ਜਿਉਂ ਹੀ ਕ੍ਰਿਪਾਲੇ ਬਾਵੇ ਕਾ ਗੀਸਾ ਸੱਥ ‘ਚ ਬੈਠੇ ਬਾਬੇ ਪਾਖਰ ਸਿਉਂ ਨੂੰ ਫ਼ਤਿਹ ਬੁਲਾ ਕੇ ਲੰਘਿਆ ਤਾਂ ਬਾਬੇ ਨੇ ਨਾਲ ਬੈਠੇ ਬਾਬੂ ਕਾਮਰੇਡ ਨੂੰ ਪੁੱਛਿਆ, ”ਕਿਹੜਾ ਸੀ ਕਾਮਰੇਟਾ ਇਹੇ?”
ਬਾਬੇ ਦੀ ਗੱਲ ਸੁਣ ਕੇ ਨਾਥਾ ਅਮਲੀ ਬਾਬੇ ਨੂੰ ਝਈ ਲੈ ਕੇ ਪਿਆ, ”ਫ਼ਤਿਹ ਤਾਂ ਬਾਬਾ ਤੈਨੂੰ ਬਲਾ ਕੇ ਗਿਐ, ਪੁੱਛਦੈਂ ਤੂੰ ਕਾਮਰੇਟ ਨੂੰ। ਨਾਲੇ ਕਾਮਰੇਟ ਕਿਹੜਾ ਜਗਨੇ ਕਰਾੜ ਕਾ ਮਨੀਮ ਐ ਬਈ ਸੋਡੇ ਵੇਲੜ੍ਹਾਂ ਦਾ ਬਹੀ ਖਾਤਾ ਰੱਖੇ।”
ਬਾਬਾ ਕਹਿੰਦਾ, ”ਉਹ ਤਾਂ ਤੇਰੀ ਗੱਲ ਨਾਥਾ ਸਿਆਂ ਠੀਕ ਐ, ਪਰ ਹੁਣ ਉਮਰ ਲਮੇਰੀ ਹੋਣ ਕਰ ਕੇ ਨਿਗ੍ਹਾ ਵੀ ਜੀਰੋ ਦੇ ਲਾਟੂ ਅਰਗੀ ਹੋਈ ਪਈ ਐ। ਕੋਲ ਬੈਠਿਆਂ ਬੂਠਿਆਂ ਦੀ ਤਾਂ ਸਿਆਣ ਆ ਜਾਂਦੀ ਐ ਮਾੜੀ ਮੋਟੀ, ਪਰ ਦੂਰੋਂ ਤਾਂ ਝੌਲ਼ਾ ਜਾ ਈ ਪਈ ਜਾਂਦਾ। ਨਾਲੇ ਇਹ ਭਾਈ ਜਿਹੜਾ ਫ਼ਤਿਹ ਬਲਾ ਕੇ ਨੰਘਿਆ ਇਹ ਤਾਂ ਯਾਰ ਸੱਥ ਕੋਲ ਦੀ ਇਉਂ ਭੱਜ ਕੇ ਨੰਘ ਗਿਆ ਜਿਮੇਂ ਬਲਦਾਂ ਆਲੇ ਗੱਡੇ ਕੋਲ ਦੀ ਵੋਟਾਂ ਆਲੀ ਜੀਪ ਨੰਘ ਗੀ ਹੋਵੇ। ਐਨੀ ਕਾਹਲੀ ਤੁਰੇ ਜਾਂਦੇ ਦੀ ਕਾਹਦੀ ਸਿਆਣ ਆਉਣੀ ਸੀ।”
ਸੀਤਾ ਮਰਾਸੀ ਟਿੱਚਰ ‘ਚ ਬੋਲਿਆ, ”ਕਾਹਲੀ ਨੂੰ ਕਿਹੜਾ ਇਹ ਗਾਹਾਂ ਚਤੌੜਗੜ੍ਹੀਆ ਖਿੱਦੂ ਐ ਬਈ ਘੋੜੀ ਨਾਲ ਮਨ੍ਹੀ ਫ਼ੜਿਆ ਜਾਣਾ। ਇਹ ਤਾਂ ਕਿਤੇ ਐਧਰ ਆਪਣੇ ਗੁਆੜ ਆਇਆ ਨ੍ਹੀ, ਅੱਜ ਪਤਾ ਨ੍ਹੀ ਕਿਮੇਂ ਇਹਦਾ ਆਪਣੇ ਪਾਸੇ ਗੇੜਾ ਵੱਜ ਗਿਆ।”
ਬੁੱਘਰ ਦਖਾਣ ਮਰਾਸੀ ਨੂੰ ਕਹਿੰਦਾ, ”ਚਤੌੜਗੜ੍ਹ ਆਲਾ ਖਿੱਦੂ ਮਰਾਸੀਆ ਬਾਹਲ਼ਾ ਵਗਦਾ ਬਈ?”
ਮਰਾਸੀ ਕਹਿੰਦਾ, ”ਕੇਰਾਂ ਪੁਲਸ ਆਲਿਆਂ ਨੇ ਕਹਿੰਦੇ ਕਿਸੇ ਬਲੈਕੀਏ ਤੋਂ ਪਾਈਆ ਦਸ੍ਹੇਰ ਫ਼ੀਮ ਫ਼ੜ ਲੀ। ਪੁਲਸ ਨੇ ਬਲੈਕੀਏ ਨੂੰ ਫ਼ੜ ਕੇ ਹੱਥ ਪੈਰ ਬੰਨ੍ਹ ਕੇ ਬਠਾ ਲਿਆ। ਇਹ ਜਿਹੜੇ ਚਤੌੜਗੜ੍ਹ ਆਲੇ ਖਿੱਦੂ ਦੀ ਗੱਲ ਐ, ਇਹਨੇ ਪੁਲਸ ਕੋਲ ਦੀ ਨੰਘੇ ਜਾਂਦੇ ਨੇ ਠਾਣੇਦਾਰ ਨੂੰ ਕਿਤੇ ਪੁੱਛ ਲਿਆ ਬਈ ਇਹਨੂੰ ਕਾਹਤੋਂ ਫ਼ੜਿਆ? ਠਾਣੇਦਾਰ ਕਹਿੰਦਾ ‘ਇਹਤੋਂ ਫ਼ੀਮ ਫ਼ੜੀ ਐ’। ਖਿੱਦੂ ਠਾਣੇਦਾਰ ਨੂੰ ਕਹਿੰਦਾ ‘ਸੱਚੀਉਂ ਈ ਫ਼ੜੀ ਐ ਕੁ ਐਮੇਂ ਲੁੱਕ ਦੀ ਗੋਲ਼ੀ ਵੱਟ ਕੇ ਕਹੀ ਜਾਨੈਂ ਐਂ ਬਈ ਫ਼ੀਮ ਫ਼ੜੀ ਐ। ਵਖਾ ਖਾਂ ਕਿੱਥੇ ਐ’? ਜਦੋਂ ਠਾਣੇਦਾਰ ਖਿੱਦੂ ਨੂੰ ਫ਼ੀਮ ਵਖਾਉਣ ਲੱਗਿਆ ਤਾਂ ਖਿੱਦੂ ਮਾਰ ਕੇ ਝਮੁੱਟ, ਫ਼ੀਮ ਖੋਹ ਕੇ ਪੱਤੇ ਲੀਹ ਹੋਇਆ। ਸ਼ਪੌਹਟੇ ਸ਼ਪਾਹਟੇ ਜੇ ਬਥੇਰਾ ਮਗਰ ਭੱਜੇ ਬਈ ਖਾਣੀ ਹੁਣ ਫ਼ੜ ਲਾਂ ਗੇ, ਪਰ ਕਿੱਥੇ? ਖਿੱਦੂ ਤਾਂ ਭਾਈ ਵੇਂਹਦਿਆਂ ਵੇਂਹਦਿਆਂ ਰੋਹੀਏਂ ਚੜ੍ਹ ਗਿਆ। ਕਹਿੰਦੇ ਫ਼ੀਮ ਖੋਹੀ ਤੋਂ ਠਾਣੇਦਾਰ ਮੂੰਹ ਇਉਂ ਬਣਾਈ ਫ਼ਿਰੇ ਜਿਮੇਂ ਹਾੜ੍ਹੀ ਦੀ ਜੋਰ ਵਾਢੀ ‘ਚ ਸੀਰੀ ਸਾਂਝੀ ਨੂੰ ਬਖਾਰ ਚੜ੍ਹੇ ਤੋਂ ਜੱਟ ਰੁੱਸਿਆ-ਰੁੱਸਿਆ ਜਾ ਫ਼ਿਰਦਾ ਹੁੰਦਾ ਬਈ ਹੁਣ ਵਾਧੂ ਦੀਆਂ ਦਿਹਾੜੀਆਂ ਦੇ ਪੈਸੇ ਕਿਸੇ ਹੋਰ ਨੂੰ ਦੇਣੇ ਪੈਣਗੇ। ਤਾਂ ਕਰ ਕੇ ਕਿਹਾ ਸੀ ਬਈ ਕਾਹਲੀ ਤੁਰਨ ਨੂੰ ਗੀਸਾ ਕਿਹੜਾ ਗਾਹਾਂ ਖਿੱਦੂ ਐ ਚਤੌੜਗੜ੍ਹ ਆਲਾ। ਕਹਿੰਦੇ ਬਹੁਤ ਭਜਾਕਲ ਸੀ ਬੰਦਾ ਉਹੋ।”
ਮਾਹਲੇ ਨੰਬਰਦਾਰ ਨੇ ਗੱਲ ਬਦਲਦਿਆਂ ਪੁੱਛਿਆ, ”ਇਹ ਕਰਪਾਲੇ ਦਾ ਉਹੀ ਮੁੰਡਾ ਬਈ ਜਿਹੜਾ ਸੜਕ ਦੇ ਪਾਸੀਂ ਦਰਖਤ ਲਾਉਣ ਆਲਿਆ ‘ਚ ਲੱਗਿਆ ਵਿਆ?”
ਬਾਬੂ ਕਾਮਰੇਡ ਕਹਿੰਦਾ, ”ਉਹੀ ਐ ਨੰਬਰਦਾਰਾ। ਆਪਣੇ ਪਿੰਡ ਦੇ ਤਾਂ ਕਈ ਲੱਗੇ ਵੇ ਐ ਦਰਖਤ ਲਾਉਣ ਆਲਿਆਂ ‘ਚ।”
ਨਾਥਾ ਅਮਲੀ ਟੁੱਟਵਾਂ ਜਾ ਹਾਸਾ ਹੱਸ ਕੇ ਕਹਿੰਦਾ, ”ਕਈਆਂ ਦੇ ਤਾਂ ਜਿਹੜੇ ਬਾਹਲ਼ੇ ਉਡਦੇ ਸੀ ਫ਼ੰਘ ਪੱਟ ਵੀ ਦਿੱਤੇ ਅਗਲਿਆਂ ਨੇ। ਹੁਣ ਪਿੰਡ ‘ਚ ਇਉਂ ਗੇੜੇ ਕੱਢਦੇ ਫ਼ਿਰਨਗੇ ਜਿਮੇਂ ਲਕਵਾ ਹੋਏ ਆਲਾ ਕੁੱਤਾ ਗਲੀਆਂ ‘ਚ ਪਿੱਠ ਜੀ ਘੜੀਸਦਾ ਫ਼ਿਰਦਾ ਹੁੰਦਾ।”
ਬਾਬਾ ਪਾਖਰ ਸਿਉਂ ਅਮਲੀ ਦੀ ਗੱਲ ਸੁਣ ਕੇ ਕਹਿੰਦਾ, ”ਕੀਹਦੇ ਪੱਟ ‘ਤੇ ਅਮਲੀਆ ਫ਼ੰਘ ਓਏ?”
ਨਾਥਾ ਅਮਲੀ ਕਹਿੰਦਾ, ”ਆਹ ਜਿਹੜਾ ਤੈਨੂੰ ਫ਼ਤਿਹ ਬਲਾ ਕੇ ਨੰਘਿਆ, ਇਹਦੀ ਗੱਲ ਐ। ਮਸਾਂ ਨੋਕਰੀ ਮਿਲੀ ਸੀ, ਕੋਈ ਗਲਤ ਫ਼ਲਤ ਕੰਮ ਕਰ ਬੈਠੇ ਇਹ ਤੇ ਕੰਮਚੋਰਾਂ ਦੇ ਦਲੀਪ ਦਾ ਮੁੰਡਾ। ਅਗਲਿਆਂ ਨੇ ਮੂਲ਼ੀ ਆਂਗੂੰ ਪੱਟ ਕੇ ਔਹ ਮਾਰੇ ਪਰ੍ਹੇ ਬਘਾਅ ਕੇ ਜਿਮੇਂ ਝੋਨਾ ਲਾਉਣ ਵੇਲੇ ਬੌਰੀਏ ਪਨੀਰੀ ਦੀਆਂ ਗੁੱਟੀਆਂ ਚਲਾ ਚਲਾ ਮਾਰਦੇ ਹੁੰਦੇ ਐ ਕੱਦੂ ਕੀਤੇ ਪਾਣੀ ‘ਚ। ਹੁਣ ਦੋਮੇਂ ਘਰੇ ਬੈਠੇ ਐ ਮੂੰਹ ਸਜਾਈ ਜਿਮੇਂ ਗਲ ‘ਚ ਕਨੇਡੂ ਨਿੱਕਲਿਆ ਹੁੰਦਾ। ਸਾਲੇ ਚੰਗਾ ਖਾਂਦੇ ਸੀ ਮਾੜਾ ਬੋਲਦੇ ਸੀ, ਪਿੰਡ ਆਲਿਆਂ ਨੂੰ ਤਾਂ ਟਿੱਚ ਕਰ ਕੇ ਜਾਣਦੇ ਸੀ। ਹੁਣ ਪਤਾ ਲੱਗਿਆ ਬਈ ਕੁੱਤੇ ਘੱਗਰੀ ਆਲੀ ਨੂੰ ਨ੍ਹੀ ਭੌਂਕਦੇ ਹੁੰਦੇ, ਘੱਗਰੀ ਨੂੰ ਭੌਂਕਦੇ ਹੁੰਦੇ ਐ ਰੰਗ ਬਰੰਗੀ ਨੂੰ। ਇਨ੍ਹਾਂ ਨੇ ਸੋਚਿਆ ਬਈ ਹੁਣ ਤਾਂ ਸਾਡੀ ਨੋਕਰੀ ਪੱਕੀ ਲੱਗ ਗੀ ਐ, ਹੁਣ ਸਾਨੂੰ ਕਾਹਦਾ ਡਰ ਐ। ਆਏਂ ਨ੍ਹੀ ਪਤਾ ਜਦੋਂ ਬੰਦੇ ‘ਤੇ ਵਖਤ ਪੈਂਦਾ ਤਾਂ ਚੌਦੇਂ ਮੱਸਿਆ ਵੀ ‘ਕੱਠੀਆਂ ਹੋ ਜਾਂਦੀਐਂ।”
ਬੁੱਘਰ ਦਖਾਣ ਨੇ ਸੱਥ ਕੋਲ ਸਾਇਕਲ ਲਈ ਖੜ੍ਹੇ ਮੇਜਰ ਮਾਸਟਰ ਨੂੰ ਪੁੱਛਿਆ, ”ਮਾਹਟਰ! ਭਲਾਂ ਇਹ ਕਰਪਾਲੇ ਬਾਵਾ ਕਾ ਮੁੰਡਾ ਤੇ ਕੰਮ ਚੋਰਾਂ ਦਾ ਮੁੰਡਾ ਸੜਕ ਆਲਿਆ ਚੀਂ ਲੱਗੇ ਵੇ ਐ ਕੁ ਬੇਲਦਾਰ ਐ?”
ਮੇਜਰ ਮਾਸਟਰ ਕਹਿੰਦਾ, ”ਜੰਗਲਾਤ ਮਹਿਕਮੇ ‘ਚ ਲੱਗੇ ਵੇ ਐ। ਤਾਹੀਉਂ ਤਾਂ ਇਹ ਸੜਕਾਂ ਦੇ ਦੋਨੀਂ ਪਾਸੀ ਬੂਟੇ ਬਾਟੇ ਲਾਉਂਦੇ ਹੁੰਦੇ ਐ।” ਬੰਤਾ ਬੁੜ੍ਹਾ ਅੱਖਾਂ ਤੋਂ ਐਨਕ ਲਾਹ ਕੇ ਸ਼ੀਸੇ ਸਾਫ਼ ਕਰਦਾ ਬੋਲਿਆ, ”ਇਹ ਨੋਕਰੀਉਂ ਕਾਹਤੋਂ ਲਾਹਤੇ ਮਾਹਟਰ?”
ਅਮਲੀ ਕਹਿੰਦਾ, ”ਮਾਹਟਰ ਨੂੰ ਕੀ ਪਤਾ। ਇਹ ਤਾਂ ਮੈਂ ਦੱਸਦਾਂ ਸੋਨੂੰ ਕਾਹਤੋਂ ਲਾਹ ‘ਤੇ ਨੋਕਰੀਓਂ? ਇਹ ਕਰਪਾਲੇ ਬਾਵੇ ਤੇ ਕੰਮਚੋਰਾਂ ਦੇ ਦਲੀਪੇ ਦਾ ਮੁੰਡਾ, ਇੱਕ ਇਨ੍ਹਾਂ ਨਾਲ ਕੋਈ ਗਾਜੀਆਣੇ ਪਿੰਡ ਦਾ ਝਿਓਰਾਂ ਦਾ ਮੁੰਡਾ ਸੀ। ਇਨ੍ਹਾਂ ਨੂੰ ਕਿਸੇ ਅਸਫ਼ਰ ਨੇ ਸੜਕ ‘ਤੇ ਦਰਖਤ ਲਾਉਣ ਭੇਜ ‘ਤਾ ਤਿੰਨਾਂ ਨੂੰ। ਚਾਰ ਪੰਜ ਦਿਨ ਤਾਂ ਇਨ੍ਹਾਂ ਨੇ ਵਧੀਆ ਕੰਮ ਕੀਤਾ। ਇੱਕ ਦਿਨ ਕਿਤੇ ਉਹ ਗਾਜੀਆਣੇ ਆਲਾ ਮੁੰਡਾ ਛੁੱਟੀ ਲੈ ਗਿਆ। ਇਹ ਤਿੰਨੇ ਪਤਾ ਕੀ ਕਰਦੇ ਸੀ? ਇਨ੍ਹਾਂ ‘ਚੋਂ ਇੱਕ ਤਾਂ ਟੋਏ ਪੱਟਦਾ ਸੀ। ਦੂਜਾ ਉਹਦੇ ਵਿੱਚ ਕੋਈ ਫੁੱਲਾਂ ਆਲਾ ਬੂਟਾ ਜਾਂ ਕੋਈ ਨਿੰਮ੍ਹ ਡੇਕ ਜਾਂ ਕੋਈ ਟਾਹਲੀ ਕਿੱਕਰ ਦਾ ਪੌਦਾ ਰੱਖ ਦਿੰਦਾ ਸੀ। ਤੀਜਾ ਟੋਏ ਨੂੰ ਮਿੱਟੀ ਨਾਲ ਭਰ ਦਿੰਦਾ ਸੀ। ਤਿੰਨਾਂ ਨੇ ਅੱਡੋ ਅੱਡ ਕੰਮ ਵੰਡਿਆ ਵਿਆ ਸੀ। ਟੋਏ ‘ਚ ਪੌਦੇ ਰੱਖਣ ਦਾ ਕੰਮ ਗਾਜੀਆਣੇ ਆਲਾ ਕਰਦਾ ਸੀ। ਟੋਏ ਪੱਟਣ ਤੇ ਭਰਨ ਦਾ ਕੰਮ ਆਪਣੇ ਪਿੰਡ ਆਲੇ ਵੱਡੇ ਕਾਮੇ ਕਰਦੇ ਸੀ। ਜਿੱਦੇਂ ਜਾਗੀਆਣੇ ਆਲਾ ਮੁੰਡਾ ਛੁੱਟੀ ਗਿਆ ਵਿਆ ਸੀ, ਓਦਣ ਆਪਣੇ ਪਿੰਡ ਆਲੇ ਦੋਨੇਂ ਈ ਰਹਿਗੇ। ਇਨ੍ਹਾਂ ਦੋਹਾਂ ਨੇ ਆਵਦਾ ਕੰਮ ਸ਼ੁਰੂ ਕਰ ਲਿਆ। ਇੱਕ ਟੋਆ ਪੱਟ ਛੱਡੇ, ਦੂਜਾ ਟੋਏ ਨੂੰ ਭਰ ਦਿਆ ਕਰੇ। ਪੌਦਾ ਕੋਈ ਰੱਖਣ ਨਾ ਵਿੱਚ। ਅਸਲੀ ਕੰਮ ਤਾਂ ਬਾਬਾ ਪੌਦੇ ਲਾਉਣ ਦਾ ਈ ਸੀ। ਉਹ ਇੰਨ੍ਹਾਂ ਨੇ ਕੀਤਾ ਨਾ ਓਦੇਂ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਪੌਦਾ ਕਾਹਤੋਂ ਨ੍ਹੀ ਰੱਖਦੇ ਸੀ?”
ਅਮਲੀ ਕਹਿੰਦਾ, ”ਤੂੰ ਪਹਿਲਾਂ ਗੱਲ ਤਾਂ ਸਾਰੀ ਨੰਬਰਦਾਰਾ ਸੁਣ ਲੈ। ਇਹ ਭਾਈ ਸਾਰਾ ਦਿਨ ਟੋਏ ਪੱਟੀ ਗਏ ਤੇ ਮਿੱਟੀ ਨਾਲ ਭਰੀ ਗਏ। ਆਥਣੇ ਕਿਤੇ ਘੈਂਟਾ ਰਹਿੰਦੇ ਕੋਈ ਵੱਡਾ ਅਸਫ਼ਰ ਆ ਗਿਆ ਬੂਟਿਆਂ ਦੀ ਗਿਣਤੀ ਕਰਨ ਬਈ ਕਿੰਨੇ ਬੂਟੇ ਲਾ ‘ਤੇ। ਜਦੋਂ ਉਹਨੇ ਅਸਫ਼ਰ ਨੇ ਵੇਖਿਆ ਬਈ ਟੋਏ ਪੱਟ ਕੇ ਭਰੇ ਵੀ ਪਏ ਐ ਤੇ ਬੂਟਾ ਕਿਸੇ ‘ਚ ਕੋਈ ਰੱਖਿਆ ਨ੍ਹੀ, ਇਹ ਕੀ? ਉਹ ਵੇਂਹਦਾ-ਵੇਂਹਦਾ ਇਨ੍ਹਾਂ ਟੋਏ ਪੱਟਣਿਆਂ ਕੋਲੇ ਜਾ ਵੜਿਆ। ਇਹ ਇੱਕ ਜਾਣਾ ਟੋਏ ਪੱਟੀ ਜਾਵੇ ਦੂਜਾ ਭਰੀ ਜਾਵੇ। ਉਹ ਅਸਫ਼ਰ ਖੜ੍ਹਾ ਵੇਖੀ ਗਿਆ। ਟੋਏ ਪੱਟਣਿਆਂ ਨੂੰ ਕੋਈ ਪਤਾ ਨਾ ਬਈ ਇਹ ਕੋਈ ਸਾਡਾ ਅਸਫ਼ਰ ਐ। ਉਹ ਆਵਦਾ ਕੰਮ ਦੱਬੀ ਤੁਰੇ ਜਾਣ। ਉਹ ਅਸਫ਼ਰ ਇਨ੍ਹਾਂ ਆਪਣੇ ਪਿੰਡ ਆਲਿਆਂ ਨੂੰ ਸੱਦ ਕੇ ਕਹਿੰਦਾ ‘ਓਏ ਤੁਸੀਂ ਟੋਏ ਪੱਟ-ਪੱਟ ਭਰੀ ਜਾਨੇ ਐ, ਇਨ੍ਹਾਂ ‘ਚ ਬੂਟੇ ਸੋਡਾ ਪਿਉ ਲਾਊ?’ ਆਹ ਜਿਹੜਾ ਐਥੋਂ ਦੀ ਫ਼ਤਿਹ ਬਲਾ ਕੇ ਨੰਘਿਆ। ਇਹ ਅਸਫ਼ਰ ਨੂੰ ਕਹਿੰਦਾ ‘ਅਸੀਂ ਤਾਂ ਜੀ ਆਵਦਾ ਕੰਮ ਕਰੀ ਜਾਨੇਂ ਆ, ਜੀਹਦਾ ਕੰਮ ਬੂਟੇ ਰੱਖਣਾ, ਉਹ ਅੱਜ ਆਇਆ ਨ੍ਹੀ। ਅਸੀਂ ਤਾਂ ਆਵਦੇ ਕੰਮ ‘ਚ ਖਲਿਆਰ ਨ੍ਹੀ ਆਉਣ ਦਿੱਤੀ। ਮੈਂ ਟੋਏ ਪੱਟਦਾਂ, ਇਹ ਮੇਰੇ ਨਾਲ ਦਾ ਭਰ ਦਿੰਦਾ। ਹੁਣ ਬੂਟੇ ਰੱਖਣ ਦਾ ਕੰਮ ਤਾਂ ਜਿਹੜਾ ਆਇਆ ਨ੍ਹੀ ਓਸੇ ਦਾ ਈ ਐ। ਉਹ ਅਸਫ਼ਰ ਗੱਲ ਸੁਣ ਕੇ ਹਰਾਨ ਹੋ ਗਿਆ ਬਈ ਇਹ ਕਰੀ ਕੀ ਜਾਂਦੇ ਐ। ਟੋਏ ਪੱਟ ਕੇ ਬੂਟੇ ਰੱਖਣੇ ਕਿੱਡਾ ਕੁ ਔਖਾ ਕੰਮ ਐ। ਅਗਲੇ ਦਿਨ ਉਹਨੇ ਆਪਣੇ ਪਿੰਡ ਆਲੇ ਇਹ ਦੋਮੇਂ ਈਂ ਨੋਕਰੀਉਂ ਲਾਹ ‘ਤੇ। ਹੁਣ ਆਹ ਫ਼ਿਰਦੇ ਐ ਢੇਕੇ ਭੰਨਦੇ। ਹੁਣ ਇਨ੍ਹਾਂ ਨੂੰ ਕਿਸੇ ਨੇ ਦਿਹਾੜੀ ਮਨ੍ਹੀ ਲਜਾਣਾ।”
ਬਾਬਾ ਪਾਖਰ ਸਿਉਂ ਦਲੀਪੇ ਦੇ ਮੁੰਡੇ ਦੀ ਗੱਲ ਸੁਣ ਕੇ ਕਹਿੰਦਾ, ”ਇਹ ਦਲੀਪੇ ਕਿਆਂ ਨੂੰ ਤਾਹੀਉਂ ਤਾਂ ਕੰਮਚੋਰਾਂ ਦੀ ਅੱਲ ਪੈਂਦੀ ਐ। ਕੰਮ ਤੋਂ ਟਾਲ਼ਾ ਬਹੁਤ ਵੱਟਦੇ ਸੀ। ਹੁਣ ਮੁੰਡਿਆਂ ਦਾ ਵੀ ਫ਼ੇਰ ਉਹੀ ਕੰਮ ਐ।”
ਨਾਥਾ ਅਮਲੀ ਕਹਿੰਦਾ, ”ਚਾਰ ਸਿਆੜ ਰੜਕਦੇ ਐ, ਕੰਮ ਕਰਨ ਦੀ ਕੀ ਲੋੜ ਐ। ਜੇ ਤਾਂ ਭੱਠੇ ‘ਤੇ ਪਥੇਰ ਪੱਥਣੀ ਪਵੇ ਫ਼ੇਰ ਤਾਂ ਨਾਨਕੇ ਆ ਜਾਣ ਯਾਦ, ਹੁਣ ਗੱਲਾਂ ਮਾਰਨਗੇ ਨਿਰੇ ਗੱਪ ਜਿਮੇਂ ਕਿਤੇ ਸੁੱਖੇ ਗੱਪੀ ਦੇ ਸਾਢੂ ਹੁੰਦੇ ਐ।”
ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਸੁੱਖਾ ਗੱਪੀ ਕਿਹੜਾ ਓਏ ਅਮਲੀਆ?”
ਸੀਤਾ ਮਰਾਸੀ ਕਹਿੰਦਾ, ”ਮਖਤਿਆਰੇ ਬਿੰਬਰ ਦੇ ਮੁੰਡੇ ਦੀ ਗੱਲ ਕਰਦਾ ਸਾਰਿਆਂ ਤੋਂ ਛੋਟੇ ਰੋਂਦੂ ਦੀ। ਉਹ ਸਿੱਟਦਾ ਫਿਰ ਅਣ ਤੋਲੇ।”
ਬੁੱਘਰ ਦਖਾਣ ਕਹਿੰਦਾ, ”ਹੁਣ ਰੋਂਦੂ ਦੀ ਵੀ ਸਣਾ ਈ ਦਿਓ, ਫ਼ੇਰ ਪੱਠੇ ਦੱਥਿਆਂ ਟੈਮ ਹੋ ਜਾਣਾ, ਘਰ ਨੂੰ ਚੱਲਾਂਗੇ ਯਾਰ।”
ਬਾਬਾ ਪਾਖਰ ਸਿਉਂ ਅਮਲੀ ਨੂੰ ਕਹਿੰਦਾ, ”ਅੱਜ ਨਾ ਸੁਣਾਈਂ ਅਮਲੀਆ ਗੱਪੀਆਂ ਦੀ ਕੋਈ ਗੱਲ। ਕੱਲ੍ਹ ਵਾਸਤੇ ਰੱਖ ਲਾ। ਹੁਣ ਤਾਂ ਯਾਰ ਘਰ ਨੂੰ ਚੱਲਦੇ ਆਂ ਠੰਢ ਹੋ ਗੀ।”
ਜਿਉਂ ਹੀ ਬਾਬੇ ਨੇ ਨਾਥੇ ਅਮਲੀ ਨੂੰ ਗੱਲ ਸੁਣਾਉਣ ਤੋਂ ਰੋਕਿਆ ਤਾਂ ਸਾਰੇ ਸੱਥ ‘ਚੋਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਚੱਲ ਪਏ।