ਪਾਸਾ ਹੀ ਪਲਟ ਗਿਆ ਮੈਂ ਸਰਕਾਰੀ ਦੌਰੇ ਤੇ ਸੀ। ਬੱਸ ਤੋਂ ਉੱਤਰ ਕੇ ਪਤਾ ਲਗਾ ਕੇ ਚਾਰ-ਪੰਜ ਕਿਲੋਮੀਟਰ ਦਾ ਸਫ਼ਰ ਪੈਦਲ ਹੀ ਕਰਨਾ ਪੈਣਾ ਹੈ। ਉਹਨਾਂ ਸਮਿਆਂ ਵਿੱਚ ਸਵਾਰੀ ਦਾ ਉਸ ਪਾਸੇ ਕੋਈ ਸਾਧਨ ਨਹੀਂ ਸੀ। ਕਾਫ਼ੀ ਸੋਚ ਸਮਝ ਪਿੱਛੋਂ ਪੈਦਲ ਚੱਲਣ ਦਾ ਮਨ ਬਣਾ ਲਿਆ। ਸ਼ਹਿਰੀ ਜ਼ਿੰਦਗੀ ਹੋਣ ਕਰਕੇ ਪੈਦਲ ਚੱਲਣ ਦਾ ਅਭਿਆਸ ਨਹੀਂ ਸੀ। ਮੈਂ ਅਜੇ ਦੋ ਕਿਲੋਮੀਟਰ ਦਾ ਪੈਂਡਾ ਹੀ ਮੁਕਾਇਆ ਹੋਣਾ ਹੈ ਕਿ ਮੈਨੂੰ ਥਕਾਵਟ ਮਹਿਸੂਸ ਹੋਈ।ਜ਼ਰਾ ਰੁਕ ਕੇ ਪਿੱਛੇ ਵੱਲ ਧਿਆਨ ਕੀਤਾ ਕਿ ਸ਼ਾਇਦ ਕਿਸੇ ਸਵਾਰੀ ਦਾ ਸਾਧਨ ਬਣ ਜਾਵੇ। ਦੂਰੋਂ ਇਕ ਲੜਕਾ ਬੜੀ ਤੇਜ਼ ਰਫ਼ਤਾਰ ਨਾਲ ਸਾਈਕਲ ਤੇ ਆਉਂਦਾ ਦਿਖਾਈ ਦਿੱਤਾ। ਜਦ ਉਹ ਨੌਜਵਾਨ ਮੇਰੇ ਕੋਲ ਪਹੁੰਚਿਆ ਤਾਂ ਮੈਂ ਉਸ ਨੂੰ ਰੁਕ ਜਾਣ ਦਾ ਇਸ਼ਾਰਾ ਕੀਤਾ। ਉਸ ਸਾਈਕਲ ਤਾਂ ਹੌਲੀ ਕਰ ਲਿਆ ਪਰ ਰੁਕਿਆ ਨਾ ਤੇ ਮੈਨੂੰ ਪਿਛਲੀ ਸੀਟ ਤੇ ਬੈਠ ਜਾਣ ਦਾ ਸੰਕੇਤ ਕੀਤਾ। ਮੈਂ ਲੋੜਵੰਦ ਸੀ, ਉਸਦੇ ਇਸ਼ਾਰੇ ਤੇ ਭੱਜ ਕੇ ਉਸਦੇ ਸਾਈਕਲ ਦੇ ਕੈਰੀਅਰ ?ਤੇ ਬੈਠ ਗਿਆ। ਮੈਂ ਕਿਹਾ, “ਲਗਦਾ ਸਹੁਰੇ ਜਾ ਰਿਹਾ ਹੈਂ?”ਉਸ ਝੱਟ ਸਾਈਕਲ ਰੋਕ ਲਿਆ। ਮੈਂ ਮਸਾਂ ਡਿਗਣੋ ਬਚਿਆ। ਅਸੀਂ ਦੋਵੇਂ ਸਾਈਕਲ ਤੋਂ ਉੱਤਰ ਕੇ ਖੜ੍ਹੇ ਹੋ ਗਏ। ਉਹ ਵੀ ਬਹੁਤ ਥੱਕਿਆ ਹੋਇਆ ਲਗਦਾ ਸੀ। ਸਾਈਕਲ ਉਸ ਦਰਖਤ ਦੀ ਛਾਂ ਹੇਠ ਖੜ੍ਹਾ ਕਰਦਿਆਂ ਕਿਹਾ, “ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਸਹੁਰੀਂ ਜਾ ਰਿਹਾ ਹਾਂ? ਕੀ ਤੁਸੀਂ ਨਜ਼ੂਮੀ ਹੋ?”ਮੈਂ ਕਿਹਾ, “ਮੈਂ ਨਜ਼ੂਮੀ ਤਾਂ ਨਹੀਂ, ਪਰ ਤੇਰੇ ਸਾਈਕਲ ਚਲਾਉਣ ਦੀ ਰਫ਼ਤਾਰ ਹੀ ਦੱਸ ਰਹੀ ਹੈ ਕਿ ਤੂੰ ਸਹੁਰੀਂ ਜਾ ਰਿਹਾ ਹੈਂ, ਆਪਣੀ ਘਰ ਵਾਲੀ ਨੂੰ ਲੈਣ।”ਮੈਂ ਉਸਦੀ ਹਮਦਰਦੀ ਜਿੱਤਣ ਲਈ ਕਹਿ ਦਿੱਤਾ, “ਸਾਡੇ ਤੇ ਕਦੇ ਇਵੇਂ ਵਰਤੀ ਸੀ। ਬੜੇ ਜੋਸ਼ ਖਰੋਸ਼ ਨਾਲ ਸਜ ਧਜ ਕੇ ਘਰ ਵਾਲੀ ਨੂੰ ਲੈਣ ਗਏ। ਅੱਗੋਂ ਜਵਾਬ ਮਿਲਿਆ, ਇਕੱਲੇ ਘਰ ਵਾਲੀ ਨੂੰ ਲੈਣ ਆ ਗਏ, ਮਾਂ-ਬਾਪ ਨੂੰ ਨਾਲ ਲਿਆਉਣਾ ਸੀ। ਵਹੁਟੀ ਲੈਣ ਆਏ ਹੋ ਕਿ ਬਜ਼ਾਰ ਵਿੱਚੋਂ ਲੂਣ ਤੇਲ? ਬੱਸ ਮੂੰਹ ਲਟਕਾਈ ਵਾਪਸ ਪਰਤ ਆਏ।”ਉਹ ਉਦਾਸ ਹੋ ਗਿਆ, ਮੈਨੂੰ ਕਹਿਣ ਲੱਗਾ, “ਤੁਸੀਂ ਠੀਕ ਕਿਹਾ ਹੈ। ਇਹ ਸਹੁਰੇ ਇੱਦਾਂ ਦੇ ਹੀ ਹੁੰਦੇ ਹਨ। ਯੁਗ ਪਰਤ ਗਿਆ ਪਰ ਇਹ ਉੱਥੇ ਹੀ ਖੜ੍ਹੇ ਹਨ। ਹਰ ਇਕ ਨੂੰ ਆਪਣਾ ਸਮਾਂ ਭੁੱਲ ਜਾਂਦਾ ਹੈ, ਤੇ ਅੱਗੋਂ ਸਬਕ ਪੜ੍ਹਾਉਣ ਲੱਗ ਪੈਂਦੇ ਹਨ।”ਕੁਝ ਕੁ ਹੋਰ ਗੱਲਬਾਤ ਪਿੱਛੋਂ ਮੈਂ ਉਸ ਨੌਜਵਾਨ ਨੂੰ ਪੁੱਛ ਲਿਆ, “ਤੇਰੇ ਸਹੁਰੇ ਕਿੱਥੇ ਹਨ?”ਉਹ ਕਹਿਣ ਲੱਗਾ, “ਕੋਈ ਅੱਠ ਦਸ ਕਿਲੋਮੀਟਰ ਦੀ ਵਾਟ ਤੇ। ਜਿਸ ਪਿੰਡ ਤੁਸੀਂ ਜਾਣਾ ਹੈ ਉਸੇ ਪਿੰਡ ਵਿੱਚ ਮੇਰਾ ਸੌਹੁਰਾ ਜਗੀਰ ਸਿੰਘ ਸਰਕਾਰੀ ਦਫ਼ਤਰ ਵਿੱਚ ਸੇਵਾਦਾਰ ਲੱਗਾ ਹੋਇਆ ਹੈ। ਉਸਦੀ ਆਕੜ ਬਹੁਤ ਹੈ, ਜਿਵੇਂ ਬਲਾਕ ਅਫ਼ਸਰ ਉਹੀ ਹੋਵੇ। ਕਹਿੰਦਾ ਹੈ, ਸਾਹਿਬ ਮੇਰੀ ਮੁੱਠੀ ਵਿੱਚ ਹੈ। ਉਸਦੀ ਕੀ ਮਜ਼ਾਲ ਹੈ ਇੱਧਰ ਦਾ ਉੱਧਰ ਹੋ ਜਾਵੇ। ਉਸਦੀਆਂ ਸਭ ਕਮਜ਼ੋਰੀਆਂ ਤੋਂ ਮੈਂ ਵਾਕਿਫ਼ ਹਾਂ। ਬੱਸ ਜਕੜ ਕੇ ਰੱਖਿਆ ਹੋਇਆ ਹੈ। …”ਮੈਂ ਜਾਣ ਬੁੱਝ ਕੇ ਉਸ ਮੁੰਡੇ ਨੂੰ ਨਾ ਦੱਸਿਆ ਕਿ ਮੈਂ ਬਲਾਕ ਦਫ਼ਤਰ ਹੀ ਜਾਣਾ ਹੈ, ਭਾਵੇਂ ਮੇਰੇ ਹੱਥ ਚਮੜੇ ਦਾ ਬੈਗ ਫ਼ੜਿਆ ਦੇਖ ਕੇ ਉਸਨੇ ਅੰਦਾਜ਼ਾ ਲਾ ਲਿਆ ਹੋਵੇਗਾ ਕਿ ਕੋਈ ਸਰਕਾਰੀ ਮੁਲਜ਼ਮ ਹੋਣਾ ਹੈ। ਉਸਨੇ ਮੈਨੂੰ ਰਾਹ ਵਿੱਚ ਉਤਾਰ ਕੇ ਸਮਝਾ ਦਿੱਤਾ, “ਜਿੱਥੇ ਤੁਸੀਂ ਜਾਣਾ ਹੈ ਉਹ ਪਿੰਡ ਸਾਹਮਣੇ ਹੀ ਹੈ। ਮੈਂ ਤਾਂ ਉਸ ਪਿੰਡ ਕਦੀ ਗਿਆ ਨਹੀਂ ਪਰ ਦੱਸਦੇ ਹਨ, ਬਹੁਤ ਵੱਡਾ ਪਿੰਡ ਹੈ, ਤਾਂ ਹੀ ਤਾਂ ਬਲਾਕ ਦਫ਼ਤਰ ਬਣਿਆ ਹੈ।”ਉਹ ਆਪਣੇ ਰਾਹ ਪੈ ਗਿਆ ਤੇ ਮੈਂ ਆਪਣੇ। ਹੁਣ ਉਸਦੀ ਸਪੀਡ ਤੇਜ਼ ਤਾਂ ਸੀ ਪਰ ਪਹਿਲੇ ਵਰਗੀ ਨਹੀਂ ਸੀ। ਉਸਨੂੰ ਕਈ ਸੋਚਾਂ ਪੈ ਗਈਆਂ ਹੋਣੀਆਂ ਨੇ।ਮੈਂ ਬਲਾਕ ਦਫ਼ਤਰ ਪਹੁੰਚਿਆ ਤਾਂ ਮੈਨੂੰ ਗੇਟ ਤੇ ਜਿਹੜਾ ਬੰਦਾ ਮਿਲਿਆ, ਉਹ ਮੈਨੂੰ ਜਗੀਰ ਸਿੰਘ ਹੀ ਲੱਗਾ। ਛੋਟੇ ਕੱਦ ਤੇ ਸਾਂਵਲੇ ਜਿਹੇ ਰੰਗ ਵਾਲਾ ਖਾਸ ਤੌਰ ‘ਤੇ ਆਕੜ ਤੋਂ ਉਹ ਬੀ.ਡੀ.ਓ. ਤੋਂ ਘੱਟ ਨਹੀਂ ਸੀ ਲੱਗ ਰਿਹਾ। ਮੇਰੇ ਹੱਥ ਵਿੱਚ ਫ਼ੜੇ ਚਮੜੇ ਦੇ ਬੈਗ ਤੋਂ ਉਹ ਸਮਝ ਗਿਆ ਕਿ ਕੋਈ ਸਰਕਾਰੀ ਬੰਦਾ ਹੋਣਾ ਹੈ। ਕਹਿਣ ਲੱਗਾ, “ਤੁਸੀਂ ਕੌਣ ਹੋ? ਕਿਸ ਨੂੰ ਮਿਲਣਾ ਹੈ?”ਮੈਂ ਉਸ ਨੂੰ ਪੁੱਛਿਆ, “ਜਗੀਰ ਸਿੰਘ ਤੇਰਾ ਹੀ ਨਾਂ ਹੈ?”ਉਹ ਘਬਰਾ ਗਿਆ ਤੇ ਬੋਲਿਆ, “ਜੀ ਦੱਸੋ, ਮੈਂ ਹੀ ਜਗੀਰ ਸਿੰਘ ਹਾਂ, ਤੁਹਾਡਾ ਸੇਵਾਦਾਰ।”?ਮੈਂ ਕਿਹਾ, “ਦਫ਼ਤਰ ਅੰਦਰ ਬੈਠ ਕੇ ਗੱਲ ਕਰਦੇ ਹਾਂ।”ਉਹ ਮੈਨੂੰ ਬੀ.ਡੀ.ਓ. ਦੇ ਕਮਰੇ ਵਿੱਚ ਲੈ ਗਿਆ ਤੇ ਝੱਟ ਹੀ ਬਾਹਰ ਜਾ ਕੇ ਠੰਢੇ ਪਾਣੀ ਦਾ ਗਲਾਸ ਲੈ ਆਇਆ ਤੇ ਦੂਜੇ ਸੇਵਾਦਾਰ ਨੂੰ ਚਾਹ ਪਾਣੀ ਦੇ ਪ੍ਰਬੰਧ ਦਾ ਹੁਕਮ ਕਰ ਆਇਆ। ਮੈਂ ਪੁੱਛਿਆ, “ਤੇਰੇ ਕਿੰਨੇ ਬੱਚੇ ਹਨ?”ਉਸ ਜਵਾਬ ਦਿੱਤਾ, “ਜੀ ਇਕ ਲੜਕਾ ਤੇ ਇਕ ਲੜਕੀ। ਲੜਕੀ ਦਾ ਤਾਂ ਵਿਆਹ ਕਰ ਦਿੱਤਾ ਹੈ ਲੜਕਾ ਅਜੇ ਛੋਟਾ ਹੈ। ਪੰਜਵੀਂ ਵਿੱਚ ਪੜ੍ਹਦਾ ਹੈ।?”ਮੈਂ ਕਿਹਾ, “ਲੜਕੀ ਤਾਂ ਆਪਣੇ ਸਸੁਰਾਲ ਗਈ ਹੋਈ ਹੋਣੀ ਹੈ?”ਉਹ ਬੋਲਿਆ, “ਨਹੀਂ ਜਨਾਬ, ਅੱਜਕਲ ਪੇਕੀਂ ਆਈ ਹੋਈ ਹੈ। ਉਸ ਨੂੰ ਅਜੇ ਪੰਦਰਾਂ ਵੀਹ ਦਿਨ ਹੀ ਹੋਏ ਹਨ।”?ਮੈਂ ਕਿਹਾ, “ਮੇਰੀ ਮੰਨੇ ਤਾਂ ਉਸਨੂੰ ਉਸਦੇ ਸੁਸਰਾਲ ਜਾ ਕੇ ਛੱਡ ਆ। ਇਸ ਵਿੱਚ ਹੀ ਤੁਹਾਡਾ ਭਲਾ ਹੈ?।”ਜਨਾਬ, “ਤੁਸੀਂ ਆਪਣੇ ਬਾਰੇ ਨਹੀਂ ਦੱਸਿਆ। ਕਿਤੇ ਤੁਸੀਂ ਨਜ਼ੂਮੀ ਤਾਂ ਨਹੀਂ?”ਮੈਂ ਕਿਹਾ, “ਤੂੰ ਕੀ ਲੈਣਾ ਹੈ? ਤੈਨੂੰ ਜੋ ਦੱਸਿਆ ਹੈ, ਠੀਕ ਹੀ ਦੱਸਿਆ ਹੈ ਤੇ ਤੇਰੇ ਭਲੇ ਲਈ ਹੀ ਦੱਸਿਆ ਹੈ।”ਉਹ ਕਮਰੇ ਵਿੱਚੋਂ ਝੱਟ ਬਾਹਰ ਨਿੱਕਲ ਗਿਆ।ਚਾਹ ਪੀਣ ਪਿੱਛੋਂ ਮੈਂ ਹੈੱਡ ਕਲਰਕ ਨੂੰ ਕਿਹਾ, “ਜਗੀਰ ਸਿੰਘ ਸੇਵਾਦਾਰ ਨੂੰ ਬੁਲਾਉਣਾ?।”ਅੱਗੋਂ ਉਹ ਬੋਲਿਆ, “ਉਸ ਨਾਲ ਕੀ ਕੰਮ ਹੈ? ਉਹ ਤਾਂ ਅੱਧੇ ਦਿਨ ਦੀ ਛੁੱਟੀ ਲਿਖ ਕੇ ਦੇ ਗਿਆ ਹੈ। ਹੁਣ ਤਕ ਤਾਂ ਉਹ ਆਪਣੇ ਘਰ ਪਹੁੰਚ ਗਿਆ ਹੋਣਾ ਹੈ। ਜੇ ਉਸ ਨਾਲ ਜ਼ਰੂਰੀ ਕੰਮ ਹੈ ਤਾਂ ਬੰਦਾ ਭੇਜ ਕੇ ਵਾਪਸ ਬੁਲਾ ਲੈਂਦੇ ਹਾਂ।”ਮੈਂ ਕਿਹਾ, “ਨਹੀਂ, ਠੀਕ ਹੈ।”ਮੈਂ ਜੋ ਰਿਕਾਰਡ ਦੇਖਣਾ ਸੀ, ਉਹ ਪੰਚਾਇਤ ਅਫ਼ਸਰ ਦਿਖਾਉਂਦਾ ਰਿਹਾ। ਦਫ਼ਤਰ ਬੰਦ ਹੋਣ ਦਾ ਸਮਾਂ ਹੋ ਗਿਆ। ਮੈਂ ਵੀ ਵਕਤ ਸਿਰ ਵਾਪਸ ਪਰਤਣਾ ਠੀਕ ਸਮਝਿਆ। ਪੰਚਾਇਤ ਅਫ਼ਸਰ ਨੇ ਕਿਹਾ, “ਮੈਂ ਸਾਈਕਲ ਤੇ ਤੁਹਾਨੂੰ ਬੱਸ ਅੱਡੇ ਤੱਕ ਛੱਡ ਆਉਂਦਾ ਹਾਂ, ਚਾਰ ਪੰਜ ਕਿਲੋਮੀਟਰ ਦੀ ਵਾਟ ਹੈ।”ਮੈਂ ਕਿਹਾ, “ਇੰਨਾ ਪੈਦਲ ਚੱਲਣਾ ਮੈਨੂੰ ਪਸੰਦ ਹੈ।”ਮੈਂ ਵਾਪਸ ਆ ਰਿਹਾ ਸੀ। ਸੂਰਜ ਡੁੱਬਣ ਡੁੱਬਣ ਕਰ ਰਿਹਾ ਸੀ। ਮੈਂ ਵੀ ਆਪਣੀਆਂ ਸੋਚਾਂ ਵਿੱਚ ਡੁੱਬਾ ਹੋਇਆ ਤੇਜ਼ ਤੇਜ਼ ਕਦਮ ਪੁੱਟ ਰਿਹਾ ਸੀ ਕਿ ਉਹੀ ਸਵੇਰ ਵਾਲਾ ਨੌਜਵਾਨ ਸਾਈਕਲ ਰੋਕ ਕੇ ਮੇਰੇ ਕੋਲ ਖੜ੍ਹਾ ਹੋ ਗਿਆ। ਉਸ ਪਿੱਛੇ ਉਸ ਦੀ ਘਰਵਾਲੀ ਬੈਠੀ ਹੋਈ ਸੀ, ਜੋ ਬਹੁਤ ਖੁਸ਼ ਨਜ਼ਰ ਆ ਰਹੀ ਸੀ। ਪਰ ਮੈਨੂੰ ਦੇਖ ਉਸ ਆਪਣਾ ਮੂੰਹ ਪੱਲੇ ਨਾਲ ਢਕ ਲਿਆ। ਉਸ ਨੌਜਵਾਨ ਨੇ ਆਪਣੀ ਘਰਵਾਲੀ ਨੂੰ ਕਿਹਾ, “ਇਨ੍ਹਾਂ ਤੋਂ ਕੀ ਪਰਦਾ ਕਰਨਾ? ਇਨ੍ਹਾਂ ਕਰਕੇ ਹੀ ਅੱਜ ਅਸੀਂ ਇਕੱਠੇ ਹਾਂ। ਇਹੋ ਸਰਦਾਰ ਜੀ ਮੈਨੂੰ ਜਾਂਦੀ ਵਾਰੀ ਮਿਲੇ ਸਨ ਤੇ ਇਨ੍ਹਾਂ ਨੇ ਹੀ ਤੇਰੇ ਬਾਪੂ ਨੂੰ ਮੇਰੇ ਨਾਲ ਤੋਰਨ ਦੀ ਸਲਾਹ ਦਿੱਤੀ ਲਗਦੀ ਹੈ। ਹੱਥ ਜੋੜ ਕੇ ਧੰਨਵਾਦ ਕਰ। ਤੇਰੀ ਮਾਂ ਨੇ ਤਾਂ ਕੋਰਾ ਜਵਾਬ ਦੇ ਦਿੱਤਾ ਸੀ, ਅਖੇ, ਆਪਣੇ ਭਰਾ ਭਰਜਾਈ ਨੂੰ ਲੈ ਕੇ ਆ, ਜੇ ਘਰਵਾਲੀ ਨੂੰ ਨਾਲ ਖੜਨਾ ਹੈ, ਤੇਰੇ ਨਾਲ ਕਾਹਤੋਂ ਤੋਰ ਦੇਈਏ? ਮੈਂ ਤਾਂ ਤੈਨੂੰ ਉਸਦੀ ਸ਼ਕਲ ਤਕ ਨਹੀਂ ਦੇਖਣ ਦੇਣੀ। ਚਾਹ ਪਾਣੀ ਪੀ ਤੇ ਜਿੱਦਾਂ ਆਇਆ ਹੈਂ, ਉੱਦਾਂ ਹੀ ਤੁਰ ਜਾ। ਅਗਲੀ ਵਾਰੀ ਆਪਣੇ ਭਰਾ ਭਰਜਾਈ ਨੂੰ ਆਪਣੇ ਨਾਲ ਲੈ ਕੇ ਆਵੀਂ। … ਬੱਸ, ਤੇਰੇ ਬਾਪੂ ਨੇ ਆਉਂਦੇ ਹੀ ਪਾਸਾ ਪਲਟ ਦਿੱਤਾ। ਹੱਸ ਕੇ ਮਿਲਿਆ ਤੇ ਤੇਰੀ ਮਾਂ ਨੂੰ ਉਸ ਸਰਕਾਰੀ ਅਫ਼ਸਰਾਂ ਵਾਂਗ ਹੁਕਮ ਦਿੱਤਾ, ਇਨ੍ਹਾਂ ਦੇ ਜਾਣ ਦੀ ਫ਼ੌਰਨ ਤਿਆਰੀ ਕਰੋ, ਕੋਈ ਹੁੱਜਤ ਨਹੀਂ ਕਰਨੀ। ਸਭ ਦਾ ਇਸੇ ਵਿੱਚ ਭਲਾ ਹੈ।?”ਉਸ ਲੜਕੀ ਦਾ ਹਾਸਾ ਨਿੱਕਲ ਗਿਆ ਤੇ ਉਹ ਮੈਨੂੰ ਕਹਿਣ ਲੱਗੀ, “ਮੇਰੇ ਬਾਪੂ ਨੂੰ ਤੁਸੀਂ ਕਿਵੇਂ ਪਤਿਆਇਆ? ਉਹ ਤਾਂ ਕਿੱਲੇ ਵਾਂਗ ਆਕੜਿਆ ਰਹਿੰਦਾ ਹੈ। ਮੇਰੀ ਮਾਂ ਹੀ ਜੇਰੇ ਵਾਲੀ ਹੈ ਜੋ ਉਸ ਨਾਲ ਕੱਟ ਰਹੀ ਹੈ। ਮੇਰੇ ਆਲ਼ਾ ਤਾਂ ਸਾਊ ਜਿਹਾ ਹੈ। ਮੇਰੇ ਭਾਗ ਚੰਗੇ ਨੇ ਰੱਬ ਨੇ ਮੇਰੀ ਸੁਣ ਲਈ। ਮੈਂ ਤਾਂ ਡਰਦੀ ਵਿਆਹ ਨਹੀਂ ਸੀ ਕਰਾਉਣਾ ਚਾਹੁੰਦੀ। ਸੋਚਦੀ ਸੀ, ਕਿਤੇ ਮੇਰੇ ਪਿਉ ਵਰਗਾ ਅੜਬ ਨਾ ਟੱਕਰ ਜਾਵੇ।”?ਉਹਨਾਂ ਦੇ ਚਿਹਰੇ ਦੀ ਖੁਸ਼ੀ ਦੇਖ ਕੇ ਮੈਨੂੰ ਬਾਕੀ ਦਾ ਸਫ਼ਰ ਪਤਾ ਹੀ ਨਾ ਲੱਗਾ ਕਦ ਮੁੱਕ ਗਿਆ।- ਭੁਪਿੰਦਰ ਸਿੰਘ ਨੰਦਾ