ਪਟਿਆਲਾ ‘ਚ ਕੇਕ ਖਾਣ ਤੋਂ ਬਾਅਦ ਹੋਈ ਬੱਚੀ ਦੀ ਮੌਤ ਦੇ ਮਾਮਲੇ ‘ਚ ਨਵਾਂ ਮੋੜ, ਸਾਹਮਣੇ ਆਈ ਫਾਈਨਲ ਰਿਪੋਰਟ

ਪਟਿਆਲਾ: ਪਟਿਆਲਾ ਵਿਚ 10 ਸਾਲਾ ਬੱਚੀ ਮਾਨਵੀ ਦੀ ਆਪਣੇ ਹੀ ਜਨਮ ਦਿਨ ‘ਤੇ ਕੇਕ ਖਾਣ ਨਾਲ ਹੋਈ ਮੌਤ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਪੁਲਸ ਵਲੋਂ ਲੈਬ ਵਿਚ ਭੇਜੇ ਗਏ ਕੇਕ ਦੇ ਸੈਂਪਲਾਂ ਦੀ ਫਾਈਨਲ ਰਿਪੋਰਟ ਆ ਗਈ ਹੈ। ਰਿਪੋਰਟ ਮੁਤਾਬਕ ਕੇਕ ਵਿਚ ਕੋਈ ਵੀ ਜ਼ਹਿਰੀਲਾ ਪਦਾਰਥ ਨਹੀਂ ਪਾਇਆ ਗਿਆ ਹੈ। ਦਰਅਸਲ ਪਿਛਲੀ 24 ਮਾਰਚ ਨੂੰ ਪਟਿਆਲਾ ‘ਚ ਬੱਚੀ ਮਾਨਵੀ ਦਾ ਜਨਮ ਦਿਨ ਸੀ ਅਤੇ ਪਰਿਵਾਰ ਵਲੋਂ ਆਨਲਾਈਨ ਕੇਕ ਮੰਗਵਾਇਆ ਗਿਆ ਸੀ, ਜਿਸ ਨੂੰ ਖਾਣ ਤੋਂ ਬਾਅਦ ਪੂਰੇ ਪਰਿਵਾਰ ਦੀ ਸਿਹਤ ਵਿਗੜ ਗਈ ਸੀ ਜਿਸ ਵਿਚ 10 ਸਾਲਾ ਮਾਨਵੀ ਦੀ ਮੌਤ ਹੋ ਗਈ ਸੀ।
ਇਸ ਤੋਂ ਬਾਅਦ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰਦਾ ਆ ਰਿਹਾ ਸੀ ਪਰ ਪਹਿਲਾਂ ਹੀ ਪੁਲਸ ਨੇ ਪਰਿਵਾਰ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਕੇਕ ਬਣਾਉਣ ਵਾਲੇ ਸਣੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਸੀ ਪਰ ਬੇਕਰੀ ਦਾ ਮਾਲਕ ਮਾਮਲਾ ਦਰਜ ਹੋਣ ਮਗਰੋਂ ਫਰਾਰ ਹੋ ਗਿਆ ਸੀ ਜਿਸ ਨੂੰ ਅੱਜ 2 ਮਹੀਨੇ ਦਾ ਸਮਾਂ ਹੋ ਚੁੱਕਾ ਹੈ ਪਰ ਅੱਜ ਇਸ ਮਾਮਲੇ ‘ਚ ਖਰੜ ਤੋਂ ਵਿਸਰਾ ਰਿਪੋਰਟ ਸਾਹਮਣੇ ਆਈ ਹੈ ਜਿਸ ‘ਚ ਸਾਫ ਆਖਿਆ ਗਿਆ ਹੈ ਕਿ ਕੇਕ ਵਿਚ ਕੁਝ ਵੀ ਜ਼ਹਿਰੀਲਾ ਨਹੀਂ ਸੀ। ਦੂਜੇ ਪਾਸੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਤਾਂ ਸਾਰਾ ਕੁਝ ਬਰਬਾਦ ਹੋ ਗਿਆ ਹੈ, ਸਾਡੀ ਬੱਚੀ ਦੀ ਜਾਨ ਤਕ ਚਲੀ ਗਈ।