ਇਸਲਾਮਾਬਾਦ ਪਾਕਿਸਤਾਨ ਦੇ ਵੇਹੜੀ ਜ਼ਿਲ੍ਹੇ ਦੇ ਮਾਛੀਵਾਲ ਥਾਣੇ ਅਧੀਨ ਪੈਂਦੇ ਪਿੰਡ ਪੁਲ 19/ਡਬਲਯੂ.ਬੀ ਵਿਚ ਇਕ ਵਿਅਕਤੀ ਨੇ ਆਪਣੇ ਪੁੱਤਰ ਅਤੇ ਤਿੰਨ ਰਿਸ਼ਤੇਦਾਰਾਂ ਨਾਲ ਮਿਲ ਕੇ ਆਪਣੀਆਂ ਦੋ ਧੀਆਂ ਦਾ ਕਤਲ ਕਰ ਦਿੱਤਾ। ਦੋਵਾਂ ਭੈਣਾਂ ਦਾ ਕਸੂਰ ਇਹ ਸੀ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਮੁੱਖ ਦੋਸ਼ੀ ਸਈਦ ਹੁਸੈਨ ਦੀਆਂ ਦੋ ਧੀਆਂ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਯੋਜਨਾ ਬਣਾ ਕੇ ਪੰਚਾਇਤ ਦੀ ਮਦਦ ਨਾਲ ਦੋਵੇਂ ਧੀਆਂ ਨੂੰ ਘਰ ਵਾਪਸ ਲਿਆਂਦਾ। ਫਿਰ ਉਸ ਨੇ ਕੁੜੀਆਂ ਨੂੰ ਕਿਹਾ ਕਿ ਉਹ ਵਿਆਹ ਲਈ ਤਿਆਰ ਹੈ ਅਤੇ ਸਮਾਜ ਵਿਚ ਬਦਨਾਮ ਹੋਣ ਤੋਂ ਬਚਣ ਲਈ ਉਹ ਦੋਵਾਂ ਦਾ ਵਿਆਹ ਜਨਤਕ ਤੌਰ ’ਤੇ ਆਪਣੀ ਪਸੰਦ ਦੇ ਮੁੰਡਿਆਂ ਨਾਲ ਕਰਵਾ ਦੇਵੇਗਾ।
ਪੁਲਸ ਅਨੁਸਾਰ ਦੋਵੇਂ ਕੁੜੀਆਂ ਦੇ ਕਤਲ ਦੀ ਸੂਚਨਾ ਮਿਲਣ ’ਤੇ ਗਸ਼ਤੀ ਟੀਮ ਨੇ ਸਈਅਦ ਹੁਸੈਨ ਦੇ ਘਰ ਛਾਪਾ ਮਾਰਿਆ। ਜਿਵੇਂ ਹੀ ਪੁਲਸ ਹੁਸੈਨ ਦੇ ਘਰ ਦੇ ਬਾਹਰ ਪਹੁੰਚੀ, ਉਨ੍ਹਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਦੋ ਔਰਤਾਂ, ਜਿਨ੍ਹਾਂ ਦੀ ਪਛਾਣ ਸਈਦ ਦੀ ਪਤਨੀ ਨਿਸ਼ਾਤ ਅਤੇ ਉਮੈਰ ਦੀ ਪਤਨੀ ਅਫਸ਼ਾਨ ਵਜੋਂ ਹੋਈ ਸੀ। ਦੋਵੇਂ ਖੂਨ ਨਾਲ ਲੱਥਪੱਥ ਪਈਆਂ ਸਨ। ਪੁਲਸ ਨੇ ਦਾਅਵਾ ਕੀਤਾ ਕਿ ਕਥਿਤ ਕਾਤਲ ਲੜਕੀਆਂ ਦੇ ਪਿਤਾ ਸਈਅਦ ਹੁਸੈਨ, ਉਸ ਦਾ ਪੁੱਤਰ ਅਸੀਮ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਅਦਨਾਨ, ਅਫਸ਼ਾਲ ਅਤੇ ਰਿਆਜ਼ ਹਨੇਰੇ ਵਿਚ ਭੱਜਣ ਵਿਚ ਕਾਮਯਾਬ ਹੋ ਗਏ। ਲਾਸ਼ਾਂ ਨੂੰ ਪੋਸਟਮਾਰਟਮ ਲਈ ਵੇਹਾੜੀ ਦੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਨੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।