ਨਵੇਂ ਵਿਧਾਇਕਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਦਾਇਤਾਂ ਜਾਰੀ

ਜਲੰਧਰ/ਚੰਡੀਗੜ੍ਹ -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਤਿੰਨੋਂ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਪਹਿਲ ਦੇ ਆਧਾਰ ’ਤੇ ਆਪਣੇ ਇਲਾਕਿਆਂ ਵਿਚ ਵਿਕਾਸ ਕਾਰਜ ਕਰਵਾਉਣੇ ਚਾਹੀਦੇ ਹਨ। ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਲਈ ਹਾਲ ਹੀ ਵਿਚ ਜ਼ਿਮਨੀ ਚੋਣਾਂ ਸੰਪੰਨ ਹੋਈਆਂ ਹਨ ਅਤੇ ਇਨ੍ਹਾਂ ਵਿਚ ਆਮ ਆਦਮੀ ਪਾਰਟੀ ਨੇ 3 ਸੀਟਾਂ ਜਿੱਤੀਆਂ ਹਨ। ਗਿੱਦੜਬਾਹਾ ਤੋਂ ਚੁਣੇ ਗਏ ‘ਆਪ’ ਵਿਧਾਇਕ ਹਰਦੀਪ ਸਿੰਘ ਢਿੱਲੋਂ, ਡੇਰਾ ਬਾਬਾ ਨਾਨਕ ਤੋਂ ਚੁਣੇ ਗਏ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਚੱਬੇਵਾਲ ਵਿਧਾਨ ਸਭਾ ਸੀਟ ਤੋਂ ਚੁਣੇ ਗਏ ਵਿਧਾਇਕ ਇਸ਼ਾਂਕ ਚੱਬੇਵਾਲ ਨੇ ਬੁੱਧਵਾਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ।
ਤਿੰਨਾਂ ਵਿਧਾਇਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਆਸ਼ੀਰਵਾਦ ਲਿਆ। ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਕਿਹਾ ਕਿ ਜਨਤਾ ਨੇ ਉਨ੍ਹਾਂ ’ਤੇ ਜੋ ਭਰੋਸਾ ਪ੍ਰਗਟਾਇਆ ਹੈ, ਉਸ ਨੂੰ ਕਾਇਮ ਰੱਖਣ ਲਈ ਉਨ੍ਹਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਜਨਤਾ ਦੀ ਸੇਵਾ ਕਰਨੀ ਹੋਵੇਗੀ। ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਕਿਹਾ ਕਿ ‘ਆਪ’ ਨੂੰ ਵੋਟ ਪਾਉਣ ਵਾਲਿਆਂ ਅਤੇ ਜਿਨ੍ਹਾਂ ਨੇ ਵੋਟ ਨਹੀਂ ਵੀ ਪਾਈ ਹੈ, ਸਾਰਿਆਂ ਦੇ ਕੰਮ ਉਨ੍ਹਾਂ ਨੇ ਕਰਨੇ ਹਨ, ਕਿਉਂਕਿ ਵਿਧਾਇਕ ਪੂਰੇ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਕ ਅਜਿਹੀ ਪਾਰਟੀ ਹੈ, ਜੋ ਆਮ ਪਰਿਵਾਰਾਂ ਨਾਲ ਸਬੰਧਤ ਲੋਕਾਂ ਨੂੰ ਅੱਗੇ ਲਿਆਉਣ ਵਿਚ ਵਿਸ਼ਵਾਸ ਰੱਖਦੀ ਹੈ। ਇਸੇ ਲਈ ਜਨਤਾ ਵੀ ਸਾਡੀ ਪਾਰਟੀ ਨੂੰ ਲਗਾਤਾਰ ਸਮਰਥਨ ਦੇ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵਿਧਾਇਕਾਂ ਨੂੰ ਵਿਧਾਨ ਸਭਾ ਜ਼ਿਮਨੀ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਵਾਅਦਿਆਂ ਦੀਆਂ ਸੂਚੀਆਂ ਬਣਾ ਕੇ ਉਨ੍ਹਾਂ ਅੱਗੇ ਪੇਸ਼ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਸਰਕਾਰ ਹੁਣ ਤੋਂ ਹੀ ਉਨ੍ਹਾਂ ’ਤੇ ਕੰਮ ਸ਼ੁਰੂ ਕਰ ਸਕੇ। ਵਿਧਾਇਕਾਂ ਨੇ ਵੀ ਇਸ ਮੌਕੇ ਆਪੋ-ਆਪਣੇ ਇਲਾਕਿਆਂ ਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ, ਜਿਸ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ।