ਪਿੰਡ ਦੀ ਸੱਥ ਵਿੱਚੋਂ (ਕਿਸ਼ਤ-202)

main-news-300x150-1-300x150ਮੋਢੇ ‘ਤੇ ਕਹੀ ਰੱਖੀ ਸੱਥ ਕੋਲ ਦੀ ਲੰਘੇ ਜਾਂਦੇ ਭਾਗੇ ਬੁੜ੍ਹੇ ਦੇ ਮੁੰਡੇ ਜੈਲੇ ਨੂੰ ਬਾਬਾ ਪਾਖਰ ਸਿਉਂ ਆਵਾਜ਼ ਮਾਰ ਕੇ ਕਹਿੰਦਾ, ”ਜੈਲ! ਗੱਲ ਸੁਣ ਕੇ ਜਾਈਂ ਪੁੱਤ ਓਏ।”
ਜੈਲਾ ਬਾਬੇ ਦੀ ਆਵਾਜ਼ ਸੁਣ ਕੇ ਸੱਥ ਵੱਲ ਨੂੰ ਇੱਕ ਦਮ ਇਉਂ ਮੁੜਿਆ ਜਿਮੇਂ ਅੰਦਰਲਾ ਬਰੇਕ ਦੱਬ ਕੇ ਮੈਸੀ ਟਰੈਕਟਰ ਮੋੜਿਆ ਹੋਵੇ। ਥੜ੍ਹੇ ‘ਤੇ ਕਹੀ ਰੱਖ ਕੇ ਜੈਲਾ ਬੋਲਿਆ, ”ਹਾਂ ਬਾਬਾ ਜੀ, ਦੱਸੋਂ।”
ਸੀਤਾ ਮਰਾਸੀ ਬਾਬੇ ਦੇ ਬੋਲਣ ਤੋਂ ਪਹਿਲਾਂ ਹੀ ਜੈਲੇ ਨੂੰ ਬੋਲ ਪਿਆ, ”ਦੱਸਣਾ ਕੀਅ੍ਹਾ ਐ ਬਾਬੇ ਨੇ, ਇਹਨੇ ਤਾਂ ਪੁੱਛਣੈ ਬਈ ਆਹ ਵੇਲੇ ਕਹੀ ਕਿੱਧਰ ਚੱਕੀ ਐ ਤੈਂ। ਹੋਰ ਕੀਰਤਨ ਤੈਨੂੰ ਨ੍ਹੀ ਆਉਂਦਾ, ਪਾਠ ਕਦੇ ਤੂੰ ਨ੍ਹੀ ਪੜ੍ਹਿਆ, ਰਾਗੀ ਤੂੰ ਨ੍ਹੀ। ਅਰਦਾਸੀਆ ਨ੍ਹੀ ਧੂਫ਼ੀਆ ਨ੍ਹੀ ਤੂੰ। ਬਾਬੇ ਨੇ ਕਿਹੜਾ ਤੈਥੋਂ ‘ਖੰਡ ਪਾਠ ਕਰਾਉਣੈ ਬਈ ਪਾਠੀ ਨ੍ਹੀ ਥਿਆਉਂਦੇ।”
ਮਰਾਸੀ ਦੇ ਮੂੰਹੋਂ ਉੱਘ ਦੀਆਂ ਪਤਾਲ ਸੁਣ ਕੇ ਨਾਥਾ ਅਮਲੀ ਕਹਿੰਦਾ, ”ਓਏ ਹੁਣ ਇਹਦੀ ਵੀ ਸੁਣ ਲੈ ਜੀਹਨੂੰ ਕੰਮ ‘ਤੇ ਜਾਂਦੇ ਨੂੰ ਖੜ੍ਹਾਇਆ ਬਾਬੇ ਨੇ। ਆਵਦੀਆਂ ਈ ਜਭਲੀਆਂ ਮਾਰੀ ਜਾਨੈਂ। ਪਹਿਲਾਂ ਬਾਬੇ ਨੂੰ ਗੱਲ ਕਰ ਲੈਣ ਦੇ ਫ਼ੇਰ ਆਵਦਾ ਭਜਾ ਲੀਂ ਜਿਹੜਾ ਟੱਟੂ ਭਜਾਉਣਾ ਹੋਇਆ।”
ਸੀਤਾ ਮਰਾਸੀ ਅਮਲੀ ਦੀ ਗੱਲ ਸੁਣ ਕੇ ਅਮਲੀ ਨੂੰ ਖਿਝ ਕੇ ਬੋਲਿਆ, ”ਤੂੰ ਬਾਹਲ਼ਾ ਵੱਡਾ ਵਕੀਲ ਐਂ ਓਏ, ਗੱਲ ਮੈਂ ਕਰਦਾ ਤੂੰ ਐਮੇਂ ਈ ਚਿੜਾਂ ਜੀਆਂ ਭਨਾਈ ਜਾਨੈਂ।”
ਬਾਬਾ ਪਾਖਰ ਸਿਉਂ ਅਮਲੀ ਤੇ ਮਰਾਸੀ ਨੂੰ ਘੂਰਦਾ ਬੋਲਿਆ, ”ਬਹਿੰਦੇ ਨ੍ਹੀ ਓਏ ਚੁੱਪ ਕਰ ਕੇ। ਤੜਕੇ ਈ ਗਿੱਲਾ ਪੀਹਣ ਪਾ ਕੇ ਬਹਿ ਜਾਂਦੇ ਐ। ਖੜ੍ਹਾਇਆ ਤਾਂ ਜੈਲੇ ਨੂੰ ਮੈਂ ਐ, ਤੁਸੀਂ ਵਾਧੂ ਈ ਲੜੀ ਜਾਨੇਂ ਐਂ ਆਪਸ ਵਿੱਚ।”
ਬੁੱਘਰ ਦਖਾਣ ਨਾਥੇ ਅਮਲੀ ਤੇ ਸੀਤੇ ਮਰਾਸੀ ਵਿੱਚਦੀ ਗੱਲ ਕੱਢ ਕੇ ਟਿੱਚਰ ‘ਚ ਹੱਸ ਕੇ ਬਾਬੇ ਨੂੰ ਕਹਿੰਦਾ, ”ਇਹ ਵੀ ਬਾਬਾ ਜਗਨੇ ਬਾਣੀਏਂ ਕਿਆਂ ਆਂਗੂੰ ਬਿਨਾਂ ਗੱਲ ਤੋਂ ਈਂ ਕੁੱਟ ਖਾਣ ਨੂੰ ਫਿਰਦੇ ਐ।”
ਮਾਹਲਾ ਨੰਬਰਦਾਰ ਜਗਨੇ ਬਾਣੀਏਂ ਵਾਲੀ ਗੱਲ ਸੁਣ ਕੇ ਬੁੱਘਰ ਦਖਾਣ ਨੂੰ ਕਹਿੰਦਾ, ”ਜਗਨੇ ਬਾਣੀਏ ਕਿਆਂ ਆਲੀ ਭਲਾ ਕਿਮੇਂ ਸੀ ਗੱਲ ਬੁੱਘਰ ਸਿਆਂ?”
ਬੁੱਘਰ ਦਖਾਣ ਕਹਿੰਦਾ, ”ਆਪਣੇ ਓਧਰਲੇ ਗੁਆੜ ਆਲੇ ਜਗਨੇ ਬਾਣੀਏ ਦਾ ਮੁੰਡਾ ਰਮੇਸ਼ ਕਿਤੇ ਵੈਲੀਆਂ ਦੇ ਮਿੱਠੂ ਨਾਲ ਰਲ ਕੇ ਸ਼ਰਾਬ ਪੀਣ ਗਿੱਝ ਗਿਆ। ਨਿੱਤ ਈ ਰਾਤ ਨੂੰ ਸ਼ਰਾਬ ਪੀ ਕੇ ਘਰੇ ਆ ਜਿਆ ਕਰੇ। ਜਗਨਾ ਬਾਣੀਆ ਮੁੰਡੇ ਨਾਲ ਲੜਿਆ ਕਰੇ ਬਈ ਆਹ ਕੀ ਰੱਥ ਫ਼ੜ ਲਿਆ ਤੂੰ। ਨਿੱਤ ਕਿੱਥੋਂ ਸ਼ਰਾਬ ਪੀ ਕੇ ਆ ਜਾਨੈਂ’! ਓਧਰੋਂ ਪਿੰਡ ‘ਚੋਂ ਲੋਕ ਜਗਨੇ ਨੂੰ ਕਿਹਾ ਕਰਨ ਬਈ ਤੇਰਾ ਮੁੰਡਾ ਬਹੁਤੀ ਸ਼ਰਾਬ ਪੀਣ ਗਿੱਝ ਗਿਆ, ਇਹਨੂੰ ਰੋਕ, ਨਹੀਂ ਤਾਂ ਤੇਰੀ ਸਾਰੀ ਕਮਾਈ ਖੂਹ ‘ਚ ਪਾ ਦੂ। ਵਧੀਆ ਤੇਰੀ ਹੱਟ ਚੱਲਦੀ ਐ, ਇਹਦਾ ਭੱਠਾ ਬਹਿ ਜੂ ਹੱਟੀ ਦਾ। ਨਾਲੇ ਕਿਸੇ ਨੇ ਮੁੰਡੇ ਨੂੰ ਸਾਕ ਨ੍ਹੀ ਕਰਨਾ। ਆਖਣਗੇ, ਇਹ ਤਾਂ ਸ਼ਰਾਬੀ ਕਬਾਬੀ ਬੰਦਾ, ਇਹ ਕਿੱਥੋਂ ਕੰਮ ਵਧਾ ਲੂ। ਜਦੋਂ ਮੁੰਡਾ ਫ਼ੇਰ ਡੱਫ਼ ਕੇ ਘਰੇ ਆਇਆ ਤਾਂ ਬਾਣੀਆ ਫ਼ੇਰ ਲੜਿਆ ਮੁੰਡੇ ਨਾਲ। ਕਹੇ ਓਏ ਕੰਜਰ ਦਿਆ ਪੁੱਤਾ! ਨਾ ਪੀਆ ਕਰ, ਘਰ ਉਜਾੜਦੇਂਗਾ, ਹਟ ਜਾ ਪੁੱਠੇ ਕੰਮਾਂ ਤੋਂ। ਅਕੇ ਮੁੰਡਾ ਜਗਨੇ ਨੂੰ ਕਹਿੰਦਾ ‘ਇੱਕ ਦਿਨ ਪੀ ਕੇ ਤਾਂ ਵੇਖ ਭਾਪਾ। ਵੇਖੀਂ ਸਾਰਾ ਪਿੰਡ ਕਿਮੇਂ ਮਿੱਤਰਾਂ ਦਾ ਲੱਗਦਾ। ਬਾਣੀਆ ਸੋਚਿਆ ਕਰੇ ਬਈ ਐਨੀ ਕੁੱਤੇ ਖਾਣੀ ਕਰੀ ਤੋਂ ਵੀ ਕਿਉਂ ਨ੍ਹੀ ਹਟਦਾ, ਕੋਈ ਨਾ ਕੋਈ ਤਾਂ ਗੁਣ ਸ਼ਰਾਬ ‘ਚ ਹੈਗਾ। ਅਗਲੇ ਦਿਨ ਫ਼ੇਰ ਮੁੰਡਾ ਸ਼ਰਾਬੀ ਹੋਇਆ ਬਲਦ ਮੂਤਣੇ ਪਾਉਂਦਾ ਆਵੇ। ਬਾਣੀਏ ਨੇ ਫ਼ੇਰ ਕੀਤਾ ਕੁਪੱਤ। ਮੁੰਡਾ ਐਹੋ ਜੀ ਕਸੂਤੀ ਚਾਲ ਗਿੱਝਿਆ, ਘਰੋਂ ਵੀ ਜਗਨੇ ਦਾ ਡਰ ਚੱਕਿਆ ਗਿਆ। ਇੱਕ ਦਿਨ ਬਾਣੀਏ ਦੀ ਘਰ ਆਲੀ ਬਾਣੀਏ ਨੂੰ ਕਹਿੰਦੀ ‘ਰਮੇਸ਼ ਦੇ ਭਾਪਾ! ਮੈਨੂੰ ਤਾਂ ਇਹ ਕੋਈ ਪੀਣ ਆਲੀ ਬਾਹਲ਼ੀਓ ਈ ਚੰਗੀ ਚੀਜ ਲੱਗਦੀ ਐ ਜਿਹੜਾ ਐਨੀ ਕੁੱਤੇਖਾਣੀ ਕਰੀ ਤੋਂ ਮਨ੍ਹੀ ਹਟਦਾ। ਰਮੇਸ਼ ਦੇ ਭਾਪਾ! ਤੂੰ ਵੀ ਇੱਕ ਦਿਨ ਦੋ ਘੁੱਟਾਂ ਪੀ ਕੇ ਤਾਂ ਵੇਖ ਕੀ ਚੀਜ ਐ ਇਹੇ? ਅਕੇ ਬਾਣੀਆ ਬਣਿਆਣੀ ਨੂੰ ਕਹਿੰਦਾ ‘ਆਪਾਂ ਦੋਮੇਂ ਈ ਪੀ ਕੇ ਵੇਹਨੇਂ ਆਂ ਫ਼ਿਰ ਪੰਜੀ ਦਾ ਭੌਣ। ਫ਼ੇਰ ਵੇਖ ਦੇ ਐਂ ਕੀ ਭਾਅ ਵਿਕਦੀ ਐ’। ਜਗਨਾ ਬਾਣੀਆ ਭਾਈ ਠੇਕੇ ਤੋਂ ਜਾ ਕੇ ਮੋਟੇ ਸੰਤਰੇ ਦਾ ਅਧੀਆ ਫ਼ੜ ਲਿਆਇਆ। ਪਊਆ ਬਾਣੀਏ ਨੇ ਪੀ ਲਿਆ, ਪਊਆ ਪੀ ਲਿਆ ਬਣਿਆਣੀ ਨੇ। ਮੁੰਡੇ ਦੇ ਘਰੇ ਆਉਣ ਤੋਂ ਪਹਿਲਾਂ ਦੋਮਾਂ ਦੀਆਂ ਈ ਚੂੜੀਆਂ ਕਸੀਆਂ ਗਈਆਂ। ਮੁੰਡੇ ਦੇ ਘਰੇ ਆਉਂਦੇ ਨੂੰ ਬਾਣੀਆ ਤੇ ਬਣਿਆਣੀ ਸ਼ਰਾਬੀ ਹੋਏ ਵੇ ਕੋਠੇ ‘ਤੇ ਖੜ੍ਹੇ ਉੱਚੀ ਉੱਚੀ ਰੌਲਾ ਪਾਈ ਜਾਣ, ‘ਅਸੀਂ ਵੀ ਦੋਮੇਂ ਜੀਅ ਸ਼ਰਾਬ ਪੀਮਾਂਗੇ, ਸਾਡਾ ਮੁੰਡਾ ਵੀ ਪੀਊਗਾ। ਜੀਹਨੇ ਫ਼ੇਰੇ ਨਹੀਂ ਦੇਣੇ ਨਾ ਦੇਵੇ। ਨਾ ਕਰਿਉ ਮੁੰਡੇ ਨੂੰ ਸਾਕ ਨਹੀਂ ਕਰਾਾਂ ਤਾਂ’। ਜਦੋਂ ਪਿੰਡ ਆਲਿਆਂ ਨੇ ਬਾਣੀਏ ਦੇ ਮੂੰਹੋਂ ਇਹੋ ਜੀਆਂ ਗਾਲ੍ਹਾਂ ਸੁਣੀਆਂ ਤਾਂ ਪਿੰਡ ਆਲਿਆਂ ਨੇ ਬਾਣੀਆ ਤੇ ਬਣਿਆਣੀ ਕੋਠੇ ਤੋਂ ਲਾਹ ਲੇ ਫ਼ਿਰ ਥੱਲੇ, ਕੁੱਟ ਕੁੱਟ ਕੇ ਆੜ੍ਹਤੀਆਂ ਦੇ ਸਰ੍ਹਾਣੇ ਅਰਗੇ ਕਰ ‘ਤੇ।”
ਗੱਲ ਸੁਣੀ ਜਾਂਦਾ ਨਾਥਾ ਅਮਲੀ ਬੁੱਘਰ ਦੀ ਗੱਲ ਵਿੱਚੋਂ ਟੋਕ ਕੇ ਬੋਲਿਆ, ”ਸ਼ਰਾਬ ਤਾਂ ਬੁੱਘਰ ਸਿਆਂ ਦੋ-ਦੋ ਚਪੇੜਾਂ ਨਾਲ ਈ ਲਹਿ ਗੀ ਹੋਣੀ ਹੈਂਅ?”
ਸੀਤਾ ਮਰਾਸੀ ਕਹਿੰਦਾ, ”ਪਹਿਲਾਂ ਤਾਂ ਬਾਣੀਏ ਨੇ ਠੇਕੇ ਦੀ ਦਾਰੂ ਪੀ ਲੀ, ਹੁਣ ਡਾਕਦਾਰ ਦੀ ਦਾਰੂ ਚੱਲਦੀ ਐ। ਏਦੂੰ ਮਗਰੋਂ ਹੁਣ ਨ੍ਹੀ ਕਰਾੜ ਸਾਰੀ ਉਮਰ ਸ਼ਰਾਬ ਪੀਂਦਾ।”
ਬਾਬਾ ਕਹਿੰਦਾ, ”ਹੁਣ ਤਾਂ ਲੋਕਾਂ ਨੂੰ ਵੀ ਮੱਤ ਦਿਆ ਕਰੂ ਬਈ ਵੇਖਿਓ ਕਿਤੇ ਖ਼ਾਹਮਖ਼ਾਹ ਈ ਨਾ ਪੰਗਾ ਲੈ ਲਿਓ। ਠੇਕੇ ਆਲੀ ਦਾਰੂ ‘ਤੇ ਤਾਂ ਘੱਟ ਰਪੀਏ ਲੱਗਦੇ ਐ, ਮਗਰੋਂ ਡਾਕਦਾਰ ਦੀ ਦਾਰੂ ‘ਤੇ ਬਾਹਲ਼ੇ ਲੱਗਣਗੇ।”
ਮਾਹਲਾ ਨੰਬਰਦਾਰ ਬੁੱਘਰ ਦਖਾਣ ਨੂੰ ਕਹਿੰਦਾ, ”ਕਿਉਂ ਮਿਸਤਰੀਆ! ਮੁੰਡੇ ਨੇ ਘਰੇ ਆ ਕੇ ਪੁੱਛਿਆ ਨ੍ਹੀ ਬਈ ਭਾਪਾ ਆਹ ਕੀ ਕਰਾਈ ਬੈਠੇ ਐ?”
ਬੁੱਘਰ ਕਹਿੰਦਾ, ”ਮੁੰਡੇ ਦੇ ਆਉਣ ਤੋਂ ਤਾਂ ਪਹਿਲਾਂ ਈ ਲੋਕ ਜਗਨੇ ਤੇ ਸ਼ਕੁੰਤਲਾ ਨੂੰ ਕਪਲੇ ਡਾਕਦਾਰ ਦੇ ਲੈ ਗੇ ਸੀ ਚੱਕ ਕੇ ਬਈ ਕਿਤੇ ਬਾਣੀਏਂ ਮਰ ਈ ਜਾਣ ਐਮੇਂ ਸਿਰ ਪੈਣਗੇ। ਵਾਧੂ ਈ ਸੁਕ ਪਕੇ ‘ਚ ਬਾਣੀਆਂ ਨੇ ਕੁੱਟ ਖਾ ਲੀ ਪਿੰਡ ਤੋਂ। ਇਉਂ ਈ ਨਾਥੇ ਅਮਲੀ ਤੇ ਸੀਤੇ ਮਰਾਸੀ ਦੇ ਲੱਛਣ ਜੇ ਲੱਗਦੇ ਐ। ਗੱਲ ਕਿਸੇ ਦੀ, ਬਾਤ ਕਿਸੇ ਦੀ ਇਹ ਨਫ਼ੇ ‘ਚ ਕੁੱਟ ਖਾਣ ਨੂੰ ਫ਼ਿਰਦੇ ਐ। ਓਹੀ ਗੱਲ ਇਨ੍ਹਾਂ ਦੀ ਲੱਗਦੀ ਐ ਬਾਣੀਆ ਆਲੀ ਮੈਨੂੰ ਤਾਂ।”
ਜੱਗਾ ਕਾਮਰੇਡ ਕਹਿੰਦਾ, ”ਜਿਹੜੇ ਹੱਥਪਤਾਲ ‘ਚ ਜਗਨਾ ਤੇ ਸ਼ਕੁੰਤਲਾ ਪਏ ਐ ਓਸੇ ਚੀ ਬੇਅਕਲਿਆਂ ਦਾ ਗੀਸਾ ਪਿਆ ਫ਼ੂਕ ਨਿੱਕਲੀ ਆਲੇ ਬੁਲਬਲੇ ਅਰਗਾ ਹੋਇਆ।”
ਬਾਬੇ ਪਾਖਰ ਸਿਉਂ ਨੇ ਜੱਗੇ ਕਾਮਰੇਡ ਨੂੰ ਹੈਰਾਨੀ ਨਾਲ ਪੁੱਛਿਆ, ”ਓਹਨੂੰ ਕੀ ਹੋ ਗਿਆ ਕਾਮਰੇਟਾ, ਉਹਨੇ ਤਾਂ ਕਹਿੰਦੇ ਕਨੇਡੇ ਜਾਣਾ ਸੀ ਅੱਜ ਭਲਕ ‘ਚ, ਗਿਆ ਨ੍ਹੀ ਅਜੇ?”
ਨਾਥਾ ਅਮਲੀ ਕਹਿੰਦਾ, ”ਮੀਂਹ ‘ਚ ਭਿੱਜੀ ਰਜਾਈ ਅਰਗਾ ਗੀਸਾ ਹੋਇਆ ਪਿਆ ਕਪਲੇ ਡਾਕਦਾਰ ਦੇ ਹੱਥਪਤਾਲ ‘ਚ। ਹੁਣ ਭਾਮੇਂ ਵੀਹ ਕਿੱਲੋ ਭਾਰ ਆਲੀ ਕੌਡੀ ਖੇਡ ਲੇ। ਆਹ ਹੋਰ ਦਸਾਂ ਦਿਨਾਂ ਨੂੰ ਆਪਣੇ ਪਿੰਡ ਕੌਡੀਆਂ ਵੀ ਹੋਣ ਆਲੀਆਂ ਈ ਐ। ਰਤਨ ਸਿਉਂ ਸੂਬੇਦਾਰ ਹੱਥਪਤਾਲ ‘ਚ ਪਤਾ ਲੈ ਕੇ ਆਇਆ ਗੀਸੇ ਦਾ ਕੱਲ੍ਹ। ਕਹਿੰਦਾ ਪਛਾਣ ਈ ਨ੍ਹੀ ਆਉਂਦੀ ਗੀਸੇ ਦੀ ਤਾਂ। ਹੁਣ ਤਾਂ ਕਹਿੰਦਾ ਇਉਂ ਹੋਇਆ ਪਿਆ ਜਿਮੇਂ ਚਟਣੀ ਦਾ ਲਿਬੜਿਆ ਵਿਆ ਪਤੌੜ ਮਿੱਧਿਆ ਪਿਆ ਹੁੰਦਾ।”
ਬਾਬੇ ਪਾਖਰ ਸਿਉਂ ਨੇ ਫ਼ੇਰ ਜੋਰ ਦੇ ਕੇ ਪੁੱਛਿਆ, ”ਹੋਇਆ ਕੀਅ੍ਹਾ ਓਹਨੂੰ ਕੁਸ ਦੱਸੋ ਵੀ ਯਾਰ?”
ਨਾਥਾ ਅਮਲੀ ਕਹਿੰਦਾ, ”ਉਹਨੇ ਜਾਣਾ ਸੀ ਬਾਬਾ ਕਨੇਡੇ। ਜੀਹਤੋਂ ਉਹਨੇ ਟਿਕਟ ਟੁਕਟ ਲਈ ਹੋਣੀ ਐ, ਉਹਤੋਂ ਕਿਤੇ ਸਲਾਹ ਲੈਣ ਜਾ ਵੜਿਆ ਬਈ ਮੈਂ ਕੀ ਕੀ ਸਮਾਨ ਲੈ ਕੇ ਜਾਮਾਂ, ਕਿਹੋ ਜਾ ਲੀੜਾ ਲੱਤਾ ਹੋਵੇ, ਕਿਮੇਂ ਜੁਅ੍ਹਾਜ ਚੜ੍ਹਨਾ ਕਿਮੇਂ ਉਤਰਣਾ। ਉਹ ਟਿਕਟਾਂ ਆਲਾ ਭਾਈ ਕਹਿੰਦਾ ‘ਮੈਂ ਤੈਨੂੰ ਕਾਤਕ ਬਣਾ ਕੇ ਦੇ ਦਿੰਨਾਂ, ਤੂੰ ਉਹਨੂੰ ਵੇਖ ਕੇ ਆਵਦਾ ਸਮਾਨ ‘ਕੱਠਾ ਕਰ ਕੇ ਲੈ ਜੀਂ’। ਅਕੇ ਗੀਸਾ ਕਹਿੰਦਾ ‘ਮੈਂ ਤਾਂ ਮਿਤਰਾ ਅਣਪੜ੍ਹ ਬੰਦਾਂ, ਤੂੰ ਮੈਨੂੰ ਊਈਂ ਸਮਝਾ ਦੇ ਬਈ ਕੀ ਕੁਸ ਕਿਮੇਂ ਕਰਨਾ’। ਉਹਨੇ ਟਿਕਟਾਂ ਆਲੇ ਨੇ ਸਾਰਾ ਕੁਸ ਸਮਝਾ ‘ਤਾ। ਇੱਕ ਗੱਲ ਉਹਨੇ ਗੀਸੇ ਕਹੀ ਬਈ ਭਾਰ ਤੇਈ ਕਿਲੋ ਤੋਂ ਵੱਧ ਨ੍ਹੀ ਹੋਣਾ ਚਾਹੀਦਾ। ਹੋਰ ਗੱਲਾਂ ਤਾਂ ਗੀਸੇ ਦੀ ਸਮਝ ‘ਚ ਆ ਗੀਆਂ. ਪਰ ਆਹ ਭਾਰ ਆਲੀ ਗੱਲ ‘ਚ ਆ ਕੇ ਗੀਸਾ ਉਲਝ ਗਿਆ। ਜਿਹੜਾ ਲੀੜਾ ਲੱਤਾ ਜਾਂ ਕੋਈ ਹੋਰ ਲੋੜੀ ਦੀਆਂ ਚੀਜਾਂ ਨਾਲ ਲਜਾਣੀਆਂ ਸੀ, ਉਹ ਤਾਂ ਗੀਸੇ ਨੇ ਢਾਈ ਤਿੰਨ ਮਣ ਭਾਰ ਚੰਗੀ ਤਰਾਂ ਬੰਨ੍ਹ ਕੇ ਰੱਖ ਲਿਆ। ਜਿਹੜੇ ਤੇਈ ਕਿਲੋ ਭਾਰ ਦੀ ਟਿਕਟਾਂ ਆਲੇ ਨੇ ਗੱਲ ਕੀਤੀ ਸੀ ਬਈ ਭਾਰ ਤੇਈ ਕਿਲੋ ਤੋਂ ਵੱਧ ਨਾ ਹੋਵੇ, ਉਹਦੇ ਬਾਰੇ ਗੀਸਾ ਫ਼ਿਕਰਾਂ ‘ਚ ਪੈ ਗਿਆ। ਟਿਕਟਾਂ ਆਲੇ ਘੋਗੜ ਬੰਦੇ ਨੇ ਇਉਂ ਤਾਂ ਸਮਝਾਇਆ ਨਾ ਬਈ ਜਿਹੜਾ ਸਮਾਨ ਤੂੰ ਨਾਲ ਲੈ ਕੇ ਜਾਣਾ, ਉਹਦਾ ਭਾਰ ਤੇਈ ਕਿਲੋ ਤੋਂ ਵੱਧ ਨਾ ਹੋਵੇ। ਗੀਸਾ ਆਵਦਾ ਭਾਰ ਸਮਝ ਗਿਆ ਬਈ ਮੇਰਾ ਭਾਰ ਤੇਈ ਕਿਲੋ ਤੋਂ ਵੱਧ ਨਾ ਹੋਵੇ। ਉਹਨੇ ਬਾਬਾ ਇੱਕ ਤਾਂ ਖਾਣੀ ਛੱਡ ‘ਤੀ ਰੋਟੀ। ‘ਠਾਰਾਂ ਵੀਹ ਦਿਨ ਕੁਸ ਖਾਧਾ ਪੀਤਾ ਨਾ। ਇੱਕ ਉਹ ਜਿਉਂ ਤੜਕੇ ਮੂੰਹ ‘ਨੇਰ੍ਹੇ ਨਿਕਲਿਆ ਕਰੇ ਭੱਜਣ, ਅੱਠ ਦਸ ਮੀਲ ਜਾਇਆ ਕਰੇ ਅੱਠ ਦਸ ਮੀਲ ਆਇਆ ਕਰੇ। ਖਾਵੇ ਪੀਵੇ ਕੁਸ ਹੈ ਨਾ ਬਈ ਭਾਰ ਘਟਾ ਕੇ ਤੇਈ ਕਿੱਲੋ ਕਰਨਾ। ਬੱਸ ਫ਼ੇਰ ਐਹੋ ਜਾ ਬਮਾਰ ਹੋਇਆ, ਕੇਨੇਡਿਉਂ ਵੀ ਖੁੰਝ ਗਿਆ। ਔਹ ਪਿਆ ਹੁਣ ਕਪਲੇ ਡਾਕਦਾਰ ਦੇ। ਭਾਰ ਤਾਂ ਘਟਾ ਕੇ ਸਮਾਨ ਦਾ ਤੇਈ ਕਿੱਲੋ ਕਰਨਾ ਸੀ, ਘਟਾਉਣ ਲੱਗ ਗਿਆ ਭਾਰ ਆਵਦਾ। ਹੁਣ ਤੂੰ ਆਪ ਈ ਦੱਸ ਬਾਬਾ ਬਈ ਅੱਸੀ ਕਿੱਲੋ ਤੋਂ ਘਟਾ ਕੇ ਤੇਈ ਕਿੱਲੋ ਭਾਰ ਕਿੱਥੋਂ ਹੋ ਜਾਂਦਾ। ਜੇ ਇੱਕ-ਇੱਕ ਲੱਤ ਬਾਂਹ ਵੀ ਵਢਾਅ ਲੈਂਦਾ ਫ਼ਿਰ ਮਨ੍ਹੀ ਸੀ ਹੋਣਾ ਤੇਈ ਕਿੱਲੋ ਤਾਂ। ਐਮੇਂ ਤਾਂ ਨ੍ਹੀ ਸਾਰਾ ਪਿੰਡ ਇੰਨ੍ਹਾਂ ਨੂੰ ਬੇਅਕਲਿਆਂ ਦਾ ਲਾਣਾ ਕਹਿੰਦਾ। ਆਹ ਗੱਲ ਗੀਸੇ ਦੀ ਐ। ਤਾਂ ਬਮਾਰ ਹੋਇਆ ਪਿਆ।”
ਬਾਬਾ ਕਹਿੰਦਾ, ”ਇਹ ਭਾਰ ਘਟਾਉਣ ਆਲੇ ਗੋਰਖ ਧੰਦੇ ਦਾ ਪਤਾ ਕਿਮੇਂ ਲੱਗਿਆ ਫ਼ਿਰ, ਬਈ ਭਾਰ ਤਾਂ ਸਮਾਨ ਦਾ ਘਟਾਉਣਾ ਸੀ।”
ਸੀਤਾ ਮਰਾਸੀ ਕਹਿੰਦਾ, ”ਇਹ ਤਾਂ ਕਿਤੇ ਕਪਲੇ ਡਾਕਦਾਰ ਨੇ ਪੁੱਛ ਲਿਆ ਬਈ ਤੂੰ ਕਾਹਦੇ ਵਾਸਤੇ ਭਾਰ ਘਟਾਉਣ ਲੱਗਿਐਂ? ਇਹਨੇ ਦੱਸ ‘ਤਾ ਫ਼ਿਰ ਬਈ ਮੈਂ ਤਾਂ ਕਨੇਡੇ ਜਾਣਾ। ਮੈਨੂੰ ਕਹਿੰਦੇ ਤੇਈ ਕਿੱਲੋ ਭਾਰ ਤੋਂ ਵੱਧ ਨਾ ਹੋਵੇ ਭਾਰ। ਮੈਂ ਤਾਂ ਕਰ ਕੇ ਭਾਰ ਘਟਾਉਣੈ। ਇਹ ਗੱਲ ਸੁਣ ਕੇ ਡਾਕਦਾਰ ਨੇ ਸਮਝਾਈ ਫ਼ਿਰ ਕਹਾਣੀ। ਹੁਣ ਕੇਰਾਂ ਤਾਂ ਗੀਸਾ ਜੁਅ੍ਹਾਜ ਚੜ੍ਹਣੋਂ ਖੁੰਝ ਗਿਆ। ਹੁਣ ਵੇਖੋ ਫ਼ੇਰ ਰਾਜੀ ਹੋ ਕੇ ਕਦੋਂ ਜਾਂਦਾ?”
ਨਾਥਾ ਅਮਲੀ ਕਹਿੰਦਾ, ”ਜੇ ਕਿਤੇ ਹੁਣ ਫ਼ੇਰ ਜਾਣ ਦੀ ਤਿਆਰੀ ਕਰ ਲੀ, ਹੁਣ ਜੁਅ੍ਹਾਜ ਆਲਿਆਂ ਨੇ ਚੜ੍ਹਾਉਣਾ ਬਈ ਆਹ ਬਮਾਰੀ ਦੇ ਖਾਧੇ ਨੂੰ ਨ੍ਹੀ ਅਸੀਂ ਲੈ ਕੇ ਜਾਣਾ ਬਈ ਕਿਤੇ ਰਾਹ ਰੂਹ ਚੀ ਨਾ ਮਰ ਜੇ ਐਮੇਂ ਗਲ ਪਊ। ਹੁਣ ਨ੍ਹੀ ਬਾਈ ਜਾ ਹੋਣਾ। ਹੁਣ ਨੰਘ ਗਿਆ ਟੈਮ। ਹੁਣ ਤਾਂ ਐਥੇ ਈ ਰੱਬ-ਰੱਬ ਕਰ ਛੱਡੇ। ਐਥੇ ਆ ਜਿਆ ਕਰੇ ਸੱਥ ‘ਚ, ਕਨੇਡਾ ਈ ਬਣਾ ਦਿਆਂਗੇ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਗੀਸੇ ਦੇ ਘਰਦੇ ਗੀਸੇ ਨੂੰ ਟਰੈਕਟਰ ਟਰਾਲੀ ਪਾਈ ਸੱਥ ਕੋਲ ਦੀ ਘਰ ਨੂੰ ਲੰਘ ਗਏ। ਨਾਥਾ ਅਮਲੀ ਕਹਿੰਦਾ, ”ਆਹ ਲਈ ਜਾਂਦੇ ਐ ਬਈ ਕਨੇਡੇ ਆਲੇ ਗੀਸੇ ਨੂੰ। ‘ਰਾਮ ਆ ਗਿਆ ਹੋਣਾ।”
ਬਾਬਾ ਪਾਖਰ ਸਿਉਂ ਕਹਿੰਦਾ, ”ਚੱਲੋ ਯਾਰ ਫ਼ੇਰ ਤਾਂ ਗੀਸੇ ਦਾ ਪਤਾ ਈ ਲੈ ਆਈਏ ਜੇ ਆ ਗਿਆ ਤਾਂ।”
ਜਿਉਂ ਹੀ ਬਾਬਾ ਪਾਖਰ ਸਿਉਂ ਸੱਥ ‘ਚੋਂ ਉੱਠ ਕੇ ਗੀਸੇ ਦੇ ਪਤੇ ਨੂੰ ਤੁਰਿਆ ਤਾਂ ਬਾਕੀ ਦੇ ਵੀ ਸੱਥ ‘ਚੋ ਉੱਠ ਕੇ ਇਉਂ ਤੁਰ ਗਏ ਜਿਮੇਂ ਉਹ ਵੀ ਕਿਤੇ ਗੀਸੇ ਦੇ ਘਰ ਨੂੰ ਉਹਦਾ ਪਤਾ ਲੈਣ ਚੱਲ ਪਏ ਹੋਣ।
—————-

LEAVE A REPLY