ਚੰਡੀਗੜ੍ਹ -ਸਰਕਾਰ ਵੱਲੋਂ ਲੋਕਾਂ ਦੀ ਪੁਰਜ਼ੋਰ ਮੰਗ ਤੇ ਲੋਕ ਹਿੱਤ ਵਿੱਚ ਸਮੂਹ ਨਗਰ ਨਿਗਮਾਂ/ਨਗਰ ਕੌਂਸਿਲਾਂ/ਨਗਰ ਪੰਚਾਇਤਾਂ ਦੇ ਪਾਣੀ ਸਪਲਾਈ/ਸੀਵਰੇਜ਼ ਦੇ ਯੂਜਰ ਚਾਰਜਿਜ਼ ਦੀ ਬਕਾਇਆ ਜਾਤ ਰਾਸ਼ੀ ਬਿਨਾਂ ਵਿਆਜ ਅਤੇ ਪੈਨੇਲਟੀ ਦੇ ਜਮ੍ਹਾਂ ਕਰਾਉਣ ਲਈ ਵਿਸੇਸ਼ ਮੌਕਾ ਦੇਣ ਸਬੰਧੀ ਫੈਸਲਾ ਕੀਤਾ ਗਿਆ ਹੈ। ਇਸ ਅਨੁਸਾਰ ਇਸ ਤਰ੍ਹਾਂ ਦੇ ਬਕਾਇਆ ਜਾਤ ਦੇ ਮਿਤੀ 31.8.2016 ਤੱਕ ਬਣਦੀ ਰਕਮ ਦੀ 25% ਰਕਮ ਮਿਤੀ 31.12.2016 ਤੱਕ ਜਮ੍ਹਾਂ ਕਰਾਉਣ ਦੀ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜੋ ਵਿਅਕਤੀ 25% ਰਕਮ ਜਮ੍ਹਾਂ ਕਰਵਾ ਦੇਣਗੇ ਉਨ੍ਹਾਂ ਵੱਲੋਂ ਬਾਕੀ ਰਹਿੰਦੀ 75% ਰਕਮ ਛੇ ਬਰਾਬਰ ਕਿਸਤਾਂ ਵਿੱਚ ਮਿਤੀ 30.6.2017 ਤੱਕ ਜਮ੍ਹਾਂ ਕਰਵਾਈ ਜਾਵੇਗੀ। ਜੇਕਰ ਕੋਈ ਵੀ ਕਿਸ਼ਤ ਸਮੇਂ ਸਿਰ ਜਮ੍ਹਾਂ ਨਹੀਂ ਕਰਵਾਈ ਜਾਂਦੀ ਤਾਂ ਸਬੰਧਤ ਵਿਅਕਤੀ ਬਕਾਇਆ ਰਕਮ ਦਾ ਵਿਆਜ/ਪੈਨੇਲਟੀ ਦੇਣ ਦਾ ਭਾਗੀਦਾਰ ਹੋਵੇਗਾ।
ਸ੍ਰੀ ਅਨਿਲ ਜੋਸ਼ੀ, ਸਥਾਨਕ ਸਰਕਾਰ ਮੰਤਰੀ ਨੇ ਇਹ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਸ ਸਮੇਂ ਦੌਰਾਨ ਪਾਣੀ/ਸੀਵਰੇਜ਼ ਦੇ ਨਵੇਂ ਬਿੱਲ ਦੇਣ ਲਈ ਸਬੰਧਤ ਵਿਅਕਤੀ ਨਿਯਮਾਂ/ਹਦਾਇਤਾਂ ਦੀ ਪਾਲਣਾ ਕਰੇਗਾ। ਮੰਤਰੀ ਜੀ ਵੱਲੋਂ ਇਹ ਹੁਕਮ ਵੀ ਜਾਰੀ ਕੀਤੇ ਗਏ ਹਨ ਕਿ ਸਮੂਹ ਨਗਰ ਨਿਗਮਾਂ/ ਨਗਰ ਕੌਂਸਿਲਾਂ/ਨਗਰ ਪੰਚਾਇਤਾਂ,ਸੀਵਰੇਜ ਬੋਰਡ ਦੇ ਦਫਤਰਾਂ ਜਾਂ ਹੋਰ ਅਦਾਰਿਆਂ ਜਿੱਥੇ ਕਿ ਇਸ ਤਰ੍ਹਾਂ ਦੀ ਬਕਾਇਆ ਰਕਮ ਜਮ੍ਹਾਂ ਕੀਤੀ ਜਾਂਦੀ ਹੈ, ਵਿੱਚ ਵਿਸ਼ੇਸ਼ ਕਾਊਂਟਰ ਲਗਾਏ ਜਾਣ ਤਾਂ ਜੋ ਸਬੰਧਤ ਵਿਅਕਤੀ ਆਪਣੇ ਬਕਾਇਆ ਜਾਤ ਬਾਰੇ ਜਾਣਕਾਰੀ ਹਾਸਲ ਕਰ ਸਕਣ। ਜਿਹੜੇ ਵਿਅਕਤੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹਨ ਉਨ੍ਹਾਂ ਨੂੰ ਆਪਣੀ ਬਕਾਇਆ ਜ਼ਾਤ ਦੀ ਰਕਮ (ਵਿਆਜ/ਪੈਨੇਲਟੀ ਤੋਂ ਬਿਨਾਂ) ਲਿਖਤੀ ਤੌਰ ਤੇ ਤਸ਼ਦੀਕ ਕਰਕੇ ਉਸੇ ਸਮੇਂ ਦੇਣ ਦਾ ਵਿਸੇਸ਼ ਪ੍ਰਬੰਧ ਕੀਤਾ ਜਾਵੇ।