ਜਿਉਂ ਜਿਉਂ ਕੜ੍ਹੀ ਖਾਣਿਆਂ ਦੇ ਠੋਹਲੂ ਦੇ ਵਿਆਹ ਦੇ ਦਿਨ ਨੇੜੇ ਆਉਂਦੇ ਜਾਂਦੇ ਸਨ ਤਿਉਂ ਤਿਉਂ ਠੋਹਲੂ ਪਹਿਲਾਂ ਨਾਲੋਂ ਸੱਥ ‘ਚ ਕੁਝ ਵੱਧ ਆਉਣ ਲੱਗ ਪਿਆ। ਇੱਕ ਦਿਨ ਸੱਥ ‘ਚ ਆਏ ਠੋਹਲੂ ਨੂੰ ਨਾਥੇ ਅਮਲੀ ਨੇ ਸੱਥ ‘ਚ ਆਉਂਦਿਆਂ ਹੀ ਪੁੱਛ ਲਿਆ, ”ਅੱਜ ਕੱਲ੍ਹ ਕਿਮੇਂ ਤੜਕੇ ਈ ਸੱਥ ਆ ਕੇ ਡੇਰਾ ਲਾ ਲੈਨੈਂ ਓਏ ਜਿਵੇਂ ਛੀਐਡੀ ਕਰਦਾ ਹੁੰਨੈ ਕਿਸੇ ਦੀ?”
ਬੁੱਘਰ ਦਖਾਣ ਕਹਿੰਦਾ, ”ਆਉਂਦੇ ਮਹੀਨੇ ਵਿਆਹ ਅਗਲੇ ਦਾ।”
ਬੁੱਘਰ ਦਖਾਣ ਤੋਂ ਵਿਆਹ ਵਾਲੀ ਗੱਲ ਸੁਣ ਕੇ ਨਾਥਾ ਅਮਲੀ ਬੁੱਘਰ ਨੂੰ ਹਾਬੜ ਕੇ ਪਿਆ, ”ਕਿੱਥੇ ਬੁੜ੍ਹੀ ਦਾ ਮਰਨਾ ਕਿੱਥੇ ਹਲ ਓਕੜੂ! ਜੇ ਵਿਆਹ ਧਰਿਆ ਵਿਆ ਤਾਂ ਸੱਥ ਕਿਹੜਾ ਲੁੱਧੇਆਣੇ ਆਲੇ ਬੱਸ ਅੱਡੇ ਦੇ ਸਾਹਮਣੇ ਆਲੇ ਚਬਾਰੇ ਐ ਬਈ ਗਾਉਣ ਆਲੇ ਰਹਿੰਦੇ ਐ ਏਥੇ ਬਈ ਇਹਨੇ ‘ਖਾੜਾ ਕਰਨਾ ਕੋਈ। ਗੱਲ ਕੋਈ ਹੋਰ ਐ।”
ਬਾਬਾ ਮੁਕੰਦ ਸਿਉਂ ਕਹਿੰਦਾ, ”ਕਿਉਂ ਯਾਰ ਜੁਆਕ ਨੂੰ ਕਮਲਾ ਕਰਨਾ ਲਿਆ। ਹੋਰ ਵੀ ਨੱਤੀ ਸੌ ਸੱਥ ‘ਚ ਆ ਕੇ ਬਹਿੰਦਾ ਈ ਐ, ਜੇ ਘੜੀ ਠੋਹਲੂ ਆ ਕੇ ਬਹਿ ਗਿਆ ਤਾਂ ਐਡੀ ਕਿਹੜੀ ਆਫ਼ਤ ਆ ਗੀ ਬਈ ਪੰਡਤ ਨੇ ਖੀਰ ਨ੍ਹੀ ਖਾਣੀ। ਐਮੇਂ ਨਾ ਸੱਥ ‘ਚ ਨਮੇਂ ਆਏ ਨੂੰ ਇਉਂ ਚਿੰਬੜ ਜਿਆ ਕਰੋ ਜਿਮੇਂ ਪਿੰਡ ‘ਚ ਵੜੇ ਬਗਾਨੇ ਪਿੰਡ ਦੇ ਕੁੱਤੇ ਨੂੰ ਪਿੰਡ ਆਲੇ ਕੁੱਤੇ ਚਿੰਬੜ ਜਾਂਦੇ ਐ। ਐਮੇਂ ਨਾ ਓਏ ਮੁੰਡਿਆਂ ਡਰ ਜੀਂ ਇਨ੍ਹਾਂ ਤੋਂ। ਤੇਰਾ ਵਿਆਹ ਕੁ ਤੈਥੋਂ ਵੱਡੇ ਦਾ?”
ਸੀਤੇ ਮਰਾਸੀ ਨੇ ਬਾਬੇ ਮੁਕੰਦ ਸਿਉਂ ਪੁੱਛਿਆ, ”ਕੀਹਦਾ ਮੁੰਡਾ ਭਲਾ ਬਾਬਾ ਇਹੇ, ਤੈਨੂੰ ਪਤੈ?”
ਬਾਬਾ ਕਹਿੰਦਾ, ”ਮੌੜਾਂ ਦਾ ਮੁੰਡਾ ਇਹੇ, ਗਰਜਾ ਸਿਉਂ ਦਾ ਪੋਤਾ ਮੇਜਰ ਮੌੜ ਦਾ ਮੁੰਡਾ, ਹੋਰ ਕੀਹਦਾ ਹੋਣੈ?”
ਸੀਤਾ ਮਰਾਸੀ ਫ਼ੇਰ ਹੋਇਆ ਬਾਬੇ ਵੱਲ ਨੂੰ, ”ਇਉਂ ਕਿਉਂ ਫ਼ਿਰ ਪੁੱਛਿਆ ਤੂੰ ਬਈ ਤੇਰਾ ਵਿਆਹ ਕੁ ਤੈਥੋਂ ਵੱਡੇ ਦਾ। ਇਹਦੇ ਤਾਂ ਕੋਈ ਹੋਰ ਭਰਾ ਈ ਹੈਨ੍ਹੀ। ਏਦੂੰ ਵੱਡਾ ਤਾਂ ਕਰਨੈਲ ਐ, ਉਹ ਇਹਦਾ ਚਾਚਾ ਲੱਗਦਾ। ਉਹਦੇ ਸਗੋਂ ਦੋ ਵਿਆਹ। ਹੋਰ ਕੌਣ ਐਂ ਏਦੂੰ ਵੱਡਾ?”
ਬਾਬਾ ਕਹਿੰਦਾ, ”ਇਹ ਪੁੱਛਣ ਨਾਲ ਕਿਹੜਾ ਇਹਦੀ ਮੰਗ ਛੁੱਟ ਜੂ। ਤੈਨੂੰ ਵੀ ਮੀਰ ਵੱਡੇ ਉੱਡਣੇ ਖੰਭ ਲੱਗ ਗੇ ਲੱਗਦੇ ਐ। ਜਾਂ ਭਾਈ ਰਾਤ ਦੀ ਨੀਂਦ ਦਾ ਅੰਘਾਇਆ ਹੋਮੇਂਗਾ ਜਿਹੜੀਆਂ ਉੱਘ ਦੀਆਂ ਪਤਾਲ ਮਾਰੀ ਜਾਨੈਂ।”
ਸੱਥ ਕੋਲ ਸਾਇਕਲ ਲਈ ਖੜ੍ਹਾ ਖੇਤ ਵਾਲਿਆਂ ਦਾ ਮਿੱਠੂ ਵੀ ਠੋਹਲੂ ਨੂੰ ਟਿੱਚਰ ਬੋਲਿਆ, ”ਆਹ ‘ਲਾਕੇ ‘ਚ ਪਾਣੀ ਦੇ ਹੜ੍ਹ ਆਏ ਕਰ ਕੇ ਵਿਆਹ ਵੀ ਲੇਟ ਹੋ ਗਿਆ ਹੋਣਾ ਇਹਦਾ, ਤਾਹੀਉਂ ਹੁਣ ਇਹ ਸੱਥ ‘ਚ ਆ ਜਾਂਦਾ। ਵੇਹਲਾ ਹੁਣ ਕਿੱਧਰ ਜਾਵੇ।”
ਬਾਬਾ ਕਹਿੰਦਾ, ”ਜੇ ਵਿਆਹ ਪਛੇਤਾ ਹੋ ਗਿਆ ਤਾਂ ਖੇਤ ਬੰਨੇ ਦਾ ਕੰਮ ਕਰੇ ਜਿਮੇਂ ਪਹਿਲਾਂ ਕਰਦਾ ਸੀ। ਇਹ ਤਾਂ ਕਦੇ ਵੇਹਲਾ ਵੇਖਿਆ ਈ ਨ੍ਹੀ।”
ਨਾਥਾ ਅਮਲੀ ਕਹਿੰਦਾ, ”ਕੰਮ ਕਿਮੇਂ ਕਰੇ, ਸਹੇ ਦੀ ਲੱਤ ਨਾਲ ਬੰਨ੍ਹਿਆ ਵਿਆ ਅਗਲਾ।”
ਸੀਤਾ ਮਰਾਸੀ ਕਹਿੰਦਾ, ”ਸਹਾ ਕਿਹੜਾ ਹਾਥੀ ਐ ਬਈ ਖਿੱਚਿਆ ਨ੍ਹੀ ਜਾਣਾ, ਭੋਰਾ ਕੁ ਤਾਂ ਜਾਨਵਰ ਐ ਸਹਾ। ਚੱਕ ਕੇ ਕੱਛ ‘ਚ ਲੈ ਲੇ ਜਿਮੇਂ ਕੈਲਾ ਫ਼ੌਜੀ ਚੌਥੇ ਕੁ ਦਿਨ ਵੇਹੜੇ ‘ਚੋਂ ਕੁੱਕੜ ਲਈ ਆਉਂਦਾ ਹੁੰਦਾ ਕੱਛ ‘ਚ।”
ਬਾਬਾ ਮੁਕੰਦ ਸਿਉਂ ਹੱਸ ਕੇ ਕਹਿੰਦਾ, ”ਸਹਾ ਨ੍ਹੀ ਹੁੰਦਾ ਓਏ, ਸਾਹਾ ਹੁੰਦਾ। ਜਦੋਂ ਵਿਆਹ ਦੇ ਦਿਨ ਬੱਝ ਜਾਣ ਓਹਨੂੰ ਸਾਹਾ ਕਹਿੰਦੇ ਹੁੰਦੇ ਐ। ਨਾਲੇ ਆਹ ਜਿਹੜੇ ਹੜ੍ਹ ਜੇ ਆਏ ਐ ਪਿੰਡਾਂ ‘ਚ, ਇਹਨੇ ਤਾਂ ਪਸੂ ਬਹੁਤ ਮਾਰ ‘ਤੇ ਯਾਰ ਕੁੱਕੜ ਕਿਥੋਂ ਬਚੇ ਹੋਣਗੇ। ਪਿੰਡਾਂ ‘ਚ ਲੋਕਾਂ ਦੇ ਘਰ ਢਹਿ ਗੇ। ਬਹੁਤ ਨਸ਼ਕਾਨ ਹੋ ਗਿਆ।”
ਪ੍ਰੀਤੂ ਕਾ ਜੱਗਾ ਕਹਿੰਦਾ, ”ਆਪਣੇ ਆਹ ਵੇਹੜੇ ਆਲਿਆਂ ਦਾ ਤਾਂ ਕੋਈਉ ਈ ਘਰ ਬਚਿਆ ਹੋਣਾ। ਵਚਾਰੇ ਗਰੀਬਾਂ ਦੇ ਕੱਚੇ ਘਰ ਸੀ, ਥੋੜ੍ਹੇ ਜੇ ਪਾਣੀ ਨਾਲ ਈ ਦਾੜ-ਦਾੜ ਡਿੱਗ ਪੇ।”
ਬਾਬਾ ਕਹਿੰਦਾ, ”ਚਲੋ ਰੱਬ ਦਾ ਐਨਾ ਸ਼ੁਕਰ ਐ ਬਈ ਜਾਨੀ ਨਸ਼ਕਾਨ ਤੋਂ ਬਚ ਗੇ। ਘਰ ਘੁਰ ਤਾਂ ਅਗਲਾ ਫ਼ੇਰ ਵੀ ਖੜ੍ਹਾ ਕਰ ਲਊ। ਬੰਦੇ ਦਾ ਨਸ਼ਕਾਨ ਹੋਇਆ ਨ੍ਹੀ ਪੂਰਾ ਹੁੰਦਾ।”
ਸੀਤਾ ਮਰਾਸੀ ਕਹਿੰਦਾ, ”ਘਰਾਂ ਦਾ ਨਸ਼ਕਾਨ ਤਾਂ ਬਾਬਾ ਗੌਰਮਿੰਟ ਦੇਊਗੀ ਓ ਈ। ਕੱਲ੍ਹ ਪਰਸੋਂ ਜਿਲ੍ਹੇ ਦੇ ਵੱਡੇ ਅਸਫ਼ਰ ਨਸ਼ਕਾਨ ਲਿਖ ਕੇ ਲੈ ਤਾਂ ਗਏ ਐ। ਫ਼ੇਰ ਵੇਖੋ ਕੀ ਬਣਦਾ।”
ਜੱਗਾ ਕਹਿੰਦਾ, ”ਚਾਰਾਂ ਪੰਜਾਂ ਘਰਾਂ ‘ਚੋਂ ਈ ਮਾਹਲੇ ਨੰਬਰਦਾਰ ਨਾਲ ਲੜ ਕੇ ਮੁੜ ਗੇ ਜਿਹੜੇ ਲਿਖਣ ਆਏ ਸੀ। ਹੋਰ ਤਾਂ ਕਿਸੇ ਨੂੰ ਪੁੱਛਿਆ ਈ ਨ੍ਹੀ। ਮੈਨੂੰ ਤਾਂ ਲੱਗਦਾ ਕਿਸੇ ਨੂੰ ਕੁਸ ਦੇਣਾ ਈ ਨ੍ਹੀ। ਆਪ ਈ ਖਾ ਜਾਣਗੇ ਸਭ ਕੁਸ ਪਤੰਦਰ।”
ਬਾਬਾ ਕਹਿੰਦਾ, ”ਕਿਉਂ! ਨੰਬਰਦਾਰ ਨਾਲ ਕਾਹਤੋਂ ਲੜ ਕੇ ਮੁੜ ਗੇ?”
ਨਾਥਾ ਅਮਲੀ ਕਹਿੰਦਾ, ”ਮੈਂ ਦਸਦਾਂ ਬਾਬਾ ਕੀ ਗੱਲ ਹੋਈ ਐ। ਕਸੂਰ ਤਾਂ ਨੰਬਰਦਾਰ ਦਾ ਮਨ੍ਹੀ। ਇਹ ਤਾਂ ਜਿਹੜੇ ਅਸਫ਼ਰ ਪੈਂਸੇ ਪੂੰਸੇ ਦੇਣ ਆਏ ਸੀ ਘਰਾਂ ਆਲਿਆਂ ਨੂੰ, ਉਹ ਨੰਬਰਦਾਰ ਦੀ ਗੱਲ ਨੂੰ ਸਮਝੇ ਈ ਨ੍ਹੀ। ਜਦੋਂ ਨੰਬਰਦਾਰ ਨੇ ਘਰਾਂ ਆਲਿਆਂ ਦੇ ਨਾਉਂ ਦੱਸੇ ਤਾਂ ਉਹ ਸਮਝਗੇ ਬਈ ਨੰਬਰਦਾਰ ਕਿਤੇ ਸਾਨੂੰ ਮਖੌਲ ਕਰਦਾ।”
ਰਤਨ ਸਿਉਂ ਸੂਬੇਦਾਰ ਕਹਿੰਦਾ, ”ਪੈਸੇ ਦੇਣ ਨ੍ਹੀ ਸੀ ਆਏ ਉਹੋ, ਉਹ ਤਾਂ ਨੁਕਸਾਨੇ ਗਏ ਘਰਾਂ ਦੇ ਸਰਵੇ ਕਰਨ ਆਏ ਸੀ ਬਈ ਕੀਹਦੇ ਘਰ ਦਾ ਕਿੰਨਾ ਨੁਕਸਾਨ ਹੋਇਆ। ਪੈਸੇ ਤਾਂ ਓਦੂੰ ਬਾਅਦ ‘ਚ ਆਉਣੇ ਐ।”
ਸੀਤਾ ਮਰਾਸੀ ਕਹਿੰਦਾ, ”ਫ਼ੇਰ ਪੰਜਾਂ ਚਾਰਾਂ ਘਰਾਂ ਦੀ ਪੁੱਛ ਪੜਤਾਲ ਕਰ ਕੇ ਕਿਉਂ ਮੁੜ ਗੇ। ਓਧਰ ਪਾਲੇ ਖੰਡੇ ਕੇ ਘਰਾਂ ਦਾ ਤਾਂ ਏਧਰ ਨਾਲੋਂ ਵੀ ਵੱਧ ਨਸ਼ਕਾਨ ਹੋਇਆ ਵਿਆ।”
ਨਾਥਾ ਅਮਲੀ ਫ਼ੇਰ ਚੜ੍ਹ ਗਿਆ ਰੀਲ੍ਹ ‘ਤੇ ਗੱਲ ਸੁਣਾਉਣ ਨੂੰ।
ਕਹਿੰਦਾ, ”ਮੈਂ ਉਨ੍ਹਾਂ ਦੇ ਨਾਲ ਸੀ ਜਦੋਂ ਨੰਬਰਦਾਰ ਵੇਹੜੇ ਆਲਿਆਂ ਦੇ ਘਰ ਵਖਾਉਂਦਾ ਸੀ। ਉਹ ਅਸਫ਼ਰ ਨੰਬਰਦਾਰ ਨੂੰ ਕਹਿੰਦੇ ‘ਜਿਹੜੇ ਜਿਹੜੇ ਵੀ ਘਰ ਹੜ੍ਹਾਂ ਨਾਲ ਨਸ਼ਕਾਨੇ ਗਏ ਐ, ਉਹੀ ਦਖਾ ਸਾਨੂੰ। ਨੰਬਰਦਾਰ ਨੇ ਸਭ ਤੋਂ ਪਹਿਲਾਂ ਤੋਤੇ ਰਾਠ ਦਾ ਘਰ ਵਖਾਇਆ। ਉਨ੍ਹਾਂ ਅਸਫ਼ਰਾਂ ਨੇ ਘਰ ਵੇਖ ਕੇ ਸਾਰਾ ਕੁਸ ਲਿਖ ਲਿਆ ਬਈ ਕਿੰਨੇ ਕਮਰੇ ਐ ਕਿਹੜੀ ਕੰਧ ਜਾਂ ਕਿਹੜੇ ਕਮਰੇ ਦੀ ਛੱਤ ਡਿੱਗੀ ਹੋਈ ਐ। ਉਨ੍ਹਾਂ ਨੇ ਸਭ ਕੁਸ ਲਿਖ ਕੇ ਨੰਬਰਦਾਰ ਨੂੰ ਪੁੱਛਿਆ ‘ਕੀਹਦਾ ਘਰ ਐ ਇਹੇ’? ਨੰਬਰਦਾਰ ਕਹਿੰਦਾ ‘ਤੋਤੇ ਦਾ’। ਤੋਤੇ ਦਾ ਨਾਂ ਲਿਖ ਕੇ ਉਹ ਗਾਹਾਂ ਆਲੇ ਘਰੇ ਹੋ ਗੇ। ਅਗਲੇ ਘਰ ਦਾ ਨਸ਼ਕਾਨ ਲਿਖ ਕੇ ਨੰਬਰਦਾਰ ਨੂੰ ਕਹਿੰਦੇ ‘ਇਹ ਘਰ ਕੀਹਦਾ’? ਨੰਬਰਦਾਰ ਕਹਿੰਦਾ, ‘ਇਹ ਬਿੱਲੇ ਦਾ ਘਰ ਐ’। ਉਨ੍ਹਾਂ ਨੇ ਬਿੱਲੇ ਦਾ ਨਾਂ ਲਿਖ ਲਿਆ। ਫ਼ੇਰ ਨੰਬਰਦਾਰ ਉਨ੍ਹਾਂ ਸੁਰਜਨ ਬੁੜ੍ਹੇ ਦੇ ਘਰੇ ਲੈ ਗਿਆ। ਉਹਦੇ ਘਰ ਦਾ ਨਸ਼ਕਾਨ ਦਖਾਇਆ। ਆਪ ਤਾਂ ਸੁਰਜਨ ਵੇਖ ਲਾ ਮਰ ਗਿਆ ਉਨ੍ਹਾਂ ਅਸਫ਼ਰਾਂ ਨੇ ਘਰ ਦਾ ਨਸ਼ਕਾਨ ਲਿਖ ਕੇ ਨੰਬਰਦਾਰ ਨੂੰ ਘਰ ਦੇ ਮਾਲਕ ਦਾ ਨਾਂ ਪੁੱਛਿਆ। ਨੰਬਰਦਾਰ ਕਹਿੰਦਾ, ‘ਇਹ ਘੋਗੜ ਦਾ ਘਰ ਐ ਜੀ’। ਉਨ੍ਹਾਂ ਅਸਫ਼ਰਾਂ ‘ਚੋਂ ਇੱਕ ਛੋਟਾ ਅਸਫ਼ਰ ਦੂਜੇ ਦੇ ਕੰਨ ‘ਚ ਘੁਸਰ ਘੁਸਰ ਜੀ ਕਰਕੇ ਕਹਿੰਦਾ ‘ਇਹ ਕੀ ਕਰੀ ਜਾਂਦਾ ਯਾਰ ਨੰਬਰਦਾਰ’? ਫ਼ੇਰ ਨੰਬਰਦਾਰ ਓਦੂੰ ਅਗਲੇ ਘਰੇ ਲੈ ਗਿਆ ਉਨ੍ਹਾਂ ਨੂੰ। ਓਸ ਘਰ ਦਾ ਨਸ਼ਕਾਨ ਲਿਖ ਕੇ ਵੱਡੇ ਅਸਫ਼ਰ ਨੇ ਨੰਬਰਦਾਰ ਨੂੰ ਪੁੱਛਿਆ ‘ਇਹ ਘਰ ਆਲੇ ਦਾ ਨਾਂ ਲਖਾਓ ਨੰਬਰਦਾਰਾ’। ਨੰਬਰਦਾਰ ਕਹਿੰਦਾ ‘ਏਸ ਘਰੇ ਚਾਰ ਭਰਾ ‘ਕੱਠੇ ਰਹਿੰਦੇ ਐ ਜੀ, ਘਰੋਂ ਪੁੱਛ ਲੈਨੇ ਐ ਬਈ ਕੀਹਦਾ ਨਾਂ ਲਖਾਉਣੈ’? ਨੰਬਰਦਾਰ ਘਰ ਦੀਆਂ ਬੁੜ੍ਹੀਆਂ ਨੂੰ ‘ਵਾਜ ਮਾਰ ਕੇ ਕਹਿੰਦਾ ‘ਓ ਭਾਈ ਬੀਬੀਓ! ਕੀਹਦਾ ਨਾ ਲਖਾਉਣੈ ਦੱਸੋ’? ਘਰ ਦੀ ਵੱਡੀ ਨੂੰਹ ਕਹਿੰਦੀ, ‘ਬਾਪੂ ਜੀ ਦਾ ਨਾਂ ਲਖਾ ਦਿਓ ਬਾਬਾ ਜੀ’। ਨੰਬਰਦਾਰ ਕਹਿੰਦਾ ‘ਸ਼ੇਰ ਦਾ ਘਰ ਲਿਖ ਲੋ ਜੀ’। ਜਦੋਂ ਬਾਬਾ ਉਨ੍ਹਾਂ ਅਸਫ਼ਰਾਂ ਨੂੰ ਨੰਬਰਦਾਰ ਸੁੱਖੇ ਲੜਾ ਕੇ ਘਰੇ ਲੈ ਗਿਆ, ਓੱਥੇ ਜਾ ਕੇ ਕਹਾਣੀ ਬਿਗੜਗੀ।”
ਰਤਨ ਸਿਉਂ ਸੂਬੇਦਾਰ ਕਹਿੰਦਾ, ”ਸੁੱਖੇ ਕੇ ਤਾਂ ਫ਼ਿਰ ਨਾਂ ਲਖਾਉਣ ਪਿੱਛੇ ਈ ਆਪਸ ਵਿੱਚ ਲੜ ਪੇ ਹੋਣਗੇ ਕੁ ਨਹੀਂ?”
ਨਾਥਾ ਅਮਲੀ ਕਹਿੰਦਾ, ”ਉਹ ਤਾਂ ਨ੍ਹੀ ਆਪਸ ਵਿੱਚ ਲੜੇ, ਇਹ ਤਾਂ ਜਿਹੜਾ ਉਨ੍ਹਾਂ ‘ਚੋਂ ਵੱਡਾ ਅਸਫ਼ਰ ਸੀ, ਉਹਨੇ ਘਮਾਈ ਫ਼ਿਰ ਨੰਬਰਦਾਰ ਦੀ ਚਕਰੀ। ਸੁੱਖੇ ਕੇ ਘਰ ਦਾ ਨਸ਼ਕਾਨ ਲਿਖ ਕੇ ਜਦੋਂ ਉਨ੍ਹਾਂ ਨੇ ਨੰਬਰਦਾਰ ਨੂੰ ਘਰ ਆਲੇ ਦਾ ਨਾਂ ਪੁੱਛਿਆ ਬਈ ਇਹ ਕੀਹਦਾ ਘਰ ਐ ਤਾਂ ਨੰਬਰਦਾਰ ਕਹਿੰਦਾ ‘ਦੋ ਘਰ ਐ ਜੀ ਅਸਲ ਮੇਂ ਇਹੇ। ਆਹ ਘਰ ਤਾਂ ਚਿੜੀ ਦਾ ਜਿੱਥੇ ਆਪਾਂ ਖੜ੍ਹੇ ਆਂ। ਔਹ ਸਾਹਮਣੇ ਆਲਾ ਇਹਦੇ ਭਰਾ ਦਾ ਕੱਟੀ ਦਾ’। ਜਦੋਂ ਨੰਬਰਦਾਰ ਨੇ ਚਿੜੀ ਤੇ ਕੱਟੀ ਦਾ ਨਾਂ ਲਿਆ ਤਾਂ ਉਹ ਅਸਫ਼ਰ ਨੰਬਰਦਾਰ ਦੇ ਇਉਂ ਗਲ ਪੈ ਗਿਆ ਜਿਮੇਂ ਨੇਰ੍ਹੀਆਂ ‘ਚ ਪੋਹਲ਼ੀ ਉੱਡਕੇ ਲੱਤਾਂ ‘ਚ ਆ ਵੱਜੀ ਹੋਵੇ। ਨੰਬਰਦਾਰ ਨੂੰ ਕਹਿੰਦਾ ‘ਤੂੰ ਨੰਬਰਦਾਰ ਐਂ ਕੁ ਨੌ ਤਰੀਕ ਐਂ। ਕਿਸੇ ਬੰਦੇ ਦਾ ਨਾਂ ਵੀ ਲਖਾ ਦੇ? ਕਦੇ ਸ਼ੇਰ ਲਖਾ ‘ਤਾ ਕਦੇ ਚਮਗਿੱਦੜ ਲਖਾ ‘ਤਾ’। ਇਹ ਗੱਲ ਕਹਿ ਕੇ ਉਹ ਡੰਡੀ ਲੱਗੇ ਬਈ ਏਸ ਪਿੰਡ ‘ਚ ਤਾਂ ਡੰਗਰ ਜਾਨਵਰ ਈ ਰਹਿੰਦੇ ਐ ਬੰਦਾ ਤਾਂ ਕੋਈ ਰਹਿੰਦਾ ਨ੍ਹੀ?”
ਰਤਨ ਸਿਉਂ ਸੂਬੇਦਾਰ ਕਹਿੰਦਾ, ”ਗ਼ਰੀਬ ਗੁਰਬਿਆਂ ਦੇ ਤਾਂ ਇਹੋ ਜੇ ਈ ਨਾਂਅ ਹੁੰਦੇ ਐ। ਜਿਹੜੇ ਨਾਂ ਸੀ ਨੰਬਰਦਾਰ ਨੇ ਦੱਸ ‘ਤੇ। ਉਹ ਅਫ਼ਸਰ ਮਖੌਲ ਸਮਝ ਗਿਆ ਹੋਣਾ। ਉਨ੍ਹਾਂ ਨੇ ਸਰਕਾਰ ਤੋਂ ਡਰਦਿਆਂ ਨੇ ਆਵਦਾ ਕੰਮ ਕਰਨਾ ਈ ਬੰਦ ਕਰ ‘ਤਾ ਹੋਣਾ ਬਈ ਸਰਕਾਰ ਸਮਝੂਗੀ ਬਈ ਆਹ ‘ਤਾਂ ਪਸੂ ਪੰਛੀਆਂ ਦੇ ਈ ਨਾਂ ਲਖਾ ਕੇ ਪੈਸੇ ਬਟੋਰਨ ਨੂੰ ਫ਼ਿਰਦੇ ਐ।”
ਸੀਤਾ ਮਰਾਸੀ ਕਹਿੰਦਾ, ”ਹਜੇ ਤਾਂ ਬਾਜ ਤੇ ਛਿੰਦਰ ਮੋਰ ਕੇ ਘਰੇ ਨ੍ਹੀ ਗਏ, ਜੇ ਉਨ੍ਹਾਂ ਦੇ ਘਰੇ ਜਾ ਵੜਦੇ ਤਾਂ ਖਾਣੀ ਅਸਫ਼ਰ ਨੇ ਨੰਬਰਦਾਰ ਨੂੰ ਓੱਥੇ ਈ ਲਫ਼ੇੜਿਆਂ ਨਾਲ ਈ ਕੁੱਟਿਆ ਧਰਨਾ ਸੀ।”
ਬਾਬਾ ਮੁਕੰਦ ਸਿਉਂ ਕਹਿੰਦਾ, ”ਗੱਲ ਤਾਂ ਨੰਬਰਦਾਰ ਦੀ ਕੁੱਟ ਖਾਣ ਆਲੀਓ ਈ ਸੀ। ਉਨ੍ਹਾਂ ਨੂੰ ਅਸਲੀ ਨਾਂਅ ਦਸਦਾ। ਅਸਫ਼ਰ ਸਮਝਗੇ ਹੋਣਗੇ ਬਈ ਨੰਬਰਦਾਰ ਸਾਨੂੰ ਮਖੌਲ ਕਰਦਾ।”
ਪ੍ਰਤਾਪਾ ਭਾਊ ਕਹਿੰਦਾ, ”ਜੇ ਨੰਬਰਦਾਰ ਨਾਮਾਂ ਦੇ ਨਾਲ ਸਿੰਘ ਸੁੰਘ ਲਾ ਕੇ ਨਾਂਅ ਲੈ ਦਿੰਦਾ ਤਾਂ ਖਣੀ ਸਾਰੇ ਪਿੰਡ ਦਾ ਈ ਭਲਾ ਹੋ ਜਾਂਦਾ। ਇੱਕ ਤਾਂ ਪਾਣੀ ਨੇ ਨਸ਼ਕਾਨ ਕਰ ‘ਤਾ ਪਿੰਡ ਦਾ, ਦੂਜੀ ਨੰਬਰਦਾਰ ਨੇ ਕਸਰ ਕੱਢ ‘ਤੀ।
ਨਾਥਾ ਅਮਲੀ ਭਾਊ ਦੀ ਗੱਲ ਸੁਣ ਕੇ ਕਹਿੰਦਾ, ”ਤੋਤੇ ਰਾਠ, ਸ਼ੇਰ ਤੇ ਘੋਗੜ ਦੇ ਨਾਂਅ ਨਾਲ ਤਾਂ ਸਿੰਘ ਲਾਇਆ ਚੰਗਾ ਲੱਗਣਾ ਸੀ, ਚਿੜੀ ਤੇ ਕੱਟੀ ਨੂੰ ਤਾਂ ਚਿੜੀ ਕੌਰ ਕੱਟੀ ਕੌਰ ਈ ਕਹਿਣਾ ਪੈਣਾ ਸੀ, ਉਨ੍ਹਾਂ ਨੂੰ ਤਾਂ ਨ੍ਹੀ ਸੀ ਸਿੰਘ ਕਹਿ ਸਕਣਾ।
ਮੁਖਤਿਆਰਾ ਮੈਂਬਰ ਕਹਿੰਦਾ, ”ਜਦੋਂ ਨਾਂ ਈ ਇਹੇ ਐ ਉਨ੍ਹਾਂ ਦੇ ਕਾਗਜਾਂ ‘ਚ ਫ਼ਿਰ ਨੰਬਰਦਾਰ ਕੀ ਕਰਦਾ ਇਹਦੇ ‘ਚ?”
ਏਨੇ ਚਿਰ ਨੂੰ ਬੱਗੜ ਚੌਂਕੀਦਾਰ ਸੱਥ ‘ਚ ਆ ਕੇ ਬਾਬੇ ਮੁਕੰਦ ਸਿਉਂ ਕਹਿੰਦਾ, ”ਬਾਬਾ ਜੀ! ਬੋਹੜ ਆਲੀ ਧਰਮਸਾਲਾ ‘ਚ ਸਤੀਲਦਾਰ ਆਇਆ ਘਰਾਂ ਦਾ ਨਸ਼ਕਾਨ ਲਿਖਣ, ਸੋਨੂੰ ਸਾਰਿਆਂ ਨੂੰ ਸੱਦਿਆ ਓੱਥੇ।”
ਨਾਥਾ ਅਮਲੀ ਚੌਂਕੀਦਾਰ ਨੂੰ ਮੁਸ਼ਕਣੀਆਂ ਹੱਸ ਕੇ ਕਹਿੰਦਾ, ”ਸਾਰਿਆਂ ਤੋਂ ਕੀ ਗੱਡਾ ਧਕਾਉਣਾ, ‘ਕੱਲਾ ਮਾਹਲਾ ਨੰਬਰਦਾਰ ਈ ਬਹੁਤ ਐ, ਓਹਨੂੰ ਲੈ ਜਾ।”
ਬਾਬਾ ਮੁਕੰਦ ਸਿਉਂ ਕਹਿੰਦਾ, ”ਰਹਿਣ ਦਿਓ ਯਾਰ ਓਹਨੂੰ। ਮਸਾਂ ਦਬਾਰੇ ਆਏ ਅਸਫ਼ਰ। ਚਲੋ ਆ ਜੋ, ਉੱਠੋ, ਆਪਾਂ ਚਲਦੇ ਆਂ ਸਾਰੇ।”
ਬਾਬੇ ਮੁਕੰਦ ਸਿਉਂ ਦਾ ਕਿਹਾ ਸੁਣ ਕੇ ਸਾਰੇ ਸੱਥ ਵਾਲੇ ਤਹਿਸੀਲਦਾਰ ਨੂੰ ਮਿਲਣ ਬੋਹੜ ਵਾਲੀ ਧਰਮਸ਼ਾਲਾ ਨੂੰ ਇਉਂ ਚੱਲ ਪਏ ਜਿਵੇਂ ਉਨ੍ਹਾਂ ਨੇ ਵੀ ਸਰਕਾਰੀ ਮੁਆਵਜ਼ਾ ਲੈਣਾ ਹੋਵੇ।