫਿਰ।”
ਬਾਬਾ ਕਹਿੰਦਾ, ”ਹੋਰ ਕੀਅ੍ਹਾ ਯਾਰ। ਗੱਲਾਂ ਗੱਲਾਂ ਚੀ ਸੱਟਾਂ ਮਾਰ ਦਿੰਦੇ ਐ। ਗੱਲਾਂ ਗੱਲਾਂ ਚੀ ਅਗਲਿਆਂ ਦਾ ਸਾਕ ਛਡਾ ਦਿੰਦੇ ਐ। ਚੁੱਪ ਈ ਨ੍ਹੀ ਕਰਦੇ। ਜਿਉਂ ਲੱਗਦੇ ਸੱਥ ‘ਚ ਆ ਕੇ ਬੋਲਣ, ਤਲ਼ ਪੱਟ ਲਿਆ ਦਿੰਦੇ ਐ।”
ਨਾਥਾ ਅਮਲੀ ਕਹਿੰਦਾ, ”ਏਸੇ ਨੂੰ ਤਾਂ ਬਾਬਾ ਸੱਥ ਕਹਿੰਦੇ ਐ। ਸੱਥ ‘ਚ ਆ ਕੇ ਤਾਂ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਐ। ਐਮੇਂ ਤਾਂ ਨ੍ਹੀ ਕਿਸੇ ਨੇ ਕਵਿਤ ਜੋੜਿਆ। ਅਕੇ ‘ਸਾਰਿਆਂ ਦੁੱਖਾਂ ਦੀ ਦਾਰੂ, ਇੱਕੋ ਸਾਡੀ ਸੱਥ ਬਾਬਿਉ।'”
ਸੀਤਾ ਮਰਾਸੀ ਕਹਿੰਦਾ, ”ਇਹੇ ਜਿਆਂ ਨੂੰ ਤਾਂ ਬਾਬਾ ਫ਼ਿਰ ਮੱਦੀ ਵਚੋਲਾ ਈ ਚੁੱਪ ਕਰਾਉਂਦਾ। ਜਦੋਂ ਉਹਨੂੰ ਵੇਖ ਲੈਂਦੇ ਐ ਫ਼ੇਰ ਇਉਂ ਕੰਨ ਸਿੱਟ ਕੇ ਬਹਿ ਜਾਣਗੇ ਜਿਮੇਂ ਵਚੋਲਗੀ ਦੇ ਸੂਟ ਪਿੱਛੇ ਵਚੋਲਣ ਰੁੱਸੀ ਬੈਠੀ ਹੁੰਦੀ ਐ।”
ਮੱਦੀ ਵਿਚੋਲੇ ਦੀ ਗੱਲ ਸੁਣ ਕੇ ਨਾਥੇ ਅਮਲੀ ਨੂੰ ਚੜ੍ਹ ਗੀਆਂ ਫ਼ਿਰ। ਸੀਤੇ ਮਰਾਸੀ ਦੀ ਬਾਂਹ ਝੰਜੋੜ ਕੇ ਕਹਿੰਦਾ, ”ਗੱਲ ਸੁਣ ਓਏ ਕੇਹਰੇ ਕਿਆ! ਮੱਦੀ ਵਚੋਲਾ ਗਾਹਾਂ ਚਮਗਿੱਦੜ ਐ ਬਈ ਜੇ ਚਿੰਬੜ ਗਿਆ ਤਾਂ ਲਹਿਣਾ ਨ੍ਹੀ। ਹੁਣ ਉਹ ਬੋਲਣ ਜੋਗਾ ਦੀਂਹਦਾ ਤੈਨੂੰ। ਅਗਲਿਆਂ ਨੇ ਮਾਰ ਮਾਰ ਘਸੁੰਨ ਬਾਂਦਰੀ ਦੀ ਸੁੱਜੀ ਢੂਹੀ ਅਰਗਾ ਕਰ ਕੇ ਛੱਡਿਆ। ਵਚੋਲਗੀ ਵਚਾਲਗੀ ਕਿਧਰੇ ਰਹਿ ਰੂਹ ਗੀ। ਮਾਰਦੈਂ ਗੱਲਾਂ। ਅਕੇ ਮੱਦੀ ਵਚੋਲਾ ਕਰਾਊ ਚੁੱਪ। ਜਾਹ ਜਾ ਕੇ ਪੁੱਛਿਆ ਮੱਦੀ ਨੂੰ ਬਈ ਹੱਡਾਂ ਨੂੰ ‘ਰਾਮ ਆ ਗਿਆ ਕੁ ਨਹੀਂ?”
ਬਾਬੇ ਗੰਡਾ ਸਿਉਂ ਨੇ ਨਾਥੇ ਅਮਲੀ ਦੀ ਗੱਲ ਸੁਣ ਕੇ ਮੁਖਤਿਆਰੇ ਮੈਂਬਰ ਨੂੰ ਪੁੱਛਿਆ, ”ਕਿਉਂ ਬਈ ਬਿੰਬਰਾ! ਕੀ ਗੱਲ ਹੋ ਗੀ ਮੱਦੀ ਪੰਡਤ ਨੂੰ?”
ਮੁਖਤਿਆਰਾ ਕਹਿੰਦਾ, ”ਨਮੀਂ ਨਮੀਂ ਵਚੋਲਗੀ ਕਰਨ ਲੱਗਿਆ ਹੋਣਾ, ਮਾਰ ਬੈਠਾ ਹੋਣਾ ਕੋਈ ਵੱਡਾ ਗੱਪ ਛੜੱਪ, ਅਗਲਿਆਂ ਨੇ ਦੁੰਬ ਕੇ ਰੱਖ ‘ਤਾ ਹੋਣਾ ਬਾਜਰੇ ਦੇ ਸਿੱਟਿਆਂ ਆਂਗੂੰ ਹੋਰ ਗਾਹਾਂ ਕਿਤੇ ਮੋਢੇ ‘ਤੇ ਸਟਾਰ ਤਾਂ ਨ੍ਹੀ ਲੱਗ ਗੇ ਬਈ ਵੱਡਾ ਠਾਣੇਦਾਰ ਬਣ ਗਿਆ।”
ਪ੍ਰਤਾਪਾ ਭਾਊ ਕਹਿੰਦਾ, ”ਇਹ ਮੱਦੀ ਜਦੋਂ ਵੀ ਕਿਸੇ ਨਮੇਂ ਕੰਮ ਨੂੰ ਹੱਥ ਪਾਉਂਦਾ , ਕੁੱਟ ਖਾਂਦਾ ਈ ਖਾਂਦਾ। ਹੁਣ ਵਚੋਲਗੀ ‘ਚ ਬੰਨ੍ਹ ‘ਤਾ ਹੋਣੈ ਕਿਸੇ ਬੋਕ ਦੇ ਸਿੰਗਾਂ ਨਾਲ।”
ਨਾਥਾ ਅਮਲੀ ਬਾਬੇ ਗੰਡਾ ਸਿਉਂ ਨੂੰ ਕਹਿੰਦਾ, ”ਤੂੰ ਮੈਨੂੰ ਪੁੱਛ ਖਾਂ ਬਾਬਾ। ਇਹਨੂੰ ਕੀ ਪਤਾ ਬਿੰਬਰ ਨੂੰ।”
ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, ”ਅਸੀਂ ਤਾਂ ਗੱਲ ਈ ਸੁਣਨੀ ਐਂ, ਚੱਲ ਤੂੰ ਦੱਸਦੇ।”
ਨਾਥਾ ਅਮਲੀ ਕਹਿੰਦਾ, ”ਲੈ ਸੁਣ ਲਾ ਫ਼ਿਰ। ਉਰ੍ਹਾਂ ਨੂੰ ਹੋ ਜਾ ਮਾੜਾ ਜਾ ਫ਼ਿਰ। ਇਹ ਮੱਦੀ ਕਿਤੇ ਨਮਾਂ ਨਮਾਂ ਸਾਕ ਕਰਾਉਣ ਲੱਗ ਗਿਆ। ਬੰਦਾ ਸੀ ਸੱਚਾ ਸੁੱਚਾ। ਝੂਠ ਤਾਂ ਕਦੇ ਮੱਦੀ ਦੇ ਪਿਉ ਦਾਦੇ ਨੇ ਨ੍ਹੀ ਸੀ ਮਾਰਿਆ ਇਹਨੇ ਤਾਂ ਕਾਹਦਾ ਮਾਰਨਾ ਸੀ।”
ਅਮਲੀ ਦੀ ਗੱਲ ਵਿੱਚੋਂ ਟੋਕ ਕੇ ਸ਼ੈਰੀ ਠੇਕੇਦਾਰ ਕਹਿੰਦਾ, ”ਇਹ ਜਿਹੜੀ ਥਾਂ ਥਾਂ ਤੋਂ ਕੁੱਟ ਖਾ ਲੈਂਦਾ, ਇਹ ਬਿਨਾਂ ਗੱਪ ਮਾਰੇ ਈ ਖਾ ਲੈਂਦਾ। ਐਮੇਂ ਬਹੁਤਾ ‘ਤਬਾਰ ਨ੍ਹੀ ਕਰੀ ਦਾ ਹੁੰਦਾ ਕਿਸੇ ‘ਤੇ।”
ਬਾਬਾ ਗੰਡਾ ਸਿਉਂ ਸ਼ੈਰੀ ਨੂੰ ਚੁੱਪ ਕਰਾਉਂਦਾ ਬੋਲਿਆ, ”ਓ ਯਰ ਠੇਕੇਦਾਰਾ ਤੂੰ ਚੁੱਪ ਤਾਂ ਕਰ। ਪਹਿਲਾਂ ਗੱਲ ਸੁਣ ਲੈਣ ਦੇ ਫੇਰ ਘੋਟ ਲੀਂ ਤੂੰ ਆਵਦੀ ਠੇਕੇਦਾਰੀ। ਚੁੱਪ ਕਰ ਹੁਣ ਨਾ ਬੋਲੀਂ। ਹਾਂ ਬਈ ਨਾਥਾ ਸਿਆਂ! ਅੱਗੇ ਦੱਸ ਕਿਮੇਂ ਆਂ ਕਹਾਣੀ?”
ਅਮਲੀ ਫ਼ੇਰ ਚੜ੍ਹ ਗਿਆ ਰੀਲ੍ਹ ‘ਤੇ। ਬਾਬੇ ਗੰਡਾ ਸਿਉਂ ਦੀ ਖੂੰਡੀ ਹੱਥ ‘ਚ ਫ਼ੜ ਕੇ ਕਹਿੰਦਾ, ”ਮੱਦੀ ਨੇ ਕਿਤੇ ਬਾਬਾ ਦੋ ਚਾਰ ਸਾਕਾਂ ਦੀ ਗੱਲ ਤੋਰੀ ਪਰ ਕੋਈ ਸਾਕ ਸਿਰੇ ਨਾ ਚੜ੍ਹਿਆ। ਇਹ ਚਲਿਆ ਗਿਆ ਲੱਖੂ ਦਰਜੀ ਕੋਲੇ। ਉਹ ਵੇਖ ਲਾ ਚਾਰ ਚਫ਼ੇਰੇ ਘੁੰਮਿਆਂ ਵਿਆ ਵਚੋਲਾ। ਝੂਠ ਤਫ਼ਾਨ ਮਾਰਨ ‘ਚ ਸਾਰਿਆਂ ਤੋਂ ਵਾਧੂ ਐ। ਜਦੋਂ ਮੱਦੀ ਨੇ ਲੱਖੂ ਨੂੰ ਜਾ ਕੇ ਗੱਲ ਦੱਸੀ ਤਾਂ ਲੱਖੂ ਕਹਿੰਦਾ ‘ਗੱਪਾਂ ਬਿਨਾਂ ਸਾਕ ਸਿਰੇ ਨ੍ਹੀ ਚੜ੍ਹਦੇ ਹੁੰਦੇ। ਵਚੋਲਾ ਦਾ ਮਤਬਲ ਈ ਵਿੱਚ ਓਹਲਾ ਹੁੰਦੈ। ਵਿੱਚ ਓਹਲਾ ਝੂਠ ਦਾ ਸੁਧਰਿਆ ਵਿਆ ਨਾਉਂ ਐ। ਜੇ ਮਿਤਰਾ ਵਿਚੋਲਗੀ ਕਰਨੀ ਐ ਤਾਂ ਮਾਰੋ ਝੂਠ, ਹੋਵੇ ਕੰਮ ਸੂਤ।’ ਇਹਨੇ ਮੱਦੀ ਨੇ ਕੀ ਕੀਤਾ ਬਾਬਾ, ਨੱਥੇ ਸਰਪੈਂਚ ਨੂੰ ਮਲੇਰਕੋਟਲੇ ਕੋਲੇ ਸ਼ੀਹਾਂ ਦੌਦ ਪਿੰਡ ਮੁੰਡਾ ਵਖਾ ਲਿਆਇਆ। ਚੰਗੀ ਜਾਇਦਾਦ ਆਉਂਦੀ ਸੀ ਮੁੰਡੇ ਨੂੰ। ਸਾਕ ਦੀ ਗੱਲ ਚੱਲ ਪੀ। ਸਰਪੈਂਚ ਨੇ ਸਾਕ ਪੱਕਾ ਹੋਣ ਤੋਂ ਪਹਿਲਾਂ ਈ ਮੱਦੀ ਨੂੰ ਸੱਜਰ ਮੱਝ ਲੈ ‘ਤੀ। ਮੱਦੀ ਦੇ ਮੱਝ ਹਾਜਮ ਨਾ ਹੋਵੇ। ਲਾਲਚ ਵਿੱਚ ਆ ਕੇ ਉਹੀ ਮੁੰਡਾ ਨੱਥੇ ਸਰਪੈਂਚ ਦੇ ਧੂਰੀ ਆਲੇ ਸਾਢੂ ਤਾਰੇ ਆੜ੍ਹਤੀਏ ਨੂੰ ਵਖਾ ‘ਤਾ। ਨਾਲ ਇਹ ਕਹਿ ‘ਤਾ ਬਈ ਤੂੰ ਨੱਥੇ ਸਰਪੈਂਚ ਨੂੰ ਨਾ ਦੱਸੀਂ, ਕਿਉਂਕਿ ਉਹ ਇਹ ਮੁੰਡੇ ਨੂੰ ਸਾਕ ਕਰਨਾ ਚਾਹੁੰਦੈ। ਤਾਰਾ ਆੜ੍ਹਤੀਆ ਆਵਦੇ ਸਾਢੂ ਸਰਪੈਂਚ ਕੋਲ ਲਕੋ ਰੱਖ ਗਿਆ। ਓਧਰ ਮੱਦੀ ਫ਼ੇਰ ਸਰਪੈਂਚ ਨੂੰ ਜਾ ਕੇ ਕਹਿੰਦਾ ‘ਤੇਰੇ ਸਾਂਢੂ ਤਾਰੇ ਆੜ੍ਹਤੀਏ ਨੇ ਵੀ ਮੈਨੂੰ ਏਸੇ ਮੁੰਡੇ ਬਾਰੇ ਕਿਹਾ। ਪਰ ਸਰਪੈਂਚਾ ਤੂੰ ਗੱਲ ਆਵਦੇ ਕੋਲੇ ਰੱਖੀਂ। ਸਰਪੈਂਚ ਵੀ ਚੁੱਪ ਕਰ ਗਿਆ। ਸਰਪੈਂਚ ਨੇ ਮੱਦੀ ਨੂੰ ਘਰੇ ਖੜ੍ਹਾ ਇੱਕ ਪਰਾਣਾ ਜਾ ਭਿਟਭਿਟੀਆ ਦੇ ‘ਤਾ ਬਈ ਤੈਨੂੰ ਆਉਣਾ ਜਾਣਾ ਔਖਾ ਨਾ ਹੋਵੇ। ਓਧਰ ਤਾਰਾ ਆੜ੍ਹਤੀਆ ਮੱਦੀ ਨੂੰ ਵੀਹ ਹਜਾਰ ਰਪੀਆ ਦੇ ਆਇਆ ਬਈ ਤੂੰ ਵਰਤ ਲੈ। ਮੱਦੀ ਦੀਆਂ ਤਾਂ ਬਾਬਾ ਚੜ੍ਹ ਮੱਚੀਆਂ। ਮੁੜ ਕੇ ਮੱਦੀ ਉਹੀ ਮੁੰਡਾ ਬੀਹਲੇ ਆਲੇ ਜਗਤਾਰ ਸਿਉਂ ਠਾਣੇਦਾਰ ਨੂੰ ਵਖਾ ਲਿਆਇਆ। ਜਗਤਾਰ ਸਿਉਂ ਤੇ ਨੱਥਾ ਸਰਪੈਂਚ ਪੱਗ ਵੱਟ ਭਰਾ। ਜਗਤਾਰ ਸਿਉਂ ਨੇ ਕਿਤੇ ਸਰਪੈਂਚ ਨੂੰ ਕਿਹਾ ਬਈ ਆਹ ਮੁੰਡੈ, ਆਹ ਉਹਦੇ ਪਿਉ ਦਾ ਨਾਂ, ਆਪਾਂ ਜਮੀਨ ਜਾਇਦਾਦ ਬਾਰੇ ਪੜਤਾਲ ਕਰਨੀ ਐ। ਸਰਪੈਂਚ ਕਹਿੰਦਾ ‘ਉਹ ਮੁੰਡਾ ਤਾਂ ਅਸੀਂ ਵੇਖਿਆ। ਸਾਡੇ ਪਿੰਡ ਆਲੇ ਮੱਦੀ ਨੇ ਦੱਸ ਪਾਈ ਐ। ਓਧਰ ਕਿਤੇ ਸਰਪੈਂਚ ਦੇ ਸਾਂਢੂ ਤਾਰੇ ਆੜ੍ਹਤੀਏ ਨੇ ਜਗਤਾਰ ਸਿਉਂ ਨੂੰ ਕਿਹਾ ਬਈ ਆਹ ਨਾਂ ਦਾ ਬੰਦੈ, ਆਹ ਪਿੰਡ ਐ, ਉਨ੍ਹਾਂ ਬਾਰੇ ਪਤਾ ਕਰ ਕੇ ਦੱਸ, ਆਪਾਂ ਆਪਣੀ ਗੁੱਡੀ ਦਾ ਸਾਕ ਕਰਨਾ। ਜਦੋਂ ਇਹ ਗੱਲ ਤਿੰਨਾਂ ਜਾਣਿਆਂ ਨੇ ਸਾਂਝੀ ਕੀਤੀ ਤਾਂ ਫ਼ੇਰ ਕਿਤੇ ਜਾ ਕੇ ਪਤਾ ਲੱਗਿਆ ਬਈ ਇਹ ਤਾਂ ਮੱਦੀ ਚਲਾਕੀਆਂ ਕਰੀ ਜਾਂਦੈ। ਉਧਰ ਤਾਂ ਸਰਪੈਂਚ ਨੇ ਆਵਦੇ ਸਾਢੂ ਨੂੰ ਸੱਦ ਲਿਆ ਘਰੇ, ਓਧਰ ਜਗਤਾਰ ਸਿਉਂ ਨੂੰ ਸੱਦ ਲਿਆ। ਨਾਲੇ ਮੱਦੀ ਨੂੰ ਸੱਦ ਲਿਆ ਘਰੇ। ਜਦੋਂ ਮੱਦੀ ਸਰਪੈਂਚ ਦੇ ਘਰੇ ਵੜਿਆ ਤਾਂ ਉਨ੍ਹਾਂ ਨੇ ਢਾਹ ਲਿਆ ਫ਼ਿਰ ਜਿਮੇਂ ਨੱਥ ਮਾਰਨ ਵੇਲੇ ਵਹਿੜਕਾ ਢਾਹੀ ਦਾ ਹੁੰਦੈ। ਮਾਰ ਮਾਰ ਘਸੁੰਨ ਮੱਦੀ ਦਾ ਮੱਦਾ ਬਣਾਕੇ ਰੱਖ ‘ਤਾ। ਮਹੀਨਾ ਡੂਢ ਮਹੀਨਾ ਹੋ ਗਿਆ ਘਰੋਂ ਬਾਹਰ ਨ੍ਹੀ ਨਿੱਕਲਿਆ ਬਈ ਕਿਤੇ ਨੱਥਾ ਸਰਪੈਂਚ ਫ਼ੇਰ ਦਾ ਬੁੱਘਦੂ ਬਲਾ ਦੇ। ਸੁੱਜ ਕੇ ਤੋੜ ‘ਤੇ ਟੰਗੇ ਗੁੱਲਗਲੇ ਅਰਗਾ ਹੋਇਆ ਪਿਆ। ਇਉਂ ਮੱਦੀ ਨਾਲ ਹੋਈ।”
ਏਨੇ ਚਿਰ ਨੂੰ ਸੱਥ ਦੇ ਸਾਹਮਣੇ ਸੰਤੋਖੀ ਵਿਚੋਲੇ ਦੇ ਘਰੇ ਕਾਵਾਂ ਰੌਲੀ ਪੈ ਗੀ। ਰੌਲਾ ਸੁਣ ਕੇ ਸਾਰੀ ਸੱਥ ਉੱਠ ਕੇ ਸੰਤੋਖੀ ਕੇ ਘਰ ਨੂੰ ਚੱਲ ਪਈ ਤੇ ਵੇਂਹਦਿਆਂ ਵੇਂਹਦਿਆਂ ਹੀ ਸੱਥ ਖਾਲੀ ਹੋ ਗਈ।