‘ਨਿਆਣੇ ਤਾਨਾਸ਼ਾਹ’ ਦੀਆਂ ਖ਼ਰਮਸਤੀਆਂ!

Editorialਪਿੱਛਲੇ ਹਫ਼ਤੇ, ਉੱਤਰੀ ਕੋਰੀਆ ਦੀ ਇੱਕ ਖ਼ਬਰ ਏਜੰਸੀ ਨੇ ਆਪਣੀ ਇੱਕ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਕਿ ਉਨ੍ਹਾਂ ਦੇ ਮੁਲਕ ਦੇ ਰਾਸ਼ਟਰਪਤੀ ”ਕਿਮ ਜੌਂਗ-ਅਨ ਨੇ 3 ਜਨਵਰੀ ਨੂੰ ਹਾਈਡਰੋਜਨ ਬੰਬ ਨੂੰ ਟੈਸਟ ਕਰਨ ਦਾ ਆਪਣਾ ਮਨ ਪੱਕਾ ਬਣਾ ਲਿਆ ਸੀ ਅਤੇ ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ 6 ਜਨਵਰੀ ਨੂੰ ਸਥਾਨਕ ਸਮੇਂ ਮੁਤਾਬਕ ਸਵੇਰ ਦੇ 10 ਵਜੇ ਆਪਣੇ ਹਾਈਡਰੋਜਨ ਬੰਬ ਦਾ ਸਫ਼ਲ ਪਰੀਖਣ ਕਰ ਲਿਆ ਹੈ। ਇਹ ਹਥਿਆਰ ਕੇਵਲ ਸੰਯੁਕਤ ਰਾਜ ਅਮਰੀਕਾ ਤੋਂ ਆਪਣੀ ਰੱਖਿਆ ਕਰਨ ਲਈ ਹੀ ਵਰਤਿਆ ਜਾਵੇਗਾ।” ਇਸ ਪਰੀਖਣ ਦੀ ਦੁਨੀਆ ਭਰ ਵਲੋਂ ਨਿਖੇਧੀ ਕੀਤੀ ਗਈ – ਜਿਨ੍ਹਾਂ ਵਿੱਚ ਅਮਰੀਕਾ, ਚੀਨ, ਰੂਸ, ਦੱਖਣੀ ਕੋਰੀਆ ਤੇ ਸੰਯੁਕਤ ਰਾਸ਼ਟਰ ਮੋਹਰੀ ਸਨ। ਇੱਕ ਹਾਈਡਰੋਜਨ ਬੰਬ ਇੱਕ ਸਾਧਾਰਣ’ ਐਟਮ ਬੰਬ ਜਾਂ ਪ੍ਰਮਾਣੂ ਬੰਬ ਤੋਂ ਹਜ਼ਾਰ ਗੁਣਾ ਵੱਧ ਤਾਕਤਵਰ ਹੁੰਦਾ ਹੈ, ਅਤੇ ਅਸਲ ਵਿੱਚ ਇੱਕ ਐੱਚ-ਬੰਬ ਦਾ ਧਮਾਕਾ ਪੈਦਾ ਕਰਨ ਲਈ ਇੱਕ ਛੋਟੇ ਐਟਮ ਬੰਬ ਦਾ ਇਸਤੇਮਾਲ ਕੀਤਾ ਜਾਂਦਾ ਹੈ, ਸੋ ਜੇ ਉੱਤਰੀ ਕੋਰੀਆ ਦਾ ਹਾਈਡਰੋਜਨ ਬੰਬ ਬਣਾ ਲੈਣ ਦਾ ਦਾਅਵਾ ਸੱਚ ਹੈ ਤਾਂ ਫ਼ਿਰ ਇਹ ਪ੍ਰਗਤੀ ਪੂਰੇ ਵਿਸ਼ਵ ਲਈ ਕਾਫ਼ੀ ਚਿੰਤਾਯੋਗ ਹੈ। ਪਰ, ਕਈ ਨਿਰੀਖਕਾਂ ਨੇ ਫ਼ੌਰਨ ਇਸ ਗੱਲ ਵੱਲ ਸਾਡਾ ਧਿਆਨ ਵੀ ਦੁਆਇਆ ਕਿ ਉੱਤਰੀ ਕੋਰੀਆ ਵਲੋਂ ਕੀਤੇ ਗਏ ਹਾਲੀਆ ਬੰਬ ਧਮਾਕੇ ਤੋਂ ਹੋਣ ਵਾਲੇ ਵਿਸਫ਼ੋਟ ਦੇ ਸਾਰੇ ਸੰਕੇਤ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਇਹ ਧਮਾਕਾ ਕਿਸੇ ਐੱਚ-ਬੰਬ ਦਾ ਨਹੀਂ ਸੀ, ਸਗੋਂ ਇਹ ਧਮਾਕਾ ਇੱਕ ਅਜਿਹੇ ‘ਸੁਧਾਰੇ’ ਹੋਏ ਏ-ਬੰਬ ਦਾ ਹੋ ਸਕਦਾ ਹੈ ਜਿਹੜਾ ਥੋੜ੍ਹੀ ਮਾਤਰਾ ਵਿੱਚ ਨਿਊਕਲੀਅਰ ਮਿਸ਼ਰਣ ਦਾ ਇਸਤੇਮਾਲ ਕਰ ਕੇ ਵੱਡੀ ਮਾਤਰਾ ਵਿੱਚ ਨਿਊਟਰੋਨ ਰੇਡੀਏਸ਼ਨ (ਕਿਰਣਾਂ) ਪੈਦਾ ਕਰਦਾ ਹੋਵੇ, ਅਤੇ ਇਹ ਰੇਡੀਏਸ਼ਨ ਸਿੱਧੇ ਤੌਰ ‘ਤੇ ਵਿਸਫ਼ੋਟਕ ਪਦਾਰਥ ਦੇ ਉਤਪਾਦਨ ਵਿੱਚ ਤਾਂ ਬਹੁਤਾ ਵਾਧਾ ਨਹੀਂ ਕਰਦੀ ਪਰ ਅਣੂਆਂ ਦਾ ਅਜਿਹਾ ਵਿਭਾਜਨ ਕਰਦੀ ਹੈ ਜਿਸ ਨਾਲ ਬੰਬ ਦੀ ਮਾਰੂ ਤਾਕਤ ਵਿੱਚ ਭਰਪੂਰ ਵਾਧਾ ਹੁੰਦਾ ਹੈ।
ਵਿਸ਼ਵ ਭਰ ਦੇ ਫ਼ੋਰੈਂਜ਼ਿਕ ਵਿਗਿਆਨਕ ਇਹ ਸੁਰਾਗ਼ ਲਗਾਉਣ ਦੀ ਸਿਰਤੋੜ ਕੋਸ਼ਿਸ਼ ਕਰ ਰਹੇ ਹਨ ਕਿ ਉੱਤਰੀ ਕੋਰੀਆ ਵਲੋਂ ਪਿੱਛਲੇ ਹਫ਼ਤੇ ਕੀਤਾ ਗਿਆ ਧਮਾਕਾ ਆਖ਼ਿਰ ਕਿਸ ਪ੍ਰਕਾਰ ਦੇ ਯੰਤਰ ਤੋਂ ਸੀ। ਧਮਾਕੇ ਵਾਲੀ ਅਸਲ ਥਾਂ ‘ਤੇ ਕਿਸੇ ਨੂੰ ਵੀ ਜਾਣ ਦੀ ਤਾਂ ਖ਼ੈਰ ਸਖ਼ਤ ਮਨਾਹੀ ਹੈ, ਪਰ ਇਸ ਬਾਰੇ ਜਾਣਕਾਰੀ ਉਸ ਹਵਾਈ ਜਹਾਜ਼ ਤੋਂ ਹਾਸਿਲ ਹੋਵੇਗੀ ਜਿਹੜਾ ਉੱਤਰੀ ਕੋਰੀਆ ਦੇ ਅਸਮਾਨਾਂ ਦੇ ਚੱਕਰ ਕੱਟ ਕੇ ਉੱਥੋਂ ਦੀ ਫ਼ਿਜ਼ਾ ਨੂੰ ਉਨ੍ਹਾਂ ਰੇਡੀਓਐਕਟਿਵ ਅਣੂ ਵਿਭਾਜਕ ਪਦਾਰਥਾਂ ਲਈ ਸੁੰਘ ਰਿਹੈ ਜਿਹੜੇ ਉਸ ਖਿੱਤੇ ਦੇ ਵਾਤਾਵਰਣ ਵਿੱਚ ਛੱਡੇ ਗਏ ਸਨ। ਇਨ੍ਹਾਂ ਵਿਭਾਜਕ ਪਦਾਰਥਾਂ ਵਿਚਲੀਆਂ ਆਈਸੋਟੌਪਸ (ਕਿਸਮਾਂ) ਦਾ ਪ੍ਰਮਾਣੂ ਭਾਰ ਤੋਲ ਕੇ ਇਹ ਨਿਰਧਾਰਿਤ ਕਰਨਾ ਸੰਭਵ ਹੈ ਕਿ ਵਿਸਫ਼ੋਟ ਲਈ ਉੱਤਰੀ ਕੋਰੀਆ ਨੇ ਕਿਸ ਕਿਸਮ ਦੇ ਹਥਿਆਰ ਦਾ ਪਰੀਖਣ ਕੀਤਾ ਸੀ। ਇਸ ਜਾਣਕਾਰੀ ਨੂੰ ਵਿਸਫ਼ੋਟ ਤੋਂ ਨਿਕਲਣ ਵਾਲੀ ਪੈਦਾਵਰ ਨਾਲ ਰਲਾ ਕੇ, ਫ਼ੋਰੈਂਜ਼ਿਕ ਮਾਹਿਰੀਨ ਤਕਰੀਬਨ ਤਕਰੀਬਨ ਬਿਲਕੁਲ ਸਹੀ ਨਤੀਜੇ ‘ਤੇ ਅੱਪੜ ਸਕਣਗੇ। ਮਿਲਣ ਵਾਲੀ ਆਖ਼ਰੀ ਜਾਣਕਾਰੀ ਅਨੁਸਾਰ ਵੀ ਅੱਜ ਬਹੁਤ ਹੀ ਘੱਟ ਲੋਕਾਂ ਨੂੰ ਇਸ ਗੱਲ ਦਾ ਯਕੀਨ ਹੈ ਕਿ ਉੱਤਰੀ ਕੋਰੀਆ ਵਲੋਂ ਕੀਤਾ ਗਿਆ ਇਹ ਹਾਲੀਆ ਧਮਾਕਾ ਸੱਚਮੁੱਚ ਹੀ ਇੱਕ ਹਾਈਡਰੋਜਨ ਬੰਬ ਦਾ ਵਿਸਫ਼ੋਟ ਸੀ।
ਦੱਖਣੀ ਕੋਰੀਆ ਦਾ ਬੌਰਡਰ ‘ਤੇ ਲਾਊਡਸਪੀਕਰ ਪ੍ਰੌਪੇਗੈਂਡਾ ਸ਼ੁਰੂ
ਉੱਤਰੀ ਕੋਰੀਆ ਦੇ ਚੌਥੇ ਨਿਊਕਲੀਅਰ ਟੈਸਟ ਤੋਂ ਬਾਅਦ, ਦੱਖਣੀ ਕੋਰੀਆ ਦੀ ਫ਼ੌਜ ਨੇ ਇੱਕ ਵਾਰ ਫ਼ਿਰ ਦੋਹਾਂ ਮੁਲਕਾਂ ਦੇ ਦਰਮਿਆਨ ਵਾਲੀ ਸੀਮਾ ‘ਤੇ ਲੱਗੇ ਆਪਣੇ ਲਾਊਡਸਪੀਕਰਾਂ ਰਾਹੀਂ ਬੌਰਡਰੋਂ ਪਾਰ ਪ੍ਰੌਪੇਗੈਂਡਾ ਸ਼ੁਰੂ ਕਰ ਦਿੱਤਾ ਯਾਨੀ ਕਿ ਦੱਖਣ ਤੋਂ ਉੱਤਰ ਵੱਲ ਨੂੰ ਸਪੀਕਰਾਂ ਰਾਹੀਂ ਉਨ੍ਹਾਂ ਦੀ ਸਰਕਾਰ ਵਿਰੋਧੀ ਜਾਣਕਾਰੀ ਪਹੁੰਚਾਉਣੀ ਸ਼ੁਰੂ ਕਰ ਦਿੱਤਾ ਹੈ। ਇਹ ਪ੍ਰੌਪੇਗੈਂਡਾ ਸੀਮਾ ‘ਤੇ ਸਥਿਤ 11 ਸਥਾਨਾਂ ਤੋਂ ਕੀਤਾ ਜਾਂਦਾ ਹੈ, ਅਤੇ ਦੱਖਣੀ ਕੋਰੀਆ ਦੇ ਫ਼ੌਜੀ ਅਧਿਕਾਰੀਆਂ ਅਨੁਸਾਰ ਇਸ ਪ੍ਰੌਪੇਗੰਡੇ ਵਿੱਚ ਕਾਫ਼ੀ ਦਿਲਚਸਪ ਮਸਾਲਾ ਹੁੰਦਾ ਹੈ ਜਿਵੇਂ ਕਿ ਉੱਤਰੀ ਕੋਰੀਆ ਵਲੋਂ ਆਪਣੀ ਹੀ ਰਿਆਇਆ ‘ਤੇ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਦਾ ਕੱਚਾ ਚਿੱਠਾ ਜਨਤਕ ਕਰਨਾ, ਵਿਰੋਧ ਕਰਨ ਵਾਲੇ ਫ਼ੌਜੀ ਅਫ਼ਸਰਾਂ ਦੇ ਕਤਲਾਂ ਬਾਰੇ ਤੱਥ ਪੇਸ਼ ਕਰਨਾ, ਕਿਮ ਜੌਂਗ-ਅਨ ਦੀ ਹਕੂਮਤ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾਫ਼ਾਸ਼ ਕਰਨਾ, ਦੱਖਣੀ ਕੋਰੀਅਨ ਲੋਕਤੰਤਰ ਦੇ ਗੁਣਗਾਣ ਕਰਨੇ, ਅੰਤਰਰਾਸ਼ਟਰੀ ਕਾਨੂੰਨਾਂ ਦੀਆਂ ਗੱਲਾਂ ਕਰਨੀਆਂ, ਮਨੁੱਖੀ ਅਧਿਕਾਰਾਂ ਦੀ ਗੱਲ ਕਰਨੀ, ਮੌਸਮ ਦਾ ਹਾਲ ਸੁਣਾਉਣਾ, ਕੋਰੀਆ ਦੀ ਇੱਕ ਮਸ਼ਹੂਰ ਪੌਪ ਸੰਗੀਤ ਵਣਗੀ ‘ਕੇ-ਪੌਪ’ ਉੱਚੀ ਸੁਰ ਵਿੱਚ ਵਜਾ ਕੇ ਉੱਤਰੀ ਕੋਰੀਅਨਾਂ ਨੂੰ ਉਹ ਸਭ ਸੁਣਾਉਣਾ ਜਿਸ ਨੂੰ ਸੁਣਨ ਦੀ ਉਨ੍ਹਾਂ ਨੂੰ ਸਖ਼ਤ ਮਨਾਹੀ ਹੈ, ਆਦਿ।
ਮੇਰੇ ਨਜ਼ਦੀਕ, ਅਤੇ ਸ਼ਾਇਦ ਦੂਜਿਆਂ ਲਈ ਵੀ, ਇਹ ਉੱਤਰੀ ਕੋਰੀਆ ਦੀਆਂ ਹਰਕਤਾਂ ਲਈ ਇੱਕ ਬਹੁਤ ਹੀ ਹਲਕੀ ਕਿਸਮ ਦੀ ਸਜ਼ਾ ਹੈ, ਪਰ ਪ੍ਰਤੱਖ ਤੌਰ ‘ਤੇ ਇਸ ਕਾਰਵਾਈ ਦਾ ਮਨੋਵਿਗਿਆਨਕ ਪ੍ਰਭਾਵ ਇੰਨਾ ਜ਼ਿਆਦਾ ਹੈ ਕਿ ਦੱਖਣ ਦਾ ਅਜਿਹਾ ਪ੍ਰੌਪੇਗੈਂਡਾ ਉੱਤਰੀ ਕੋਰੀਆ ਦੀ ਹਕੂਮਤ ਨੂੰ ਇਸ ਹੱਦ ਤਕ ਗੁੱਸਾ ਚੜ੍ਹਾ ਦਿੰਦਾ ਹੈ ਕਿ ਉਹ ਇਸ ਨੂੰ ਇੱਕ ‘ਜੰਗੀ ਕਾਰਵਾਈ’ ਕਰਾਰ ਦੇਣ ਤੋਂ ਵੀ ਨਹੀਂ ਕਤਰਾਉਂਦੀ। ਦੱਖਣੀ ਕੋਰੀਆ ਨੇ ਉੱਤਰ ਲਈ ਇਹ ਪ੍ਰੌਪੇਗੈਂਡਾ 1962 ਵਿੱਚ ਆਪਣੇ ਬੌਰਡਰਾਂ ਤੋਂ ਪ੍ਰਸਾਰਿਤ ਕਰਨਾ ਸ਼ੁਰੂ ਕੀਤਾ ਸੀ, ਅਤੇ ਉਸ ਨੇ ਇਹ ਸਪੀਕਰ ਕੇਵਲ ਇੱਕ ਵਾਰ 2004 ਵਿੱਚ ਹੇਠਾਂ ਉਤਾਰੇ ਸਨ ਜੋ ਕਿ ਦੋਹਾਂ ਮੁਲਕਾਂ ਦਰਮਿਆਨ ਉਸ ਵਕਤ ਹੋਏ ਇੱਕ ਇਤਿਹਾਸਕ ਸਮਝੌਤੇ ਦਾ ਨਤੀਜਾ ਸੀ। ਇਹ ਸਪੀਕਰ 2010 ਵਿੱਚ ਇੱਕ ਵਾਰ ਫ਼ਿਰ ਦੱਖਣੀ ਕੋਰੀਆ ਨੇ ਆਪਣੀ ਸੀਮਾ ਉੱਤੇ ਉਸ ਵਕਤ ਦੋਬਾਰਾ ਲਗਾ ਦਿੱਤੇ ਸਨ ਜਦੋਂ ਉੱਤਰ ਨੇ ਉਸ ਦੇ ਇੱਕ ਜੰਗੀ ਬੇੜੇ, ਚਿਓਨਾਨ, ਨੂੰ ਤਾਰਪੀਡੋ (ਤਬਾਹ) ਕਰ ਕੇ ਉਸ ਦੇ 46 ਜਲ-ਸੈਨਿਕਾਂ ਨੂੰ ਮਾਰ ਦਿੱਤਾ ਸੀ। ਪਰ ਉਸ ਵੇਲੇ ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਦੀ ਹਕੂਮਤ ਦੇ ਸਪੀਕਰ ਵਜਾਉਣ ‘ਤੇ ਇਤਰਾਜ਼ ਨੂੰ ਦੇਖਦੇ ਹੋਏ ਹੀ ਆਪਣੇ ਲਾਊਡਸਪੀਕਰ ਬੰਦ ਰੱਖਣ ਦਾ ਸਿਆਣਾ ਫ਼ੈਸਲਾ ਕੀਤਾ ਅਤੇ ਦੋਹਾਂ ਮੁਲਕਾਂ ਦਰਮਿਆਨ ਜੰਗ ਹੋਣੋਂ ਟੱਲ ਗਈ। ਚਿਓਨਾਨ ਘਟਨਾ ਦਾ ਜ਼ਿਕਰ ਅਸੀਂ ਕੁਝ ਅੱਗੇ ਜਾ ਕੇ ਕਰਾਂਗੇ।
ਦੱਖਣੀ ਕੋਰੀਆ ਨੇ ਅਗਸਤ 2015 ਵਿੱਚ ਇੱਕ ਵਾਰ ਫ਼ਿਰ ਆਪਣਾ ਲਾਊਡਸਪੀਕਰ ਪ੍ਰੌਪੇਗੈਂਡਾ ਕੁਝ ਕੁ ਹਫ਼ਤਿਆਂ ਲਈ ਉਸ ਵੇਲੇ ਮੁੜ ਸ਼ੁਰੂ ਕਰ ਦਿੱਤਾ ਸੀ ਜਦੋਂ ਉੱਤਰੀ ਕੋਰੀਆ ਵਲੋਂ ਪਲਾਂਟ ਕੀਤੀਆਂ ਗਈਆਂ ਲੈਂਡ ਮਾਈਨਾਂ ਦੇ ਫ਼ਟਣ ਕਾਰਨ ਦੋ ਦੱਖਣੀ ਕੋਰੀਆਈ ਫ਼ੌਜੀ ਜ਼ਖ਼ਮੀ ਹੋ ਗਏ ਸਨ। ਇਹ ਪ੍ਰਸਾਰਣ ਦੱਖਣ ਵਲੋਂ 25 ਅਗਸਤ ਨੂੰ ਦੋਹਾਂ ਮੁਲਕਾਂ ਦਰਮਿਆਨ ਹੋਏ ਇੱਕ ਸਮਝੌਤੇ ਤੋਂ ਬਾਅਦ ਬੰਦ ਕੀਤਾ ਗਿਆ। ਹੁਣ ਇਸ ਵਾਰ ਉੱਤਰ ਦੇ ਹਾਈਡਰੋਜਨ ਬੰਬ ਦੇ ਪਰੀਖਣ ਤੋਂ ਬਾਅਦ ਲਏ ਗਏ ਆਪਣੇ ਹਾਲੀਆ ਫ਼ੈਸਲੇ ਵਿੱਚ ਦੱਖਣ ਨੇ ਇੱਕ ਵਾਰ ਫ਼ਿਰ ਉੱਤਰ ਖ਼ਿਲਾਫ਼ ਆਪਣਾ ਲਾਊਡਸਪੀਕਰ ਪ੍ਰੌਪੇਗੈਂਡਾ ਸ਼ੁਰੂ ਕਰ ਦਿੱਤਾ ਹੈ ਅਤੇ ਆਪਣੀਆਂ ਕੁਝ ਹੋਰ ਪਾਬੰਦੀਆਂ ਲਗਾਉਣ ਦਾ ਵੀ ਫ਼ੈਸਲਾ ਕੀਤਾ ਹੈ, ਜਿਵੇਂ ਕਿ ਉੱਤਰੀ ਕੋਰੀਆ ਨਾਲ ਹਰ ਕਿਸਮ ਦਾ ਸਮਾਜਕ ਅਤੇ ਸਭਿਆਚਾਰਕ ਅਦਾਨ ਪ੍ਰਦਾਨ ਖ਼ਤਮ ਕਰਨਾ ਤੇ ਉੱਥੋਂ ਦੀਆਂ ਨਾਗਰਿਕ ਸੰਸਥਾਵਾਂ ਦੀ ਮਾਲੀ ਇਮਦਾਦ ਬੰਦ ਕਰਨੀ ਅਤੇ ਗੇਸਿਓਂਗ ਇੰਡਸਟਰੀਅਲ ਕੌਂਪਲੈਕਸ (ਜੀ.ਆਈ.ਸੀ), ਜੋ ਕਿ ਉੱਤਰੀ ਕੋਰੀਆ ਲਈ ਵਿਦੇਸ਼ੀ ਮੁਦਰਾ ਦਾ ਇੱਕ ਬਹੁਤ ਵੱਡਾ ਸ੍ਰੋਤ ਹੈ, ਵਿੱਚ ਉਸ ਦਾ ਦਾਖ਼ਲਾ ਸੀਮਿਤ ਕਰਨਾ। ਦੱਖਣੀ ਕੋਰੀਆ ਦੀ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿੱਚ ਹੋਰ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਸੈਕਿਓਰਿਟੀ ਕਾਊਂਸਲ ਦੇ ਫ਼ੈਸਲੇ ਦਾ ਇੰਤਜ਼ਾਰ ਕਰੇਗੀ।
ਪਰ ਇਸ ਸਾਰੇ ਮਾਮਲੇ ਵਿੱਚ ਘੋਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਆਪਣੇ ਅਜਿਹੇ ਐਕਸ਼ਨਾਂ ਨਾਲ ਵੀ ਦੱਖਣ ਇਸ ਗੱਲ ਦਾ ਖ਼ਤਰਾ ਉਠਾ ਰਿਹੈ ਕਿ ਉੱਤਰੀ ਕੋਰੀਆ ਗੁੱਸਾ ਖਾ ਕੇ ਉਸ ਖ਼ਿਲਾਫ਼ ਫ਼ੌਜੀ ਕਾਰਵਾਈ ਕਰਨ ਦਾ ਫ਼ੈਸਲਾ ਕਰ ਲਵੇ ਜਿਸ ਨਾਲ ਵਿਸ਼ਵ ਦੇ ਸਿਰ ਉੱਤੇ ਇੱਕ ਹੋਰ ਵੱਡੀ ਜੰਗ ਦਾ ਖ਼ਤਰਾ ਮੰਡਰਾਉਣ ਲੱਗ ਪਏ।
ਉੱਤਰੀ ਕੋਰੀਆ ਦਾ ਨਿਊਕਲੀਅਰ ਪਰੀਖਣ 2010 ਚਿਓਨਾਨ ਹਮਲੇ ਦੀ ਯਾਦ ਤਾਜ਼ਾ ਕਰਵਾਉਂਦੈ
26 ਮਾਰਚ 2010 ਨੂੰ ਦੱਖਣੀ ਕੋਰੀਆ ਦੇ ਇੱਕ ਜੰਗੀ ਬੇੜੇ ਚਿਓਨਾਨ ‘ਤੇ ਅੰਤਰਰਾਸ਼ਟਰੀ ਸਾਗਰਾਂ ਵਿੱਚ ਇੱਕ ਛੋਟੀ ਜਿਹੀ ਪਣਡੁਬੀ ਤੋਂ ਗੋਲੇ ਦਾਗ਼ੇ ਗਏ। ਫ਼ੌਰਨ ਇਹ ਗੱਲ ਸਮਝ ਵਿੱਚ ਆ ਗਈ ਕਿ ਇਹ ਧਮਾਕਾ ਉੱਤਰੀ ਕੋਰੀਆ ਦੀ ਕਾਰਸਤਾਨੀ ਹੈ, ਪਰ ਕਈ ਹਫ਼ਤਿਆਂ ਤਕ, ਦੱਖਣੀ ਕੋਰੀਅਨ ਰਾਸ਼ਟਰਪਤੀ ਲੀ ਮਾਇਯੁੰਗ-ਬਾਕ ਨੇ ਬਹੁਤ ਹੀ ਸਾਵਧਾਨੀ ਨਾਲ ਉੱਤਰੀ ਕੋਰੀਆ ‘ਤੇ ਕੋਈ ਵੀ ਇਲਜ਼ਾਮ ਲਗਾਉਣ ਤੋਂ ਪੂਰੀ ਤਰ੍ਹਾਂ ਗ਼ੁਰੇਜ਼ ਕੀਤਾ ਕਿਉਂਕਿ ਉਸ ਨੂੰ ਡਰ ਸੀ ਕਿ ਉਸ ਦਾ ਮਹਿਜ਼ ਇੰਨਾ ਇਲਜ਼ਾਮ ਲਗਾਉਣਾ ਹੀ ਉੱਤਰ ਨੂੰ ਐਲਾਨੇ ਜੰਗ ਲਈ ਭੜਕਾ ਸਕਦਾ ਹੈ। ਉੱਤਰੀ ਕੋਰੀਆ ਦੀ ਰਾਸ਼ਟਰੀਅਤਾ ਨੂੰ ਠੰਡਾ ਪੈਣ ਵਿੱਚ ਕੋਈ ਦੋ ਕੁ ਮਹੀਨਿਆਂ ਦਾ ਸਮਾਂ ਲੱਗਾ। ਉਸ ਵਕਤ, ਫ਼ਿਰ, ਦੱਖਣੀ ਕੋਰੀਆ ਨੇ ਉੱਤਰ ਖ਼ਿਲਾਫ਼ ਕੁਝ ਕੁ ਪਾਬੰਦੀਆਂ ਦਾ ਐਲਾਨ ਕੀਤਾ ਜਿਨ੍ਹਾਂ ਨੂੰ ‘ਮਈ 24 ਦੀਆਂ ਪਾਬੰਦੀਆਂ’ ਕਿਹਾ ਗਿਆ। ਇਨ੍ਹਾਂ ਤਹਿਤ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਦਰਮਿਆਨ ਹਰ ਕਿਸਮ ਦੀ ਤਿਜਾਰਤ ‘ਤੇ ਪਾਬੰਦੀ ਲਗਾ ਦਿੱਤੀ ਗਈ, ਸਿਵਾਏ ਗਾਏਸਿਓਂਗ ਇੰਡਸਟਰੀਅਲ ਕੌਂਪਲੈਕਸ ਵਿਚਲੇ ਮੁਦਰਾ ਵਪਾਰ ਦੀ। ਦੱਖਣ ਦੀ ਮੰਗ ਸੀ ਕਿ ਉੱਤਰੀ ਕੋਰੀਆ ਚਿਓਨਾਨ ਹਮਲੇ ਲਈ ਪਹਿਲਾਂ ਜਨਤਕ ਮੁਆਫ਼ੀ ਮੰਗੇ ਫ਼ਿਰ ਹੀ ਪਾਬੰਦੀਆਂ ਉਠਾਈਆਂ ਜਾਣਗੀਆਂ, ਪਰ ਉੱਤਰ ਨੇ ਅਜਿਹਾ ਕਰਨੋਂ ਸਾਫ਼ ਨਾਂਹ ਕਰ ਦਿੱਤੀ।
23 ਨਵੰਬਰ ਨੂੰ ਉੱਤਰੀ ਕੋਰੀਅਨ ਫ਼ੌਜ ਨੇ ਦੱਖਣੀ ਕੋਰੀਆ ਦੇ ਯਿਔਨਪਿਯੌਂਗ ਟਾਪੂ ‘ਤੇ ਕਈ ਦਰਜਨ ਤੋਪਾਂ ਦੇ ਗੋਲੋੇ ਦਾਗ਼ੇ ਜਿਸ ਦੇ ਸਿੱਟੇ ਵਜੋਂ ਚਾਰ ਵਿਅਕਤੀ ਮਾਰੇ ਗਏ ਜਿਨ੍ਹਾਂ ਵਿੱਚ ਦੋ ਸਿਵਿਲੀਅਨ ਵੀ ਸ਼ਾਮਿਲ ਸਨ। ਦੱਖਣੀ ਕੋਰੀਆ ਦੀਆਂ ‘ਮਈ 24 ਦੀਆਂ ਪਾਬੰਦੀਆਂ’ ਕਦੇ ਵੀ ਮੁਕੰਮਲ ਰੂਪ ਵਿੱਚ ਚੁੱਕੀਆਂ ਨਹੀਂ ਸਨ ਗਈਆਂ, ਪਰ ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਪਿੱਛਲੇ ਸਾਲ 25 ਅਗਸਤ ਨੂੰ ਹੋਏ ਸਮਝੌਤੇ ਤੋਂ ਬਾਅਦ ਦੋਹਾਂ ਕੋਰੀਆਵਾਂ ਦਰਮਿਆਨ ਸਬੰਧ ਬਿਹਤਰ ਹੋ ਗਏ ਸਨ – ਘੱਟੋ ਘੱਟ ਆਹ ਹਾਈਡਰੋਜਨ ਬੰਬ ਧਮਾਕੇ ਤੋਂ ਪਹਿਲਾਂ ਤਕ ਤਾਂ ਦੋਹਾਂ ਦਰਮਿਆਨ ਹਾਲਾਤ ਠੀਕ ਹੀ ਸਨ।
ਅਮਰੀਕੀ ਖ਼ੁਫ਼ੀਆ ਵਿਭਾਗ ਨੇ ਉਸ ਵੇਲੇ ਵੀ ਇਹ ਇੰਕਸ਼ਾਫ਼ ਕੀਤਾ ਸੀ ਕਿ ਉੱਤਰੀ ਕੋਰੀਆ ਦੇ ਉਸ ਵਕਤ ਦੇ ਤਾਨਾਸ਼ਾਹ ਕਿਮ ਜੌਂਗ-ਇਲ (ਮੌਜੂਦਾ ਕੋਰੀਅਨ ਲੀਡਰ ਕਿਮ ਜੌਂਗ-ਅਨ ਦੇ ਪਿਤਾ) ਨੇ ਖ਼ੁਦ ਦੱਖਣੀ ਕੋਰੀਆ ਦੇ ਜੰਗੀ ਬੇੜੇ ਚਿਓਨਾਨ ਨੂੰ ਤਾਰਪੀਡੋ ਕਰਨ ਦੇ ਹੁਕਮ ਦਿੱਤੇ ਸਨ। ਦੱਖਣੀ ਕੋਰੀਆ ਨੇ ਉਸ ਵੇਲੇ ਵੀ ਸਿੱਧਾ ਕਿਮ ‘ਤੇ ਇਲਜ਼ਾਮ ਨਹੀਂ ਸੀ ਲਗਾਇਆ ਸਗੋਂ ਇਹ ਸੁਝਾਇਆ ਸੀ ਕਿ ਹੋ ਸਕਦਾ ਹੈ ਕਿ ਇਸ ਹਮਲੇ ਦੇ ਹੁਕਮ ਕਿਮ ਦੇ ਮਾਤਹਿਤ ਫ਼ੌਜੀ ਅਧਿਕਾਰੀਆਂ ਨੇ ਉਸ ਦੀ ਜਾਣਕਾਰੀ ਤੇ ਰਜ਼ਾਮੰਦੀ ਤੋਂ ਬਿਨਾ ਹੀ ਦੇ ਦਿੱਤੇ ਹੋਣ, ਇੱਕ ਅਜਿਹੀ ਸੰਭਾਵਨਾ ਜਿਸ ‘ਤੇ ਸੱਚੇ ਦਿਲੋਂ ਯਕੀਨ ਕਰਨ ਲਈ ਕੋਈ ਵੀ ਤਿਆਰ ਨਹੀਂ ਸੀ। ਦੂਜੇ ਪਾਸੇ, ਜਿਨ੍ਹਾਂ ਛੇ ਪਣਡੁਬੀ ਸਵਾਰ ਉੱਤਰੀ ਕੋਰੀਆਈ ਸੈਨਿਕਾਂ ਨੇ ਚਿਓਨਾਨ ਨੂੰ ਤਾਰਪੀਡੋ ਕੀਤਾ ਸੀ ਉਨ੍ਹਾਂ ਨੂੰ ‘ਨਾਇਕ’ ਦੀ ਉਪਾਧੀ ਨਾਲ ਵੀ ਨਿਵਾਜਿਆ ਗਿਆ।
ਚੀਨ ਲਈ ਵੀ ਸਿਰਦਰਦ ਬਣਿਆ ਉੱਤਰੀ ਕੋਰੀਆ!
ਉੱਤਰੀ ਕੋਰੀਆ ਦੇ ਹਾਲੀਆ ਨਿਊਕਲੀਅਰ ਪਰੀਖਣ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਰਿਪਬਲੀਕਨ ਦਾਅਵੇਦਾਰ ਅਤੇ ਬੇਹੱਦ ਮੂੰਹਫ਼ਟ ਡੌਨਡਲ ਟਰੰਪ ਨੇ ਕਿਹਾ: ”ਚੀਨ ਦਾ ਉਨ੍ਹਾਂ (ਉੱਤਰੀ ਕੋਰੀਅਨਾਂ) ਉੱਤੇ ਪੂਰਾ ਕੰਟਰੋਲ ਹੈ, ਅਤੇ ਸਾਡਾ ਚੀਨ ਉੱਪਰ, ਪਰ ਤਾਂ ਹੀ ਜੇਕਰ ਸਾਡੇ ਕੋਲ ਉਹ ਬੰਦੇ ਹੋਣ ਜਿਨ੍ਹਾਂ ਨੂੰ ਪਤਾ ਹੋਵੇ ਕਿ ਉਹ ਕਰ ਕੀ ਰਹੇ ਹਨ, ਜੋ ਕਿ ਹਾਲ ਦੀ ਘੜੀ ਤਾਂ ਸੰਭਵ ਨਹੀਂ ਕਿਉਂਕਿ ਸਾਡੇ ਮੁਲਕ ਕੋਲ ਕੋਈ ਯੋਗ ਲੀਡਰਸ਼ਿਪ ਹੈ ਹੀ ਨਹੀਂ। ਚੀਨ ਸਾਡੇ ਨਾਲ ਵਪਾਰ ਦੇ ਕਾਰਨ ਹੀ ਕਾਇਮ ਹੈ। ਚੀਨੀ ਕਹਿੰਦੇ ਹਨ ਕਿ ਉਨ੍ਹਾਂ ਦਾ ਉੱਤਰੀ ਕੋਰੀਆ ਉੱਤੇ ਬਹੁਤਾ ਕੰਟਰੋਲ ਨਹੀਂ … ਕੋਰਾ ਝੂਠ! ਚੀਨੀਆਂ ਦਾ ਉੱਤਰੀ ਕੋਰੀਅਨਾਂ ‘ਤੇ ਪੂਰਾ ਕੰਟਰੋਲ ਹੈ ਕਿਉਂਕਿ ਚੀਨ ਦੇ ਬਿਨਾ ਤਾਂ ਉਨ੍ਹਾਂ ਨੂੰ ਖਾਣ ਪੀਣ ਦੇ ਵੀ ਲਾਲੇ ਪੈ ਜਾਣ! ਚੀਨ ਨੂੰ ਹੀ ਇਹ ਹਾਲੀਆ ਮਾਮਲਾ ਨਿਪਟਾਣਾ ਚਾਹੀਦਾ ਹੈ, ਅਤੇ ਸਾਨੂੰ ਚੀਨ ਉੱਪਰ ਦਬਾਅ ਪਾਉਣਾ ਚਾਹੀਦਾ ਹੈ ਕਿ ਉਹ ਇਸ ਮਸਲੇ ਨੂੰ ਹੱਲ ਕਰੇ।”
ਟਰੰਪ ਨੇ ਆਪਣੇ ਇਸ ਕਥਨ ਤੋਂ ਅੱਗੇ ਗੱਲ ਤੋਰਦਿਆਂ ਕਿਹਾ ਕਿ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੀਆਂ ਚੀਨੀ ਵਸਤਾਂ ਉੱਪਰ 45% ਟੈਕਸ ਲਗਾਏਗਾ। ਮੇਰੇ ਖ਼ਿਆਲ ਵਿੱਚ ਵਪਾਰੀ ਮੁਗ਼ਲ ਡੌਨਲਡ ਟਰੰਪ ਨੂੰ ਸ਼ਾਇਦ ਅੰਤਰਰਾਸ਼ਟਰੀ ਵਪਾਰ ਦੀ ਬਹੁਤੀ ਸਮਝ ਨਹੀਂ ਕਿਉਂਕਿ ਅਜਿਹੀ ਕੋਈ ਵੀ ਟੈਕਸ ਦਰ ਤਾਂ ਬਹੁਤੀਆਂ ਅਮਰੀਕੀ ਕੰਪਨੀਆਂ ਨੂੰ ਵੀ ਕੰਗਲਾ ਤੇ ਅਪਾਹਿਜ ਕਰ ਕੇ ਰੱਖ ਦਊ, ਜਿਵੇਂ ਕਿ ਐਪਲ ਜਿਸ ਦੇ ਆਈਫ਼ੋਨ ਚੀਨ ਵਿੱਚ ਬਣਦੇ ਹਨ। ਕਈ ਅਮਰੀਕੀ ਕੰਪਨੀਆਂ ਨੂੰ ਵੀ ਆਪਣੇ ਵਪਾਰ ਬੰਦ ਕਰਨੇ ਪੈ ਸਕਦੇ ਹਨ। ਅਮਰੀਕੀਆਂ ਲਈ ਚੰਗੀ ਗੱਲ ਤਾਂ ਇਹੀ ਹੋਵੇਗੀ ਕਿ ਉਨ੍ਹਾਂ ਨੂੰ ਵ੍ਹਾਈਟ ਹਾਊਸ ਵਿੱਚ ਰਹਿਣ ਲਈ ਕੋਈ ਅਜਿਹਾ ਵਿਅਕਤੀ ਮਿਲ ਜਾਵੇ ਜਿਸ ਨੂੰ ਘੱਟੋ ਘੱਟ ਅਮਰੀਕੀ ਇਤਿਹਾਸ ਬਾਰੇ ਤਾਂ ਮਾੜਾ ਮੋਟਾ ਗਿਆਨ ਹੋਵੇ। ਜੂਨ 1930 ਵਿੱਚ ਲਾਗੂ ਕੀਤੇ ਗਏ ‘ਸਮੂਟ-ਹੌਲੇ ਟੈਰਿਫ਼ ਐਕਟ’ ਨੇ ਨਾ ਸਿਰਫ਼ ਵਿਸ਼ਵਵਿਆਪੀ ‘ਗ੍ਰੇਟ ਡਿਪ੍ਰੈਸ਼ਨ’ (ਵੱਡੀ ਮੰਦੀ) ਨੂੰ ਹੋਰ ਗ਼ਹਿਰਾਅ ਦਿੱਤਾ ਸਗੋਂ ਦੂਜੀ ਵਿਸ਼ਵ ਜੰਗ ਦੇ ਅੰਗਾਰਾਂ ਨੂੰ ਵੀ ਖ਼ੂਬ ਮਚਾਇਆ। ਜਰਮਨੀ ਅਤੇ ਜਾਪਾਨ ਦੋਹੇਂ ਉਸੇ ਗ੍ਰੇਟ ਡਿਪ੍ਰੈਸ਼ਨ ਦਾ ਬੁਰੀ ਤਰ੍ਹਾਂ ਸ਼ਿਕਾਰ ਸਨ, ਅਤੇ ਅਜਿਹੇ ਔਖੇ ਵੇਲੇ ‘ਸਮੂਟ-ਹੌਲੇ ਟੈਰਿਫ਼’ ਉਨ੍ਹਾਂ ਦੋਹਾਂ ਮੁਲਕਾਂ ਦੇ ਤਾਬੂਤਾਂ ਵਿੱਚ ਆਖ਼ਰੀ ਕਿੱਲ ਸਾਬਿਤ ਹੋਇਆ। ਸਮੂਟ-ਹੌਲੇ ਐਕਟ ਨੇ ਜਾਪਾਨ ਲਈ ਨਕਦ ਦੇ ਉਸ ਦੇ ਸਭ ਤੋ ਵੱਡੇ ਸ੍ਰੋਤ, ਸਿਲਕ ਦੀ ਫ਼ਸਲ, ਦੀ ਦਰਾਮਦ ਹੀ ਖ਼ਤਮ ਕਰ ਕੇ ਰੱਖ ਦਿੱਤੀ। ਜਪਾਨ ਦੀ ਆਰਥਿਕਤਾ ਦਾ ਧੁਰਾ ਸੀ ਇਹ ਵਪਾਰ, ਪਰ ਸਮੂਟ-ਹੌਲੇ ਟੈਰਿਫ਼ ਨੇ ਸਭ ਕੁਝ ਖ਼ਤਮ ਕਰ ਦਿੱਤਾ। ਸਤੰਬਰ 1931 ਵਿੱਚ, ਸਮੂਟ-ਹੌਲੇ ਦੇ ਲਾਗੂ ਹੋਣ ਤੋਂ ਠੀਕ ਇੱਕ ਸਾਲ ਬਾਅਦ, ਜਾਪਾਨ ਨੇ ਮਨਚੂਰੀਆ ਅਤੇ ਬਾਅਦ ਵਿੱਚ ਉੱਤਰੀ ਚੀਨ ‘ਤੇ ਹੱਲਾ ਬੋਲ ਦਿੱਤਾ। ਨਵੰਬਰ 1941 ਵਿੱਚ, ਜਾਪਾਨ ਨੇ ਅਮਰੀਕੀ ਫ਼ੌਜ ਨੂੰ ਵਿਸ਼ਵ ਯੁੱਧ ਵਿੱਚ ਕੁਦਣ ਤੋਂ ਵਰਜਣ ਲਈ ਚੇਤਾਵਨੀ ਵਜੋਂ ਪਰਲ ਹਾਰਬਰ ਬੰਬਾਰੀ ਵੀ ਕਰ ਮਾਰੀ। ਸੋ ਮੇਰੇ ਖ਼ਿਆਲ ਵਿੱਚ, ਇਹ ਲਗਭਗ ਪੱਕਾ ਹੈ ਕਿ ਚੀਨ ਵਲੋਂ ਅਮਰੀਕਾ ਦਰਾਮਦ ਕੀਤੀਆਂ ਜਾਣ ਵਾਲੀਆਂ ਸ਼ੈਵਾਂ ‘ਤੇ 45 ਪ੍ਰਤੀਸ਼ਤ ਦੀ ਟੈਕਸ ਦਰ ਵਿਸ਼ਵ ਭਰ ਵਿੱਚ ਭਾਰੀ ਆਰਥਿਕ ਮੰਦਵਾੜਾ ਪੈਦਾ ਕਰ ਦੇਵੇਗੀ ਅਤੇ ਫ਼ਿਰ ਤੀਜੀ ਵਿਸ਼ਵ ਜੰਗ ਕੋਈ ਬਹੁਤੀ ਦੂਰ ਦੀ ਕੌਡੀ ਨਹੀਂ ਰਹਿ ਜਾਵੇਗੀ!
ਤੇ ਰਹੀ ਉੱਤਰੀ ਕੋਰੀਆ ਉੱਪਰ ਚੀਨ ਦੇ ਤਥਾਕਥਿਤ ਕੰਟਰੋਲ ਦੀ ਗੱਲ, ਇਹ ਸੱਚ ਹੈ ਕਿ ਚੀਨ ਉੱਤਰੀ ਕੋਰੀਆ ਨੂੰ ਲੋੜ ਪੈਣ ‘ਤੇ ਭੁੱਖਾ ਮਾਰ ਸਕਦੈ, ਪਰ ਇਸ ਨਾਲ ਸੁਪਰ-ਰਾਸ਼ਟਰਵਾਦੀ ਨੌਰਥ ਕੋਰੀਅਨਾਂ ਦੇ ਹੌਸਲੇ ਪਸਤ ਨਹੀਂ ਹੋਣ ਵਾਲੇ ਅਤੇ ਉਹ ਚੀਨ ਦੀਆਂ ਨਿਊਕਲੀਅਰ ਪਰੀਖਣ ਬੰਦ ਕਰਨ ਜਾਂ ਦੂਸਰੇ ਹੋਰ ਖ਼ਤਰਨਾਕ ਟੈਸਟ ਨਾ ਕਰਨ ਦੀਆਂ ਮੰਗਾਂ ਅੱਗੇ ਹਰਗ਼ਿਜ਼ ਝੁਕਣ ਵਾਲੇ ਨਹੀਂ। ਇਸ ਨਾਲ ਕੇਵਲ ਉੱਤਰੀ ਕੋਰੀਆ ਦੀ ਸਰਕਾਰ ਅਸਥਿਰ ਹੋਵੇਗੀ ਅਤੇ ਨਤੀਜੇ ਵਜੋਂ ਰੋਟੀ ਦੀ ਭਾਲ ਵਿੱਚ ਲੱਖਾਂ ਉੱਤਰੀ ਕੋਰੀਆਈ ਘੁਸਪੈਠ ਕਰ ਕੇ ਚੀਨ ਵਿੱਚ ਘੁਸਣ ‘ਤੇ ਮਜਬੂਰ ਹੋ ਜਾਣਗੇ। ਅਤੇ ਇਹ ਤਾਂ ਹੋਇਆ ਇੱਕ ਆਸ਼ਾਵਾਦੀ ਸਿਨੈਰੀਓ। ਪਰ ਚੀਨ ਲਈ ਨਿਰਾਸ਼ਾਵਾਦੀ ਸੀਨ ਉਹ ਹੋਵੇਗਾ ਜਦੋਂ ਉੱਤਰੀ ਕੋਰੀਆ ਦੀ ਹਕੂਮਤ ਦਾ ਪੂਰੀ ਤਰ੍ਹਾਂ ਪਤਨ ਹੋ ਜਾਵੇ ਅਤੇ ਉੱਤਰੀ ਅਤੇ ਦੱਖਣੀ ਕੋਰੀਆ ਦਰਮਿਆਨ ਹੋਣ ਵਾਲੀ ਜੰਗ ਵਿੱਚ ਚੀਨ ਫ਼ੱਸ ਜਾਵੇ।
ਮੌਜੂਦਾ ਉੱਤਰੀ ਕੋਰੀਆਈ ਰਾਸ਼ਟਰਪਤੀ ਦੇ ਪੂਰਵਜ ਅਤੇ ਪਿਤਾ, ਕਿਮ ਜੌਂਗ-ਇਲ ਦੇ ਸੰਨ 2010 ਦੀ ਚਿਓਨਾਨ ਦੁਰਘਟਨਾ ਤਕ ਚੀਨ ਨਾਲ ਰਿਸ਼ਤੇ ਬਹੁਤ ਹੀ ਵਧੀਆ ਸਨ, ਪਰ ਦੱਖਣੀ ਕੋਰੀਆਈ ਜੰਗੀ ਬੇੜੇ ‘ਤੇ ਹਮਲੇ ਤੋਂ ਬਾਅਦ ਇਨ੍ਹਾਂ ਸਬੰਧਾਂ ਵਿੱਚ ਨਿਘਾਰ ਆਉਣਾ ਸ਼ੁਰੂ ਹੋ ਗਿਆ। ਉੱਤਰੀ ਕੋਰੀਆ ਦੇ ਮੌਜੂਦਾ ਰਾਸ਼ਟਤਪਤੀ ਕਿਮ ਜੌਂਗ-ਅਨ ਨੇ 2011 ਵਿੱਚ ਜਦੋਂ ਮੁਲਕ ਦੀ ਵਾਗਡੋਰ ਸੰਭਾਲੀ ਤਾਂ ਉਸ ਦੀ ਉਮਰ ਇੰਨੀ ਛੋਟੀ ਸੀ ਕਿ ਉਸ ਨੂੰ ਦੁਨੀਆਂ ਇੱਕ ‘ਨਿਆਣਾ-ਤਾਨਾਸ਼ਾਹ’ (child dictator) ਸੱਦਦੀ ਹੁੰਦੀ ਸੀ। ਜਦੋਂ ਉਸ ਨਿਆਣੇ ਨੇ ਆਪਣੇ ਨਿਊਕਲੀਅਰ ਟੈਸਟ ਕਰਨੇ ਸ਼ੁਰੂ ਕੀਤੇ ਤਾਂ ਚੀਨ ਨੇ ਉਨ੍ਹਾਂ ਦਾ ਵਿਰੋਧ ਕੀਤਾ। ਚੀਨੀ ਲੀਡਰ ਜ਼ਾਈ ਜੀਪਿੰਗ ਨੇ ਸੰਨ 2013 ਵਿੱਚ ਆਪਣੇ ਮੁਲਕ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਤਕਰੀਬਨ 37 ਮੁਲਕਾਂ ਦਾ ਦੌਰਾ ਕੀਤਾ ਹੈ, ਪਰ ਹਾਲੇ ਤਕ ਉੱਤਰੀ ਕੋਰੀਆ ਉਨ੍ਹਾਂ ਵਿੱਚੋਂ ਇੱਕ ਮੁਲਕ ਨਹੀਂ ਬਣ ਸਕਿਆ।
ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੌਂਗ-ਅਨ ਨੂੰ ਇਸ ਤੋਂ ਵੀ ਵੱਧ ਸ਼ਰਮਿੰਦਗੀ ਦੀ ਘੜੀ, ਪਿੱਛਲੇ ਸਾਲ ਸਿਤੰਬਰ ਮਹੀਨੇ ਵਿੱਚ, ਚੀਨ ਦੀ ਦੂਜੀ ਵਿਸ਼ਵ ਜੰਗ ਵਿੱਚ ਹੋਈ ਜਿੱਤ ਦੇ ਜਸ਼ਨਾਂ ਦੇ ਸਮਾਰੋਹ ਦੌਰਾਨ ਝੱਲਣੀ ਪਈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਪਾਰਕ ਗਿਓਨ-ਹਾਈ ਨੇ ਚੀਨ ਦੀ ‘ਵਿਕਟਰੀ ਪ੍ਰੇਡ’ ਵਿੱਚ ਹਿੱਸਾ ਲਿਆ ਅਤੇ ਸਾਰੇ ਸਮਾਰੋਹ ਦੌਰਾਨ ਉਸ ਨੇ ਚੀਨ ਦੇ ਰਾਸ਼ਟਰਪਤੀ ਜ਼ਾਈ ਨਾਲ ਰਿਵਿਊਇੰਗ ਸਟੈਂਡ ਸਾਂਝਾ ਕੀਤਾ। ਦੂਜੇ ਪਾਸੇ, ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੌਂਗ-ਅਨ ਨੂੰ ਚੀਨ ਵਲੋਂ ਇਹ ਸਾਫ਼ ਕਹਿ ਦਿੱਤਾ ਗਿਆ ਸੀ ਕਿ ਉਹ ਵੀ ਇਸ ਸਮਾਰੋਹ ਵਿੱਚ ਸ਼ਾਮਿਲ ਹੋ ਸਕਦਾ ਹੈ, ਪਰ ਉਸ ਦੀ ਕੁਰਸੀ ਰਿਵਿਊਇੰਗ ਸਟੈਂਡ ਉੱਪਰ ਬਿਲਕੁਲ ਨਹੀਂ ਲਗਾਈ ਜਾਵੇਗੀ ਅਤੇ ਉਸ ਨੂੰ ਸਭ ਤੋਂ ਪਿੱਛੇ ਇੱਕ ਸਾਈਡ ‘ਤੇ ਬਿਠਾਇਆ ਜਾਵੇਗਾ। ਕਿਮ ਨੇ ਉਸ ਸਮਾਰੋਹ ਵਿੱਚ ਨਾ ਸ਼ਾਮਿਲ ਹੋਣ ਵਿੱਚ ਹੀ ਆਪਣੀ ਇੱਜ਼ਤ ਸਮਝੀ ਅਤੇ ਉਸ ਨੇ ਆਪਣੀ ਥਾਂ ਆਪਣਾ ਇੱਕ ਅਧਿਕਾਰੀ ਘਲਿਆ ਜਿਸ ਦੀ ਸੀਟ ਵਾਕਈ ਉੱਥੇ ਸਭ ਤੋਂ ਪਿੱਛੇ ਲਗਾਈ ਗਈ ਸੀ!
ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਇਸ ਹਫ਼ਤੇ ਬਹੁਤ ਹੀ ਸਪੱਸ਼ਟ ਸ਼ਬਦਾਂ ਵਿੱਚ ਕੋਰੀਅਨ ਪੈਨਿਨਸੁਲਾ ਨੂੰ ‘ਡੀਨਿਊਕਲੀਅਰਾਈਜ਼’ ਕਰਨ (ਪ੍ਰਮਾਣੂ ਹਥਿਆਰਾਂ ਰਹਿਤ ਬਣਾਉਣ) ਦੀ ਮੰਗ ਦੋਹਰਾਈ ਹੈ: ”ਇਸ ਪੈਨਿਨਸੁਲਾ ਵਿੱਚ ਨਿਊਕਲੀਆਈ ਮਸਲਾ ਇੱਕ ਲੰਬੇ ਅਰਸੇ ਤੋਂ ਚਲਦਾ ਆ ਰਿਹਾ ਹੈ ਅਤੇ ਨਿਹਾਇਤ ਪੇਚੀਦਾ ਹੈ। ਚੀਨ ਦਾ, ਇੱਕ ਵਾਰ ਫ਼ਿਰ, ਦੋਹਾਂ ਧਿਰਾਂ ਨੂੰ ਜ਼ੋਰ ਦੇ ਕੇ ਇਹ ਕਹਿਣਾ ਹੈ ਕਿ ਇਸ ਮਾਮਲੇ ਦਾ ਕੋਈ ਮਾਕੂਲ ਹੱਲ ਟੋਲਿਆ ਜਾਵੇ ਅਤੇ ਇਸ ਗੱਲਬਾਤ ਵਿੱਚ ਸ਼ਾਮਿਲ ਸਾਰੀਆਂ ਪਾਰਟੀਆਂ ਦੀਆਂ ਚਿੰਤਾਵਾਂ ਦਾ ਮੁਦਾਵਾ ਛੇ-ਪਾਰਟੀ ਫ਼ਰੇਮਵਰਕ ਅੰਦਰ ਰਹਿ ਕੇ ਹੀ ਕੀਤਾ ਜਾਵੇ। ਇਸ ਮਾਮਲੇ ਨਾਲ ਸਰੋਕਾਰ ਰੱਖਣ ਵਾਲੀਆਂ ਸਾਰੀਆਂ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਕੋਰੀਅਨ ਪੈਨਿਨਸੁਲਾ ਨੂੰ ਰਲ ਕੇ ਪ੍ਰਮਾਣੂ ਹਥਿਆਰਾਂ ਰਹਿਤ ਇੱਕ ਖਿੱਤਾ ਬਣਾਉਣ ਅਤੇ ਉੱਥੇ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣ ਵਿੱਚ ਆਪੋ ਆਪਣਾ ਬਣਦਾ ਯੋਗਦਾਨ ਪਾਉਣ।”

LEAVE A REPLY