ਪਾਕਿਸਤਾਨ ‘ਚ ਪੋਲੀਓ ਵਰਕਰਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਧਮਾਕਾ, 6 ਲੋਕ ਜ਼ਖਮੀ

ਪੇਸ਼ਾਵਰ ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਪੋਲੀਓ ਟੀਕਾਕਰਨ ਪ੍ਰੋਗਰਾਮ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੇ ਇਕ ਵਾਹਨ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਗਿਆ। ਇਸ ਬੰਬ ਧਮਾਕੇ ਵਿਚ ਤਿੰਨ ਪੁਲਸ ਕਰਮਚਾਰੀਆਂ ਸਮੇਤ ਘੱਟੋ-ਘੱਟ 6 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਵਾਨਾ ਕਸਬੇ ਵਿੱਚ ਹੋਏ ਧਮਾਕੇ ਵਿੱਚ ਤਿੰਨ ਪੋਲੀਓ ਕਰਮਚਾਰੀ ਅਤੇ ਤਿੰਨ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਧਮਾਕੇ ਵਾਲੀ ਥਾਂ ‘ਤੇ ਪਹੁੰਚੀ ਪੁਲਸ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਪਿਛਲੇ ਹਫ਼ਤੇ 16 ਸਾਲਾਂ ਵਿੱਚ ਪੋਲੀਓ ਦਾ ਪਹਿਲਾ ਕੇਸ ਦਰਜ ਕੀਤਾ ਗਿਆ। ਪਾਕਿਸਤਾਨ ਵਿੱਚ 2021 ਵਿੱਚ ਪੋਲੀਓ ਦਾ ਸਿਰਫ਼ ਇੱਕ ਕੇਸ ਸਾਹਮਣੇ ਆਇਆ ਸੀ। ਇਸ ਸਾਲ ਹੁਣ ਤੱਕ ਬਲੋਚਿਸਤਾਨ ਤੋਂ 12, ਸਿੰਧ ਤੋਂ ਤਿੰਨ ਅਤੇ ਪੰਜਾਬ ਅਤੇ ਇਸਲਾਮਾਬਾਦ ਤੋਂ ਇਕ-ਇਕ ਮਾਮਲਾ ਸਾਹਮਣੇ ਆਇਆ ਹੈ।