ਸੱਥ ਕੋਲ ਦੀ ਚੱਕਵੇਂ ਪੈਰੀਂ ਤੇਜ਼ੀ ਨਾਲ ਲੰਘੇ ਜਾਂਦੇ ਸੀਤੇ ਮਰਾਸੀ ਨੂੰ ਵੇਖ ਕੇ ਜੱਲ੍ਹੇ ਝਿਓਰ ਨੇ ਮਰਾਸੀ ਨੂੰ ਕੜਕਵੀਂ ਆਵਾਜ਼ ਮਾਰੀ, ”ਹੋ ਸੀਤਾ ਸਿਆ! ਓਏ ਸੱਥ ਤਾਂ ਐਧਰ ਐ। ਅੱਜ ਤੂੰ ਕਿੱਧਰ ਮੂੰਹ ਚੱਕਿਆ ਜਿਮੇਂ ਬੋਕ ਤੁੱਕਿਆਂ ਵੱਲ ਝਾਕਦਾ ਹੁੰਦੈ। ਕੰਜਰ ਦਿਆ ਮਰਾਸੀਆ ਅੱਗੇ ਤਾਂ ਸਾਰਿਆਂ ਤੋਂ ਪਹਿਲਾਂ ਸੱਥ ‘ਚ ਆ ਕੇ ਗੱਲਾਂ ਦੇ ਗਲੇਲੇ ਇਉਂ ਵੱਟਣ ਲੱਗ ਜਾਂਦਾ ਦੀ ਜਿਮੇਂ ਵਿਹੜੇ ਵਰਿਆਮੇ ਕੇ ਸਾਧੂ ਦਾ ਸਪੀਕਰ ਖੜਕਦਾ ਹੁੰਦੈ।
ਜਿਉਂ ਹੀ ਜੱਲ੍ਹੇ ਝਿਓਰ ਨੇ ਮਰਾਸੀ ਨੂੰ ਆਵਾਜ਼ ਮਾਰੀ ਤਾਂ ਬਾਬਾ ਨਾਜਰ ਸਿਉਂ ਜੱਲ੍ਹੇ ਦੀ ਡੌਲੇ: ਕੋਲੋਂ ਬਾਂਹ ਫੜ੍ਹ ਕੇ ਕਹਿੰਦਾ, ”ਪਿੱਛੋਂ ਨ੍ਹੀ ‘ਵਾਜ ਮਾਰੀ ਦੀ ਹੁੰਦੀ ਜੱਲ੍ਹਾ ਸਿਆਂ, ਅਗਲਾ ਕਿਸੇ ਕੰਮ ਧੰਦੇ ਜਾਂਦਾ ਹੁੰਦੈ। ਤੂੰ ਤਾਂ ਉਹਨੂੰ ਇਉਂ ‘ਵਾਜ ਮਾਰ ‘ਤੀ ਜਿਮੇਂ ਤੂੜੀ ਦੀ ਪੰਡ ਨੂੰ ਹੱਥ ਪਵਾਉਣਾ ਹੁੰਦੈ ਬਈ ਪੰਡ ਚਕਾ ਕੇ ਜਾਈਂ।”
ਪੋਹ ਦੀ ਠੰਢ ਦਾ ਭੰਨਿਆ ਖੇਸ ਦੀ ਬੁੱਕਲ ਮਾਰੀ ਠੱਕੇ ਦੀ ਭੰਨੀ ਕੱਠੀ ਹੋਈ ਬੱਕਰੀ ਵਾਂਗੂੰ ਬੈਠਾ ਨਾਥਾ ਅਮਲੀ ਬਾਬੇ ਦੀ ਗੱਲ ਸੁਣ ਕੇ ਕਹਿੰਦਾ, ”ਕੰਮ ਧੰਦੇ ਨੂੰ ਇਹ ਗਾਹਾਂ ਸੰਦੂਖ ਦੀ ਸਾਈ ਦੇਣ ਚੱਲਿਐ ਬਈ ਦਖਾਣ ਨੇ ਜਵਾਬ ਦੇ ਦੇਣੈ। ਕਿਸੇ ਦੇ ਨੱਤੀ ਬੁੱਤੀ ਦੇਣ ਜਾਂਦਾ ਹੋਣੈ ਬਈ ਫ਼ਲਾਣਿਆਂ ਦੇ ਵਿਆਹ ਫ਼ਲਾਣਿਆਂ ਦੇ ਮੁੰਡੇ ਦੀ ਰੋਪਣਾ ਪੈਣੀ ਐਂ। ਇਹ ਹੀ ਕੰਮ ਹੁੰਦੈ ਮਰਾਸੀਆਂ ਦਾ, ਹੋਰ ਇਹ ਕਿਹੜਾ ਮੰਤਰੀ ਦੇ ਅਹਿਲਕਾਰ ਹੁੰਦੇ ਐ ਬਈ ਹੱਥ ਪੱਲੇ ਤਾਂ ਕੁਸ ਹੁੰਦਾ ਨ੍ਹੀ ਚੱਲੋ ਪਿੰਡ ‘ਚ ਫ਼ੋਕੀ ਈ ਟੌਹਰ ਬਣਾ ਲੋ।”
ਮਾਹਲਾ ਨੰਬਰਦਾਰ ਕਹਿੰਦਾ, ”ਨਹੀਂ ਯਾਰ, ਹੈ ਤਾਂ ਕਿਸੇ ਕੰਮ ਚੀ। ਨਹੀਂ ਤਾਂ ਐਨਾ ਕੁਸ ਸੁਣਨ ‘ਤੇ ਸੋਨੂੰ ਐਹੋ ਜਾ ਜਵਾਬ ਦੇਣਾ ਸੀ ਮੀਰ ਨੇ ਸੋਨੂੰ ਸਾਰਿਆਂ ਨੂੰ ਸੱਤਰੰਗੀ ਪੀਂਘ ਅਰਗਾ ਕਰ ਦੇਣਾ ਸੀ।”
ਬਾਬਾ ਨਾਜਰ ਸਿਉਂ ਕਹਿੰਦਾ, ”ਜਵਾਬ ਤਾਂ ਓਹਨੇ ਮਾਹਲਾ ਸਿਆਂ ਹੁਣ ਵੀ ਦੇ ਦੇਣਾ ਸੀ, ਪਰ ਓਹਨੂੰ ਸੁਣਿਆਂ ਈ ਨ੍ਹੀ। ਉਹ ਤਾਂ ਆਵਦੇ ਧਿਆਨ ‘ਚ ਨੰਘ ਗਿਆ। ਸੋਨੂੰ ਜਾਭਾਂ ਦੇ ਭੇੜ ਪਾ ਗਿਆ। ਇਹ ਮਰਾਸੀ ਜਾਤ ਤਾਂ ਚੁੱਪ ਕਰੀ ਵੀ ਪੰਜੀ ਦਾ ਭੌਣ ਦਖਾ ਦਿੰਦੀ ਐ।”
ਨਾਥਾ ਅਮਲੀ ਕਹਿੰਦਾ, ”ਸੁਣਿਆਂ ਤਾਂ ਬਾਬਾ ਕਿਉਂ ਨ੍ਹੀ ਹੋਣਾ। ਗੱਲ ਕਰ ‘ਵਾਜ ਈ ਬੰਦੇ ਨੇ ਮਾਰੀ ਐ, ਜੇ ਕਿਸੇ ਤੀਮੀਂ ਨੇ ‘ਵਾਜ ਮਾਰੀ ਹੁੰਦੀ ਤਾਂ ਇਹੀ ਮਰਾਸੀ ਨੇ ਲੀਲੂ ਦੇ ਸਪੀਕਰ ਆਂਗੂੰ ਖੜਕਣਾ ਸੀ। ਜਿਹੜੀ ਗੱਲੋਂ ਉਹ ਡਰਦਾ ਸੀ ਬਈ ਸੱਥ ‘ਆਲੇ ਕਿਤੇ ‘ਵਾਜ ਨਾ ਮਾਰ ਲੈਣ, ਉਹੀ ਗੱਲ ਹੋ ਗੀ। ਮਚਲਾ ਜਾ ਹੋ ਕੇ ਆਪਣੇ ਕੋਲ ਦੀ ਇਉਂ ਭੱਜ ਕੇ ਨੰਘ ਗਿਆ ਜਿਮੇਂ ਮੰਡੀ ‘ਚ ਪਈ ਝੋਨੇ ਦੀ ਗਿੱਲੀ ਢੇਰੀ ਵੇਖ ਕੇ ਬੋਲੀ ਲਾਉਣ ਆਲਾ ਇੰਸਪਿਟਰ ਗਰਨ ਗਰਨ ਕਰਕੇ ਜੱਟ ਦੇ ਰੌਲਾ ਪਾਉਂਦੇ ਤੋਂ ਨੰਘ ਜਾਂਦਾ ਹੁੰਦਾ। ਸਭ ਕੁਸ ਸੁਣ ਲਿਆ ਓਹਨੇ। ਹੁਣ ਜਦੋਂ ਵੀ ਸੱਥ ‘ਚ ਆਇਆ ਸਭ ਦਾ ਮਿੰਨੀ ਬੱਸ ‘ਚ ਵਿਕਦੇ ਮਰੂੰਡੇ ਆਲਾ ਹਾਲ ਕਰਦੂ।”
ਏਨੇ ਚਿਰ ਜਿਉਂ ਹੀ ਬੁੱਘਰ ਦਖਾਣ ਸੱਥ ‘ਚ ਆਇਆ ਤਾਂ ਬਾਬੇ ਨਾਜਰ ਸਿਉਂ ਨੇ ਮਿਸ਼ਕ ਮੀਣੀ ਆਵਾਜ਼ ‘ਚ ਬੁੱਘਰ ਨੂੰ ਪੁੱਛਿਆ, ”ਕਿਉਂ ਬਈ ਬੁੱਘਰ ਸਿਆਂ! ਅੱਜ ਤੇਰੇ ਗੁਆਂਢੀ ਸੀਤੇ ਮਰਾਸੀ ਨੇ ਯਾਰ ਸੱਥ ਵੱਲ ਮੂੰਹ ਨ੍ਹੀ ਕੀਤਾ। ਸੱਥ ਕੋਲ ਦੀ ਇਉਂ ਭੱਜ ਕੇ ਨੰਘ ਗਿਆ ਜਿਮੇਂ ਗਾਹਾਂ ਸੱਤ ਰੋਜੀ ਪਾਣੀ ਦੀ ਵਾਰੀ ਨੰਘਦੀ ਹੁੰਦੀ ਐ। ਅਸੀਂ ਆਨ੍ਹੇ ਬਹਾਨੇ ਬਥੇਰਾ ਕੁਸ ਬੋਲਿਆ ਵੀ, ਪਰ ਪਤੰਦਰ ਨੇ ਸਾਹ ਈ ਨ੍ਹੀ ਭਰਿਆ ਜਿਮੇਂ ਬੋਲ਼ਾ ਹੋ ਗਿਆ ਹੁੰਦਾ।”
ਬੁੱਘਰ ਦਖਾਣ ਕਹਿੰਦਾ, ”ਭਾਨੇ ਜੋਗੀ ਕੇ ਤੇ ਮਰਾਸੀਆਂ ਦੇ ਜੁਆਕਾਂ ਦਾ ਕੋਈ ਆਪਸ ਵਿੱਚ ਰੌਲਾ ਪਿਆ। ਮੈਨੂੰ ਦੱਸਿਓ ਹੁਣੇ ਈ ਨੰਘਿਆ ਭਲਾਂ ਧਰਮਸਾਲਾ ਵੱਲ ਨੂੰ?”
ਮਾਹਲਾ ਨੰਬਰਦਾਰ ਕਹਿੰਦਾ, ”ਆਹ ਹੁਣੇ ਮਿੰਟ ਸਾਰੇ ਦੋ ਨ੍ਹੀ ਹੋਏ ਨੰਘੇ ਨੂੰ।”
ਬੁੱਘਰ ਕਹਿੰਦਾ, ‘ਇਹ ਸੀਤੇ ਦੇ ਮੁੰਡੇ ਤੇ ਭਾਨੇ ਜੋਗੀ ਦੇ ਜੁਆਕਾਂ ਦਾ ਕੋਈ ਚੱਕਰ ਐ। ਇਹ ਮਰਾਸੀਆਂ ਦੇ ਮੁੰਡੇ ਨੇ ਭਾਨੇ ਦੇ ਜੁਆਕ ਨੂੰ ਕੁਸ ਕਹਿ ਕੂਹ ਦਿੱਤਾ ਹੋਣੈ। ਪਹਿਲਾਂ ਤਾਂ ਸੀਤੇ ਕੇ ਘਰੇ ਬਥੇਰਾ ਰੌਲਾ ਪਿਆ। ਹੁਣ ਇਹ ਭਾਨੇ ਕੇ ਘਰੇ ਮਿੰਨਤ ਤਰਲਾ ਕਰਨ ਗਿਆ ਹੋਣੈ। ਬਾਕੀ ਫੇਰ ਭਾਈ ਹੋਰ ਆਥਣ ਸਵੇਰ ਨੂੰ ਪਤਾ ਲੱਗ ਜੂ ਬਈ ਚੰਦ ਚੜ੍ਹਿਆ ਕਿੱਧਰੋਂ ਸੀ?”
ਤਾਸ਼ ਖੇਡੀ ਜਾਂਦਾ ਮੇਲਾ ਫ਼ੌਜੀ ਕਹਿੰਦਾ, ”ਇਹ ਤਾਂ ਕੱਲ੍ਹ ਦੀ ਗੱਲ ਐ।”
ਬਾਬਾ ਨਾਜਰ ਸਿਉਂ ਮੇਲੇ ਨੂੰ ਕਹਿੰਦਾ, ”ਕੀ ਗੱਲ ਐ ਫ਼ੌਜੀਆ ਇਹੇ, ਤੈਨੂੰ ਪਤੈ ਕੁਸ। ਕਿਤੇ ਭਾਨੇ ਕੀ ਕੁੜੀ ਕੜੀ ਨੂੰ ਤਾਂ ਕੁਸ ਕਹਿ ‘ਤਾ ਮੁੰਡੇ ਨੇ?”
ਫੌਜੀ ਕਹਿੰਦਾ, ”ਕਾਹਨੂੰ ਕਿਸੇ ਕੁੜੀ ਕੜੀ ਨੂੰ ਕੁਸ ਕਿਹਾ। ਇਹ ਤਾਂ ਸੀਤੇ ਦੇ ਮੁੰਡੇ ਨੇ ਈਂ ਮਰਾਸੀ ਨੂੰ ਸ਼ੱਕ ਪਾ ‘ਤੀ। ਇਹ ਸੀਤਾ ਹੁਣ ਘਬਰਾਇਆ ਵਿਆ ਭਾਨੇ ਕੇ ਘਰ ਨੂੰ ਗਿਆ।”
ਨਾਥਾ ਅਮਲੀ ਹੈਰਾਨ ਹੋ ਕੇ ਬੋਲਿਆ, ”ਤਾਹੀਂ ਲਾਲ ਪੀਲਾ ਹੋਇਆ ਜਾਂਦਾ ਸੀ। ਮੂੰਹ ਵੇਖਿਆ ਸੀ ਕਿਮੇਂ ਸਜਾਇਆ ਵਿਆ ਸੀ ਜਿਮੇਂ ਸੁੱਥੂ ‘ਚ ਤੂੜੀ ਭਰੀ ਹੁੰਦੀ ਐ।”
ਫੌਜੀ ਕਹਿੰਦਾ, ”ਗੱਲ ਸੀ ਤਾਂ ਨਹੀਂ, ਪਰ ਮਰਾਸੀਆਂ ਨੂੰ ਮੁੰਡੇ ਦੇ ਦੱਸਣ ‘ਤੇ ਸ਼ੱਕ ਹੋ ਗੀ ਬਈ ਕਿਤੇ ਮੁੰਡੇ ਨੇ ਭਾਨੇ ਦੀ ਕੁੜੀ ਨੂੰ ਕੁਸ ਕਹਿ ਕੂਹ ਨਾ ਦਿੱਤਾ ਹੋਵੇ। ਇਹਦਾ ਸੀਤੇ ਦੇ ਭਰਾ ਜੱਗੂ ਦਾ ਵੇਖ ਲਾ ਭਾਨੇ ਜੋਗੀ ਦੇ ਘਰ ਦੇ ਨਾਲ ਘਰ ਐ। ਦੋਹਾਂ ਦੀ ਕੰਧ ਸਾਂਝੀ ਐ। ਕੋਠੇ ਵੀ ਨਾਲ ਨਾਲ ਲੱਗਦੇ ਐ। ਇਹਦਾ ਸੀਤੇ ਦਾ ਮੁੰਡਾ ਜੱਗੂ ਦੇ ਜੁਆਕਾਂ ਨਾਲ ਖੇਡਣ ਦਾ ਮਾਰਾ ਸਾਰਾ-ਸਾਰਾ ਦਿਨ ਜੱਗੂ ਕੇ ਘਰੇ ਰਹਿੰਦਾ। ਦੂਜੀ ਗੱਲ ਐ ਵੋਟਾਂ ਦੀ ਜਿਹੜੀਆਂ ਸਿਰ ‘ਤੇ ਆਈਆਂ ਖੜ੍ਹੀਆਂ। ਅੱਜ ਕਿਤੇ ਤੜਕੇ ਆਹ ਆਪਣੇ ਪਿੰਡ ਆਲੇ ਹਾਥੀ ਪਾਲਟੀ ਆਲੇ ਸੀਤੇ ਮਰਾਸੀ ਕੇ ਘਰੇ ਵੋਟਾਂ ਨੂੰ ਕਹਿਣ ਆਏ ਸੀ। ਮੈਂ ਵੀ ਉਦੋਂ ਸੀਤੇ ਕੇ ਘਰੇ ਸੀ। ਉਹ ਹਾਥੀ ਪਾਲਟੀ ਆਲੇ ਸੀਤੇ ਨੂੰ ਕਹਿੰਦੇ ‘ਨਾਲੇ ਤਾਂ ਸੀਤਾ ਸਿਆਂ ਤੁਸੀਂ ਵੋਟਾਂ ਪਾਇਓ, ਨਾਲੇ ਆਵਦੇ ਭਰਾ ਨੂੰ ਕਿਹੋ। ਨਾਲੇ ਹੋਰ ਆਂਢ ਗੁਆਂਢ ਨੂੰ ਵੀ ਜੋਰ ਪਾ ਕੇ ਆਖਿਓ ਵੋਟਾਂ ਨੂੰ । ਭਾਨੇ ਜੋਗੀ ਕੇ ਵੇਖ ਲਾ ਤੇਰੇ ਭਰਾ ਦੇ ਖਾਸ਼ ਬੰਦੇ ਐ ਉਨ੍ਹਾਂ ਨੂੰ ਵੀ ਕਹੀਂ ਜਾ ਕੇ’।”
ਨਾਥਾ ਅਮਲੀ ਫ਼ੋਜੀ ਦੀ ਗੱਲ ਵਿੱਚੋਂ ਟੋਕ ਕੇ ਕਹਿੰਦਾ, ”ਅੱਛਿਆ ਹੁਣ ਫ਼ਿਰ ਮਰਾਸੀ ਭਾਨੇ ਜੋਗੀ ਕਿਆਂ ਨੂੰ ਵੋਟਾਂ ਨੂੰ ਕਹਿਣ ਗਿਆ ਹੈਂਅ?”
ਅਮਲੀ ਦੀ ਗੱਲ ਸੁਣ ਕੇ ਮੇਲਾ ਫੌਜੀ ਅਮਲੀ ਨੂੰ ਇਉਂ ਕਤਾੜ ਕੇ ਪੈ ਗਿਆ ਜਿਮੇਂ ਗਾਰੇ ਨਾਲ ਲਿਬੜਿਆ ਸੂਰ ਕਤੂਰੇ ਨੂੰ ਪੈ ਗਿਆ ਹੋਵੇ। ਅਮਲੀ ਨੂੰ ਕਹਿੰਦਾ, ”ਓਏ ਬਿੰਗੜਾ ਜਿਆ ਕਿਸੇ ਦੀ ਸੁਣ ਵੀ ਲਿਆ ਕਦੇ। ਊਈਂ ਬੋਲੀਂ ਜਾਦਾ ਰਹਿਨੈ ਓਏ। ਪਹਿਲਾਂ ਗੱਲ ਤਾਂ ਸੁਣ ਲਿਆ ਕਰ।”
ਬਾਬੇ ਨਾਜਰ ਸਿਉਂ ਨੇ ਵੀ ਅਮਲੀ ਨੂੰ ਘੂਰਿਆ, ”ਚੁੱਪ ਕਰ ਯਾਰ ਨਾਥਾ ਸਿਆ। ਚੰਗੀ ਤਰਾਂ ਗੱਲ ਸੁਣਨ ਦੇ।”
ਮਾਹਲਾ ਨੰਬਰਦਾਰ ਮੇਲੇ ਫੌਜੀ ਨੂੰ ਕਹਿੰਦਾ, ”ਚੱਲ ਤੂੰ ਗੱਲ ਸਣਾ ਯਾਰ। ਇਹ ਨ੍ਹੀ ਬੋਲਦਾ ਹੁਣ ਵਿੱਚ।”
ਮੇਲੇ ਫ਼ੌਜੀ ਨੇ ਫ਼ੇਰ ਤੋਰ ਲਈ ਲੜੀ। ਕਹਿੰਦਾ, ”ਹਾਥੀ ਪਾਲਟੀ ਆਲੇ ਤਾਂ ਬਾਬਾ ਏਨੀ ਗੱਲ ਕਹਿ ਕੇ ਉਠ ਗੇ ਬਈ ਵੋਟਾਂ ਸਾਨੂੰ ਪਾਇਓ। ਇਹਦਾ ਸੀਤੇ ਦਾ ਮੁੰਡਾ ਸੀਤੇ ਨੂੰ ਕਹਿੰਦਾ ‘ਵੱਡੇ ਅੱਬੂ ਨੇ ਤਾਂ ਹਾਥੀ ਆਲਿਆਂ ਨੂੰ ਵੋਟ ਪਾਉਣੀਉਂ ਈਂ ਐਂ, ਪਰ ਭਾਨੇ ਜੋਗੀ ਕੇ ਨ੍ਹੀ ਹਾਥੀ ਆਲਿਆਂ ਨੂੰ ਵੋਟ ਪਾਉਂਦੇ। ਉਹ ਤਾਂ ਝਾੜੂ ਆਲਿਆਂ ਵੱਲ ਐ। ਸੀਤੇ ਨੇ ਮੁੰਡੇ ਨੂੰ ਪੁੱਛਿਆ ‘ਤੈਨੂੰ ਕੀ ਪਤਾ ਬਈ ਉਹ ਝਾੜੂ ਆਲਿਆਂ ਵੱਲ ਐ’? ਮੁੰਡਾ ਕਹਿੰਦਾ ‘ਅਸੀਂ ਜਦੋਂ ਕੱਲ੍ਹ ਵੱਡੇ ਅੱਬੂ ਕੇ ਘਰੇ ਪਤੰਗ ਚੜ੍ਹਾਉਂਦੇ ਸੀ ਨਾਹ, ਭਾਨੇ ਕੀ ਕੁੜੀ ਆਵਦੇ ਕੋਠੇ ਦੀ ਛੱਤ ਸੰਭਰੀ ਜਾਂਦੀ ਸੀ। ਉਹ ਖੜ੍ਹੀ ਸਾਡੇ ਪਤੰਗਾਂ ਵੱਲ ਵੇਖਣ ਲੱਗ ਪੀ। ਮੈਂ ਕੁੜੀ ਵੱਲ ਵੇਖ ਕੇ ਐਮੇਂ ਥੋੜਾ ਜਾ ਹੱਸ ਪਿਆ। ਕੁੜੀ ਨੇ ਮੈਨੂੰ ਦੋ ਤਿੰਨ ਵਾਰੀ ਝਾੜੂ ਵਖਾਇਆ। ਮੈਂ ਗੱਲ ਸਮਝ ਗਿਆ ਬਈ ਇਹ ਤਾਂ ਝਾੜੂ ਵੱਲ ਐ’। ਮੁੰਡੇ ਦੀ ਗੱਲ ਸੁਣ ਬਾਬਾ, ਸੀਤਾ ਮਰਾਸੀ ਤਾਂ ਲੋਹਾ ਲਾਖਾ ਹੋ ਗਿਆ ਬਈ ਇਹਨੇ ਮੁੰਡੇ ਨੇ ਭਾਨੇ ਦੀ ਕੁੜੀ ਨੂੰ ਕੁਸ ਕਿਹਾ ਹੋਣੈ, ਕੁੜੀ ਨੇ ਗੁੱਸੇ ‘ਚ ਇਹਨੂੰ ਝਾੜੂ ਵਖਾਕੇ ਘੂਰਿਆ ਹੋਣੈ। ਇਹ ਸਮਝ ਗਿਆ ਬਈ ਕੁੜੀ ਝਾੜੂ ਵਖਾ ਕੇ ਕਹਿੰਦੀ ਐ ਅਸੀਂ ਤਾਂ ਝਾੜੂ ਆਲਿਆਂ ਵੱਲ ਐਂ। ਸੀਤੇ ਨੇ ਪਹਿਲਾਂ ਤਾਂ ਮੁੰਡੇ ਨੂੰ ਭੰਨਿਆਂ ਨੂਣ ਆਂਗੂੰ। ਫ਼ੇਰ ਖੜ੍ਹਾ-ਖੜ੍ਹਾ ਹੁਣ ਭਾਨੇ ਜੋਗੀ ਕੇ ਘਰ ਨੂੰ ਉਨ੍ਹਾਂ ਦਾ ਮਿੰਨਤ ਤਰਲਾ ਕਰਨ ਗਿਆ। ਆਹ ਗੱਲ ਐ ਬਾਬਾ। ਤਾਂ ਕਰ ਕੇ ਨ੍ਹੀ ਮਰਾਸੀ ਸੱਥ ‘ਚ ਖੜ੍ਹਾ। ਹੋਰ ਆਪਾਂ ਕਿਹੜਾ ਉਹਦੇ ਚੂੰਢੀਆਂ ਵੱਢਦੇ ਆਂ ਬਈ ਸੱਥ ‘ਚ ਆਉਣੋ ਹਟ ਗਿਆ।”
ਰਤਨਾ ਮੈਂਬਰ ਕਹਿੰਦਾ, ”ਐਮੇਂ ਮਰਾਸੀ ਡਰ ਗਿਆ। ਭਾਨਾ ਜੋਗੀ ਐਨੀ ਜੋਗਾ ਕਿੱਥੇ ਐ ਬਈ ਕਿਸੇ ਨੂੰ ਕੁਸ ਆਖਦੇ।”
ਮੈਂਬਰ ਦੀ ਗੱਲ ਸੁਣ ਕੇ ਨਾਥਾ ਅਮਲੀ ਕਹਿੰਦਾ, ”ਵਾਹ ਓਏ ਬਿੰਬਰਾ ਤੇਰੇ। ਜਿੰਨਾਂ ਭਾਨਾ ਲੜਦਾ ਲੋਕਾਂ ਨਾਲ ਓਨਾਂ ਤਾਂ ਸਾਰਾ ਪਿੰਡ ਨ੍ਹੀ ਲੜਦਾ। ਬੱਕਰੀ ਤਾਂ ਕੌਰੂ ਆਜੜੀ ਦੀ ਚੋਰੀ ਹੋਈ ਸੀ, ਲੜਿਆ ਇਹੇ ਘੁੱਲੇ ਸਰਪੈਂਚ ਨਾਲ ਉਹਦੇ ਘਰੇ ਜਾ ਕੇ। ਬਿਨਾਂ ਗੱਲੋਂ ਈ ਸਰਪੈਂਚ ਨਾਲ ਝੱਜੂ ਪਾ ਕੇ ਬਹਿ ਗਿਆ। ਕਹਿੰਦਾ ‘ਹਾਂ-ਹਾਂ, ਵਿਆਹ ਤਾਂ ਤੇਰੇ ਮੁੰਡੇ ਦਾ, ਹੋਰ ਤਾਂ ਕਿਸੇ ਦੇ ਪਿੰਡ ‘ਚ ਵਿਆਹ ਈ ਨ੍ਹੀ। ਤੈਥੋਂ ਬਿਨਾਂ ਬੱਕਰੀ ਫ਼ੇਰ ਕੌਣ ਲੈ ਗਿਆ’? ਅਕੇ ਸਰਪੈਂਚ ਕਹਿੰਦਾ ‘ਸਾਲਿਆ ਮੈਂ ਚੋਰ ਆਂ। ਮੈਂ ਪਿੰਡ ਦਾ ਮੁਖੀ ਆਂ। ਮੈਂ ਪਿੰਡ ‘ਚ ਹੁੰਦੀਆਂ ਚੋਰੀਆਂ ਹਟਾਉਣੀਆਂ ਕੁ ਚੋਰੀ ਮੈਂ ਕਰਨ ਲੱਗ ਪਿਆ ਸਰਪੈਂਚ ਬਣ ਕੇ। ਉਹਨੇ ਸਰਪੈਂਚ ਨੇ ਭਾਈ ਜਦੋਂ ਛੱਲੀਆਂ ਕੁੱਟਣ ਆਲਾ ਟੰਬਾ ਚੱਕਿਆ ਤਾਂ ਇਹ ਬੁੜ ਬੁੜ ਜੀ ਕਰਦਾ ਸਰਪੈਂਚ ਦੇ ਘਰੋਂ ਇਉਂ ਭੱਜਿਆ ਜਿਮੇਂ ਡਾਂਗਾਂ ਵਰ੍ਹਦੀਆਂ ਤੋਂ ਚੰਦੀਗੜ੍ਹੋਂ ਮਟਕਾ ਚੌਂਕ ‘ਚ ਮਾਹਟਰ ਭੱਜਦੇ ਹੁੰਦੇ ਐ। ਤੂੰ ਬਿੰਬਰਾ ਕਹੀ ਜਾਨੈਂ ਅਕੇ ਭਾਨਾ ਕਿੱਥੇ ਐ ਕਿਸੇ ਨਾਲ ਲੜਣ ਆਲਾ। ਬੱਕਰੀ ਕੌਰੂ ਆਜੜੀ ਦੀ ਚੋਰੀ ਹੋਈ ਸੀ। ਲੜਦਾ ਇਹ ਐ ਬੱਕਰੀ ਪਿੱਛੇ। ਫੇਰ ਲੜਿਆ ਵੀ ਵੇਖ ਕੀਹਦੇ ਨਾਲ ਐ ਜਾ ਕੇ। ਸਰਪੈਂਚ ਨਾਲ।”
ਬਾਬਾ ਨਾਜਰ ਸਿਉਂ ਹੱਸ ਕੇ ਕਹਿੰਦਾ, ”ਖਾਣੀ ਆਪ ਈ ਨਾ ਬੱਕਰੀ ਚੋਰੀ ਕਰਕੇ ਲੈ ਗਿਆ ਹੋਵੇ।”
ਗੱਲਾਂ ਕਰਦਿਆਂ ਕਰਦਿਆਂ ਏਨੇ ਚਿਰ ਨੂੰ ਬੱਦਲ ਵੀ ਗਰਜੇ ਤੇ ਕੋਈ ਕੋਈ ਕਣੀ ਵੀ ਡਿੱਗਣੀ ਸ਼ੁਰੂ ਹੋ ਗਈ। ਬਾਬਾ ਨਾਜਰ ਸਿਉਂ ਮਾੜੀਆਂ ਮੋਟੀਆਂ ਕਣੀਆਂ ਡਿੱਗਦੀਆਂ ਵੇਖ ਕੇ ਕਹਿੰਦਾ, ”ਚੱਲੋ ਬਈ ਹੁਣ ਤਾਂ ਘਰਾਂ ਨੂੰ ਜਾਣਾ ਈ ਪੈਣੈ। ਕਣੀਆਂ ਜੀਆਂ ਡਿੱਗਣ ਲੱਗ ਪਈਆਂ। ਮੀਂਹ ਵੀ ਆਊਗਾ ਅੱਜ। ਸਿਆਲ ਦੇ ਦਿਨ ਐਂ, ਹੋਰ ਨਾ ਕਿਤੇ ਸੱਥ ‘ਚ ਬੈਠੇ ਭਿੱਜ ਕੇ ਨਚੋੜੇ ਗਦੈਲੇ ਅਰਗੇ ਹੋ ਜੀਏ। ਚੱਲੋ ਉੱਠੋ ਚੱਲੀਏ।”
ਬਾਬੇ ਦੀ ਗੱਲ ਸੁਣਦੇ ਸਾਰ ਹੀ ਸਾਰੇ ਜਣੇ ਸੱਥ ‘ਚੋਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਚੱਲ ਪਏ।