ਜਿਉਂ ਹੀ ਪਿੰਡ ਦੇ ਪੰਜ ਸੱਤ ਬੰਦੇ ਸੱਥ ਕੋਲ ਦੀ ਭੱਜ ਕੇ ਲੰਘੇ ਤਾਂ ਸਾਰੀ ਸੱਥ ਉਨ੍ਹਾਂ ਵੱਲ ਇਉਂ ਵੇਖਣ ਲੱਗ ਪਈ ਜਿਵੇਂ ਜਗਰਾਵਾਂ ਦੇ ਰੋਸ਼ਨੀ ਮੇਲੇ ‘ਚ ਚੰਡੋਲ ਝੂਟਦੀਆਂ ਡਰ ਕੇ ਚੀਕਾਂ ਮਾਰਦੀਆਂ ਬਾਜੀਗਰਨੀਆਂ ਨੂੰ ਸਾਰਾ ਮੇਲਾ ਵੇਂਹਦਾ ਹੋਵੇ। ਸੱਥ ਵੱਲ ਨੂੰ ਤੁਰੇ ਆਉਂਦੇ ਦੇਵ ਗਲੋਲੇ ਨੇ ਉਨ੍ਹਾਂ ਭੱਜੇ ਜਾਂਦਿਆਂ ਨੂੰ ਪੁੱਛਿਆ, ”ਕਿੱਧਰ ਭੱਜੇ ਜਾਨੇਂ ਐਂ ਓਏ?”
ਨਾਥਾ ਅਮਲੀ ਸੱਥ ‘ਚ ਬੈਠਾ ਉੱਚੀ ਆਵਾਜ਼ ਦੇ ਕੇ ਬੋਲਿਆ, ”ਪੁਲਸ ਪਈ ਵੀ ਐ ਇੰਨ੍ਹਾਂ ਦੇ ਮਗਰ। ਫ਼ੜੀਂ ਫ਼ੜੀਂ ਇੰਨ੍ਹਾਂ ਨੂੰ।”
ਭਾਵੇਂ ਦੇਵ ਗਲੋਲੇ ਨੂੰ ਪਤਾ ਸੀ ਕਿ ਇਹ ਕਿੱਧਰ ਜਾਂਦੇ ਐ ਪਰ ਫ਼ਿਰ ਵੀ ਉਹ ਉਨ੍ਹਾਂ ਦੇ ਮੂੰਹੋਂ ਹੀ ਕਹਾਉਣਾ ਚਾਹੁੰਦਾ ਸੀ। ਉਨ੍ਹਾਂ ਭੱਜੇ ਜਾਂਦਿਆਂ ‘ਚੋਂ ਭਗਤੂ ਬਾਵੇ ਕਾ ਗੋਸ਼ਾ ਗਲੋਲੇ ਨੂੰ ਕਹਿੰਦਾ, ”ਆਜਾ ਤਾਇਆ ਜੇ ਤੂੰ ਵੀ ਗਰਮ ਗਰਮ ਪਤੌੜ ਖਾ ਕੇ ਆਉਣੇ ਐਂ ਤਾਂ, ਆ ਚੱਲੀਏ।”
ਦੇਵ ਗਲੋਲਾ ਕਹਿੰਦਾ, ”ਪਹਿਲਾਂ ਦੱਸੋ ਤਾਂ ਸਹੀ ਕਿੱਧਰ ਜਾਨੇਂ ਐਂ?”
ਏਨੀ ਗੱਲ ਕਹਿੰਦੇ ਹੋਏ ਉਹ ਪਿੰਡ ਦੀ ਬਾਹਰਲੀ ਧਰਮਸ਼ਾਲਾ ਵੱਲ ਨੂੰ ਨਿੱਕਲ ਗਏ। ਜਿਉਂ ਹੀ ਦੇਵ ਗਲੋਲਾ ਸੱਥ ‘ਚ ਆ ਗਿਆ ਤਾਂ ਬਾਬੇ ਗੱਜਣ ਸਿਉਂ ਨੇ ਗਲੋਲੇ ਨੂੰ ਪੁੱਛਿਆ, ”ਇਹ ਕਿੱਧਰ ਨੂੰ ਭੱਜੇ ਜਾਂਦੇ ਐ ਗਰਦੇਵ ਸਿਆਂ ਟੌਹਰਾਂ ਕੱਢੀ?”
ਗਲੋਲਾ ਕਹਿੰਦਾ, ”ਬੋਹੜ ਆਲੀ ਧਰਮਸਾਲਾ ਕੋਲੇ ਬੱਸ ਖੜ੍ਹੀ ਐ ਰੈਲੀ ਆਲਿਆਂ ਦੀ, ਉਹਦੇ ‘ਤੇ ਚੜ੍ਹਣਾ ਇਨ੍ਹਾਂ ਨੇ। ਰੈਲੀ ‘ਤੇ ਚੱਲੇ ਐ।”
ਸੀਤਾ ਮਰਾਸੀ ਕਹਿੰਦਾ, ”ਪਤੌੜ-ਪਤੌੜ ਕੀ ਕਹਿੰਦੇ ਸੀ?”
ਗਲੋਲਾ ਕਹਿੰਦਾ, ”ਕਹਿੰਦੇ ਪਤੌੜ ਖਾਣ ਚੱਲੇ ਆਂ। ਜਾਂਦੇ ਤਾਂ ਯਾਰ ਰੈਲੀ ‘ਤੇ ਆ। ਕੀਹਨੇ ਓੱਥੇ ਪਤੌੜ ਦੇਣੇ ਆਂ?”
ਬਾਬੇ ਨੇ ਪੁੱਛਿਆ, ”ਰੈਲੀ ‘ਚ ਕੀ ਕਰਨਗੇ ਜਾ ਕੇ ਇਹੇ। ਘਰੇ ਕੰਮ ਦਾ ਤਾਂ ਇਨ੍ਹਾਂ ‘ਚ ਕੋਈ ਡੱਕਾ ਦੂਹਰਾ ਨ੍ਹੀ ਕਰਦਾ, ਰੈਲੀ ‘ਚ ਕੀ ਰੰਗ ਲਾ ਦੇਣਗੇ ਜਾ ਕੇ?”
ਮਾਹਲਾ ਨੰਬਰਦਾਰ ਕਹਿੰਦਾ, ”ਆਹ ਬਿਸ਼ਨੇ ਕੇ ਤੋਂ ਮਾਮਲਾ ਤਾਂ ਦਿੱਤਾ ਨ੍ਹੀ ਜਾਂਦਾ, ਰੈਲੀਆਂ ‘ਤੇ ਜਾਣ ਨੂੰ ਸਭ ਤੋਂ ਮੂਹਰੇ ਹੁੰਦਾ।”
ਨਾਥਾ ਅਮਲੀ ਕਹਿੰਦਾ, ”ਰੰਗ ਰੁੰਗ ਦਾ ਤਾਂ ਬਾਬਾ ਪਤਾ ਨ੍ਹੀ, ਪਰ ਖਾਣ ਪੀਣ ਦੀ ਜੜ ਕੱਢਿਆਉਣਗੇ। ਆਹ ਤਾਰੇ ਕੇ ਸੌਂਧੀ ਅਰਗੇ ਤਾਂ ਦਾਰੂ ਛਿੱਕੇ ਨੂੰ ਜਾਂਦੇ ਐ ਹੋਰ ਕਿਤੇ ਇਹ ਤੇਰੇ ਭਾਅ ਦੀ ਰੈਲੀ ‘ਚ ਨਾਹਰੇ ਲਾਉਣ ਜਾਂਦੇ ਐ। ਰਾਤ ਸਰਪੈਂਚ ਨੇ ਪਿੰਡ ‘ਚ ਦਾਰੂ ਬਹੁਤ ਵੰਡੀ ਐ। ਆਹ ਦਾਰੂ ਦੇ ਪਿਆਕ ਸਾਰੇ ਜਾਣਗੇ ਅੱਜ ਰੈਲੀ ‘ਤੇ।”
ਬਾਬਾ ਕਹਿੰਦਾ, ”ਤੇ ਆਹ ਜਿਹੜੀਆਂ ਬੁੜ੍ਹੀਆਂ ਜਾਂਦੀਆਂ ਨੇ, ਇਹ ਕਿਹੜਾ ਦਾਰੂ ਪੀਂਦੀਆਂ, ਇਹ ਕਾਹਤੋਂ ਜਾਂਦੀਆਂ?”
ਨਾਥਾ ਅਮਲੀ ਕਹਿੰਦਾ, ”ਐਮੇਂ ਘਰ ਦੇ ਕੰਮੋਂ ਟਲਦੀਆਂ ਜਾਂਦੀਆਂ ਬਈ ਇੱਕ ਦਿਨ ਤਾਂ ਸਖਾਲ਼ਾ ਨੰਘੇ। ਕੱਲ੍ਹ ਨੂੰ ਰੱਬ ਫੇਰ ਭਲੀ ਕਰੂ।”
ਮੋਹਣੇ ਕਾ ਤਾਰਾ ਟਿੱਚਰ ‘ਚ ਕਹਿੰਦਾ, ”ਓੱਥੇ ਰੈਲੀ ‘ਚ ਕਹਿੰਦੇ ਬੁੜ੍ਹੀਆਂ ਨੂੰ ਭਾਂਡੇ ਦੇਣੇ ਐ ਤੇ ਬੰਦਿਆਂ ਨੂੰ ਦਾਰੂ। ਘਰੇ ਆਕੇ ਉਨ੍ਹਾਂ ਭਾਂਡਿਆਂ ਚੀ ਪੈਗ ਲਾਉਣਗੇ।”
ਨਾਥਾ ਅਮਲੀ ਕਹਿੰਦਾ, ”ਜੁਆਕਾਂ ਨੂੰ ਵੀ ਕੁਸ ਦੇਣਗੇ ਕੁ ਨਹੀਂ ਬਈ?”
ਬਾਬਾ ਗੱਜਣ ਸਿਉਂ ਕਹਿੰਦਾ, ”ਸੁਣਿਆ ਦਾਰੂ ਤਾਂ ਸਰਪੈਂਚ ਨੇ ਰਾਤ ਪਿੰਡ ਚੀ ਬਹੁਤ ਪਿਆਈ ਐ, ਭਾਂਡਿਆਂ ਦਾ ਵੀ ਕੰਮ ਨਬੇੜ ਈ ਦਿੰਦਾ ਤਾਂ ਚੰਗਾ ਸੀ।”
ਸੀਤਾ ਮਰਾਸੀ ਕਹਿੰਦਾ, ”ਦਾਰੂ ਤਾਂ ਬਾਬਾ ਓੱਥੇ ਵੀ ਚੱਲੂ ਗੀ। ਹੁਣ ਤਾਂ ਇਹ ਜਾਂਦੇ ਐ ਨਾ ਭੱਜੇ। ਆਥਣੇ ਆਉਂਦੇ ਹੋਇਆਂ ਦੇ ਮੂੰਹ ਵੇਖੀਂ ਕਿਮੇਂ ਲਮਕਦੇ ਹੋਣਗੇ ਜਿਮੇਂ ਮੀਂਹ ‘ਚ ਭਿੱਜਿਆ ਬਿੱਜੜੇ ਦਾ ਆਲ੍ਹਣਾ ਲਮਕਦਾ ਹੁੰਦਾ।”
ਗੱਲਾਂ ਕਰਦਿਆਂ ਕਰਦਿਆਂ ਤੋਂ ਜਿਉਂ ਹੀ ਸੱਥ ਕੋਲ ਦੀ ਛੋਲੇ ਪੱਟਾਂ ਦਾ ਘੀਕਾ ਲੰਗ ਜੀ ਮਾਰਦਾ ਲੰਘਣ ਲੱਗਿਆ ਤਾਂ ਨਾਥਾ ਅਮਲੀ ਘੀਕੇ ਨੂੰ ਕਹਿੰਦਾ, ”ਤੂੰ ਵੀ ਰੈਲੀ ‘ਤੇ ਚੱਲਿਆਂ ਓਏ? ਕੰਜਰ ਦਿਆ ਜੇ ਓੱਥੇ ਡਾਂਗਾਂ ਪੈਣ ਲੱਗ ਗੀਆਂ ਫ਼ੇਰ ਜਗਤੇ ਸਾਧ ਕੇ ਗੱਟੀ ਆਲੀ ਹੋਊ। ਦੂਜੇ ਤਾਂ ਭੱਜ ਈ ਜਾਣਗੇ ਤੈਥੋਂ ਭੱਜਿਆ ਮਨ੍ਹੀ ਜਾਣਾ। ਦੂਜਿਆਂ ਵੰਡੇ ਦੀ ਕੁੱਟ ਵੀ ਤੇਰੇ ‘ਤੇ ਈ ਪੈਣੀ ਐਂ ਵੇਖ ਲੀਂ। ਫ਼ੇਰ ਇਉਂ ਤੁਰੇਂਗਾ ਜਿਮੇਂ ਪੈਰਾਂ ‘ਚ ਸਣ ਫਸੀ ਤੋਂ ਕੁੱਕੜ ਤੁਰਦਾ ਹੁੰਦਾ।”
ਬਾਬਾ ਅਮਲੀ ਦੀ ਗੱਲ ਤੋਂ ਹੱਸ ਕੇ ਕਹਿੰਦਾ, ”ਜਗਤੇ ਸਾਧ ਕੇ ਗੱਟੀ ਨਾਲ ਕੀ ਹੋ ਗਿਆ ਸੀ ਅਮਲੀਆ?”
ਅਮਲੀ ਕਹਿੰਦਾ, ”ਗੱਟੀ ਵੀ ਕੇਰਾਂ ਭਜਨੇ ਕੇ ਬਾਜ ਅਰਗਿਆਂ ਨਾਲ ਰੈਲੀ ‘ਤੇ ਗਿਆ ਸੀ। ਓੱਥੇ ਪੁਲਸ ਨੇ ਫ਼ਿਰ ਇਉਂ ਮੂਹਰੇ ਲਾ ਲੇ ਵੱਡੇ ਹੜਤਾਲੀਏ ਇਹੇ, ਜਿਮੇਂ ਆਪਣੇ ਪਿੰਡ ਆਲਾ ਦਲੀਪ ਬਾਗੀ ਗਾਈਆਂ ਦੇ ਬੱਗ ਨੂੰ ਮੂਹਰੇ ਲਾਈ ਜਾਂਦਾ ਹੁੰਦਾ। ਦੂਜਿਆਂ ਨੂੰ ਤਾਂ ਪਤਾ ਸੀ ਬਈ ਪੁਲਸ ਕੁਟੂਗੀ ਵੀ, ਪਰ ਇਹਨੂੰ ਨੂੰ ਨ੍ਹੀ ਸੀ ਪਤਾ। ਜਦੋਂ ਇਨ੍ਹਾਂ ਨੇ ਜਿੰਦਾਬਾਦ-ਮੁਰਦਾਬਾਦ ਦੇ ਹਜੇ ਦੋ ਕੁ ਈ ਨਾਹਰੇ ਲਾਏ ਸੀ, ਬੱਸ ਫ਼ੇਰ! ਪੁਲਸ ਇਉਂ ਪੈ ਗਈ ਟੁੱਟ ਕੇ ਜਿਮੇਂ ਲਗੜ ਗਟ੍ਹਾਰਾਂ ਨੂੰ ਪੈਂਦਾ ਹੁੰਦਾ। ਦੂਜੇ ਤਾਂ ਆਪਣੇ ਪਿੰਡ ਆਲੇ ਸਾਰੇ ਭੱਜ ਗੇ, ਗੱਟੀ ਨੂੰ ਢਾਹ ਲਿਆ ਫ਼ਿਰ ਇੱਕ ਚਪਾਹੀ ਜੇ ਨੇ। ਨਾਲੇ ਤਾਂ ਗੱਟੀ ਦੇ ਹੱਡ ਚੰਗੀ ਤਰਾਂ ਸੇਕੇ, ਨਾਲੇ ਜਿਹੜੇ ਉਹਦੇ ਕੋਲੇ ਪੰਦਰਾਂ ਕੁ ਰਪੀਏ ਸੀ ਉਹਨੇ ਉਹ ਵੀ ਖੋਹ ਲੇ। ਠਾਣੇ ਲਜਾ ਕੇ ਜਮ੍ਹਾਂ ਦਿਨ ਛਿਪੇ ਛੱਡਿਆ ਜਦੋਂ ਨੂੰ ਬੱਸਾਂ ਵੀ ਖੜ੍ਹ ਗੀਆਂ, ਇੱਕ ਓਹਦੇ ਕੋਲੇ ਕਰਾਏ ਭਾੜੇ ਨੂੰ ਕੋਈ ਪੈਸਾ ਨਾ। ਸਾਰੀ ਰਾਤ ਤੁਰ ਕੇ ਈ ਆਇਆ ਫ਼ਰੀਦਕੋਟੋਂ। ਓਧਰੋਂ ਤਾਂ ਤਕੜੇ ਕੁੱਕੜ ਨੇ ਬਾਂਗ ਦੇ ‘ਤੀ ਪਹਿ ਪਾਟਦੀ ਨਾਲ, ਓਧਰੋਂ ਗੱਟੀ ਜੀ ਆ ਪਧਾਰੇ ਘਰੇ। ਜਦੋਂ ਗੱਟੀ ਨੇ ਬਾਰ ਖੜਕਾ ਕੇ ਵਾਜ ਮਾਰੀ ਤਾਂ ਘਰੇ ਵੜਦੇ ਗੱਟੀ ਨੂੰ ਚੋਰ ਚੋਰ ਕਹਿ ਕੇ ਬੁੜ੍ਹੇ ਨੇ ਢਾਹ ਲਿਆ। ਓਧਰੋਂ ਫ਼ਰੀਦਕੋਟੋਂ ਤੁਰਦੇ ਦੇ ਕੁੱਟ ਪੈ ਗੀ, ਏਧਰ ਘਰ ਵੜਦੇ ਦੀ ਛਤਰੌਲ ਹੋ ਗੀ। ਹੁਣ ਅੱਜ ਜਾਂਦਾ ਰੈਲੀ ‘ਤੇ। ਉਹੀ ਹੁਣ ਜੇ ਘੀਕੇ ਨਾਲ ਨਾ ਹੋਈ ਤਾਂ ਮੈਨੂੰ ਵੀ ਨਾਥਾ ਸਿਉਂ ਨਾ ਜਾਣਿਉਂ।”
ਬੁੱਘਰ ਦਖਾਣ ਕਹਿੰਦਾ, ”ਜੇ ਇਨ੍ਹਾਂ ਨੂੰ ਪਤਾ ਈ ਐ ਬਈ ਓੱਥੇ ਕੁੱਟ ਵੀ ਪੈ ਸਕਦੀ ਐ ਤਾਂ ਇਹ ਜਾਂਦੇ ਕਾਸਨੂੰ ਐਂ?”
ਸੀਤਾ ਮਰਾਸੀ ਕਹਿੰਦਾ, ”ਦਾਰੂ ਨੂੰ ਜਾਂਦੇ ਐ। ਤੂੰ ਇਹ ਵੇਖ ਲਾ ਬਈ ਰੈਲੀ ‘ਤੇ ਜਾਣ ਵਾਲੇ ਇਨ੍ਹਾਂ ‘ਚ ਕੋਈ ਸਾਬਤਾ ਹੈਗਾ। ਆਹ ਪਿਆਰੇ ਮੌੜ ਕੇ ਦੀ ਤਾਂ ਇੱਕ ਬਾਂਹ ਹੈਨੀ, ਦੂਜਾ ਊਂ ਤੁਤਲਾ ਬੋਲਦਾ। ਜਿਹੜੇ ਹਰੀ ਬਾਵੇ ਤੇ ਮਿੱਠੂ ਚੌਧਰੀ ਦੇ ਮੁੰਡੇ ਐ, ਉਹ ਵੇਹਲੜ ਐ ਨਸ਼ਾ ਕਰਨੇ। ਆਹ ਜਿਹੜਾ ਮਗਰੋਂ ਭੱਜਿਆ ਜਾਂਦਾ ਸੀ ਘੀਕਾ, ਇਹ ਊਂ ਸ਼ਰਾਬੀ ਕਬਾਬੀ ਬੰਦਾ, ਨਾਲੇ ਲੱਤ ਟੁੱਟੀ ਕਰ ਕੇ ਇਉਂ ਡਹਿਕ ਜੀ ਮਾਰਦਾ ਜਿਮੇਂ ਟੈਰ ਦਾ ਭੜਾਕਾ ਪਏ ਤੋਂ ਟਰੈਲੀ ਉੱਚੀ ਨੀਮੀਂ ਜੀ ਹੋ ਕੇ ਤੁਰੀ ਜਾਂਦੀ ਹੁੰਦੀ ਐ।”
ਨਾਥਾ ਅਮਲੀ ਬਾਬੇ ਦੇ ਗੋਡੇ ‘ਤੇ ਹੱਥ ਮਾਰ ਕੇ ਪੈਰਾਂ ਭਾਰ ਹੋ ਕੇ ਬਾਬੇ ਗੱਜਣ ਸਿਉਂ ਨੂੰ ਕਹਿੰਦਾ, ”ਬਾਬਾ ਸਿਆਂ! ਯਾਰ ਇੱਕ ਗੱਲ ਦੀ ਸਮਝ ਨ੍ਹੀ ਆਈ ਲੋਕਾਂ ਦੀ, ਬਈ ਏਨੀ ਕੁੱਤੇਖਾਣੀ ਹੋਣ ਪਿੱਛੋਂ ਵੀ ਲੋਕ ਰੈਲੀ ‘ਚ ਇਉਂ ਭੱਜੇ ਜਾਂਦੇ ਐ ਜਿਮੇਂ ਗਧਾ ਭਾਰ ਢੋਂਦਾ ਕੁੱਟ ਖਾ ਕੇ ਵੀ ਘਮਿਆਰ ਨਾਲ ਖਹਿੰਦਾ ਫ਼ਿਰੂ। ਉਹੀ ਗੱਲ ਆਪਣੇ ਲੋਕਾਂ ਦੀ ਐ। ਜਦੋਂ ਨਰਮੇਂ ਨੂੰ ਚਿੱਟੇ ਮੱਛਰ ਨੇ ਖਾ ਲਿਆ ਤਾਂ ਜੀਮੀਂਦਾਰਾਂ ਨੇ ਰੇਲ ਗੱਡੀਆਂ ਦੀਆਂ ਲੀਹਾਂ ਰੋਕ ਲੀਆਂ। ਪੰਜ ਛੀ ਦਿਨ ਰੇਲਾਂ ਚੱਲਣ ਨ੍ਹੀ ਦਿੱਤੀਆਂ। ਸਰਕਾਰ ਨੇ ਕਸਾਨਾਂ ਨੂੰ ਡੱਕਾ ਮਨ੍ਹੀ ਦਿੱਤਾ ਨਾਲੇ ਧਰ ਕੇ ਕੁੱਟੇ। ਫ਼ੇਰ ਗੁਰੂ ਗਰੰਥ ਸਾਹਬ ਦੇ ਥਾਂ-ਥਾਂ ਅੰਗ ਪਾੜ ‘ਤੇ। ਉਦੋਂ ਪੁਲਸ ਨੇ ਲੋਕਾਂ ਦੀ ਕੁੱਟ ਕੁੱਟ ਕੇ ਮਿਝ ਕੱਢ ‘ਤੀ। ਉਹ ਕੁੱਟ ਵੀ ਭੁੱਲ ਗੇ ਲੋਕ। ਫ਼ੇਰ ਵੇਖ ਲਾ ਸਿੱਖਾਂ ਨੇ ਤਰਨ ਤਾਰਨ ਸਖਤ ਖਾਲਸਾ ‘ਕੱਠਾ ਕਰ ਲਿਆ। ਜਦੋਂ ਓੱਥੋਂ ਕੰਮ ਨਿੱਬੜਿਆ ਤਾਂ ਸਖਤ ਖਾਲਸਾ ਆਲੇ ਸਾਰੇ ਵੱਡੇ ਵੱਡੇ ਖਾਲਸੇ ਪੁਲਸ ਨੇ ਫ਼ੜ ਕੇ ਅੰਦਰ ਕਰ ‘ਤੇ।”
ਅਮਲੀ ਦੇ ਮੂੰਹੋਂ ਸਖਤ ਖਾਲਸਾ ਸੁਣ ਕੇ ਜੰਗ ਸਿਉਂ ਮਾਸਟਰ ਕਹਿੰਦਾ, ”ਸਖ਼ਤ ਖ਼ਾਲਸਾ ਨ੍ਹੀ ਓਏ ਅਮਲੀਆ, ਸਰਬੱਤ ਖ਼ਾਲਸਾ ਹੁੰਦਾ। ਭਾਵ ਕਿ ਸਾਰੇ ਸਿੱਖਾਂ ਦਾ ‘ਕੱਠ।”
ਅਮਲੀ ਕਹਿੰਦਾ, ”ਚੱਲ! ਕੁਸ ਵੀ ਸੀ, ਪਰ ਸੀ ਤਾਂ ਸੀਗਾ ਨਾ। ਆਹ ਆਪਣੇ ਪਿੰਡ ਆਲੇ ਮੋਦਨ ਫ਼ੌਜੀ ਅਰਗੇ ਕਹਿੰਦੇ ਐ ਬਈ ਸਖਤ ਖਾਲਸਾ ‘ਕੱਠ ਸੀ। ਸੀ ਵੀ ਮਾਹਟਰ ਸਖਤ ਖਾਲਸਾ ‘ਕੱਠ ਈ। ਤੂੰ ਤਾਂ ਹੁਣ ਐਮੇਂ ਆਵਦੀ ਪੜ੍ਹਾਈ ਘੋਟੀ ਜਾਨੈਂ। ਹੁਣ ਨ੍ਹੀ ਰਹੀਆਂ ਪਾੜ੍ਹਿਆਂ ਆਲੀਆਂ ਉਹ ਗੱਲਾਂ। ਹੁਣ ਤਾਂ ਜਿਮੇਂ ਕਿਸੇ ਦਾ ਦਾਅ ਲੱਗਦਾ, ਓਮੇਂ ਈ ਲਾ ਲੈਂਦਾ ਅਗਲਾ। ਓਸ ਦਿਨ ਖਾਲਸਾ ਕਿੰਨਾ ਤਾਂ ਸਖਤ ਹੋਇਆ ਵਿਆ ਸੀ। ਤਾਹੀਉਂ ਤਾਂ ਸਖਤ ਖਾਲਸਾ ਕਹਿੰਦੇ ਐ ਲੋਕ। ਤੂੰ ਗਾਹਾਂ ਤਾਂ ਸੁਣ। ਜਿੰਨ੍ਹਾਂ ਦਾ ਮਾਹਟਰੀ ਦਾ ਕੋਰਸ ਕੀਤਾ ਵਿਆ, ਥਾਂ ਥਾਂ ਉਨ੍ਹਾਂ ‘ਤੇ ਡੰਡਾ ਵਰ੍ਹੀ ਜਾਂਦਾ। ਬਿਜਲੀ ਆਲਿਆਂ ਦੇ ਵੀ ਪੁਲਸ ਨੇ ਮਾਰ ਮਾਰ ਡਾਂਗਾ ਲਾਟੂ ਬਝਾ ‘ਤੇ। ਫ਼ਸਲ ਦਾ ਮਨ-ਮਰਜੀ ਦਾ ਭਾਅ ਲਾਉਂਦੀ ਐ ਸਰਕਾਰ। ਖਬਰਾਂ ਛਾਪਣ ਆਲੇ ਪੱਤਰਕਾਰ ਜੇ ਵੀ ਇੱਕ ਦਿਨ ਕਹਿੰਦੇ ਅੰਦਰ ਤਾੜ ‘ਤੇ ਸੀ। ਇਹ ਲੋਕ ਫ਼ਿਰ ਵੀ ਰੈਲੀ ‘ਚ ਮੂੰਹ ਚੱਕ ਕੇ ਤੁਰ ਪੈਂਦੇ ਐ। ਮੈਨੂੰ ਇੱਕ ਗੱਲ ਦੀ ਸਮਝ ਨ੍ਹੀ ਆਉਂਦੀ ਬਈ ਥਾਂਮਾਂ ਥਾਮਾਂ ਤੋਂ ਕੁੱਟ ਖਾ ਕੇ ਵੀ ਲੋਕੀਂ ਘੈਂਟੇ ਪਿੱਛੋਂ ਭੁੱਲ ਜਾਂਦੇ ਐ। ਸੰਗ ਸ਼ਰਮ ਈ ਹੈਨੀ ਫ਼ੇਰ ਤਾਂ ਯਾਰ, ਇਹੀ ਗੱਲ ਐ ਹੋਰ ਤਾਂ ਕੀ ਹੋਣੀ ਐ।”
ਸੀਤਾ ਮਰਾਸੀ ਕਹਿੰਦਾ, ”ਮੁਖਤ ਸ਼ਰਾਬ ਵੰਡਦੇ ਐ ਰੈਲੀ ‘ਚ। ਡੱਬਿਆਂ ਦੇ ਡੱਬੇ। ਤਾਂ ਕਰਕੇ ਜਾਂਦੇ ਐ।”
ਜੰਗ ਸਿਉਂ ਮਾਸਟਰ ਨੂੰ ਅਮਲੀ ਕਹਿੰਦਾ, ”ਕਿਉਂ ਬਈ ਮਾਹਟਰ! ਤੂੰ ਤਾਂ ‘ਖਬਾਰ ‘ਚ ਪੜ੍ਹੀ ਹੋਣੀ ਐ ਖਬਰ ਬਈ ਕਹਿੰਦੇ ਸਕੂਲ ਜੇਲਾਂ ਤੇ ਪੁਲਸ ਆਲਿਆਂ ਦੇ ਕਈ ਦਫ਼ਤਰ ਵੀ ਸਰਕਾਰ ਨੇ ਗਹਿਣੇ ਧਰ ‘ਤੇ, ਸੱਚੀ ਗੱਲ ਐ ਬਈ?”
ਸੀਤਾ ਮਰਾਸੀ ਮਾਸਟਰ ਦੇ ਬੋਲਣ ਤੋਂ ਪਹਿਲਾਂ ਹੀ ਬੋਲ ਪਿਆ। ਅਮਲੀ ਨੂੰ ਕਹਿੰਦਾ, ”ਤੇਰੇ ਕੋਲੇ ਹੈਗੇ ਐ ਪੈਸੇ, ਜੇ ਜੇਬ੍ਹ ਭਾਰ ਝੱਲਦੀ ਐ ਤਾਂ ਤੈਨੂੰ ਬੈ ਈ ਦੁਆ ਦਿੰਨੇ ਐ। ਨਾਲੇ ਪੁਲਸ ਤੇਰੇ ਕਹਿਣੇ ‘ਚ ਹੋ ਜੂ। ਸਕੂਲਾਂ ‘ਚ ਮਾਹਟਰ ਮਾਹਟਰਨੀਆਂ ‘ਤੇ ਰੋਭ ਚਲਾਇਆ ਕਰੀਂ।”
ਗੇਲਾ ਕਾਮਰੇਡ ਕਹਿੰਦਾ, ”ਇੱਕ ਕਹਿੰਦੇ ਕੋਈ ਹੱਥਪਤਾਲ ਵੀ ਗਹਿਣੇ ਕਰ ‘ਤਾ। ਉਹਦਾ ਕੀ ਕਰੂ ਇਹੇ?”
ਮਰਾਸੀ ਕਹਿੰਦਾ, ”ਉਹਦਾ ਕੀ ਕਰਨਾ ਇਹਨੇ। ਐਨੇ ਪੈਸੇ ਕਿੱਥੇ ਐ ਅਮਲੀ ਕੋਲੇ। ਸਕੂਲ ਤੇ ਪੁਲਸ ਈ ਲੈ ਦੀਏ ਇਹਨੂੰ, ਓਹੀ ਬਹੁਤ ਐ।”
ਏਨੇ ਚਿਰ ਨੂੰ ਪੁਲਸ ਦੀ ਭਰੀ ਵੀ ਜੀਪ ਸੱਥ ਕੋਲੇ ਆ ਕੇ ਰੁਕ ਗਈ। ਜੀਪ ‘ਚੋਂ ਠਾਣੇਦਾਰ ਉੱਤਰ ਕੇ ਸੱਥ ਵਾਲਿਆਂ ‘ਤੇ ਰੋਭ ਝਾੜਦਾ ਬੋਲਿਆ, ”ਹੁਣ ਤਾਂ ਦਿਨ ਛਿਪ ਓਏ, ਏਨੇ ਕੁਵੇਲੇ ਤਕ ਨਾ ਬੈਠਿਆ ਕਰੋ ਸੱਥ ‘ਚ। ਚੱਲੋ ਉੱਠੋ।” ਠਾਣੇਦਾਰ ਨਵਾਂ ਆਇਆ ਕਰ ਕੇ ਸੱਥ ਵਾਲਿਆਂ ‘ਤੇ ਰੋਭ ਝਾੜ ਕੇ ਚਲਾ ਗਿਆ ਤੇ ਬਾਬਾ ਗੱਜਣ ਸਿਉਂ ਕਹਿੰਦਾ, ”ਚਲੋ ਓਏ ਚੱਲੀਏ ਘਰਾਂ ਨੂੰ, ਐਮੇਂ ਫ਼ੇਰ ਆ ਕੇ ਨਾਸਾਂ ਟੱਡੂ।” ਪੁਲਸ ਤੋਂ ਡਰਦੇ ਸਾਰੇ ਸੱਥ ‘ਚੋਂ ਉੱਠ ਕੇ ਠਾਣੇਦਾਰ ਦੀ ਜਾਤ ਬਾਰੇ ਅੰਦਾਜਾ ਲਾਉਂਦੇ ਆਪੋ ਆਪਣੇ ਘਰਾਂ ਨੂੰ ਤੁਰ ਪਏ।