ਸੁੰਦਰਤਾ ਮੁਕਾਬਲੇ ਜਿੱਤ ਕੇ ਬੌਲੀਵੁੱਡ ਵਿੱਚ ਪ੍ਰਵੇਸ਼ ਕਰਨ ਵਾਲੀਆਂ ਮੁਟਿਆਰਾਂ ਦਾ ਇੱਥੇ ਹਮੇਸ਼ਾਂ ਸਵਾਗਤ ਹੁੰਦਾ ਹੈ। ਹੁਣ ਇਸ ਕੜੀ ਵਿੱਚ ਇੱਕ ਨਾਮ ਹੋਰ ਸ਼ਾਮਿਲ ਹੋ ਗਿਆ ਹੈ, ਉਹ ਹੈ ਸਾਲ 2012 ਵਿੱਚ ‘ਮਿਸ ਦਿੱਲੀ’ ਚੁਣੀ ਗਈ ਰਿਤਿਕਾ ਗੁਲਾਟੀ ਦਾ। ਦਿੱਲੀ ਦੀ ਰਹਿਣ ਵਾਲੀ ਰਿਤਿਕਾ ਨੂੰ ਬੇਸ਼ੱਕ ਬਚਪਨ ਤੋਂ ਹੀ ਫ਼ਿਲਮਾਂ ਦਾ ਸ਼ੌਂਕ ਸੀ ਪਰ ਉਸ ਨੇ ਇਸ ਨੂੰ ਕਰੀਅਰ ਬਣਾਉਣ ਬਾਰੇ ਕਦੇ ਸੋਚਿਆ ਨਹੀਂ ਸੀ। ਉਹ ਅੱਠ ਸਾਲ ਦੀ ਸੀ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸ ਦੀ ਮਾਂ ਚਾਹੁੰਦੀ ਸੀ ਕਿ ਉਹ ਆਪਣਾ ਸਾਰਾ ਧਿਆਨ ਪੜ੍ਹਾਈ ਵੱਲ ਲਾਵੇ। ਮਾਂ ਦੀ ਗੱਲ ਮੰਨ ਕੇ ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਗਰੈਜ਼ੂਏਸ਼ਨ ਕੀਤੀ। ਇਸ ਤੋਂ ਬਾਅਦ ਜਦੋਂ ਉਹ ਸਾਲ 2012 ਵਿੱਚ ‘ਮਿਸ ਦਿੱਲੀ’ ਚੁਣੀ ਗਈ ਤਾਂ ਉਹ ਆਪਣੀ ਮਾਂ ਤੋਂ ਇਜਾਜ਼ਤ ਲੈ ਕੇ ਫ਼ਿਲਮ ਅਦਾਕਾਰਾ ਬਣਨ ਦਿੱਲੀ ਆ ਗਈ। ਸਭ ਤੋਂ ਪਹਿਲਾਂ ਉਸ ਨੇ ਕਈ ਵਿਗਆਪਨਾਂ ਵਿੱਚ ਕੰਮ ਕੀਤਾ। ਉਹ ਕਿੰਗਫ਼ਿਸ਼ਰ ਦੇ ਕੈਲੰਡਰ ਦੀ ਬਿਕਨੀ ਗਰਲ ਵੀ ਬਣੀ। ਹੁਣ ਰਿਤਿਕਾ ਦੀ ਪਹਿਲੀ ਫ਼ਿਲਮ ‘ਲਵ ਕੇ ਫ਼ੰਡੇ’ ਬੀਤੇ ਦਿਨੀਂ ਰਿਲੀਜ਼ ਹੋ ਚੁੱਕੀ ਹੈ। ਜਦੋਂ ਰਿਤਿਕਾ ਨੂੰ ਇੱਕ ਮੁਲਾਕਾਤ ਦੌਰਾਨ ਫ਼ਿਲਮ ‘ਲਵ ਕੇ ਫ਼ੰਡੇ’ ਵਿੱਚ ਬਿਕਨੀ ਪਹਿਨਣ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਸਮਝ ਨਹੀਂ ਆਉਂਦੀ ਕਿ ਹੋਰਾਂ ਨੂੰ ਉਸ ਦੇ ਪਹਿਰਾਵੇ ਬਾਰੇ ਐਨਾ ਹੋ-ਹੱਲਾ ਕਰਨ ਦੀ ਕੀ ਲੋੜ ਹੈ। ਹਰ ਇਨਸਾਨ ਆਪਣੀ ਪਸੰਦ ਦੇ ਕੱਪੜੇ ਪਹਿਨਣ ਦੀ ਆਜ਼ਾਦੀ ਰੱਖਦਾ ਹੈ। ਉਸ ਨੇ ਕਿਹਾ ਕਿ ਉਹ ਕੌਮਾਂਤਰੀ ਮਾਡਲ ਹੈ ਅਤੇ ਹੁਣ ਤਕ ਸੈਂਕੜੇ ਮੌਕਿਆਂ ‘ਤੇ ਬਿਕਨੀ ਪਹਿਨ ਚੁੱਕੀ ਹੈ। ਰਿਤਿਕਾ ਮੁਤਾਬਕ ਉਹ ਬਿਕਨੀ ਪਹਿਨਣ ‘ਚ ਬਹੁਤ ਸਹਿਜ ਮਹਿਸੂਸ ਕਰਦੀ ਹੈ। ਉਸ ਨੇ ਕਿਹਾ ਕਿ ਉਸ ਨੂੰ ਫ਼ਿਲਮ ਵਿੱਚ ਵੀ ਬਿਕਨੀ ਪਹਿਨਣ ‘ਚ ਕੋਈ ਸਮੱਸਿਆ ਨਹੀਂ ਆਈ। ਇਹ ਉਸ ਦਾ ਕੰਮ ਹੈ ਅਤੇ ਹਰ ਕਲਾਕਾਰ ਨੂੰ ਆਪਣੇ ਕੰਮ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਉਸ ਨੇ ਫ਼ਿਲਮ ਦੇ ਦ੍ਰਿਸ਼ਾਂ ਦੀ ਮੰਗ ਅਨਸਾਰ ਹੀ ਬਿਕਨੀ ਪਹਿਨੀ ਹੈ। ਉਂਜ, ਰਿਤਿਕਾ ਦਾ ਕਹਿਣਾ ਹੈ ਕਿ ਉਸ ਦੀ ਨਿੱਜੀ ਜ਼ਿੰਦਗੀ ਵੱਖਰੀ ਹੈ। ਅਦਾਕਾਰੀ ਬਾਰੇ ਰਿਤਿਕਾ ਦਾ ਕਹਿਣਾ ਹੈ ਕਿ ਇਹ ਗੁਣ ਉਸ ਨੂੰ ਪਰਮਾਤਮਾ ਦੀ ਦੇਣ ਹੈ। ਮਾਧੁਰੀ ਦੀਕਸ਼ਿਤ ਦੀ ਵੱਡੀ ਪ੍ਰਸ਼ੰਸਕ ਰਿਤਿਕਾ ਨੇ ਇੱਕ ਮੁਲਾਕਾਤ ਦੌਰਾਨ ਦੱਸਿਆ ਕਿ ਉਹ ਮਾਧੁਰੀ ਦੀਆਂ ਫ਼ਿਲਮਾਂ ਦੇਖ ਕੇ ਉਸ ਦੇ ਡਾਂਸ ਦੀ ਨਕਲ ਕਰਦੀ ਰਹੀ ਹੈ ਅਤੇ ਉਸ ਨੂੰ ਮਾਧੁਰੀ ਦਾ ਡਾਂਸ ਬਹੁਤ ਪਸੰਦ ਹੈ। ਰਿਤਿਕਾ ਨੇ ਆਉਣ ਵਾਲੀਆਂ ਫ਼ਿਲਮਾਂ ਬਾਰੇ ਦੱਸਿਆ ਕਿ ਉਹ ‘ਐੱਫ਼. ਆਰ ਬੀ ਬਿੱਗ ਬਿਜ਼ਨੈੱਸ ਇੰਟਰਟੇਨਮੈਂਟ ਪ੍ਰਾਈਵੇਟ ਲਿਮਟਿਡ’ ਦੀਆਂ ਦੋ ਫ਼ਿਲਮਾਂ ਕਰ ਚੁੱਕੀ ਹੈ। ਇਨ੍ਹਾਂ ਵਿੱਚੋਂ ਇੱਕ ‘ਬੰਬੇ ਡ੍ਰੀਮਜ਼’ ਅਕਤੂਬਰ ਵਿੱਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਰਿਤਿਕਾ ਨੇ ਇੱਕ ਆਮ ਕਾਲਜ ਪੜ੍ਹਨ ਵਾਲੀ ਕੁੜੀ ਦਾ ਕਿਰਦਾਰ ਨਿਭਾਇਆ ਹੈ ਜਿਸ ਨੂੰ ਇੱਕ ਆਮ ਮੁੰਡੇ ਨਾਲ ਪਿਆਰ ਹੋ ਜਾਂਦਾ ਹੈ। ਇਹ ਫ਼ਿਲਮ ਵੀ ਇੱਕ ਪ੍ਰੇਮ ਕਹਾਣੀ ਹੈ। ਰਿਤਿਕਾ ਦਾ ਕਹਿਣਾ ਹੈ ਕਿ ਉਹ ਚੁਣੌਤੀਪੂਰਨ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਤਾਂ ਕਿ ਉਸ ਦੀ ਪ੍ਰਤਿਭਾ ਨਿੱਖਰ ਕੇ ਸਾਹਮਣੇ ਆਵੇ ਅਤੇ ਇਸ ਖੇਤਰ ਵਿੱਚ ਕਾਮਯਾਬੀ ਲਈ ਉਹ ਯਤਨਸ਼ੀਲ ਹੈ।.