ਨਿੱਝਰ ਮਾਮਲਾ: ਭਾਰਤ ਦੀ ਵੱਡੀ ਕਾਰਵਾਈ, ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣ ‘ਤੇ ਲਾਈ ਰੋਕ!

ਇੰਟਰਨੈਸ਼ਨਲ ਡੈਸਕ- ਕੈਨੇਡਾ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਹੁਣ ਭਾਰਤ ਨੇ ਇਕ ਹੋਰ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਦੇ ਤਹਿਤ ਕੈਨੇਡੀਅਨ ਨਾਗਰਿਕਾਂ ਲਈ ਭਾਰਤ ਨੇ ਵੀਜ਼ਾ ਸੇਵਾਵਾਂ ਨੂੰ ਅਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤਾ ਹੈ। ਹੁਣ ਤੱਕ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਪਰ ਕੈਨੇਡਾ ਵਿਚ ਵੀਜ਼ਾ ਕੇਦਰਾਂ ਨੂੰ ਸੰਚਾਲਨ ਕਰਨ ਵਾਲੇ ਬੀ.ਐੱਲ.ਐੱਸ. ਇੰਟਰਨੈਸ਼ਨਲ ਨੇ ਆਪਣੀ ਵੈੱਬਸਾਈਟ’ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਨੋਟਿਸ ਵਿਚ ਲਿਖਿਆ ਗਿਆ ਹੈ ਕਿ ਭਾਰਤੀ ਮਿਸ਼ਨ ਵੱਲੋਂ ਮਹੱਤਵਪੂਰਨ ਸੂਚਨਾ-ਆਪਰੇਸ਼ਨਲ ਕਾਰਨਾਂ ਕਰਕੇ ਭਾਰਤ ਦੀਆਂ ਵੀਜ਼ਾ ਸੇਵਾਵਾਂ 21 ਸਤੰਬਰ,2023 ਤੋਂ ਅਗਲੀ ਸੂਚਨਾ ਤੱਕ ਬੰਦ ਰਹਿਣਗੀਆਂ। ਭਾਰਤ ਦੇ ਇਕ ਸੀਨੀਅਰ ਡਿਪਲੋਮੈਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਹਾਲਾਂਕਿ ਉਹਨਾਂ ਨੇ ਇਸ ਗੱਲ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਨੋਟਿਸ ਵਿਚ ਜਾਰੀ ਗੱਲ ਸਾਫ ਤੌਰ ‘ਤੇ ਕਹੀ ਗਈ ਹੈ। ਕੋਰੋਨਾ ਕਾਲ ਦੇ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਕਿਸੇ ਵੀ ਦੇਸ਼ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਇਹ ਜਾਣਕਾਰੀ ਬੁੱਧਵਾਰ ਦੇਰ ਰਾਤ ਸਾਹਮਣੇ ਆਈ। ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਐਡਵਾਇਜ਼ਰੀ ਜਾਰੀ ਕੀਤੀ ਸੀ ਕਿ ਕੈਨੇਡਾ ਜਾਣ ਵਾਲੇ ਲੋਕ ਸਾਵਧਾਨੀ ਵਰਤਣ। ਅਜਿਹੇ ਕਿਸੇ ਇਲਾਕੇ ਵਿਚ ਨਾ ਜਾਣ ਜਿੱਥੇ ਭਾਰਤ ਵਿਰੋਦੀ ਘਟਨਾ ਵਾਪਰੀ ਹੈ ਜਾਂ ਫਿਰ ਅਜਿਹਾ ਕੁਝ ਹੋਣ ਦਾ ਖਦਸ਼ਾ ਹੈ।