ਨਿਊਜ਼ੀਲੈਂਡ ‘ਚ ਵਿਦੇਸ਼ੀ ਸੈਲਾਨੀਆਂ ਨੂੰ ਲਿਜਾ ਰਹੀ ਬੱਸ ਹਾਦਸਾਗ੍ਰਸਤ, ਇਕ ਦੀ ਮੌਤ, 13 ਜ਼ਖਮੀ

ਵੈਲਿੰਗਟਨ- ਨਿਊਜ਼ੀਲੈਂਡ ਵਿੱਚ ਬੁੱਧਵਾਰ ਨੂੰ ਵਿਦੇਸ਼ੀ ਸੈਲਾਨੀਆਂ ਨੂੰ ਲਿਜਾ ਰਹੀ ਇੱਕ ਬੱਸ ਦੇ 2 ਹੋਰ ਵਾਹਨਾਂ ਨਾਲ ਟਕਰਾ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਐਂਬੂਲੈਂਸ ਸੇਵਾ ਨੇ ਕਿਹਾ ਕਿ ‘ਨੌਰਥ ਆਈਲੈਂਡ’ ਦੇ ਵਾਈਕਾਟੋ ਖੇਤਰ ਵਿੱਚ ਵਾਪਰੇ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਵਿਚੋਂ 2 ਦੀ ਹਾਲਤ ਗੰਭੀਰ ਹੈ, ਜਦੋਂ ਕਿ ਹੋਰਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਤਿੰਨਾਂ ਵਾਹਨਾਂ ਦੀ ਟੱਕਰ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਨਿਊਜ਼ੀਲੈਂਡ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਹਾਦਸਾਗ੍ਰਸਤ ਹੋਣ ਵਾਲੀ ਛੋਟੀ ਬੱਸ ਵਿੱਚ ਡਰਾਈਵਰ ਤੋਂ ਇਲਾਵਾ 11 ਵਿਦੇਸ਼ੀ ਸੈਲਾਨੀ ਸਵਾਰ ਸਨ, ਜਦਕਿ ਬਾਕੀ 2 ਵਾਹਨਾਂ ਵਿੱਚ ਤਿੰਨ-ਤਿੰਨ ਲੋਕ ਸਵਾਰ ਸਨ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਸੈਲਾਨੀ ਕਿਹੜੇ ਦੇਸ਼ ਦੇ ਸਨ, ਜਾਂ ਮਰਨ ਵਾਲਾ ਵਿਅਕਤੀ ਕਿਸ ਵਾਹਨ ਵਿੱਚ ਸਫ਼ਰ ਕਰ ਰਿਹਾ ਸੀ। ਸੇਂਟ ਜੌਨ ਐਂਬੂਲੈਂਸ ਦੇ ਅਨੁਸਾਰ, ਜ਼ਖਮੀ ਲੋਕਾਂ ਨੂੰ ਨੌਰਥ ਆਈਲੈਂਡ ਦੇ ਹਸਪਤਾਲਾਂ ਵਿੱਚ ਹਵਾਈ ਅਤੇ ਸੜਕ ਮਾਰਗ ਰਾਹੀਂ ਪਹੁੰਚਾਇਆ ਗਿਆ।