ਪਿੰਡ ਦੀ ਸੱਥ ਵਿੱਚੋਂ (ਕਿਸ਼ਤ-241)

ਸੱਥ ਵਿੱਚ ਤਾਸ਼ ਖੇਡੀ ਜਾਂਦੇ ਪ੍ਰੀਤੇ ਨਹਿੰਗੇ ਨੇ ਤਾਸ਼ ਵੰਡ ਕੇ, ਬਾਬੇ ਸੁੱਚਾ ਸਿਉਂ ਨਾਲ ਗੱਲਾਂ ਕਰੀ ਜਾਂਦੇ ਕੈਲੇ ਬੁੜ੍ਹੇ ਨੂੰ ਪੁੱਛਿਆ, ”ਸਰਕਾਰੀ ਅਹਿਲਕਾਰ ਸੋਨੂੰ ਵੀ ਪੈਂਸੇ ਦੇ ਗੇ ਤਾਇਆ ਕੁ ਨਹੀਂ?”
ਪ੍ਰੀਤੇ ਨੇ ਕੈਲੇ ਬੁੜ੍ਹੇ ਨੂੰ ਇਸ ਕਰ ਕੇ ਪੁੱਛਿਆ ਸੀ ਕਿਉਂਕਿ ਭਾਰੀ ਮੀਂਹ ਅਤੇ ਗੜ੍ਹੇ ਪੈਣ ਨਾਲ ਬਹੁਤੇ ਪਿੰਡਾਂ ਦੀ ਫ਼ਸਲ ਤਬਾਹ ਹੋ ਗਈ ਸੀ ਜੀਹਦੇ ਬਾਰੇ ਬਾਬਾ ਸੁੱਚਾ ਸਿਉਂ ਤੇ ਕੈਲਾ ਬੁੜ੍ਹਾ ਉਨ੍ਹਾਂ ਪੈਸਿਆਂ ਦੀ ਗੱਲ ਕਰ ਰਹੇ ਸਨ ਜਿਹੜੇ ਫ਼ਸਲ ਮਾਰੀ ਦੇ ਪੈਸੇ ਤਹਿਸੀਲਦਾਰ ਤੇ ਹੋਰ ਵੱਡੇ ਛੋਟੇ ਅਫ਼ਸਰ ਪਿੰਡ ‘ਚ ਵੰਡਣ ਆਏ ਸੀ।
ਬਾਬਾ ਸੁੱਚਾ ਸਿਉਂ ਪ੍ਰੀਤੇ ਨਹਿੰਗ ਦੀ ਗੱਲ ‘ਤੇ ਹੱਸ ਕੇ ਕੈਲੇ ਬੁੜ੍ਹੇ ਵੱਲ ਇਸ਼ਾਰਾ ਕਰਦਾ ਨਹਿੰਗ ਨੂੰ ਕਹਿੰਦਾ, ”ਲੈ ਤਾਂ ਭਾਮੇਂ ਗਏ ਹੋਣ ਪੈਂਸੇ ਇਹਤੋਂ ਦੇਣੇ ਕੀਹਨੇ ਸੀ ਇਹਨੂੰ। ਇਹਨੂੰ ਗਰੀਬ ਬੁੜ੍ਹੇ ਨੂੰ ਕਿਹੜਾ ਦਿੰਦਾ ਟੌਂਹਟੇ?”
ਮਾਹਲਾ ਨੰਬਰਦਾਰ ਕੈਲੇ ਬੁੜ੍ਹੇ ਵਿੱਚਦੀ ਗੱਲ ਕੱਢ ਕੇ ਬਾਬੇ ਸੁੱਚਾ ਸਿਉਂ ਨੂੰ ਕਹਿੰਦਾ, ”ਇਹ ਬੁੜ੍ਹਾ ਗਰੀਬ ਐ ਤਾਇਆ। ਚੌਦਾਂ ਘਮਾਂ ਦਾ ਮਾਲਕ ਐ। ਜੇ ਇਹੋ ਜੇ ਗਰੀਬ ਹੋਏ ਤਾਂ ਸਾਡੇ ਅਰਗਿਆਂ ਦਾ ਕੀ ਬਣਦਾ ਹੋਊ ਫ਼ਿਰ?”
ਰੇਸ਼ਮ ਕਾ ਗੀਸਾ ਕੈਲੇ ਬੁੜ੍ਹੇ ਦੀ ਹਾਮੀ ਭਰਦਾ ਬੋਲਿਆ, ”ਗਰੀਬ ਨ੍ਹੀ ਤਾਂ ਹੈ ਹੋਰ ਕੀਅ੍ਹੈ ਇਹੇ? ਝੱਗਾ ਤਾਂ ਵੇਖ ਵਚਾਰੇ ਦਾ ਥਾਂ ਥਾਂ ਟਾਕੀਆਂ ਲੱਗੀਐਂ ਵੀਐਂ ਜਿਮੇਂ ਚੂਚਿਆਂ ਆਲੇ ਡੱਬੇ ‘ਚ ਮੋਰੀਆਂ ਕੱਢੀਆਂ ਹੁੰਦੀਐਂ।”
ਨਾਥਾ ਅਮਲੀ ਕੈਲੇ ਬੁੜ੍ਹੇ ਨੂੰ ਹੋਈ ਜਾਂਦੀਆਂ ਟਿੱਚਰਾਂ ਸੁਣ ਕੇ ਟਿੱਚਰ ‘ਚ ਕਹਿੰਦਾ, ”ਟਾਕੀਆਂ ਨ੍ਹੀ, ਇਹ ਤਾਂ ਤਾਏ ਨੇ ਟਿੱਚ ਗਦਾਮਾਂ ਨਾਲ ਢੱਕਣ ਲਵਾਏ ਵੇ ਐ। ਸਿਆਲ ‘ਚ ਇਹ ਢੱਕਣ ਲਾ ਲੈਂਦੈ, ਗਰਮੀਆਂ ‘ਚ ਹਵਾ ਲੱਗਣ ਨੂੰ ਖੋਹਲ ਕੇ ਰੱਖ ਲੈਂਦਾ। ਨਾਲੇ ਝੱਗਾ ਸੁੱਥੂ ਵੀ ਗਾਂਧੀ ਖੱਦਰ ਦੈ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਮੈਂ ਵੀ ਤਾਹੀਂ ਸੋਚਦਾਂ ਕਈਆਂ ਦਿਨਾਂ ਦਾ ਬਈ ਝੱਗੇ ਸੁੱਥੂ ਨਾਲੋਂ ਟਾਕੀਆਂ ਜੀਆਂ ਦਾ ਰੰਗ ਅੱਡ ਦਾ ਕਿਉਂ ਐ।”
ਨਾਥਾ ਅਮਲੀ ਕਹਿੰਦਾ, ”ਝੱਗਾ ਸੁੱਥੂ ਧੋਣ ਵੇਲੇ ਤਾਈ ਟਾਕੀਆਂ ਲਾਹ ਕੇ ਰੱਖ ਦਿੰਦੀ ਹੋਊ ਬਈ ਇਹ ਕਾਹਨੂੰ ਭਿਆਉਣੀਐਂ। ਤਾਹੀਉਂ ਝੱਗੇ ਤੇ ਸੁੱਥੂ ਦਾ ਅੱਡ ਧੋਣ ਨਾਲ ਰੰਗ ਫ਼ਿੱਟ ਕੇ ਅਧਰੰਗ ਹੋਏ ਵੇ ਘੋਟੂ ਬੁੜ੍ਹੇ ਅਰਗਾ ਹੋਇਆ ਪਿਐ ਤੇ ਟਾਕੀਆਂ ਵੇਖਣ ਨੂੰ ਇਉਂ ਲੱਗਦੀਆਂ ਜਿਮੇਂ ਜੀਰੋ ਦਾ ਬਲਬ ਲਾਹ ਕੇ ਸੌ ਪਾਵਰ ਦਾ ਲਾ ‘ਤਾ ਹੋਵੇ।”
ਬੁੱਘਰ ਦਖਾਣ ਕੈਲੇ ਬੁੜ੍ਹੇ ਨੂੰ ਹੁੰਦੀਆਂ ਟਿੱਚਰਾਂ ਸੁਣ ਕੇ ਕਹਿੰਦਾ, ”ਕਿਉਂ ਯਾਰ ਬੁੜ੍ਹੇ ਨੂੰ ਢਾਹੁਣ ਲੱਗੇ ਐਂ। ਤੁਸੀਂ ਵੀ ਤਾਂ ਬੁੜ੍ਹੇ ਹੋਣੈ ਕਿਸੇ ਦਿਨ। ਸੋਡਾ ਕੀ ਬਣੂ ਫ਼ਿਰ?”
ਨਾਥਾ ਅਮਲੀ ਕਹਿੰਦਾ, ”ਇਹ ਤਾਇਆ ਕੈਲਾ ਤਾਂ ਹਜੇ ਤਕੜਾ ਪਿਆ ਸੱਥ ‘ਚ ਵੀ ਆ ਊ ਜਾਂਦਾ। ਖੇਤ ਬੰਨੇ ਵੀ ਤੀਜੇ ਚੌਥੇ ਦਿਨ ਗੇੜਾ ਕੱਢਿਆਉਂਦਾ ਤੇ ਆਹ ਜਿਹੜੇ ਬੁੜ੍ਹੇ ਨੂੰ ਟਿੱਚਰਾਂ ਕਰਦੇ ਐ, ਇਹੇ ਜਿਆ ਨੂੰ ਚਾਰ ਬੰਦੇ ਫ਼ਿਰ ਚੱਕ ਕੇ ਜੰਗਲ ਪਾਣੀ ਕਰਾਉਂਦੇ ਹੁੰਦੇ ਐ। ਚਾਰ ਬੰਦਿਆਂ ਤੋਂ ਵੀ ਮੈਨੂੰ ਇੱਕ ਗੱਲ ਯਾਦ ਆ ਗੀ। ਸੋਨੂੰ ਪਤਾ ਬਾਬਾ ਬਈ ਜਿੱਦੇਂ ਰੁਲਦੂ ਬਿੰਬਰ ਕੇ ਫ਼ਾਂਚੇ ਨਾਲ ਤੇਲੀਆਂ ਦੀ ਬੁੜ੍ਹੀ ਲੜੀ ਸੀ, ਕੀ ਗੱਲ ਹੋ ਗੀ ਸੀ?”
ਬੁੱਘਰ ਦਖਾਣ ਕਹਿੰਦਾ, ”ਰਜਾਈਆਂ ਗਦੈਲਿਆਂ ਦੀ ਭਰਾਈ ਦੇਣ ਗਿਆ ਸੀ ਫ਼ਾਂਚਾ। ਤੇਲੀ ਕਹਿੰਦੇ ਤਿੰਨ ਵੀਹਾਂ ਬਣਦੇ ਐ ਪੈਂਸੇ, ਫ਼ਾਂਚਾ ਕਹਿੰਦਾ ਦਸਾਂ ਤੇ ਦੋ ਵੀਹਾਂ ਬਣਦੇ ਐ। ਐਨੀਂ ਗੱਲ ਪਿੱਛੇ ਤੂੰ ਤੂੰ ਮੈਂ ਮੈਂ ਹੋ ਗੀ। ਆਹ ਗੱਲ ਸੀ। ਬਾਕੀ ਫ਼ੇਰ ਜੇ ਕੁਸ ਹੋਰ ਹੋ ਗਿਆ ਹੋਇਆ ਤਾਂ ਮੈਨੂੰ ਪਤਾ ਨ੍ਹੀ।”
ਨਾਥਾ ਅਮਲੀ ਕਹਿੰਦਾ, ”ਪੈਂਸਿਆਂ ਪੂੰਸਿਆਂ ਦਾ ਕਾਹਨੂੰ ਰੌਲਾ ਸੀ ਮਿਸਤਰੀਆ। ਗੱਲ ਤਾਂ ਨੱਭੇ ਤੇਲੀ ਨੂੰ ਪੁੱਠਾ ਸਿੱਧਾ ਕਹੇ ਤੋਂ ਵਿਗੜੀ ਐ। ਨੱਭੇ ਤੇਲੀ ਦਾ ਬਦਨ ਵੇਖ ਲਾ ਕਿੰਨਾ ਭਾਰੈ। ਇੱਕ ਹੈ ਬਜ਼ੁਰਗ। ਉਹਨੂੰ ਤਿੰਨ ਚਾਰ ਬੰਦੇ ਚੱਕ ਕੇ ਜੰਗਲ ਪਾਣੀ ਕਰਾਉਂਦੇ ਐ। ਇੱਕ ਦਿਨ ਕਿਤੇ ਓਧਰੋਂ ਤਾਂ ਨੱਭੇ ਤੇਲੀ ਨੂੰ ਜੰਗਲ ਪਾਣੀ ਕਰਾਉਣ ਨੂੰ ਚਾਰ ਬੰਦਿਆਂ ਨੇ ਚੱਕ ਲਿਆ, ਓਧਰੋਂ ਕਿਤੇ ਰੁਲਦੂ ਕਾ ਫ਼ਾਂਚਾ ਜਾ ਵੜਿਆ ਤੇਲੀਆਂ ਦੇ ਘਰੇ ਰਜਾਈਆਂ ਗਦੈਲਿਆਂ ਦੀ ਭਰਾਈ ਦੇਣ। ਜਦੋਂ ਫ਼ਾਂਚੇ ਨੇ ਨੱਭੇ ਨੂੰ ਚੱਕੀ ਆਉਂਦੇ ਨੂੰ ਵੇਖਿਆ ਤਾਂ ਫ਼ਾਂਚਾ ਕਹਿੰਦਾ ‘ਹੁਣ ਚੱਕ ਤਾਂ ਲਿਆ ਈ, ਆਂਈਂ ਲੈ ਚੱਲੋ ਹੁਣ ਜਿੱਥੇ ਫ਼ੂਕ ਫ਼ਕਈਆ ਕਰਨਾ। ਫ਼ੇਰ ਕਿੱਥੇ ਦਬਾਰੇ ਚੱਕਦੇ ਧਰਦੇ ਫ਼ਿਰੋਂਗੇ’। ਫ਼ਾਂਚੇ ਨੇ ਇਹ ਗੱਲ ਬਾਬਾ ਤਾਂ ਕਰ ਕੇ ਆਖੀ ਸੀ ਕਿ ਫ਼ਾਂਚੇ ਨੇ ਸੋਚਿਆ ਬਈ ਨੱਭਾ ਕਿਤੇ ਚੱਲ ਵਸਿਆ। ਜਦੋਂ ਬਾਬਾ ਤੇਲਣ ਨੂੰ ਇਹ ਗੱਲ ਸੁਣੀ ਤਾਂ ਤੇਲਣ ਫ਼ਾਂਚੇ ਦੇ ਉੱਧੜ ਕੇ ਗਲ ਪੈ ਗੀ। ਕਹਿੰਦੀ ‘ਤੇਰਾ ਪਿਉ ਜਿਉਂਦਾ ਹਜੇ, ਉਰੇ ਹੋ ਮੇਰੇ ਪਿਉ ਦਿਆ ਸਾਲਿਆ ਕਮੀਨਿਆ ਕਾਲੀ ਜਬਾਨ ਆਲਿਆ। ਤੇਰੇ ਪੈ ਜੇ ਤੰਦੂਆ ਤੇਰੇ’। ਜਦੋਂ ਤੇਲਣ ਨੇ ਸੰਦ ਪਰਾਗੇ ਸਣਾਏ, ਫਾਂਚੇ ਨੇ ਤਾਂ ਬਾਬਾ ਨੇਰ੍ਹੀ ਠਾ ‘ਤੀ ਬਈ ਕਿੱਤੇ ਨੱਭੇ ਨੂੰ ਛੱਡ ਕੇ ਇਹ ਚਾਰੇ ਪੰਜੇ ਜਣੇ ਮੈਨੂੰ ਈ ਨਾ ਪੈ ਜਾਣ।”
ਗੱਲ ਸੁਣੀ ਜਾਂਦਾ ਬਾਬਾ ਸੁੱਚਾ ਸਿਉਂ ਸੱਥ ਕੋਲ ਦੀ ਲੰਘੇ ਜਾਂਦੇ ਜਰਨੈਲ ਮਾਸਟਰ ਦੇ ਹੱਥ ‘ਚ ਮਰੋੜ ਕੇ ਫ਼ੜਿਆ ਅਖ਼ਬਾਰ ਵੇਖ ਕੇ ਮਾਸਟਰ ਨੂੰ ਆਵਾਜ਼ ਮਾਰ ਕੇ ਕਹਿੰਦਾ, ”ਆ ਜਾ ਜਰਨੈਲ ਸਿਆਂ! ਤੂੰ ਈ ਸਣਾ ਜਾ ਕੋਈ ਚੜ੍ਹੀ ਲੱਥੀ ਦੀ। ਇਹ ਤਾਂ ਐਮੇਂ ਹੋਰ ਈ ਜਭਲੀਆਂ ਜੀਆਂ ਮਾਰੀ ਜਾਂਦੇ ਐ।”
ਬਾਬੇ ਸੁੱਚਾ ਸਿਉਂ ਦੀ ਆਵਾਜ਼ ਸੁਣ ਕੇ ਜਿਉਂ ਹੀ ਜਰਨੈਲ ਮਾਸਟਰ ਸੱਥ ਵਾਲੇ ਥੜ੍ਹੇ ‘ਤੇ ਬਾਬੇ ਦੇ ਕੋਲ ਆ ਕੇ ਬੈਠਾ ਤਾਂ ਨਾਥਾ ਅਮਲੀ ਮਾਸਟਰ ਨੂੰ ਕਹਿੰਦਾ, ”ਚੱਕ ਦੇ ਫ਼ਿਰ ਰੇਸ ਹੁਣ ਮਾਹਟਰ। ਸਣਾ ਦੇ ਬਾਬੇ ਨੂੰ ਨੱਥੂ ਆਲੇ ਦੇ ਟੇਸ਼ਨ ਦੀ ਖ਼ਬਰ ਕੋਈ। ਤੂੰ ਤਾਂ ਮਾਹਟਰ ਬਾਬੇ ਕੋਲੇ ਇਉਂ ਆ ਕੇ ਬਹਿ ਗਿਐਂ ਜਿਮੇਂ ਲੱਸੀ ਲੈਣ ਆਈ ਰੇਲੋ ਮਾਈ ਜਮੇਰੇ ਦਖਾਣ ਕੀ ਗੰਧੋਲੀ ਨਾਲ ਆ ਕੇ ਬਹਿ ਜਾਂਦੀ ਹੁੰਦੀ ਐ।”
ਜਮੇਰੇ ਦਖਾਣ ਦਾ ਨਾਂ ਸੁਣ ਕੇ ਸੀਤਾ ਮਰਾਸੀ ਨਾਥੇ ਅਮਲੀ ਨੂੰ ਕਹਿੰਦਾ, ”ਜਮੇਰੇ ਦਖਾਣ ਕੇ ਕਿਹੜਾ ਲਵੇਰਾ ਬੰਨ੍ਹਿਆ ਵਿਆ ਓਏ ਲੱਸੀ ਨੂੰ। ਦੁੱਧ ਤਾਂ ਉਹ ਢੋਲ ਆਲੇ ਵੀਰੇ ਝਿਓਰ ਤੋਂ ਲੈਂਦੇ ਐ। ਤੂੰ ਗਾਹਾਂ ਫ਼ੋਕੀਓ ਈ ਟੌਹਰ ਬਣਾਈ ਜਾਨੈਂ ਦਖਾਣ ਦੀ ਜਿਮੇਂ ਗਾਹਾਂ ਵੈਰੋ ਕਿਆਂ ਆਲਾ ਸਰਦਾਰਾ ਮੱਲ ਹੁੰਦਾ ਉਹੋ ਬਈ ਡੱਬਆਲੀ ਆਲੀਆਂ ਕੁੰਢੇ ਸਿੰਗਾਂ ਆਲੀਆਂ ਬੰਨ੍ਹੀ ਬੈਠਾ ਹੁੰਦਾ।”
ਬਾਬਾ ਸੁੱਚਾ ਸਿਉਂ ਸੀਤੇ ਮਰਾਸੀ ਤੇ ਨਾਥੇ ਅਮਲੀ ਨੂੰ ਘੂਰਦਾ ਬੋਲਿਆ, ”ਚੁੱਪ ਨ੍ਹੀ ਕਰਦੇ ਓਏ ਡਰਾਮੇਬਾਜੋ। ਕਿਸੇ ਪੜ੍ਹੇ ਲਿਖੇ ਦੀ ਵੀ ਕਦੇ ਸੁਣ ਲਿਆ ਕਰੋ। ਸਾਰੀ ਦਿਹਾੜੀ ਉੱਘ ਦੀਆਂ ਪਤਾਲ ਈ ਮਾਰੀ ਜਾਨੇਂ ਰਹਿਨੇਂ ਐਂ। ਤੁਰੇ ਜਾਂਦੇ ਮਾਹਟਰ ਨੂੰ ਖੜ੍ਹਾਇਆ ਤਾਂ ਇੳੇਂ ਐਂ ਬਈ ਕੋਈ ਖਬਾਰ ਦੀ ਖਬਰ ਬਾਰ ਸੁਣੀਏ, ਤੁਸੀਂ ਜੌਕਰੋ ਆਵਦਾ ਈ ਗੋਰਖ ਧੰਦਾ ਚਲਾ ਕੇ ਬਹਿ ਗੇ। ਚੁੱਪ ਕਰੋ ਹੁਣ ਨਾ ਬੋਲਿਓ। ਹਾਂ ਬਈ ਮਾਹਟਰ! ਹੁਣ ਤੂੰ ਸਣਾ ਬਈ ਖਬਾਰ ਕੀ ਕਹਿੰਦਾ?”
ਸੱਥ ਵਾਲੇ ਥੜ੍ਹੇ ਕੋਲ ਸਾਇਕਲ ਲਈ ਖੜ੍ਹਾ ਜੰਗੇ ਕਾ ਭੰਤਾ ਸਾਇਕਲ ਦਾ ਸਟੈਂਡ ਲਾ ਕੇ ਮਾਸਟਰ ਜਰਨੈਲ ਕੋਲ ਆ ਕੇ ਕਹਿੰਦਾ, ”ਆਹ ਲਾਲ ਬੱਤੀ ਦਾ ਮਾਹਟਰ ਕੀ ਰੌਲਾ ਪੈ ਗਿਆ ਬਈ। ਸੁਣਿਐਂ, ਅੱਧੇ ਲੀਡਰ ਕਹਿੰਦੇ ਅਸੀਂ ਤਾਂ ਲਾਲ ਲੈਟ ਲਾਮਾਂਗੇ। ਅੱਧੇ ਕਹਿੰਦੇ ਜੇ ਨਹੀਂ ਲਾਉਣ ਦਿੰਦੇ ਤਾਂ ਨਾ ਸਹੀ। ਇਹਦੇ ਬਾਰੇ ਕੋਈ ਆਈ ਐ ਖ਼ਬਰ ਕੁ ਨਹੀਂ?”
ਮਾਸਟਰ ਕਹਿੰਦਾ, ”ਖ਼ਬਰ ਤਾਂ ਆਈ ਐ, ਪਰ ਜਿਹੜੇ ਪਹਿਲੀ ਵਾਰ ਚੁਣੇ ਗਏ ਐ ਉਹੀ ਕਹਿੰਦੇ ਐ ਬਈ ਲਾਲ ਬੱਤੀ ਲਾਮਾਂਗੇ। ਬਾਕੀ ਫ਼ੇਰ ਵੇਖੋ ਕੀ ਹੁੰਦਾ।”
ਨਾਥਾ ਅਮਲੀ ਕਹਿੰਦਾ, ”ਹੋਣਾ ਕਰਨਾ ਤਾਂ ਮਾਹਟਰ ਕੀ ਐ, ਪਰ ਐਨਾ ਜਰੂਰ ਐ ਬਈ ਪਹਿਲੀ ਸਰਕਾਰ ਆਲੀਆਂ ਮੌਜਾਂ ਤਾਂ ਨ੍ਹੀ ਮਿਲਣੀਆਂ ਹੁਣ ਆਲਿਆਂ ਨੂੰ। ਹੁਣ ਤਾਂ ਕਹਿੰਦੇ ਨਸ਼ੇ ਪੱਤਿਆਂ ਨੂੰ ਵੀ ਜਿੰਦਰਾ ਮਾਰ ‘ਤਾ। ਕੁੰਜੀਆਂ ਲਹੌਰ ਘੱਲ ‘ਤੀਆਂ।”
ਰਾਊ ਬੁੜ੍ਹਾ ਕਹਿੰਦਾ, ”ਮੈਂ ਸੁਣਿਐਂ ਐਧਰ ਕਿਤੇ ਮਾਨਸਾ ਮੂਨਸਾ ਅੱਲੀਂ ਨਸ਼ਾ ਪੱਤਾ ਛਕਣ ਛਕਾਉਣ ਆਲਿਆਂ ਨੇ ਹੜਤਾਲ ਵੀ ਕੀਤੀ ਐ। ਕਹਿੰਦੇ ਨਮੀਂ ਸਰਕਾਰ ਦੇ ਵਰੁੱਧ ਪੁੱਠੀ ਸਿੱਧੇ ਨਾਹਰੇ ਵੀ ਲਾਏ ਐ।”
ਮਾਸਟਰ ਕਹਿੰਦਾ, ”ਅਮਲੀਆਂ ਨੇ ਵੀ ਝੰਡਾ ਚੱਕਿਐ। ਕਹਿੰਦੇ ਜਾਂ ਤਾਂ ਭੁੱਕੀ ਫ਼ੀਮ ਦੇ ਠੇਕੇ ਖੋਲ੍ਹੋ ਨਹੀਂ ਫ਼ੇਰ ਅਸੀਂ ਸੜਕਾਂ ਰੋਕਾਂਗੇ।”
ਬੁੱਘਰ ਦਖਾਣ ਕਹਿੰਦਾ, ”ਪਹਿਲੀ ਸਰਕਾਰ ਵੇਲੇ ਬਿਜਲੀ ਆਲੇ ਤੇ ਮਾਹਟਰ ਹੜਤਾਲ ਕਰਦੇ ਹੁੰਦੇ ਸੀ, ਹੁਣ ਅਮਲੀਆਂ ਨੇ ਪਾ ਲਿਆ ਕੁੱਜੀ ‘ਚ ਕਾਨਾ।”
ਮਾਹਲਾ ਨੰਬਰਦਾਰ ਨਾਥੇ ਅਮਲੀ ਦਾ ਮੋਢਾ ਝੰਜੋੜ ਕੇ ਕਹਿੰਦਾ, ”ਤੇਰਾ ਕੀ ਬਣੂ ਫ਼ਿਰ ਅਮਲੀਆ। ਤੇਰਾ ਕਿਮੇਂ ਸਰੂ ਅਮਲ ਬਿਨਾਂ?”
ਅਮਲੀ ਕਹਿੰਦਾ, ”ਮੈਂ ਤਾਂ ਹੁਣ ਨ੍ਹੀ ਖਾਂਦਾ ਕੋਈ ਅਮਲ ਦਾ ਭੋਰਾ।”
ਬਾਬੇ ਸੁੱਚਾ ਸਿਉਂ ਨੇ ਪੁੱਛਿਆ, ”ਕਦੋਂ ਕੁ ਦਾ ਧਿਆਨੂੰ ਭਗਤ ਬਣ ਗਿਐਂ ਅਮਲੀਆ ਓਏ?”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਆਵਦਾ ਨਾਉਂ ਧਰਾ ਕੇ ਸਭ ਨਸ਼ੇ ਪੱਤੇ ਤਿਆਗ ‘ਤੇ। ਇਹ ਅਮਲੀ ਆਲੀ ਪੂਛ ਹੁਣ ਕਈ ਪੀੜ੍ਹੀਆਂ ਤਕ ਨ੍ਹੀ ਲੱਥਣੀ। ਅਗਲੇ ਕਿਹਾ ਕਰਨਗੇ ‘ਆਹ ਗੱਲ ਅਮਲੀਆਂ ਦੇ, ਆਹ ਘਰ ਅਮਲੀਆਂ ਦਾ। ਆਹ ਚੀਜ ਅਮਲੀਆਂ ਦੀ। ਬਾਕੀ ਤੈਨੂੰ ਤਾਂ ਬਾਬਾ ਪਤਾ ਈ ਐ ਬਈ ਆਪਣੀ ਸੱਥ ਆਲੇ ਨਾਂਅ ਧਰਨ ਲੱਗੇ ਤਾਂ ਫ਼ੋਰਾ ਈ ਲਾਉਂਦੇ ਐ। ਆਹ ਨੱਥੂ ਪੱਲ੍ਹੇ ਕਿਆਂ ਨੂੰ ਪਿੰਡ ਆਲੇ ਕੰਜਰਾਂ ਦੇ ਕਹਿਣ ਲੱਗ ਪੇ।”
ਬਾਬੇ ਨੇ ਪੁੱਛਿਆ, ”ਕੰਜਰਾਂ ਦੇ ਕਿਮੇਂ ਹੋਏ ਬਈ ਉਹੋ?”
ਅਮਲੀ ਕਹਿੰਦਾ, ”ਜਦੋਂ ਕਦੇ ਕੋਈ ਗੱਲ ਹੋਣੀ, ਹਰੇਕ ਨੂੰ ਕਹਿ ਦਿੰਦੇ ਐ ‘ਓਏ ਕੰਜਰ ਦਿਆ’। ਜੇ ਕਿਸੇ ਬੰਦੇ ਤੋਂ ਮਾੜਾ ਮੋਟਾ ਗ਼ਲਤ ਫ਼ਲਤ ਕੰਮ ਹੋ ਜਾਂਦਾ ਤਾਂ ਆਖਣਗੇ ਆਹ ਕੀ ਓਏ ਕੰਜਰ ਦਿਆ’। ਵੱਸ! ਲੋਕ ਨੱਥੂ ਪੱਲ੍ਹੇ ਕੇ ਟੱਬਰ ਨੂੰ ਈਂ ਕੰਜਰਾਂ ਦੇ ਕਹਿਣ ਲੱਗ ਪੇ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਤਿੰਨ ਚਾਰ ਬੰਦਿਆਂ ਨੇ ਸੱਥ ‘ਚ ਆ ਕੇ ਪੁੱਛਿਆ ਬਈ ਐਥੇ ਮੋਚਨਿਆਂ ਦੇ ਘਰੇ ਜਾਣਾ। ਮੋਚਨਿਆਂ ਦਾ ਨਾਂਅ ਸੁਣ ਕੇ ਸਾਰੀ ਸੱਥ ਪਿੰਡ ‘ਚ ਨਿਗਾ ਘੁਮਾਉਣ ਲੱਗ ਪਈ ਬਈ ਮੋਚਨਿਆਂ ਦੇ ਕਿਹੜੇ ਘਰ ਨੂੰ ਕਹਿੰਦੇ ਐ?
ਮਾਹਲੇ ਨੰਬਰਦਾਰ ਨੇ ਪੁੱਛਿਆ, ”ਹੋਰ ਕੀ ਨਾਉਂ ਐਂ ਉਨ੍ਹਾਂ ਦਾ?”
ਉਨ੍ਹਾਂ ‘ਚੋਂ ਇੱਕ ਬੋਲਿਆ, ”ਉਹ ਟੁੱਟੇ ਭੱਜੇ ਅੰਗਾਂ ਦਾ ਕੰਮ ਵੀ ਕਰਦੇ ਐ।”
ਨਾਥਾ ਅਮਲੀ ਇੱਕ ਦਮ ਬੋਲਿਆ, ”ਮੋਚ ਕੱਢਣਿਆਂ ਦੇ ਐ ਬਾਈ ਓਹੋ।”
ਦੂਜਾ ਕਹਿੰਦਾ, ”ਹਾਂ, ਹਾਂ। ਅਸੀਂ ਵੀ ਗਿੱਟੇ ਦੀ ਮੋਚ ਈ ਕਢਾਉਣ ਆਏ ਆਂ।”
ਨਾਥਾ ਅਮਲੀ ਉਨ੍ਹਾਂ ਨੂੰ ਮੋਚ ਕੱਢਣਿਆਂ ਦੇ ਘਰ ਬਾਰੇ ਦੱਸਦਾ ਕਹਿੰਦਾ, ”ਆਹ ਸਿੱਧੀ ਗਲੀ ਜਾ ਕੇ ਆਟਾ ਚੱਕੀ ਕੋਲੋਂ ਘੜੀ ਆਲੇ ਹੱਥ ਮੁੜ ਕੇ ਅੱਗੋਂ ਖੂਹ ਕੋਲੋਂ ਪੁੱਛ ਲਿਉ ਬਈ ਲਮਢੀਗਾਂ ਦੇ ਜਾਣੈ। ਉਨ੍ਹਾਂ ਨੂੰ ਲਮਢੀਂਗ ਵੀ ਕਹਿੰਦੇ ਐ।”
ਅਮਲੀ ਦੀ ਗੱਲ ਸੁਣ ਕੇ ਉਹ ਬੰਦੇ ਤਾਂ ਪਿੰਡ ਵਿੱਚ ਨੂੰ ਤੁਰ ਗਏ, ਪਿੱਛੋਂ ਬਾਬੇ ਸੁੱਚਾ ਸਿਉਂ ਨੇ ਨਾਥੇ ਅਮਲੀ ਨੂੰ ਘੂਰਿਆ, ”ਸਿੱਧਾ ਨਾਂਅ ਦੱਸਿਆ ਕਰੋ ਓਏ ਅਗਲਿਆਂ ਨੂੰ। ਪੁੱਠਾ ਨਾਂਅ ਦੱਸ ਕੇ ਲੜਾਈ ਗਲ ਪਾਉਂਗੇ। ਜੇ ਇਨ੍ਹਾਂ ਨੇ ਉਨ੍ਹਾਂ ਨੂੰ ਜਾ ਕੇ ਦੱਸ ‘ਤਾ ਨਾ ਬਈ ਸੱਥ ‘ਚ ਇੱਕ ਕਾਗਜੀ ਜਾ ਭਲਵਾਨ ਸੀ ਉਹ ਸੋਨੂੰ ਪੁੱਠਾ ਸਿੱਧਾ ਬੋਲਦਾ ਸੀ। ਉਨ੍ਹਾਂ ਨੇ ਤੇਰੀ ਆ ਗਿੱਚੀ ਨੱਪਣੀ ਐ। ਫ਼ੇਰ ਲੜਾਈ ਪਊ। ਚਲੋ ਉਠੋ, ਘਰ ਨੂੰ ਤੁਰੋ।”
ਜਿਉਂ ਹੀ ਬਾਬਾ ਸੁੱਚਾ ਸਿਉਂ ਸੱਥ ‘ਚੋਂ ਉੱਠ ਕੇ ਘਰ ਨੂੰ ਤੁਰਿਆ ਤਾਂ ਬਾਕੀ ਦੀ ਸੱਥ ਵਾਲੇ ਵੀ ਸੱਥ ‘ਚੋਂ ਉੱਠ ਖੜੋਤੇ।