ਸਪੌਂਡੇਲਾਈਟਿਸ 20 ਤੋਂ 25 ਸਾਲ ਦੀ ਉਮਰ ਵਿੱਚ ਇਸਤਰੀਆਂ ਦੇ ਮੁਕਾਬਲੇ ਮਰਦਾਂ ਨੂੰ ਵਧੇਰੇ ਹੋਣ ਵਾਲਾ ਰੋਗ ਹੈ। ਇਹ ਜੋੜਾਂ ਦੀ ਵਾਈ ਕਿਸਮ ਦੀ ਸੋਜ਼ ਵਾਂਗ ਹੁੰਦਾ ਹੈ। ਸ਼ੁਰੂ ਵਿੱਚ ਸਵੇਰ ਵੇਲੇ ਪਿੱਠ ਵਿੱਚ ਅਕੜਾਅ ਹੋਣ ਲੱਗ ਜਾਂਦਾ ਹੈ ਜਿਸ ਨਾਲ ਲੱਤਾਂ-ਬਾਹਾਂ ਵਿੱਚ ਵੀ ਦਰਦ ਹੁੰਦਾ ਹੈ। ਕੰਗਰੋੜ ਦੀਆਂ ਪੱਸਲੀਆਂ ਨਾਲ ਮਿਲਣ ਵਾਲੇ ਡੋਰਮਲ ਮੋਹਰੇ, ਤੜਾਗੀ ਹੱਡੀ ਅਤੇ ਚੂਲੇ ਦੇ ਜੋੜਾਂ ਵਿੱਚ ਰੋਗ ਵਧਣ ਕਾਰਨ ਪਿੱਠ ਵਿੱਚ ਅਕੜਾਅ ਹੋ ਜਾਂਦਾ ਹੈ। ਹਾਲਤ ਗੰਭੀਰ ਹੋਣ ‘ਤੇ ਇਹ ਜੋੜ ਉੱਕਾ ਹੀ ਜੁੜ ਜਾਣ ਕਾਰਨ ਪਾਸਾ ਲੈਣਾ ਜਾਂ ਘੁੰਮਣਾ ਮੁਸ਼ਕਲ ਹੋ ਜਾਂਦਾ ਹੈ। ਕੰਗਰੋੜ ਮੋਹਰਿਆਂ ਵਿੱਚ ਸੋਜ ਹੋਣ ਮਗਰੋਂ ਹੱਡੀਆਂ ਵਧ ਜਾਂਦੀਆਂ ਹਨ ਜਿਨ੍ਹਾਂ ਦੇ ਜੁੜ ਜਾਣ ਕਾਰਨ ਰੀੜ੍ਹ ਦੀ ਹੱਡੀ ਵਿੱਚ ਸਖ਼ਤ ਅਕੜਾਅ ਆ ਜਾਂਦਾ ਹੈ ਅਤੇ ਇਸ ਦੀ ਸ਼ਕਲ ਵੀ ਵਿਗੜ ਜਾਂਦੀ ਹੈ।
ਸਪੌਂਡੇਲਾਇਟਿਸ ਟਿਊਬਰਕਲੋਸਿਜ਼ ਇਸ ਪ੍ਰਕਾਰ ਦੀ ਸੋਜ ਬੱਚਿਆਂ ਜਾਂ ਨੌਜਵਾਨਾਂ ਨੂੰ ਲਗਪਗ 40 ਸਾਲ ਦੀ ਉਮਰ ‘ਚ ਹੁੰਦੀ ਹੈ। ਲੱਕ ਦੇ ਮੋਹਰਿਆਂ ਵਿੱਚ ਸੋਜ ਹੋਣ ਤੋਂ ਪੇਟ ਵਿੱਚ ਦਰਦ, ਡੋਰਸਲ ਮੋਹਰਿਆਂ ਵਿੱਚ ਸੋਜ ਹੋਣ ਤੋਂ ਛਾਤੀ ਤੇ ਮਿਹਦੇ ਵਾਲੀ ਥਾਂ ਉੱਤੇ ਦਰਦ ਤੇ ਸਾਹ ਵਿੱਚ ਔਖ, ਗਰਦਨ ਦੇ ਮੋਹਰਿਆਂ ਵਿੱਚ ਸੋਜ਼ ਹੋਣ ‘ਤੇ ਖਾਧੀ ਚੀਜ਼ ਲੰਘਾਉਣ ਵਿੱਚ ਔਖ ਆਉਣ ਲੱਗ ਜਾਂਦੀ ਹੈ। ਕੋਈ ਚੀਜ਼ ਫਰਸ਼ ਤੋਂ ਚੁੱਕਣ ਲਈ ਹੇਠਾਂ ਵੱਲ ਝੁਕਣ ਦੀ ਥਾਂ ਗੋਡਿਆਂ ਨੂੰ ਝੁਕਾਉਣਾ ਪੈਂਦਾ ਹੈ। ਕੰਗਰੋੜ ਹੱਡੀ ਦੇ ਮੋਹਰਿਆਂ ਕਾਰਨ ਸਰੀਰ ਸੁੱਕਦਾ ਜਾਂਦਾ ਹੈ। ਇਲਾਜ ਦੌਰਾਨ ਠੀਕ ਖ਼ੁਰਾਕ ਅਤੇ ਲੇਟਣ ਲਈ ਸਖ਼ਤ ਬਿਸਤਰੇ ਦੀ ਲੋੜ ਹੁੰਦੀ ਹੈ।
-ਡਾ. ਜਗਦੀਸ਼ ਜੱਗੀ