ਪਿੰਡ ਦੀ ਸੱਥ ਵਿੱਚੋਂ (ਕਿਸ਼ਤ-217)

main-news-300x150-1-300x150ਸੱਥ ਕੋਲ ਦੀ ਲੰਘੀ ਜਾਂਦੀ ਗੱਜਣ ਮੈਂਬਰ ਕੀ ਟਰਾਲੀ ‘ਚ ਬੈਠੀਆਂ ਦੋ ਤਿੰਨ ਬੁੜ੍ਹੀਆਂ ਅਤੇ ਦੋ ਕੁ ਬੰਦਿਆਂ ਨੂੰ ਵੇਖ ਕੇ ਬਾਬੇ ਚੜ੍ਹਤ ਸਿਉਂ ਨੇ ਨਾਲ ਬੈਠੇ ਸੂਬੇਦਾਰ ਰਤਨ ਸਿਉਂ ਨੂੰ ਪੁੱਛਿਆ, ”ਕਿਉਂ ਬਈ ਸੂਬੇਦਾਰਾ! ਆਹ ਕੀਹਨੂੰ ਟਰਾਲੀ ‘ਚ ਪਾਈ ਜਾਂਦੇ ਐ ਮੰਜੇ ‘ਤੇ? ਇਹ ਤਾਂ ਇਉਂ ਲੱਗਦਾ ਜਿਮੇਂ ਕਿਸੇ ਬੰਬਾਰ ਨੂੰ ਹੱਥਪਤਾਲ ਲੈ ਕੇ ਚੱਲੇ ਹੁੰਦੇ ਐ। ਔਹ ਮਗਰਲੇ ਪਾਸੇ ਟਰਾਲੀ ‘ਚ ਬਿਸ਼ਨੇ ਦਾ ਵੱਡਾ ਮੁੰਡਾ ਕੁ ਕੋਈ ਹੋਰ ਐ?”
ਸੂਬੇਦਾਰ ਨੇ ਗਾਹਾਂ ਸੀਤੇ ਮਰਾਸੀ ਨੂੰ ਪੁੱਛ ਲਿਆ, ”ਕੌਣ ਐਂ ਮੀਰ ਇਹੇ ਤੈਨੂੰ ਤਾਂ ਪਤਾ ਹੋਣੈ?”
ਜਦੋਂ ਸੂਬੇਦਾਰ ਰਤਨ ਸਿਉਂ ਨੇ ਸੀਤੇ ਮਰਾਸੀ ਨੂੰ ਟਰਾਲੀ ‘ਚ ਲਈ ਜਾਂਦੇ ਬਿਮਾਰ ਬਾਰੇ ਪੁੱਛਿਆ ਤਾਂ ਸੂਬੇਦਾਰ ਦੀ ਗੱਲ ਸੁਣ ਕੇ ਨਾਥਾ ਅਮਲੀ ਸੂਬੇਦਾਰ ਨੂੰ ਬਗਾਨੇ ਪਿੰਡ ਦੇ ਕਤੀੜ੍ਹ ਵਾਂਗੂੰ ਕਤਾੜ ਕੇ ਪੈ ਗਿਆ, ”ਮੀਰ ਕੀ ਚੌਕੀਂਦਾਰ ਲੱਗਿਆ ਵਿਆ ਬਈ ਸਾਰੇ ਪਿੰਡ ਦੀਆਂ ਬੰਬਾਰੀਆਂ ਦਾ ਇਹਨੂੰ ਈ ਪਤਾ। ਇਹਨੂੰ ਕੀ ਪਤਾ ਬਈ ਕੀਹਨੂੰ ਕਿਹੜੀ ਬੰਬਾਰੀ ਐ ਕੀਹਨੂੰ ਕਿਹੜੀ ਐ। ਇਹ ਤਾਂ ਫ਼ੌਜੀਆ ਆਪ ਈ ਬੰਬਾਰਾਂ ਅਰਗਾ ਹੋਇਆ ਪਿਐ। ਜਾਬ੍ਹਾਂ ਵਿੱਚ ਨੂੰ ਵੜੀਆਂ ਪਈਆਂ। ਲੱਕ ‘ਤੇ ਸੁੱਥੂ ਨੂੰ ਖੜ੍ਹਦਾ। ਝੱਗੇ ‘ਚ ਇਉਂ ਲੱਗਦੈ ਜਿਮੇਂ ਖੰਡ ਆਲੀ ਖਾਲੀ ਬੋਰੀ ‘ਚ ਮਧਾਣੀ ਪਈ ਹੁੰਦੀ ਐ। ਮਰਾਸੀਆਂ ਦਾ ਮੁੰਡਾ ਹੋਵੇ, ਸਰੀਰ ਸੁੱਕ ਕੇ ਇਉਂ ਹੋਇਆ ਪਿਆ ਹੋਵੇ ਜਿਮੇਂ ਇੰਜਨ ਦੇ ਪਾਣੀ ਆਲੇ ਦੌਰੇ ਆਲੀ ਪਲਾਸਕ ਦੀ ਪੈਪ ਸੁੰਗੜ ਕੇ ਪਿਚਕੀ ਪਈ ਹੋਵੇ, ਗੱਲ ਮੰਨਣ ‘ਚ ਨ੍ਹੀ ਆਉਂਦੀ। ਨਾਲੇ ਇਹ ਕਿੱਧਰੋਂ ਆ ਗਿਆ ਹਰਨਾਮਾ ਡਾਕਦਾਰ। ਇਨ੍ਹਾਂ ਮਰਾਸੀਆਂ ਦੇ ਲਾਣੇ ‘ਚ ਜੇ ਕਿਸੇ ਨੂੰ ਕੋਈ ਮਾੜੀ ਮੋਟੀ ਮਰਜ ਹੋ ਜੇ, ਇਹ ਤਾਂ ਬਾਹਰਲੇ ਡੇਰੇ ਆਲੇ ਜੋਗੇ ਬਾਬੇ ਤੋਂ ‘ਥੌਲ੍ਹਾ ਪੁਆ ਕੇ ਆਉਂਦੇ ਐ।”
ਬਾਬਾ ਚੜ੍ਹਤ ਸਿਉਂ ਕਹਿੰਦਾ, ”ਓ ਯਾਰ ਤੁਸੀਂ ਤਾਂ ਹੋਰ ਈ ਪਾਸੇ ਲੈ ਗੇ ਐ ਗੱਲ ਨੂੰ। ਪੁੱਛਿਆ ਤਾਂ ਸੋਨੂੰ ਬਈ ਟਰੈਲੀ ‘ਚ ਕੀਹਨੂੰ ਪਾਈ ਜਾਂਦੇ ਐ, ਕੌਣ ਐ ਬੰਬਾਰ। ਤੁਸੀਂ ਪਤੰਦਰੋ ਆਵਦਾ ਈ ਤਾਣਾ ਪੇਟਾ ਕਸੀਦਣ ਬਹਿ ਗੇ।”
ਨਾਥਾ ਅਮਲੀ ਬਾਬੇ ਨੂੰ ਕਹਿੰਦਾ, ”ਤੂੰ ਦੱਸ ਬਾਬਾ ਕੀ ਪੁੱਛਦੈਂ?”
ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, ”ਇਹ ਬਾਬਾ ਤਾਂ ਤੇਰਾ ਇਉਂ ਪੁੱਛਦਾ ਬਈ ਆਹ ਜਿਹੜੀ ਟਰੈਲੀ ਹੁਣੇ ਈ ਸੱਥ ਕੋਲ ਦੀ ਨੰਘੀ ਐ, ਇਹਦੇ ‘ਚ ਕਿਹੜੇ ਬੰਬਾਰ ਨੂੰ ਲੈ ਕੇ ਗਏ ਐ। ਕੌਣ ਸੀ ਓਹੋ? ਆਹ ਗੱਲ ਪੁੱਛਦੇ ਐ। ਜੇ ਤੈਨੂੰ ਪਤਾ ਤਾਂ ਤੂੰ ਦੱਸ ਦੇ। ਫ਼ੇਰ ਗਾਹਾਂ ਹੋਰ ਕੋਈ ਗੱਲ ਤੋਰੀਏ।
ਨਾਥਾ ਅਮਲੀ ਹੱਸ ਕੇ ਕਹਿੰਦਾ, ”ਗੱਲ੍ਹੀ ਭੇਡ ਦਵੱਲੀ ਹੋ ਗੀ। ਰੌਲੇ ਹੱਥਿਆਂ ਦੇ ਮੋਹਣੇ ਕਾ ਗੱਲ੍ਹੀ ਬੰਬਾਰ ਐ। ਉਹਨੂੰ ਮੰਡੀ ਆਲੇ ਡਾਕਦਾਰ ਦੇ ਲੈ ਕੇ ਗਏ ਐ। ਹੋਰ ਦੱਸੋ ਕੀ ਪੁੱਛਣੈ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਓਹਨੂੰ ਕੀ ਹੋ ਗਿਆ। ਉਹ ਤਾਂ ਚੰਗਾ ਭਲਾ ਸੀ। ਆਹ ਦੋ ਤਿੰਨ ਦਿਨ ਹੋ ਗੇ ਉਹ ਤਾਂ ਛੋਲੇ ਚੱਬਾਂ ਦੇ ਫ਼ੈਨੇ ਦੀ ਕੁੜੀ ਦੇ ਵਿਆਹ ‘ਚ ਕੰਮ ਧੰਦਾ ਕਰਾਉਂਦਾ ਰਿਹਾ। ਐਡੀ ਛੇਤੀ ਕੀ ਹੋ ਗਿਆ ਉਹਨੂੰ?”
ਨੰਬਰਦਾਰ ਦੀ ਗੱਲ ਸੁਣ ਕੇ ਨਾਥਾ ਅਮਲੀ ਨੰਬਰਦਾਰ ਨੂੰ ਹੱਲੇ ਨਾਲ ਬੋਲਿਆ, ”ਬੰਬਾਰ ਹੋਣ ਨੂੰ ਕਿਸੇ ਤੋਂ ਕੋਈ ਮਨਜੂਰੀ ਲੈਣੀ ਪੈਂਦੀ ਐ ਨੰਬਰਦਾਰਾ? ਇਹ ਤਾਪ ਤਾਂ ਕਿਸੇ ਨੂੰ ਵੀ ਚੜ੍ਹ ਸਕਦੈ। ਨਾਲੇ ਸਿਆਣੇ ਕਹਿੰਦੇ ਤਾਂ ਹੁੰਦੇ ਐ ਬਈ ਤਾਪ, ਮਰਾਸੀ ਤੇ ਮੰਗਤਾ ਬਿਨਾਂ ਸੱਦੇ ਈ ਅਗਲੇ ਘਰੇ ਜਾ ਵੜਦੇ ਐ।”
ਤਾਪ ਮਰਾਸੀ ਮੰਗਤੇ ਵਾਲੀ ਕਹਾਵਤ ਸੁਣ ਕੇ ਭਾਨੀ ਮਾਰਾਂ ਦਾ ਗੇਲਾ ਤਾਸ਼ ਖੇਡੀ ਜਾਂਦਾ ਸੀਤੇ ਮਰਾਸੀ ਨੂੰ ਕਹਿੰਦਾ, ”ਕਿਉਂ ਮਰਾਸੀਆ! ਆਹ ਨਾਥਾ ਸਿਉਂ ਕੀ ਕਹਿੰਦਾ ਓਏ। ਸੱਚੀ ਗੱਲ ਐ ਇਹਦੀ ਬਈ ਮਰਾਸੀ ਅਗਲਿਆਂ ਦੇ ਘਰੇ ਬਿਨ ਸੱਦੇ ਈ ਵੜ ਜਾਂਦੇ ਐ?”
ਬੁੱਘਰ ਦਖਾਣ ਕਹਿੰਦਾ, ”ਘਰ ਦਾ ਤਾਂ ਪਤਾ ਨ੍ਹੀ ਪਰ ਸੱਥ ‘ਚ ਤਾਂ ਸੀਤਾ ਸਿਉਂ ਬਿਨਾਂ ਸੱਦੇ ਈ ਆ ਜਾਂਦੈ।”
ਸੀਤਾ ਮਰਾਸੀ ਕਹਿੰਦਾ, ”ਸੱਥ ‘ਚ ਤਾਂ ਹਰੇਕ ਈ ਬਿਨਾਂ ਸੱਦਿਆਂ ਆ ਜਾਂਦਾ। ਸੱਥ ‘ਚ ਆਉਣ ਲਈ ਕਿਹੜਾ ਕੋਈ ਚਿੱਠੀ ਪਾ ਕੇ ਸੱਦ ਦੇ ਐ।”
ਬਾਬਾ ਚੜ੍ਹਤ ਸਿਉਂ ਮੰਗਤੇ ਮਰਾਸੀ ਵਾਲੀ ਗੱਲ ਤੋਂ ਵਰਜਦਾ ਸੱਥ ਵਾਲਿਆਂ ਨੂੰ ਕਹਿੰਦਾ, ”ਓ ਹੁਣ ਚੁੱਪ ਵੀ ਕਰੋ ਯਾਰ। ਤੁਸੀਂ ਇਹ ਦੱਸੋ ਬਈ ਇਹਨੂੰ ਗੱਲ੍ਹੀ ਨੂੰ ਫ਼ਿਰ ਤਾਪ ਤੂਪ ਚੜ੍ਹਿਆ ਕੁ ਕੋਈ ਹੋਰ ਮਰਜ ਐ। ਟਰਾਲੀ ‘ਚ ਤਾਂ ਮੰਜਾ ਰੱਖ ਕੇ ਇਉਂ ਪਾਈ ਜਾਂਦੇ ਐ ਜਿਮੇਂ ਵਿੱਚ ਕੋਈ ਭੂਤ ਪ੍ਰੇਤ ਆ ਗੀ ਲੱਗਦੀ ਹੁੰਦੀ ਐ।”
ਬੁੱਘਰ ਦਖਾਣ ਨੇ ਬਾਬੇ ਨੂੰ ਪੁੱਛਿਆ, ”ਤੈਨੂੰ ਕੀ ਪਤਾ ਬਾਬਾ ਬਈ ਕੋਈ ਭੂਤ ਪ੍ਰੇਤ ਦਾ ਪਹਿਰਾ।”
ਬਾਬਾ ਕਹਿੰਦਾ, ”ਮੈਂ ਤਾਂ ਟਰੈਲੀ ‘ਚ ਪੁੱਛਾਂ ਕੱਢਣ ਆਲੇ ਰੰਘੜ ਬਾਬੇ ਨੂੰ ਬੈਠਾ ਵੇਖ ਕੇ ਕਿਹਾ।”
ਨਾਥਾ ਅਮਲੀ ਕਹਿੰਦਾ, ”ਕਾਹਨੂੰ ਬਾਬਾ ਕੋਈ ਭੂਤ ਪ੍ਰੇਤ ਆਈ ਐ। ਇਹ ਤਾਂ ਕਿਤੇ ਫ਼ੈਨੇ ਦੀ ਕੁੜੀ ਦੇ ਵਿਆਹ ‘ਚ ਅਬਲਾ ਸਬਲਾ ਖਾਧਾ ਗਿਆ ਹੋਣੈ, ਜਾਂ ਫ਼ਿਰ ਭਾਈ ਬਾਹਲ਼ਾ ਖਾ ਪੀ ਲਿਆ ਹੋਣੈ, ਹਾਜਮ ਹੋਇਆ ਨ੍ਹੀ ਹੁਣ ਮਰੋੜੇ ਮਰਾੜੇ ਲੱਗ ਗੇ ਹੋਣੇ ਐ। ਕਮਲਾ ਟੱਬਰ ਚੱਕ ਕੇ ਮੰਡੀ ਨੂੰ ਤੁਰ ਪਿਆ। ਬਈ ਤੁਸੀਂ ਐਥੋਂ ਜਿਹੜਾ ਸੰਧੂਰੇ ਬੁੜ੍ਹੇ ਕੀ ਬੈਠਕ ‘ਚ ਡਾਕਦਾਰ ਬੈਠੈ ਓਹਤੋਂ ਦੁਆ ਬੂਟੀ ਕਰਾ ਲੋ ਠੀਕ ਹੋ ਜੂ। ਊਈ ਚੱਕ ਕੇ ਮੰਡੀ ਨੂੰ ਤੁਰ ਪੇ ਜਿਮੇਂ ਗਾਹਾਂ ਕੋਈ ਬਾਹਲ਼ੀ ਵੱਡੀ ਜੈਹਮਤ ਚਿੰਬੜ ਗੀ ਹੁੰਦੀ ਐ। ਜੇ ਐਨਾ ਈ ਇਲਮ ਐ ਬਈ ਕੋਈ ਭੂਤ ਪ੍ਰੇਤ ਆਈ ਵੀ ਐ ਤਾਂ ਤਿੰਨ ਚਾਰ ਰੈਂਗਲੇ ਮਾਰੋ ਖਿੱਚ ਕੇ, ਭੂਤ ਕੀ ਭੂਤਾਂ ਦੇ ਤਾਂ ਵੱਡ ਵਡੇਰੇ ਵੀ ਛਿਟੀਆਂ ਆਲੇ ਕੁੰਨੂੰ ‘ਚ ਵੜਦੇ ਫ਼ਿਰਨਗੇ।”
ਜੱਗਾ ਕਾਮਰੇਡ ਅਮਲੀ ਨੂੰ ਕਹਿੰਦਾ, ”ਤੈਨੂੰ ਤਾਂ ਅਮਲੀਆ ਫ਼ਿਰ ਵੀ ਪਤਾ ਹੋਣਾ ਈ ਆ ਬਈ ਐਡਾ ਕਿੱਡਾ ਕੁ ਰੋਗ ਚਿੰਬੜ ਗਿਆ ਜਿਹੜਾ ਮੰਡੀ ਆਲੇ ਹੱਥਪਤਾਲ ਲੈ ਗੇ ਚੱਕ ਕੇ?”
ਅਮਲੀ ਕਹਿੰਦਾ, ”ਓ ਕਾਹਨੂੰ ਯਾਰ ਕੋਈ ਐਡੀ ਮਰਜ ਐ। ਤੈਨੂੰ ਦੱਸੀ ਤਾਂ ਜਾਨਾਂ ਬਈ ਵਿਆਹ ‘ਚ ਕੋਈ ਕੱਚੀ ਪਿੱਲੀ ਚੀਜ ਖਾਧੀ ਗਈ। ਹੋ ਗਿਆ ਬਦ ਹਾਜਮਾ। ਇਹ ਕਿਤੇ ਬਦ ਹਾਜਮੇ ਦੀ ਆਪਣੇ ਓਧਰਲੇ ਗੁਆੜ ਆਲੇ ‘ਜਮੇਰ ਡਾਕਦਾਰ ਤੋਂ ਦੁਆਈ ਲੈਣ ਗਿਆ, ਉਹ ਇਹਨੂੰ ਕਹਿੰਦਾ ‘ਇਹ ਖਾਧੇ ਪੀਤੇ ਦਾ ਹੋ ਗਿਆ ਤੈਨੂੰ। ਹੁਣ ਤੂੰ ਇਉਂ ਕਰ, ਦੋ ਤਿੰਨ ਡੰਗ ਡਬਲ ਰੋਟੀ ਖਾ, ਫ਼ੇਰ ਵੇਖੀਂ ਕੀ ਬਣਦਾ’!”
ਬੁੱਘਰ ਦਖਾਣ ਕਹਿੰਦਾ, ”ਡਬਲ ਰੋਟੀ ਨਾਲ ਕੀ ਬਣਿਆ ਹੋਣੈ ਇਹਦਾ। ਇਹ ਖਾਂਦਾ ਡੰਗ ਦੀਆਂ ਦਸ-ਦਸ, ਬਾਰਾਂ-ਬਾਰਾਂ ਰੋਟੀਆਂ। ਡਬਲ ਰੋਟੀਆਂ ਕਿਧਰੋਂ ਢਿੱਡ ਭਰ ਦੇਣਗੀਆਂ ਇਹਦਾ?”
ਨਾਥਾ ਅਮਲੀ ਕਹਿੰਦਾ, ”ਬੁੱਘਰ ਸਿਆਂ ਗੱਲ ਤਾਂ ਗਾਹਾਂ ਸੁਣਨ ਆਲੀ ਐ। ਇਹ ਤਾਂ ਤੇਰੀ ਗੱਲ ਮੰਨਦੇ ਆਂ ਬਈ ਇਹ ਦਸ-ਦਸ, ਬਾਰਾਂ ਬਾਰਾਂ ਰੋਟੀਆਂ ਖਾ ਜਾਂਦੈ। ਪਰ ਗੱਲ ਤਾਂ ਇਹਦੀ ਬੰਬਾਰੀ ਦੀ ਐ। ਜਦੋਂ ਇਹ ਮਾੜਾ ਜਾ ਬੰਬਾਰ ਹੋਇਆ ਤਾਂ ਇਹਨੂੰ ਪਹਿਲਾਂ ਵੀ ਇੱਕ ਦਿਨ ਹੱਥਪਤਾਲ ‘ਚ ਲੈ ਕੇ ਗਈ ਸੀ। ਉਦੋਂ ਡਾਕਦਾਰ ਇਹਨੂੰ ਕਹਿੰਦਾ ‘ਬੰਬਾਰੀ ਬਮੂਰੀ ਤਾਂ ਇਹਨੂੰ ਕੋਈ ਨ੍ਹੀ, ਪਰ ਬਦ ਹਾਜਮੇਂ ਕਰਕੇ ਢਿੱਲਾ ਮੱਠਾ ਹੋਇਆ। ਡਾਕਦਾਰ ਦੋ ਤਿੰਨ ਕਿਸਮ ਦੀਆਂ ਗੋਲੀਆਂ ਦੇ ਕੇ ਕਹਿੰਦਾ ‘ਦੋ ਚਾਰ ਦਿਨ ਡਬਲ ਰੋਟੀ ‘ਤੇ ਜੋਰ ਰੱਖੀਂ’। ਇਹਨੇ ਸੋਚਿਆ ਬਈ ਡਾਕਦਾਰ ਨੇ ਡਬਲ ਰੋਟੀ ਕਿਹਾ ਬਈ ਦਸ ਰੋਟੀਆਂ ਦੀ ਥਾਂ ਵੀਹ ਰੋਟੀਆਂ ਖਾਣੀਐਂ ਇਹਦੇ ਖਾਣ ਤੋਂ ਤਾਂ ਡਬਲ ਈ ਹੋ ਗੀਐਂ। ਇਹ ਤਾਂ ਭਾਈ ਦਸ-ਦਸ ਰੋਟੀਆਂ ਖਾਣ ਆਲੇ ਨੇ ਵੀਹ-ਵੀਹ ਰੋਟੀਆਂ ਖਾਣੀਆਂ ਸ਼ੁਰੂ ਕਰ ‘ਤੀਆਂ। ਹੁਣ ਕਿਹਾ ਤਾਂ ਦੂਜੀ ਡਬਲ ਰੋਟੀ ਸੀ, ਇਹ ਸਮਝ ਗਿਆ ਬਈ ਜਿਹੜੀਆਂ ਰੋਟੀਆਂ ਘਰੇ ਖਾਨਾਂ, ਉਹ ਡਬਲ ਕਰਨੀਆਂ। ਦਸ ਦੀ ਥਾਂ ਵੀਹ ਕਰਨੀਆਂ। ਹੁਣ ਵੀਹ ਰੋਟੀਆਂ ਖਾ ਕੇ ਇਹ ਬੰਬਾਰ ਹੋ ਗਿਆ। ਮੁੜ ਕੇ ਕੰਤੇ ਡਾਕਦਾਰ ਕੋਲ ਲੈ ਗੇ। ਉਹਨੂੰ ਜਾ ਦੱਸੀ ਸਾਰੀ ਹੀਰ। ਉਹ ਗੱਲ੍ਹੀ ਨੂੰ ਕਹਿੰਦਾ ‘ਤੁਸੀਂ ਤਾਂ ਫ਼ਿਰ ਗਲਤ ਸਮਝਗੇ, ਹੁਣ ਤੂੰ ਫ਼ਿਰ ਇਉਂ ਕਰ, ਤੜਕੇ ਆਥਣੇ ਇੱਕ ਅੱਧੀ ਰੋਟੀ ਖਾਇਆ ਕਰ। ਪੰਜ ਚਾਰ ਦਿਨ ਇੱਕ ਅੱਧੀ ਰੋਟੀ ਖਾ, ਬਿਲਕੁਲ ਠੀਕ ਹੋ ਜੇਂ ਗਾ’। ਇਹ ਗੱਲ੍ਹੀ ਕਮਲੇ ਨੇ ਕਿਤੇ ਡਾਕਦਾਰ ਨੂੰ ਪੁੱਛ ਲਿਆ, ‘ਡਾਕਦਾਰ ਜੀ! ਇਹ ਜਿਹੜੀ ਇੱਕ ਅੱਧੀ ਰੋਟੀ ਤੜਕੇ ਆਥਣੇ ਮੈਂ ਖਾਣੀ ਐ, ਇਹ ਕਿਹੜੇ ਟੈਮ ਖਾਮਾਂ। ਖਾਣਾ ਖਾਣ ਤੋਂ ਮਗਰੋਂ ਖਾਮਾਂ ਕੁ ਪਹਿਲਾਂ’? ਜਦੋਂ ਬਾਬਾ ਡਾਕਦਾਰ ਨੂੰ ਇਹ ਗੱਲ ਪੁੱਛੀ ਤਾਂ ਡਾਕਦਾਰ ਗੱਲ੍ਹੀ ਦੇ ਮੂੰਹ ਵੱਲ ਇਉਂ ਝਾਕੇ ਜਿਮੇਂ ਬੋਕ ਤੁੱਕਿਆਂ ਵੱਲ ਝਾਕਦਾ ਹੁੰਦਾ। ਗੱਲੀ ਨੂੰ ਕਹਿੰਦਾ ‘ਤੂੰ ਬੰਦੈਂ ਕੁ ਨੌ ਤਰੀਕ ਐਂ’?”
ਬਾਬੇ ਚੜ੍ਹਤ ਸਿਉਂ ਨੇ ਅਮਲੀ ਦੀ ਗੱਲ ਵਿੱਚੋਂ ਟੋਕ ਕੇ ਪੁੱਛਿਆ, ”ਅਮਲੀਆ ਜਿਹੜੇ ਗੱਲ੍ਹੀ ਦੇ ਨਾਲ ਗੱਲ੍ਹੀ ਨੂੰ ਦੁਆ ਬੂਟੀ ਕਰਾਉਣ ਗਏ ਸੀ ਉਹ ਨ੍ਹੀ ਫ਼ਿਰ ਕੁਸ ਬੋਲੇ?”
ਨਾਥਾ ਅਮਲੀ ਕਹਿੰਦਾ, ”ਉਨ੍ਹਾਂ ਨੇ ਬਾਬਾ ਕੀ ਬੋਲਣਾ ਸੀ, ਉਹ ਤਾਂ ਆਪ ਬਰਫ਼ ‘ਚ ਲੱਗ ਗੇ ਗੱਲ੍ਹੀ ਦੀ ਗੱਲ ਸੁਣ ਕੇ। ਹੋਰ ਤਾਂ ਕੋਈ ਬੋਲਿਆ ਨਾ, ਨਾਲ ਗਈ ਰੇਲੋ ਮਾਈ ਡਾਕਦਾਰ ਨੂੰ ਕਹਿੰਦੀ ‘ਇਹਨੂੰ ਕੋਈ ਐਹੋ ਜੀ ਦੁਆ ਬੂਟੀ ਦਿਉ ਬਈ ਅੰਨ ਖਾਣੋ ਹਟ ਜੇ ਜਿਹੜਾ।”
ਸੀਤਾ ਮਰਾਸੀ ਕਹਿੰਦਾ, ”ਦੁਆਈਆਂ ਦੱਪਿਆਂ ਨਾਲ ਤਾਂ ਅੰਨ ਖਾਣੇ ਇਹਨੇ ਕਾਹਦਾ ਹਟਣਾ, ਇਹ ਤਾਂ ਬੁੱਘਰ ਦਖਾਣ ਕੇ ਬੁੜ੍ਹੇ ਤੋਂ ਕੋਈ ਮੋਟੀ ਲੱਕੜ ਦਾ ਗੁੱਲਾ ਘੜ ਕੇ ਸੰਘ ‘ਚ ਥੁੰਨਣਾ ਪਊ, ਫ਼ੇਰ ਤਾਂ ਭਾਮੇਂ ਅੰਨ ਘਟਾ ਜੇ।”
ਸੂਬੇਦਾਰ ਰਤਨ ਸਿਉਂ ਨੇ ਪੁੱਛਿਆ, ”ਐਨਾ ਕਿੰਨ੍ਹਾ ਕੁ ਅੰਨ ਖਾਂਦਾ ਯਾਰ?”
ਅਮਲੀ ਕਹਿੰਦਾ, ”ਹੁਣ ਠੀਕ ਹੋ ਲੈਣ ਦੇ ਫ਼ੇਰ ਤੂੰ ਨਿਉਂਦੀ ਰੋਟੀ ‘ਤੇ ਫ਼ੌਜੀਆ। ਫ਼ੇਰ ਵੇਖੀਂ ਸੱਠੇਂ ਪੂਰਦਾ।”
ਸੀਤਾ ਮਰਾਸੀ ਕਹਿੰਦਾ, ”ਸੂਬੇਦਾਰ ਕੇ ਕਿੱਥੋਂ ਰਜਾ ਦੇਣਗੇ ਗੱਲ੍ਹੀ ਨੂੰ। ਗਿਣ ਕੇ ਤਾਂ ਇਨ੍ਹਾਂ ਨੇ ਰੋਟੀਆਂ ਪਕਾਉਣੀਆਂ। ਇਹ ਖਾਂਦਾ ਚਿਣ ਕੇ। ਗਿਣ ਕੇ ਖਾਣ ਤੇ ਚਿਣ ਕੇ ਖਾਣ ‘ਚ ਜਮੀਨ ‘ਸਮਾਨ ਦਾ ਫ਼ਰਕ ਐ।”
ਸੂਬੇਦਾਰ ਰਤਨ ਸਿਉਂ ਮੱਥੇ ‘ਤੇ ਹੱਥ ਮਾਰਦਾ ਬੋਲਿਆ, ”ਧੰਨ ਐ ਬਈ ਫ਼ਿਰ ਤਾਂ ਜਿਹੜੀ ਇਹਨੂੰ ਰਜਾਉਂਦੀ ਹੋਊ।”
ਗੱਲਾਂ ਸੁਣੀ ਜਾਂਦਾ ਬੁੜ੍ਹਾ ਪਿਆਰਾ ਸਿਉਂ ਕਹਿੰਦਾ, ”ਇਹ ਤਾਂ ਕਿਹੜਾ ਅੰਨ ਖਾਂਦੈ। ਅੰਨ ਤਾਂ ਇਹਦਾ ਗੱਲ੍ਹੀ ਦਾ ਦਾਦਾ ਖਾਂਦਾ ਹੁੰਦਾ ਸੀ। ਉਹਨੂੰ ਕੋਈ ਪਿੰਡ ‘ਚੋਂ ਖੁਸ਼ੀ ਗਮੀਂ ‘ਤੇ ਨ੍ਹੀ ਸੱਦ ਦਾ ਸੀ। ਕਹਿੰਦੇ ਤਕੜੇ ਤਿੰਨ ਬੰਦਿਆਂ ਦੀ ਖਰਾਕ ‘ਕੱਲਾ ਖਾ ਜਾਂਦਾ ਸੀ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਨਿਸ਼ਾਨ ਮਾਸਟਰ ਸੱਥ ‘ਚ ਆ ਕੇ ਕਹਿੰਦਾ, ”ਰੌਲੇ ਹੱਥਿਆਂ ਦੇ ਮੁੰਡੇ ਨੂੰ ਮੰਡੀ ਆਲੇ ਡਾਕਟਰ ਨੇ ਜਵਾਬ ਦੇ ‘ਤਾ ਕਹਿੰਦੇ। ਕਹਿੰਦਾ ਲੁੱਧੇ ਆਣੇ ਲੈ ਜੋ ਇਹਨੂੰ।”
ਬਾਬੇ ਚੜ੍ਹਤ ਸਿਉਂ ਨੇ ਮਾਸਟਰ ਨੂੰ ਪੁੱਛਿਆ, ”ਅਸਲ ‘ਚ ਮਾਹਟਰ ਮਰਜ ਕੀਐ ਉਹਨੂੰ?”
ਮਾਸਟਰ ਕਹਿੰਦਾ, ”ਅਫ਼ਰੇਮਾਂ ਹੋ ਗਿਆ ਦੱਸਦੇ ਐ ਬਾਬਾ ਜੀ।”
ਮਾਸਟਰ ਦੀ ਗੱਲ ਸੁਣ ਕੇ ਬਾਬਾ ਚੜ੍ਹਤ ਸਿਉਂ ਬੋਲਿਆ, ”ਚੱਲੋ ਖਾਂ ਯਾਰ ਅਗਲੇ ਦੇ ਘਰੇ ਜਾ ਕੇ ਕਿਸੇ ਚੀਜ ਵਸਤ ਦੀ ਲੋੜ ਲਾੜ ਈ ਪੁੱਛ ਆਈਏ।”
ਬਾਬੇ ਚੜ੍ਹਤ ਸਿਉਂ ਦੀ ਗੱਲ ਸੁਣ ਕੇ ਸੱਥ ਵਾਲੇ ਰੌਲੇ ਹੱਥਿਆਂ ਦੇ ਪਰਿਵਾਰ ਨੂੰ ਹੌਂਸਲਾ ਦੇਣ ਲਈ ਉਨ੍ਹਾਂ ਦੇ ਘਰ ਨੂੰ ਚੱਲ ਪਏ।