ਫ਼ਰਵਰੀ 2017 ਵਿੱਚ ਹੋ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਪਿਛਲੀਆਂ ਸਾਰੀਆਂ ਚੋਣਾਂ ਨਾਲੋਂ ਵੱਖਰੀਆਂ ਹਨ। ਇਹਨਾਂ ਚੋਣਾਂ ਵਿੱਚ ਮੁਕਾਬਲਾ ਤਿਕੋਣਾ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਹੁਣ ਆਮ ਆਦਮੀ ਪਾਰਟੀ ਵੀ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਵੱਡੀ ਦਾਅਵੇਦਾਰ ਹੈ। ਹਿੰਦੋਸਤਾਨੀ ਲੋਕਤੰਤਰ ਵਿੱਚ ਵੋਟਾਂ ਪਾਰਟੀ ਦੇ ਨਾਲ ਨਾਲ ਪਾਰਟੀ ਲੀਡਰ ਦੇ ਨਾਮ ‘ਤੇ ਵੀ ਪੈਂਦੀਆਂ ਹਨ। ਵੋਟਰ ਆਪਣੇ ਮਨ ਵਿੱਚ ਸੰਭਾਵੀ ਮੁੱਖ ਮੰਤਰੀ ਦੀ ਤਸਵੀਰ ਵੀ ਰੱਖਦਾ ਹੈ। ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੂੰ ਇਸ ਸਵਾਲ ਦਾ ਜਵਾਬ ਦੇਣ ਵਿੱਚ ਡਾਢੀ ਮੁਸ਼ਕਿਲ ਪੇਸ਼ ਆ ਰਹੀ ਹੈ। ‘ਆਪ’ ਦਾ ਕਨਵੀਨਰ ਅਰਵਿੰਦ ਕੇਜਰੀਵਾਲ ਹਰਿਆਣਵੀ ਹੈ ਅਤੇ ਦਿੱਲੀ ਦਾ ਮੁੱਖ ਮੰਤਰੀ ਵੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਕੋਲ ਇਕੋ ਜਿਹੇ ਕੱਦ ਵਾਲੇ ਕਈ ਨੇਤਾ ਹਨ ਪਰ ਕੋਈ ਇੰਨਾ ਵੱਡਾ ਅਤੇ ਸੀਨੀਅਰ ਨਹੀਂ ਜਿਸ ਦੇ ਨਾਮ ‘ਤੇ ਸਰਬਸੰਮਤੀ ਹੋ ਸਕੇ। ਪੰਜਾਬ ਚੋਣਾਂ ਤੋਂ ਬਾਅਦ ਪੰਜਾਬ ਦਾ ਸੰਭਾਵੀ ਮੁੱਖ ਮੰਤਰੀ ਕੌਣ ਹੋ ਸਕਦਾ ਹੈ, ਇਸ ਬਾਰੇ ਚਰਚਾ ਕਰਨੀ ਬਣਦੀ ਹੈ। ਸੰਭਾਵੀ ਮੁੱਖ ਮੰਤਰੀਆਂ ਦੀ ਸੂਚੀ ਵਿੱਚ ਹੇਠ ਲਿਖੇ ਨਾਵਾਂ ਦੀ ਚਰਚਾ ਲੋਕਾਂ ਦੀ ਜੁਬਾਨ ‘ਤੇ ਹੈ।
(1) ਕੈਪਟਨ ਅਮਰਿੰਦਰ ਸਿੰਘ- ਪੰਜਾਬ ਵਿੱਚ ਜੇ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਨਿਰਸੰਦੇਹ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਕੈਪਟਨ ਅਮਰਿੰਦਰ ਸਿੰਘ 2002 ਤੋਂ 2007 ਤੱਕ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਪਟਿਆਲਾ ਰਿਆਸਤ ਦੇ ਵੰਸ਼ਜ ਕੈਪਟਨ ਅਮਰਿੰਦਰ ਸਿੰਘ ਦਾ ਜਨਮ 11 ਮਾਰਚ 1942 ਨੂੰ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਮਹਾਰਾਣੀ ਮਹਿੰਦਰ ਕੌਰ ਦੇ ਘਰ ਹੋਇਆ। ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਪਰਨੀਤ ਕੌਰ 2009 ਤੋਂ 2014 ਤੱਕ ਕੇਂਦਰ ਵਿੱਚ ਵਿਦੇਸ਼ ਮਾਮਲਿਆਂ ਦੀ ਰਾਜ ਮੰਤਰੀ ਰਹੀ। ਇਹਨਾਂ ਦਾ ਪੁੱਤਰ ਰਣਇੰਦਰਸਿੰਘ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਦੋ ਚੋਣਾਂ ਲੜ ਚੁੱਕਿਆ ਹੈ ਪਰ ਅਜੇ ਤੱਕ ਸਫ਼ਲ ਨਹੀਂ ਹੋਇਆ। ਕੈਪਟਨ ਦੀ ਭੈਣ ਦਾ ਪਤੀ ਨਟਵਰ ਸਿੰਘ ਭਾਰਤ ਦਾ ਵਿਦੇਸ਼ ਮੰਤਰੀ ਰਹਿ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਕੈਪਟਨ ਅਮਰਿੰਦਰ ਸਿੰਘ ਦਾ ਸਾਂਢੂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਐਨ. ਡੀ. ਏ. ਅਤੇ ਆਈ. ਐਮ. ਏ. ਦੇਹਰਾਦੂਨ ਤੋਂ ਸਿਖਲਾਈ ਲਈ ਅਤੇ ਭਾਰਤੀ ਫ਼ੌਜ ਵਿੱਚ ਕੈਪਟਨ ਦੇ ਅਹੁਦੇ ‘ਤੇ ਰਹੇ। ਕੈਪਟਨ ਨੇ 1965 ਦੀ ਹਿੰਦ-ਪਾਕਿ ਲੜਾਈ ਵਿੱਚ ਹਿੱਸਾ ਲਿਆ ਅਤੇ ਜੰਗ ਤੋਂ ਬਾਅਦ ਆਰਮੀ ਤੋਂ ਅਸਤੀਫ਼ਾ ਦੇ ਦਿੱਤਾ। ਕੈਪਟਨ ਅਤੇ ਰਾਜੀਵ ਗਾਂਧੀ ਦੂਨ ਸਕੂਲ ਵਿੱਚ ਜਮਾਤੀ ਰਹੇ ਸਨ। ਰਾਜੀਵ ਗਾਂਧੀ ਦੀ ਪ੍ਰੇਰਨਾ ਨਾਲ ਕੈਪਟਨ ਅਮਰਿੰਦਰ ਸਿੰਘ 1950 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਇਆ ਅਤੇ ਲੋਕ ਸਭਾ ਦੀ ਚੋਣ ਜਿੱਤਿਆ। 1984 ਵਿੱਚ ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਅਸਤੀਫ਼ਾ ਦੇ ਦਿੱਤਾ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ। ਤਲਵੰਡੀ ਸਾਬੋ ਤੋਂ ਚੋਣ ਜਿੱਤ ਕੇ ਪੰਜਾਬ ਵਿੱਚ ਖੇਤੀਬਾੜੀ ਮੰਤਰੀ ਰਿਹ। ਅਪ੍ਰੇਸ਼ਨ ਬਲੈਕ ਥੰਡਰ ਦੇ ਵਿਰੋਧ ਵਿੱਚ 1992 ਵਿੱਚ ਫ਼ਿਰ ਅਸਤੀਫ਼ਾ ਦਿੱਤਾ ਅਤੇ ਆਪਣਾ ਵੱਖਰਾ ਅਕਾਲੀ ਦਲ ਪੰਥਕ ਬਣਾ ਲਿਆ। 1998 ਵਿੱਚ ਇਹ ਅਕਾਲੀ ਦਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ। 1998 ਵਿੱਚ ਹੀ ਕੈਪਟਨ ਅਮਰਿੰਦਰ ਸਿੰਘ ਪ੍ਰੇਮ ਸਿੰਘ ਚੰਦੂਮਾਜਰਾ ਹੱਥੋਂ ਲੋਕ ਸਭਾ ਦੀ ਚੋਣ ਹਾਰਿਆ। 1999 ਤੋਂ 2002 ਅਤੇ 2010 ਤੋਂ 2013 ਤੱਕ ਕੈਪਟਨ ਸਾਹਿਬ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ। 2002-2007 ਤੱਕ ਪੰਜਾਬ ਦੇ ਮੁੱਖ ਮੰਤਰੀ ਰਹਿਣ ਤੋਂ ਇਲਾਵਾ ਕੈਪਟਨ ਨੂੰ 16ਵੀਂ ਲੋਕ ਸਭਾ ਵਿੱਚ ਕਾਂਗਰਸ ਪਾਰਟੀ ਵੱਲੋਂ ਡਿਪਟੀ ਲੀਡਰ ਨਿਯੁਕਤ ਕੀਤਾ ਗਿਆ। ਲੋਕ ਸਭਾ ਵਿੱਚ ਪਹੁੰਚਣ ਲਈ ਕੈਪਟਨ ਨੇ ਦੇਸ਼ ਦੇ ਮੌਜੂਦਾ ਵਿੱਤ ਮੰਤਰੀ ਅਰੁਬਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਹਰਾਇਆ ਸੀ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਸਮਾਣਾ, ਤਲਵੰਡੀ ਸਾਬੋ ਅਤੇ ਪਟਿਆਲਾ ਸ਼ਹਿਰੀ ਤੋਂ 7 ਵਾਰ ਐਮ. ਐਲ. ਏ. ਰਹਿ ਚੁੱਕੇ ਹਨ। ਚਾਰ ਪੁਸਤਕਾਂ ਦੇ ਲੇਖਕ ਕੈਪਟਨ ਸਾਹਿਬ ਆਲ ਇੰਡੀਆ ਜੱਟ ਮਹਾਂਸਭਾ ਦੇ ਪ੍ਰਧਾਨ ਵੀ ਹਨ।
ਸੋ, ਜੇ ਕਾਂਗਰਸ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮੰਤਰੀ ਬਣਨਾ ਤੈਅ ਹੈ। ਇਹ ਗੱਲ ਤਾਂ ਸਪਸ਼ਟ ਹੈ ਕਿ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਹੋਣ ਦੇ ਬਾਵਜੂਦ ਕੈਪਟਨ ਜਿੰਨਾ ਕੋਈ ਹੋਰ ਸ਼ਕਤੀਸ਼ਾਲੀ ਲੀਡਰ ਨਹੀਂ। ਪ੍ਰਤਾਪ ਸਿੰਘ ਬਾਜਵਾ ਅਤੇ ਰਾਜਿੰਦਰ ਕੌਰ ਭੱਠਲ ਮੌਜੂਦਾ ਸਥਿਤੀ ਵਿੱਚ ਉਨੇ ਸ਼ਕਤੀਸ਼ਾਲੀ ਨਹੀਂ ਹਨ ਜਿੰਨੇ ਕਦੇ ਸਨ। ਰਾਜਿੰਦਰ ਕੌਰ ਭੱਠਲ ਦਾ ਮੁਕਾਬਲਾ ਇਸ ਵਾਰ ਲਹਿਰਾਗਾਗਾ ਤੋਂ ਪਰਮਿੰਦਰ ਸਿੰਘ ਢੀਂਡਸਾ ਨਾਲ ਹੈ ਜਿਸ ਦੀ ਗੁਪਤ ਮਦਦ ਨਾਲ ਉਹ ਜਿੱਤਦੀ ਰਹੀ ਹੈ। ਬੀਬੀ ਭੱਠਲ ਦੇ ਸੀਟ ਬਦਲਣ ਲਈ ਲਾਏ ਜ਼ੋਰ ਦੇ ਬਾਵਜੂਦ ਕੈਪਟਨ ਨੇ ਉਸ ਨੂੰ ਲਹਿਰਾਗਾਗਾ ਵਿੱਚ ਹੀ ਉਲਝਾ ਦਿੱਤਾ ਹੈ। ਜਗਮੀਤ ਸਿੰਘ ਬਰਾੜ ਅਤੇ ਬੀਰਦਵਿੰਦਰ ਸਿੰਘ ਨੂੰ ਪਹਿਲਾਂ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਰਾਹੁਲ ਗਾਂਧੀ ਨਵਜੋਤ ਸਿੱਧੂ ਨੂੰ ਵਿਧਾਨ ਸਭਾ ਚੋਣ ਲੜਾ ਕੇ ਸ਼ਕਤੀਸ਼ਾਲੀ ਬਣਾਉਣਾ ਚਾਹੁੰਦੇ ਹਨ। ਪਰ ਇਸਦੇ ਬਾਵਜੂਦ ਪੰਜਾਬ ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਦਾ ਕੋਈ ਹੋਰ ਨਹੀਂ। ਸੋ ਕੈਪਟਨ ਹੀ ਹੈ ਕਾਂਗਰਸ ਦਾ ਸੰਭਾਵੀ ਮੁੱਖ ਮੰਤਰੀ।
(2) ਸ. ਪ੍ਰਕਾਸ਼ ਸਿੰਘ ਬਾਦਲ
8 ਦਸੰਬਰ 1927 ਨੂੰ ਮਲੋਟ ਦੇ ਲਾਗੇ ਸ. ਰਘੂਰਾਜ ਸਿੰਘ ਢਿੱਲੋਂ ਦੇ ਘਰ ਪੈਦਾ ਹੋਏ। ਸ. ਬਾਦਲ ਨੇ 20 ਸਾਲ ਦੀ ਉਮਰ ਵਿੱਚ ਸਿਆਸਤ ਸਰਪੰਚੀ ਤੋਂ ਸ਼ੁਰੂ ਕਰਕੇ 43 ਸਾਲ ਦੀ ਉਮਰ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਕਰ ਲਈ ਸੀ। ਉਹ 1957 ਵਿੱਚ ਪਹਿਲੀ ਵਾਰ ਵਿਧਾਇਕ ਬਣੇ। ਬਾਦਲ ਸਾਹਿਬ 1970-71, 1977-80, 1997-2002, 2007-2012 ਅਤੇ 2012 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ। 89 ਵਰ੍ਹਿਆਂ ਦੇ (ਸਮੇਤ ਕੈਪਟਨ ਅਮਰਿੰਦਰ ਸਿੰਘ ਕਈ ਬੰਦੇ ਪ੍ਰਕਾਸ਼ ਸਿੰਘ ਬਾਦਲ ਦੀ ਉਮਰ 93 ਤੋਂ ਵੱਧ ਦੱਸਦੇ ਹਨ) ਪ੍ਰਕਾਸ਼ ਸਿੰਘ ਬਾਦਲ ਦੇਸ਼ ਵਿੱਚ ਸਭ ਤੋਂ ਛੋਟੀ ਉਮਰ ਅਤੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਹੋਣ ਦਾ ਰਿਕਾਰਡ ਕਾਇਮ ਕੀਤਾ ਹੈ। ਉਹ ਕੁਝ ਸਮੇਂ ਲਈ ਕੇਂਦਰ ਵਿੱਚ ਵੀ ਮੰਤਰੀ ਰਹੇ। ਮੁੱਖ ਮੰਤਰੀ ਦਾ ਸਾਰਾ ਪਰਿਵਾਰ ਸਿਆਸਤ ਵਿੱਚ ਹੈ। ਪੁੱਤਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਲ ਨਾਲ ਰਾਜ ਦਾ ਉਪ ਮੁੱਖ ਮੰਤਰੀ ਵੀ ਹੈ। ਨੂੰਹ ਹਰਸਿਮਰਤ ਕੌਰ ਬਾਦਲ ਮੋਦੀ ਮੰਤਰੀ ਮੰਡਲ ਵਿੱਚ ਕੈਬਨਿਟ ਮੰਤੀ ਹੈ। ਜਵਾਈ ਆਦੇਸ਼ ਪ੍ਰਤਾਪ ਸਿੰਘ ਪੰਜਾਬ ਮੰਤਰੀ ਮੰਡਲ ਵਿੱਚ ਸੀਨੀਅਰ ਮੰਤਰੀ ਹੈ। ਭਤੀਜਾ ਮਨਪ੍ਰੀਤ ਸਿੰਘ ਬਾਦਲ ਪੰਜਾਬ ਦਾ ਵਿੱਤ ਮੰਤਰੀ ਰਿਹਾ ਹੈ ਅਤੇ ਅੱਜਕਲ੍ਹ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਿਹਾ ਹੈ। ਭਰਾ ਗੁਰਦਾਸ ਸਿੰਘ ਬਾਦਲ ਵੀ ਮੈਂਬਰ ਪਾਰਲੀਮੈਂਟ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਕੇ ਇਹ ਪ੍ਰਭਾਵ ਦਿੱਤਾ ਕਿ ਉਹ ਰਾਜ ਵਿੱਚ ਹਿੰਦੂ-ਸਿੱਖ ਏਕਤਾ ਦੇ ਹਾਮੀ ਹਨ। ਉਹਨਾਂ ਦੀ ਇਸ ਨੀਤੀ ਨੂੰ ਭਰਪੂਰ ਹੁੰਗਾਰਾ ਮਿਲਣ ਕਾਰਨ ਉਹ ਲਗਾਤਾਰ 10 ਸਾਲਾਂ ਤੋਂ ਸੱਤਾ ਦਾ ਆਨੰਦ ਮਾਣ ਰਹੇ ਹਨ। ਦੇਸ਼ ਦੇ ਅਮੀਰ ਸਿਆਸੀ ਪਰਿਵਾਰਾਂ ਵਿੱਚੋਂ ਇਕ ਬਾਦਲ ਪਰਿਵਾਰ ਹੁਣ ਲਗਾਤਾਰ ਤੀਜੀ ਸਿਆਸੀ ਪਾਰੀ ਖੇਡਣ ਲਈ ਤਿਆਰ ਹੈ।
ਜੇਕਰ ਅਕਾਲੀ ਦਲ ਮੁੜ ਸੱਤਾ ਵਿੱਚ ਆਉਂਦਾ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਛੇਵੀਂ ਵਾਰ ਮੁੱਖ ਮੰਤਰੀ ਬਣਨ ਦਾ ਰਿਕਾਰਡ ਬਣਾਉਣਗੇ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਜਿਹੀ ਪਾਰਟੀ ਹੈ ਜਿਸ ਵਿੱਚ ਟਿਕਟਾਂ ਦੀ ਵੰਡ ਤੋਂ ਬਾਅਦ ਕੋਈ ਬਗ਼ਾਵਤ ਨਜ਼ਰ ਨਹੀਂ ਆਈ। ਅਕਾਲੀ ਦਲ ਦੇ ਮੁਕਾਬਲੇ ਆਮ ਆਦਮੀ ਪਾਰਟੀ ਵਿੱਚ ਵੱਡੇ ਪੱਧਰ ‘ਤੇ ਬਗ਼ਾਵਤ ਨਜ਼ਰ ਆ ਰਹੀ ਹੈ। ਕਾਂਗਰਸ ਵਿੱਚ ਟਿਕਟਾਂ ਨੂੰ ਲੈ ਕੇ ਕਈ ਹਲਕਿਆਂ ਵਿੱਚ ਅਸੰਤੁਸ਼ਟੀ ਦੇਖਣ ਨੂੰ ਮਿਲੀ ਹੈ। ਦੂਜੇ ਪਾਸੇ ਅਜੇ ਕਾਂਗਰਸ ਦੀਆਂ ਅੱਧੀਆਂ ਸੀਟਾਂ ਬਾਰੇ ਫ਼ੈਸਲਾ ਹੋਣਾ ਬਾਕੀ ਹੈ। ਟਿਕਟਾਂ ਦੇ ਐਲਾਨ ਤੋਂ ਪਹਿਲਾਂ ਹੀ ਕਈ ਹਲਕਿਆਂ ਵਿੱਚ ਬਾਗ਼ੀ ਸੁਰਾਂ ਸੁਣਨ ਨੂੰ ਮਿਲ ਰਹੀਆਂ ਹਨ। ਨਸ਼ੇ, ਬੇਅਦਬੀ ਦੀਆਂ ਘਟਨਾਵਾਂ ਅਤੇ ਕਿਸਾਨ ਖ਼ੁਦਕੁਸ਼ੀਆਂ ਵਰਗੇ ਮੁੱਦੇ ਸੱਤਾਧਾਰੀ ਧਿਰ ਨੂੰ ਰੱਖਿਆਤਮਕ ਸਥਿਤੀ ਵਿੱਚ ਲੈ ਆਉਂਦੇ ਹਨ। ਨੋਟਬੰਦੀ ਦਾ ਅਸਰ ਵੀ ਭਾਰਤੀ ਜਨਤਾ ਪਾਰਟੀ-ਸ਼੍ਰੋਮਣੀ ਅਕਾਲੀ ਦਲ ਦੀ ਮੁਹਿੰਮ ‘ਤੇ ਪੈਣਾ ਲਾਜ਼ਮੀ ਹੈ। ਦੂਜੇ ਪਾਸੇ ਪੰਜਾਬ ਵਿੱਚ ਸੱਤਾਧਾਰੀ ਧਿਰ ਵੱਲੋਂ 27000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਵਿਸ਼ੇਸ਼ ਇਜਲਾਸ ਬੁਲਾ ਕੇ ਬਿਲ ਪਾਸ ਕਰਨਾ ਅਤੇ ਹੋਰ ਕਈ ਲੁਭਾਉਣੇ ਫ਼ੈਸਲੇ ਜੇ ਫ਼ਿਰ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਦੇ ਦਿੰਦੇ ਹਨ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੋਣਗੇ।ਇਹ ਵੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਵੱਡੀ ਉਮਰ ਨੂੰ ਵੇਖਦੇ ਹੋਏ ਇਸ ਵਾਰ ਬਾਦਲ ਸਾਹਿਬ ਆਰਾਮ ਕਰਨਗੇ। ਅਜਿਹੇ ਹਾਲਾਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੇ ਪਿਤਾ ਦਾ ਬਦਲ ਹੋ ਸਕਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਉਪ ਮੁੱਖ ਮੰਤਰੀ ਰਹਿੰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਲੋੜੀਂਦਾ ਤਜਰਬਾ ਹਾਸਲ ਕਰ ਲਿਆ ਹੈ। ਵਿਕਾਸ ਦੇ ਮੁੱਦੇ ਨੂੰ ਲੈ ਕੇ ਚੋਣਾਂ ਲੜ ਰਹੀ ਸੱਤਾਧਾਰੀ ਧਿਰ ਵਿੱਚ ਵਿਸ਼ਵਾਸ ਦੀ ਕਮੀ ਨਜ਼ਰ ਨਹੀਂ ਆਉਂਦੀ। ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਆਪਣੀ ਸੁਭਾਵਿਕ ਆਦਤ ਅਨੁਸਾਰ ਚੋਣ ਮੁਹਿੰਮ ਵਿੱਚ ਸਰਗਰਮ ਹਨ। ਇਸੇ ਕਾਰਨ ਅਜੇ ਵੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਮੁੱਖ ਮੰਤਰੀ ਦੇ ਸੰਭਾਵੀ ਦਾਅਵੇਦਾਰ ਪ੍ਰਕਾਸ਼ ਸਿੰਘ ਬਾਦਲ ਹੀ ਹਨ।
(3) ਅਰਵਿੰਦ ਕੇਜਰੀਵਾਲ
ਪੰਜਾਬ ਵਿਧਾਨ ਸਭਾ ਦੀ ਫ਼ਰਵਰੀ 2017 ਦੀਆਂ ਚੋਣਾਂ ਵਿੱਚ ਜੇ ਆਮ ਆਦਮੀ ਪਾਰਟੀ ਦਾ ਬਹੁਮਤ ਆਉਂਦਾ ਹੈ ਤਾਂ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਤਾਜ ਕਿਸਦੇ ਸਿਰ ‘ਤੇ ਸਜੇਗਾ? ਇਸ ਸਵਾਲ ਦਾ ਜਵਾਬ ਥੋੜ੍ਹਾ ਮੁਸ਼ਕਿਲ ਹੈ। ਇਹ ਗੱਲ ਤਾਂ ਸੱਚ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਇਹ ਚੋਣਾਂ ਆਪਣੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕਮਾਂਡ ਥੱਲੇ ਅਤੇ ਨਾਮ ਥੱਲੇ ਲੜ ਰਹੀ ਹੈ। 16 ਅਗਸਤ 1968 ਨੂੰ ਹਰਿਆਣਾ ਦੇ ਭਵਾਨੀ ਜ਼ਿਲ੍ਹੇ ਵਿੱਚ ਪੈਦਾ ਹੋਏ ਅਰਵਿੰਦ ਨੇ ਸਕੂਲ ਸਿੱਖਿਆ ਹਿਸਾਬ ਅਤੇ ਸੋਨੀਪਤ ਵਿੱਚ ਲਈ। ਆਈ. ਆਈ. ਟੀ. ਖੜਗਪੁਰ ਤੋਂ ਬੀ. ਟੈਕ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਪ੍ਰਸ਼ਾਸਕੀ ਸੇਵਾਵਾਂ ਦੀ ਪ੍ਰੀਖਿਆ ਪਾਸ ਕਰਕੇ ਆਈ. ਆਰ. ਐਸ. ਅਫ਼ਸਰ ਦੇ ਤੌਰ ‘ਤੇ ਨੌਕਰੀ ਆਰੰਭ ਕੀਤੀ। ਅਰਵਿੰਦ ਕੇਜਰੀਵਾਲ ਦੀ ਪਤਨੀ ਵੀ ਆਈ. ਆਰ. ਐਸ. ਅਫ਼ਸਰ ਹੈ। ਅੰਨਾ ਹਜਾਰੇ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੇਜਰੀਵਾਲ ਨੇ ‘ਪਰਿਵਰਤਨ’ ਨਾਮ ਦੀ ਗੈਰ ਸਰਕਾਰੀ ਸੰਸਥਾ ਰਾਹੀਂ ਆਪਣੇ ਆਪ ਨੂੰ ਸਮਾਜ ਸੇਵਾ ਲਈ ਅਰਪਿਤ ਕਰ ਦਿੱਤਾ ਸੀ। ਇਸੇ ਸੇਵਾ ਕਾਰਨ ਉਨ੍ਹਾਂ ਨੂੰ ਮੈਗਾਸੇ ਐਵਾਰਡ ਵੀ ਮਿਲਿਆ ਸੀ। ‘ਪਰਿਵਰਤਨ’ ਰਾਹੀਂ ਉਨ੍ਹਾਂ ਭ੍ਰਿਸ਼ਟਾਚਾਰ ਦੇ ਖਿਲਾਫ਼ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲਿਆ। ਫ਼ਿਰ ਲੋਕਪਾਲ ਮੁਹਿੰਮ ਤੋਂ ਬਾਅਦ ਅਰਵਿੰਦ ਨੇ ਫ਼ਰਵਰੀ 2012 ਵਿੱਚ ਆਪਣੀ ਸਿਆਸੀ ਪਾਰਟੀ ‘ਆਮ ਆਦਮੀ ਪਾਰਟੀ’ ਬਣਾਈ। ਦਸੰਬਰ 2013 ਤੋਂ ਫ਼ਰਵਰੀ 2014 ਤੱਕ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਰਹੇ। 49 ਦਿਨਾਂ ਦੀ ਸਰਕਾਰ ਤੋਂ ਬਾਅਦ ਕੇਜਰੀਵਾਲ ਨੇ ਫ਼ਰਵਰੀ 2015 ਵਿੱਚ 70 ਵਿੱਚੋਂ 67 ਸੀਟਾਂ ਜਿੱਤ ਕੇ ਮੁੜ ਸਰਕਾਰ ਬਣਾਈ।
ਦਿੱਲੀ ਦੇ ਦੂਜੀ ਵਾਰ ਬਣੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਨੂੰ ਜਿੱਤਣਾ ਚਾਹੁੰਦੇ ਹਨ। ਇਹ ਕਿਹਾ ਜਾਂਦਾ ਹੈ ਕਿ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਪੰਜਾਬ ਅਤੇ ਗੋਆ ਨੂੰ ਜਿੱਤ ਕੇ ਉਹ ਕੌਮੀ ਨੇਤਾ ਦੇ ਤੌਰ ‘ਤੇ ਸ਼ਾਖ ਬਣਾਉਣੀ ਚਾਹੁੰਦੇ ਹਨ। ਪੰਜਾਬ ਦੇ ਲੋਕ ਤਬਦੀਲੀ ਚਾਹੁੰਦੇ ਹਨ। 2014 ਵਿੱਚ ਪੰਜਾਬ ਨੇ ਆਮ ਆਦਮੀ ਪਾਰਟੀ ਦੇ ਚਾਰ ਲੋਕ ਸਭਾ ਮੈਂਬਰ ਜਿਤਾਏ ਸਨ। ਇਸੇ ਤੋਂ ਪ੍ਰੇਰਿਤ ਹੋਕੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਦੇ ਦਾਅਵੇਦਾਰ ਬਣ ਰਹੇ ਹਨ। ਹਾਲਾਂਕਿ ਪੰਜਾਬ ਦੀ ‘ਆਪ’ ਬੁਰੀ ਤਰ੍ਹਾ ਫ਼ੁੱਟ ਦੀ ਸ਼ਿਕਾਰ ਹੋ ਚੁੱਕੀ ਹੈ। ਸੁੱਚਾ ਸਿੰਘ ਛੋਟੇਪੁਰ, ਡਾ. ਧਰਮਵੀਰ ਗਾਂਧੀ ਅਤੇ ਪ੍ਰੋ. ਮਨਜੀਤ ਸਿੰਘ ਆਪੋ ਆਪਣੇ ਧੜਿਆਂ ਰਾਹੀਂ ਸਿਆਸਤ ਕਰ ਰਹੇ ਹਨ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਰੈਲੀਆਂ ਵਿੱਚ ਹੋ ਰਹੇ ਇਕੱਲ ਵੀ ‘ਆਪ’ ਨੂੰ ਚੜ੍ਹਦੀਕਲਾ ਵਿੱਚ ਲੈ ਕੇ ਜਾਂਦੇ ਹਨ। ਦੂਜੇ ਪਾਸੇ ਟਿਕਟਾਂ ਦੀ ਵੰਡ ਤੋਂ ਬਾਅਦ ਪਾਰਟੀ ਵਿੱਚ ਥਾਂ-ਥਾਂ ‘ਤੇ ਬਗਾਵਤੀ ਸੁਰਾਂ ਉਠ ਰਹੀਆਂ ਹਨ। ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ‘ਤੇ ਟਿਕਟਾਂ ਦੀ ਵੰਡ ਸਮੇਂ ਵੱਡੇ ਪੱਧਰ ‘ਤੇ ਪੈਸੇ ਇਕੰਠੇ ਕਰਨ ਦੇ ਵੀ ਇਲਜ਼ਾਮ ਹਨ। ਇਸਦੇ ਬਾਵਜੂਦ ਪਾਰਟੀ ਨੂੰ ਆਪਣੀ ਜਿੱਤ ‘ਤੇ ਪੂਰਾ ਯਕੀਨ ਹੈ। ਜੇ ਪਾਰਟੀ ਜਿੱਤ ਜਾਂਦੀ ਹੈ ਤਾਂ ਮੁੱਖ ਮੰਤਰੀ ਲਈ ਪਾਰਟੀ ਦੀ ਪਹਿਲੀ ਪਸੰਦ ਅਰਵਿੰਦ ਕੇਜਰੀਵਾਲ ਹੀ ਹੋਣਗੇ।ਗੈਰ ਪੰਜਾਬੀ ਹੋਣਾ ਅਰਵਿੰਦ ਕੇਜਰੀਵਾਲ ਦੇ ਖਿਲਾਫ਼ ਜਾਂਦਾ ਹੈ। ਜੇ ਇਸ ਗੱਲ ਨੂੰ ਮੰਨ ਲਿਆ ਗਿਆ ਤਾਂ ਐਡਵੋਕੇਟ ਹਰਵਿੰਦਰ ਸਿੰਘ ਫ਼ੂਲਕਾ, ਭਗਵੰਤ ਮਾਨ, ਗੁਰਪ੍ਰੀਤ ਸਿੰਘ ਘੁੱਗੀ ਅਤੇ ਜਰਨੈਲ ਸਿੰਘ ਆਦਿ ਕਿੰਨੇ ਨੇਤਾ ਲਾਈਨ ਵਿੱਚ ਲੱਗੇ ਖੜ੍ਹੇ ਹਨ। ਕਿਸੇ ਵੀ ਨਾਮ ‘ਤੇ ਸਰਬ ਸੰਮਤੀ ਹੋਣਾ ਮੁਸ਼ਕਿਲ ਜਾਪਦਾ ਹੈ। ਇਸੇ ਕਾਰਨ ‘ਆਪ’ ਸੰਭਾਵੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਲੱਗਦੇ ਹਨ।
Home ਲੜੀਵਾਰ ਹਾਸ਼ੀਏ ਦੇ ਆਰ-ਪਾਰ ਪੰਜਾਬ ਦੇ ਸੰਭਾਵੀ ਮੁੱਖ ਮੰਤਰੀ: ਕੈਪ. ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਅਰਵਿੰਦ...