ਪਿੰਡ ਦੀ ਸੱਥ ਵਿੱਚੋਂ (ਕਿਸ਼ਤ-198)

main-news-300x150ਸਾਉਣ ਦੀ ਝੜ੍ਹੀ ਹਟਦਿਆਂ ਹੀ ਜਦੋਂ ਅਸਮਾਨ ‘ਚ ਸੱਤ ਰੰਗੀ ਪੀਂਘ ਦਿਖਾਈ ਦਿੱਤੀ ਤਾਂ ਘਰਾਂ ‘ਚੋਂ ਖੀਰ, ਪ੍ਰਸ਼ਾਦ, ਗੁਲਗਲੇ ਮੱਠੀਆਂ ਅਤੇ ਮਾਹਲ ਪੂੜਿਆਂ ਦੀ ਵਾਸ਼ਨਾ ਨੱਕ ‘ਚ ਕੁਤ-ਕਤਾੜੀਆਂ ਕੱਢਣ ਲੱਗ ਪਈ। ਏਧਰ ਲੋਕ ਵੀ ਘਰਾਂ ‘ਚੋਂ ਨਿੱਕਲ ਕੇ ਸੱਥ ‘ਚ ਜੁੜਣੇ ਸ਼ੁਰੂ ਹੋ ਗਏ। ਸੱਥ ‘ਚ ਪਛੜ ਕੇ ਆਉਣ ਵਾਲੇ ਘਰੋਂ ਨਿੱਕਲਦੇ ਹੀ ਢਿੱਡ ‘ਤੇ ਇਉਂ ਹੱਥ ਫੇਰਦੇ ਆ ਰਹੇ ਸਨ ਜਿਵੇਂ ਉਹ ਮਾਹਲ ਪੂੜਿਆਂ ਨਾਲ ਰੱਜ ਕੇ ਆਏ ਹੋਣ। ਬਾਬੇ ਕਰਤਾਰ ਸਿਉਂ ਨੇ ਸੱਥ ‘ਚ ਆਉਂਦਿਆਂ ਹੀ ਹਾਕਮ ਪਾਠੀ ਨੂੰ ਪੁੱਛਿਆ, “ਕਿਉਂ ਬਈ ਹਾਕਮ ਸਿਆਂ! ਤੈਨੂੰ ਤਾਂ ਯਾਰ ਪਤਾ ਹੋਣੈ, ਤੂੰ ਤਾਂ ਖਾਸਾ ਮਹਾਰਾਜ ਪੜ੍ਹ ਲਿਖ ਲੈਨੈਂ, ਆਹ ਜਿਹੜੀ ਸੱਤ ਰੰਗੀ ਪੀਂਘ ਜੀ ਐ, ਇਹ ਕੀ ਚੀਜ ਹੁੰਦੀ ਐ ਬਈ?”
ਨਾਥਾ ਅਮਲੀ ਬਾਬੇ ਦੀ ਗੱਲ ਸੁਣ ਕੇ ਇੱਕਦਮ ਬੋਲਿਆ, “ਖੀਰ ਕੜ੍ਹਾਹ ਦਾ ਸਨੇਹਾ ਦੇਣ ਆਉਂਦੀ ਹੁੰਦੀ ਐ ਬਾਬਾ ਇਹ ਮਾਈ ਬੁੜ੍ਹੀ ਦੀ ਪੀਂਘ। ਇਹ ਕਹਿੰਦੀ ਐ ਬਈ ਗੁਲਗਲੇ ਮੱਠੀਆਂ ਬਣਾਓ ਤੇ ਖਾਉ। ਹੋਰ ਇਹ ਕਿਹੜਾ ਝੂਟਣ ਆਲੀ ਪੀਂਘ ਐ ਬਈ ਕਿਸੇ ਦਰ ਖਤ ‘ਤੇ ਮੋਟਾ ਰੱਸਾ ਸਿੱਟਿਆ ਤੇ ਵਿੱਚ ਅੜਾਕੇ ਲੱਕੜ ਦੀ ਫੱਟੀ ਝੂਟਣ ਆਲੀ ਪੀਂਘ ਬਣ ਜੂ।”
ਹਾਕਮ ਪਾਠੀ ਬਾਬੇ ਕਰਤਾਰ ਸਿਉਂ ਦਾ ਸਵਾਲ ਸੁਣ ਕੇ ਬੋਲਿਆ, “ਬੁੱਢੀ ਮਾਈ ਦੀ ਪੀਂਘ ਕਹਿੰਦੇ ਐ ਬਾਬਾ ਇਹਨੂੰ। ਬਾਕੀ ਫੇਰ ਵਾਖਰੂ ਜਾਣਦਾ। ਕਹਿੰਦੇ ਇਹ ਪੱਕੀ ਨਿਸ਼ਾਨੀ ਐ ਬਈ ਜਦੋਂ ਬੁੱਢੀ ਮਾਈ ਇਹ ਪੀਂਘ ਪਾ ਲੈਂਦੀ ਐ, ਫੇਰ ਇਸ ਤੋਂ ਪਿੱਛੋਂ ਮੀਂਹ ਨ੍ਹੀਂ ਪੈਂਦਾ ਹੁੰਦਾ।”
ਨਾਥਾ ਅਮਲੀ ਹਾਕਮ ਪਾਠੀ ਦੀ ਗੱਲ ‘ਤੇ ਗਲੋਟੇ ਵਾਂਗੂੰ ਉੱਧੜਿਆ ਤੇ ਸੱਥ ਵਾਲਿਆਂ ਨੂੰ ਕਹਿੰਦਾ, “ਆਹ ਹੋਰ ਸੁਣ ਲੋ ਬਈ ਵੱਡੇ ਖੀਰੇ ਜੋਤਸ਼ੀ ਤੋਂ ਟੇਵਾ। ਅਕੇ ਸੱਤ ਰੰਗੀ ਪੀਂਘ ਤੋਂ ਪਿੱਛੋਂ ਮੀਂਹ ਨ੍ਹੀ ਪੈਂਦਾ ਹੁੰਦਾ। ਤੈਨੂੰ ਕੀ ਪਤਾ ਓਏ ਗਲੇਲੇ ਕਿਆ, ਐਮੇਂ ਤਾਂ ਨ੍ਹੀ ਲੋਕਾਂ ਨੇ ਸੋਡਾ ਨਾਂ ਗਲੇਲੇ ਵੱਟ ਧਰਿਆ।”
ਬਾਬਾ ਕਰਤਾਰ ਸਿਉਂ ਨਾਥੇ ਅਮਲੀ ਦੀ ਗੱਲ ਤੋਂ ਹੱਸ ਕੇ ਅਮਲੀ ਨੂੰ ਕਹਿੰਦਾ, “ਇਹ ਕੀ ਅਮਲੀਆ ਓਏ? ਗਲੇਲੇ ਕੇ ਕਿਉਂ ਕਹਿੰਦੇ ਐ ਇਹਨਾਂ ਨੂੰ?”
ਅਮਲੀ ਬਾਬੇ ਵੱਲ ਨੂੰ ਵੀ ਘੂਰੀ ਵੱਟ ਪਿਆ, “ਤੈਨੂੰ ਦੱਸੀਂ ਤਾਂ ਜਾਨਾਂ ਬਾਬਾ ਬਈ ਇਨ੍ਹਾਂ ਦਾ ਵੱਡਾ ਬੁੜ੍ਹਾ ਕਹਿੰਦੇ ਗੱਪ ਬਾਹਲ਼ੇ ਮਾਰਦਾ ਹੁੰਦਾ ਸੀ। ਪੈਰ ਪੈਰ ‘ਤੇ ਗਪੌੜ। ਊਈਂ ਛੱਡ ਦਿਆ ਕਰੇ ਬਿਨਾਂ ਵੇਖਿਆਂ ਹੀ। ਗੱਲ ਕੋਈ ਹੋਇਆ ਨਾ ਕਰੇ, ਬੇਰੀ ਦੀ ਟੀਸੀ ‘ਤੇ ਪੇਂਦੂ ਬੇਰ ਲਾ ਦਿਆ ਕਰੇ। ਲੋਕਾਂ ਨੇ ਇਨ੍ਹਾਂ ਦੇ ਟੱਬਰ ਦਾ ਨਾਂ ਈਂ ਗਲੇਲੇ ਵੱਟ ਧਰ ਲਿਆ।”
ਸੀਤਾ ਮਰਾਸੀ ਕਹਿੰਦਾ, “ਜਿਹੜੀ ਗੱਲ ਅਮਲੀਆ ਤੂੰ ਕਰਦੈਂ ਇਹ ਤਾਂ ਪੁਰਾਣੇ ਬੁੜ੍ਹਿਆਂ ਦੀ ਗੱਲ ਐ। ਇਨ੍ਹਾਂ ਦੇ ਪੜਦਾਦਾ ਤੋਂ ਪਈ ਸੀ ਗਲੇਲੇ ਵੱਟਾਂ ਦੀ ਅੱਲ ਇਨ੍ਹਾਂ ਨੂੰ। ਹੁਣ ਤਾਂ ਇਨ੍ਹਾਂ ਨੂੰ ਲਮਢੀਗਾਂ ਦੇ ਕਹਿੰਦਾ ਸਾਰਾ ਪਿੰਡ।”

ਮਾਹਲਾ ਨੰਬਰਦਾਰ ਸੀਤੇ ਮਰਾਸੀ ਨੂੰ ਹੱਸ ਕੇ ਕਹਿੰਦਾ, “ਲਮਢੀਗਾਂ ਨੂੰ ਇਹ ਕਿੱਧਰੋਂ ਆ ਗਿਆ ਗੱਜਣ ਆਲੀਏ ਚੜ੍ਹਤੇ ਰੁੱਖੜ ਕਾ ਟੱਬਰ ਬਈ ਲਾ ਬੁੜ੍ਹੀਆਂ ਤੋਂ ਇੱਕ ਦੇ ਵਾਢਿਉਂ ਈ ਸਾਰੇ ਜੀਅ ਸੱਤ-ਸੱਤ ਫੁੱਟੇ ਐ। ਚੁੱਲ੍ਹੇ ਮੂਹਰੇ ਬੈਠਾ ਤਾਂ ਇਨ੍ਹਾਂ ਦਾ ਸਾਰਾ ਟੱਬਰ ਇਉਂ ਲੱਗਦਾ ਹੁੰਦਾ ਜਿਮੇਂ ਪਾਥੀਆਂ ਆਲੇ ਗੀਰ੍ਹੇ ਕੋਲੇ ਪਾਥੀਆਂ ਪੱਥੀਆਂ ਪਈਆਂ ਹੁੰਦੀਐਂ। ਨਾਂ ਧਰੀ ਜਾਨੇ ਐ ਲਮਢੀਂਗ। ਵਾਹ ਓਏ ਮਾਂ ਦਿਓ ਪੁੱਤੋ।”
ਨਾਥਾ ਅਮਲੀ ਕਹਿੰਦਾ, “ਆਪਣੇ ਪਿੰਡ ‘ਚ ਕੋਈ ਵੀ ਸੲ੍ਹੀ ਨਾਂ ਨ੍ਹੀ ਧਰਿਆ ਕਿਸੇ ਦਾ। ਸਭ ਉਲਟ ਫੁੱਲਟ ਈ ਐ। ਆਹ ਲਮਢੀਗਾਂ ਦੀ ਸੁਣ ਲਾ ਹੁਣ। ਕੱਦ ਤਾਂ ਲਮਢੀਗਾਂ ਦੇ ਸਾਰੇ ਟੱਬਰ ਦੇ ਟੁੱਟੀ ਢੂੲ੍ਹੀ ਆਲੇ ਸੂਰ ਜਿੱਡੇ ਜਿੱਡੇ ਐ, ਟਾਕੀ ਪਤੰਦਰੋਂ ਤੁਸੀਂ ‘ਸਮਾਨ ਨੂੰ ਲਾਈ ਜਾਨੇਂ ਐ। ਆਪਣੇ ਪਿੰਡ ‘ਚ ਕਿਸੇ ਦਾ ਵੀ ਕੋਈ ਢੁੱਕਦਾ ਨਾਂ ਨ੍ਹੀ ਪੈਂਦਾ । ਲੱਲੂ ਦੀਆਂ ਲੱਲ ਫਲੱਲ੍ਹੀਆਂ ਈਂ ਐਂ।”
ਬਾਬਾ ਕਰਤਾਰ ਸਿਉਂ ਅਮਲੀ ਨੂੰ ਕਹਿੰਦਾ, “ਅਮਲੀਆ ਕਈ ਲਾਣਿਆਂ ਦੇ ਨਾਂ ਤਾਂ ਪੂਰੇ ਫਿੱਟ ਕਰਕੇ ਧਰੇ ਵੇ ਐ ਅਗਲਿਆਂ ਦੇ। ਜੇ ਕੋਈ ਮੱਠਾ ਤੁਰਦਾ ਉਹਦਾ ਓਹੋ ਜਾ ਨਾਂ ਧਰ ‘ਤਾ ਲੋਕਾਂ ਨੇ, ਜੇ ਕੋਈ ਤੇਜ ਤੁਰਦਾ ਉਹਦਾ ਓਹੋ ਜਾ ਧਰਿਆ ਵਿਆ।”
ਅਮਲੀ ਬਾਬੇ ਦੀ ਗੱਲ ਸੁਣ ਕੇ ਬਾਬੇ ਨੂੰ ਇਉਂ ਭੱਜ ਕੇ ਪੈ ਗਿਆ ਜਿਮੇਂ ਪਰਕਰਮਾਂ ‘ਚ ਕਛਹਿਰਾ ਨਚੋੜਦੇ ਪਾਠੀ ਨੂੰ ਨਹਿੰਗ ਸਿੰਘ ਪੈ ਗਿਆ ਹੋਵੇ। ਬਾਬੇ ਦੀ ਬਾਂਹ ਫੜ੍ਹ ਕੇ ਬਾਬੇ ਨੂੰ ਕਹਿੰਦਾ,
“ਤੂੰ ਸੁਰਤ ਚੀ ਐਂ ਬਾਬਾ ਕੁ ਤਾਪ ਚੜ੍ਹੇ ‘ਚ ਜੋਗਾ ਕਰਨ ਆਲੀ ਗੱਲ ਕਰਦੈਂ। ਕਿਹੜੇ ਲਾਣੇ ਦਾ ਨਾਂ ਸਹੀ ਟਿਕਿਆ ਵਿਆ ਦੱਸ ਖਾਂ?”
ਬੁੱਘਰ ਦਖਾਣ ਅਮਲੀ ਨੂੰ ਕਹਿੰਦਾ, “ਚੱਲ ਤੂੰ ਆਪ ਈ ਦੱਸ ਦੇ ਅਮਲੀਆ ਬਈ ਆਪਣੇ ਗੁਆੜ ‘ਚ ਗਲਤ ਕੀਹਦੇ ਕੀਹਦੇ ਨਾਉਂ ਐਂ?”
ਨਾਥਾ ਅਮਲੀ ਗੱਲ ਸਣਾਉਣ ਨੂੰ ਪੈਰਾਂ ਭਾਰ ਹੋ ਕੇ ਬਾਬੇ ਕਰਤਾਰ ਸਿਉਂ ਦੇ ਗੋਡੇ ‘ਤੇ ਹੱਥ ਮਾਰ ਕੇ ਬੋਲਿਆ ਫਿਰ,”ਆਹ ਪਿੱਛੂ ਕੇ ਤੇਜ ਦਾ ਨਾਂ ਕਿਤੇ ਢੁੱਕਦੈ । ਚੁੱਪ ਕੀਤਿਆਂ ਦੇ ਗਾਗ੍ਹੜ ਕੇ ਟੱਬਰ ਦਾ ਨਾਂ ਕਿੱਥੇ ਢੁੱਕਦੈ। ਫੇਰ ਦੱਸੀਂ ਖਾਂ ਖਾਣ ਸੂਰਿਆਂ ਦੇ ਲਾਣੇ ਦਾ ਨਾਂ ਕਿੰਨ੍ਹਾਂ ਕੁ ਸੂਤ ਐ। ਐਮੇਂ ਆਵਦੀਆਂ ਈਂ ਮਾਰੀ ਜਾਨੇ ਰਹਿੰਨੇ ਐ ਸਾਰਾ ਦਿਨ। ਸੂਤ ਸਾਤ ਕਿਸੇ ਦਾ ਨਾਂਅ ਨ੍ਹੀ।”
ਅਮਲੀ ਦੀ ਗੱਲ ਮੁੱਕਣ ਤੋਂ ਪਹਿਲਾਂ ਹੀ ਮੇਹਰ ਸਿਉਂ ਸੂਬੇਦਾਰ ਨੇ ਅਮਲੀ ਨੂੰ ਪੁੱਛਿਆ, “ਅਮਲੀਆ! ਆਹ ਜਿਹੜੇ ਨਾਂ ਤੂੰ ਲਏ ਐ, ਇਨ੍ਹਾਂ ਦੀ ਕਿਹੜੀ ਟੰਗ ਵਿੰਗੀ ਐ ਓਏ, ਆਂਏਂ ਤਾਂ ਜੀਹਦੇ ਨਾਂ ਨੂੰ ਮਰਜੀ ਪੁੱਠਾ ਸਿੱਧਾ ਕਰ ਲੋ। ਇਹ ਕਿਹੜਾ ਟਾਟਾ ਦਾ ਗਾਡਰ ਐ ਜਿਹੜਾ ਵਿੰਗਾ ਨ੍ਹੀ ਹੋਣਾ?”

ਸੂਬੇਦਾਰ ਤੋਂ ਸਵਾਲ ਸੁਣ ਕੇ ਨਾਥਾ ਅਮਲੀ ਭੂਸਰੀ ਬਾਂਦਰੀ ਵਾਂਗੂੰ ਕਰੋਧ ‘ਚ ਆ ਕੇ ਸੂਬੇਦਾਰ ਨੂੰ ਕਰਾਰੇ ਹੱਥੀਂ ਲੈਂਦਾ ਬੋਲਿਆ, “ਸੋਡੇ ਟੱਬਰ ਦੇ ਨਾਉਂ ਗਣਾਂ ਦਿੰਨਾਂ ਫੌਜੀਆ। ਪਹਿਲਾਂ ਤਾਂ ਤੂੰ ਈਂ ਵੇਖ ਲਾ ਬਈ ਤੇਰਾ ਨਾਂ ਤਾਂ ਮੇਹਰ ਸਿਉਂ ਐਂ, ਮੇਹਰ ਤੂੰ ਕਦੇ ਕਿਸੇ ‘ਤੇ ਹਜੇ ਤੱਕ ਕੀਤੀਓ ਈ ਨ੍ਹੀ। ਪੰਜ ਚਾਰ ਸਾਲ ਫੌਜ ‘ਚ ਲਾਏ ਐ ਖਾਣੀ ਨਹੀਂ, ਬਿਨਾਂ ਮਤਬਲੋਂ ਈਂ ਪਿੰਡ ਦੇ ਹਰੇਕ ਚਲਦੇ ਕੰਮ ‘ਚ ਟੰਗ ਅੜਾ ਦਿੰਨੈਂ। ਐਮੇਂ ਤਾਂ ਨ੍ਹੀ ਪਿੰਡ ਆਲਿਆਂ ਨੇ ਸੋਡੇ ਲਾਣਾ ਦਾ ਨਾਂਅ ਟੰਗ ਡਾਉਣਿਆਂ ਦਾ ਲਾਣਾ ਧਰਿਆ।”
ਬਾਬਾ ਕਰਤਾਰ ਸਿਉਂ ਅਮਲੀ ਵੱਲ ਨੂੰ ਮੁਹਾਰ ਮੋੜਦਾ ਅਮਲੀ ਨੂੰ ਕਹਿੰਦਾ, “ਬੱਸ ਕਰ ਨਾਥਾ ਸਿਆਂ ਹੁਣ, ਹਜੇ ਤਾਂ ਸੱਥ ‘ਚ ਹੋਰ ਵੀ ਬਹੁਤ ਬੈਠੇ ਐ ਉਨ੍ਹਾਂ ਦੇ ਵੀ ਝੱਗੇ ਦਾ ਮੇਚ ਲੈਣਾ ਹੋਣੈ ਤੈਂ। ਤੂੰ ਤਾਂ ਆਂਏਂ ਸੂਬੇਦਾਰ ‘ਤੇ ਈ ਸਾਰਾ ਦਿਨ ਨੰਘਾ ਦੇਂ ਗਾ। ਐਧਰ ਨੂੰ ਹੋ ਮਾੜਾ ਜਾ। ਆਹ ਜਿਹੜੇ ਨਾਂ ਤੂੰ ਦੱਸ ਕੇ ਹਟਿਐਂ, ਉਨ੍ਹਾਂ ਬਾਰੇ ਚਾਨਣਾ ਪਾ ਭੋਰਾ।”
ਜੱਗਾ ਕਾਮਰੇਡ ਕਹਿੰਦਾ, “ਆਹ ਪਿੱਛੂ ਕੇ ਤੇਜ ਨੂੰ ਵੀ ਅਮਲੀ ਨੇ ਵਲ੍ਹੇਟ ‘ਤਾ। ਉਹ ਤਾਂ ਯਾਰ ਕਿੱਡਾ ਗੱਭਰੂ ਜੁਆਨ ਐਂ। ਧਰਤੀ ਹਿਲਦੀ ਐ ਜਦੋਂ ਤੁਰਦਾ। ਕਿੰਨਾਂ ਤਾਂ ਕੰਮ ਦਾ ਕਰਿੰਦਾ, ਉਹਨੂੰ ਮਨ੍ਹੀ ਪਤੰਦਰ ਨੇ ਬਖਸ਼ਿਆ।”
ਤੇਜ ਦੀ ਗੱਲ ਛਿੜੀ ਸੁਣ ਕੇ ਅਮਲੀ ਜੱਗੇ ‘ਤੇ ਇਉਂ ਝੱਪਟਿਆ ਜਿਮੇਂ ਕੁੱਕੜਾਂ ਨੂੰ ਬਿੱਲੀ ਪੈ ਗਈ ਹੋਵੇ। ਜੱਗੇ ਨੂੰ ਕਹਿੰਦਾ, “ਕਾਮਰੇਟਾ-ਕਾਮਰੇਟਾ! ਕਿੱਥੇ ਫਿਰਦੈਂ ਤੂੰ? ਗੱਭਰੂ ਤਾਂ ਮੈਂ ਤੇਜ ਨੂੰ ਮੰਨਦਾਂ, ਪਰ ਗੱਲ ਤਾਂ ਇਉਂ ਕਰਦੇ ਐਂ ਬਈ ਨਾਂ ਤਾਂ ਉਹਦਾ ਘਰਦਿਆਂ ਨੇ ਤੇਜ ਧਰ ‘ਤਾ, ਤੁਰਦਾ ਇਉਂ ਐਂ ਢੀਚਕ ਜੀ ਮਾਰ ਕੇ ਜਿਮੇਂ ਖੁੱਚਾਂ ‘ਚ ਮਾਸ ਖਾਣੇ ਫੋੜੇ ਨੇ ਫਰੜ ਪਾ ‘ਤਾ ਹੁੰਦਾ। ਨਾਉਂ ਧਰਾਲਿਆ ਤੇਜ, ਪੈਰ ਪੁੱਛ ਕੇ ਪੱਟਦਾ। ਕੇਰਾਂ ਪਿਛਲੇ ਹਾੜ੍ਹ ਜੇ ‘ਚ ਇਹਦਾ ਤੇਜ ਦਾ ਆਇਆ ਵਿਆ ਸੀ ਫੁੱਫੜ, ਬੁੜ੍ਹੇ ਨੇ ਤੇਜ ਨੂੰ ਪਿੰਡ ਦੇ ਓਧਰਲੇ ਪਾਸਿਉਂ ਭੱਠਲਾਂ ਦੇ ਗੁਆੜੋਂ ਕਸਤੂਰੀ ਬਾਣੀਏਂ ਦੀ ਹੱਟ ਤੋਂ ਬਰਫ਼ ਲੈਣ ਘੱਲ ‘ਤਾ। ਇਹ ਬਰਫ ਲੈ ਕੇ ਜਦੋਂ ਨੂੰ ਘਰੇ ਆਇਆ, ਆਉਂਦੇ ਨੂੰ ਬਰਫ ਖੁਰ ਗੀ। ਖਾਲੀ ਭਿੱਜਿਆ ਵਿਆ ਝੋਲਾ ਲੈ ਕੇ ਆ ਬੁੜ੍ਹੀ ਦੇ ਸਰ੍ਹਾਣੇ ਖੜ੍ਹਾ ਹੋਇਆ। ਬੁੜ੍ਹੀ ਨੇ ਵੀ ਚਿੱਟਾ ਬੂਟੀਆਂ ਆਲਾ ਨਮਾਂ ਝੋਲਾ ਕੱਢ ਕੇ ਦਿੱਤਾ ਸੀ ਬਰਫ ਆਸਤੇ ਬਈ ਪ੍ਰਾਹੁਣਾ ਆਇਆ। ਬਰਫ ਨੇ ਤਾਂ ਖੁਰਨਾ ਈਂ ਸੀ ਕਿਉਂਕਿ ਤੇਜ ਤੁਰਦਾ ਈ ਬਾਹਲ਼ਾ ਮੱਠਾ ਸੀ, ਆਉਂਦੇ ਨੂੰ ਫੁੱਫੜ ਘਰੋਂ ਨੇਰ੍ਹੀ ‘ਠਾ ਗਿਆ ਬਈ ਘੈਂਟਾ ਹੋ ਗਿਆ ਘਰੇ ਬੈਠੇ ਨੂੰ, ਉੱਤੋਂ ਕਹਿਰ ਦੀ ਗਰਮੀਂ ਪੈਂਦੀ ਐ, ਨਾ ਪਾਣੀ ਨਾ ਧਾਣੀ। ਇਨ੍ਹਾਂ ਨੇ ਤਾਂ ਬਾਤ ਈ ਨ੍ਹੀ ਪੁੱਛੀ। ਪਾਣੀ ਧਾਣੀ ਕੀ ਪਿਆਉਣ ਸੀ। ਟੱਬਰ ਤਾਂ ਬਰਫ ਨੂੰ ‘ਡੀਕੀ ਜਾਵੇ ਬਈ ਠੰਢਾ ਪਾਣੀ ਪਿਆਈਏ ਪ੍ਰਾਹੁਣੇ ਨੂੰ। ਪ੍ਰਾਹੁਣੇ ਨੇ ਸੋਚਿਆ ਬਈ ਹੁਣ ਉਮਰ ਵੱਡੀ ਹੋ ਗੀ, ਹੁਣ ਸਾਹੁਰੇ ਕਦਰ ਕਰਨੋ ਹਟ ਗੇ। ਉਹ ਬਿਨਾਂ ਕੁਸ ਖਾਧੇ ਪੀਤੇ ਭੱਜ ਗਿਆ। ਪ੍ਰਾਹੁਣਾ ਭਜਾਉਣ ਆਲੀ ਸਾਰੀ ਮਿਹਰਬਾਨੀ ਤੇਜ ਸਿਉਂ ਦੀ ਓ ਹੋਈ ਸੀ। ਹਜੇ ਤੁਸੀਂ ਕਹਿਨੇਂ ਐ ਬਈ ਢੁਕਮੇਂ ਨਾਂਅ ਨ੍ਹੀ ਧਰੇ ਲੋਕਾਂ ਨੇ।”
ਮਾਹਲਾ ਨੰਬਰਦਾਰ ਕਹਿੰਦਾ, “ਇੰਨ੍ਹਾਂ ਨੂੰ ਪਿੱਛੂ ਕੇ ਅਮਲੀਆ ਕਾਹਤੋਂ ਕਹਿੰਦੇ ਓਏ?”

ਨੰਬਰਦਾਰ ਦੇ ਨਾਲ ਬੈਠਾ ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, “ਪਿਸੂ ਪੁੱਸੂ ਪੈ ਗੇ ਹੋਣੇ ਐ ਇਨ੍ਹਾਂ ਦੇ ਕਿਸੇ ਵੱਡ ਵੱਡੇਰੇ ਦੇ, ਹੋਰ ਕਿਤੇ ਇਨਾਂ ਦੇ ਪਿੱਸੂ ਤਾਂ ਨ੍ਹੀ ਰੱਖੇ ਵੇ ਸੀ। ਕਈ ਲੋਕ ਸੱਸੇ ਨੂੰ ਛੱਛਾ ਕਹਿ ਕੇ ਬੋਲਦੇ ਐ। ਜੀਹਨੇ ਇਨ੍ਹਾਂ ਦਾ ਇਹ ਨਾਂ ਧਰਿਆ ਉਹਨੂੰ ਸੱਸਾ ਕਹਿਣਾ ਨ੍ਹੀ ਆਉਂਦਾ ਹੋਣਾ ਉਹ ਵੀ ਆਪਣੇ ਪਿੰਡ ਆਲੇ ਭੋਲੇ ਗਰੰਥੀ ਆਂਗੂੰ ਸੱਸੇ ਨੂੰ ਛੱਛਾ ਬੋਲਦਾ ਹੋਣਾ। ਕਹਿਣਾ ਤਾਂ ਉਹਨੇ ਪਿਸੂ ਹੋਊ, ਪਰ ਕਹਿ ਗਿਆ ਪਿੱਛੂ। ਆਪਣੇ ਲੋਕਾਂ ਦਾ ਤਾਂ ਨੰਬਰਦਾਰਾ ਤੈਨੂੰ ਪਤਾ ਈ ਐ ਬਈ ਗੱਲ ਚੱਕਣ ਨੂੰ ਸੱਤਾਂ ਪੱਤਣਾਂ ਦੇ ਤਾਰੂਆਂ ਤੋਂ ਵੀ ਗਾਹਾਂ ਨੰਘ ਜਾਂਦੇ ਐ। ਬੱਸ ਓਦਣ ਤੋਂ ਪਿੱਛੂ ਪਿੱਛੂ ਹੋ ਗੀ। ਬਾਕੀ ਫੇਰ ਨਾਥੇ ਨੂੰ ਪਤਾ ਹੋਣੈ।”
ਬਾਬਾ ਕਰਤਾਰ ਸਿਉਂ ਫੇਰ ਹੋਇਆ ਅਮਲੀ ਵੱਲ ਨੂੰ, “ਕਿਉਂ ਅਮਲੀਆ, ਕੀ ਕਿਹਾ ਸੀਤੇ ਨੇ ਓਏ?”
ਬਾਬੇ ਦੀ ਗੱਲ ਸੁਣ ਕੇ ਅਮਲੀ ਬਾਬੇ ਨੂੰ ਕਹਿੰਦਾ, “ਤੈਨੂੰ ਵੀ ਬਾਬਾ ਸੁਣਿਆਂ ਈਂ ਐਂ। ਮੇਰੇ ਦੱਸਣ ਨਾਲ ਕਿਹੜਾ ਪਿੱਛੂ ਤੋਂ ਬਿੱਛੂ ਬਣ ਕੇ ਲੜ ਜਾਣਗੇ ਏਹੇ।”
ਸੀਤਾ ਮਰਾਸੀ ਅਮਲੀ ਨੂੰ ਕਹਿੰਦਾ, “ਅਮਲੀਆ ਹੁਣ ਚੁੱਪ ਕੀਤਿਆਂ ਦੇ ਗਾਗ੍ਹੜ ਤੇ ਖਾਣ ਸੂਰਿਆਂ ਦੇ ਲਾਣੇ ਦੀ ਸਣਾ ਕੋਈ।”
ਮਰਾਸੀ ਦੀ ਗੱਲ ਸੁਣ ਕੇ ਨਾਥਾ ਅਮਲੀ ਮਰਾਸੀ ਨੂੰ ਕਹਿੰਦਾ, “ਪਹਿਲਾਂ ਸੋਡੀ ਨਾ ਸਣਾ ਦਿਆਂ ਪੀਪੇ ਆਲੀ ਮਠਿਆਈ ਦੀ?”
ਬਾਬਾ ਕਰਤਾਰ ਸਿਉਂ ਨਾਥੇ ਅਮਲੀ ਨੂੰ ਸੀਤੇ ਮਰਾਸੀ ‘ਤੇ ਹਰਖਿਆ ਵੇਖ ਕੇ ਕਹਿੰਦਾ, “ਚੁੱਪ ਕਰੋ ਓਏ, ਹੁਣ ਲੜੋਂਗੇ ਤੁਸੀਂ। ਚੱਲੋ ਉੱਠੋ ਘਰਾਂ ਨੂੰ ਤੁਰੋ, ਦਿਨ ਉੱਤੋਂ ਛਿਪ ਪਿਆ, ਇਨ੍ਹਾਂ ਦੀ ਹਜੇ ਹੀਰ ਈਂ ਨ੍ਹੀ ਮੁੱਕੀ।”
ਬਾਬੇ ਦਾ ਕਹਿਣਾ ਮੰਨ ਕੇ ਸੱਥ ‘ਚ ਬੈਠੇ ਸਾਰੇ ਜਣੇ ਸੱਥ ‘ਚੋਂ ਉੱਠ ਕੇ ਪਿੱਛੂ ਕੇ ਤੇਜ ਦੀਆਂ ਗੱਲਾਂ ਕਰਦੇ ਕਰਦੇ ਆਪੋ ਆਪਣੇ ਘਰਾਂ ਨੂੰ ਚੱਲ ਪਏ।

LEAVE A REPLY