ਰੀਓ ਡੀ ਜੇਨੇਰੀਓਂ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਦੇ ਚਾਂਦੀ ਦੇ ਤਮਗੇ ਦੀ ਚਮਕ, ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਦੇ ਕਾਂਸੀ ਦੇ ਤਮਗੇ ਦੀ ਧਮਕ ਅਤੇ ਕਈ ਦਿੱਗਜ ਖਿਡਾਰੀਆਂ ਦੇ ਸੁਪਰ ਫ਼ਲਾਪ ਪ੍ਰਦਰਸ਼ਨ ਦੇ ਵਿੱਚਕਾਰ ਭਾਰਤ ਦਾ ਰੀਓ ਓਲੰਪਿਕ ‘ਚ ਅਭਿਆਨ ਰਿਕਾਰਡ 118 ਮੈਂਬਰੀ ਦਲ ਉਤਰਨ ਦੇ ਬਾਵਜੂਦ ਸਿਰਫ਼ ਦੋ ਤਮਗਿਆਂ ਦੇ ਨਾਲ ਖਤਮ ਹੋ ਗਿਆ।
ਭਾਰਤ ਨੇ ਪਿਛਲੇ ਲੰਡਨ ਓਲੰਪਿਕ ‘ਚ ਦੋ ਚਾਂਦੀ ਅਤੇ ਚਾਰ ਕਾਂਸੀ ਦੇ ਤਮਗਿਆਂ ਸਮੇਤ 6 ਤਮਗੇ ਹਾਸਲ ਕੀਤੇ ਸਨ ਜਦਕਿ 2008 ਬੀਜਿੰਗ ਓਲੰਪਿਕ ‘ਚ ਭਾਰਤ ਨੇ ਇਕ ਸੋਨ ਤਮਗੇ ਅਤੇ ਦੋ ਕਾਂਸੀ ਤਮਗੇ ਸਮੇਤ ਤਿੰਨ ਤਮਗੇ ਹਾਸਲ ਕੀਤੇ ਸਨ। ਇਸ ਵਾਰ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ 10 ਤੋਂ 15 ਤਮਗਿਆਂ ਦਾ ਦਾਅਵਾ ਕੀਤਾ ਸੀ ਜਦਕਿ ਸਾਬਕਾ ਖੇਡ ਮੰਤਰੀ ਸਰਬਾਨੰਦ ਸੋਨੋਵਾਲ ਨੇ 10 ਅਤੇ ਉਨ੍ਹਾਂ ਦੇ ਬਾਅਦ ਕੁਝ ਸਮੇਂ ਲਈ ਖੇਡ ਮੰਤਰਾਲੇ ਸੰਭਾਲਣ ਵਾਲੇ ਜਤਿੰਦਰ ਸਿੰਘ ਨੇ ਲੰਡਨ ਤੋਂ ਦੁਗਣੇ ਤਮਗੇ ਹਾਸਲ ਕਰਨ ਦਾ ਦਾਅਵਾ ਕੀਤਾ ਸੀ ਪਰ ਸਾਰੇ ਦਾਅਵੇ ਧਰੇ ਦੇ ਧਰੇ ਰਹਿ ਗਏ ਅਤੇ ਭਾਰਤ ਸਿਰਫ਼ ਦੋ ਹੀ ਤਮਗੇ ਹਾਸਲ ਕਰ ਸਕਿਆ।
ਉਹ ਤਾਂ ਭਲਾ ਹੋਵੇ ਦੋ ਬੋਟੀਆਂ ਸਿੰਧੂ ਅਤੇ ਸਾਕਸ਼ੀ ਦਾ ਜਿੰਨਾਂ ਨੇ 24 ਘੰਟੇ ਦੇ ਅੰਤਰ ਨਾਲ ਦੋ ਤਮਗੇ ਹਾਸਲ ਕਰ ਕੇ ਦੇਸ਼ ਦੀ ਇੱਜਤ ਬਚਾ ਲਈ ਨਹੀਂ ਤਾਂ ਪਹਿਲੇ 12 ਦਿਨ ਭਾਰਤ ਦੇ ਹੱਥ ਇਕ ਵੀ ਤਮਗਾ ਨਹੀਂ ਲੱਗਾ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਭਾਰਤ ਨੂੰ ਖਾਲੀ ਹੱਥ ਹੀ ਪਰਤਨਾ ਪਵੇਗਾ ਪਰ ਪਹਿਲਾਂ ਹਰਿਆਣੇ ਦੀ ਸਾਕਸ਼ੀ ਮਲਿਕ ਨੇ ਇਤਿਹਾਸਕ ਕਾਂਸੀ ਦਾ ਤਮਗਾ ਹਾਸਲ ਕੀਤਾ ਅਤੇ ਫ਼ਿਰ ਸਿੰਧੂ ਨੇ ਇਤਿਹਾਸਕ ਚਾਂਦੀ ਦਾ ਤਮਗਾ ਹਾਸਲ ਕੀਤਾ।
ਸਿੰਧੂ ਦੇ ਇਲਾਵਾ ਮਹਿਲਾ ਜਿਮਨਾਸਟ ਦੀਪਾ ਕਰਮਾਕਰ ਦਾ ਵਾਲਟ ਫ਼ਾਈਨਲਵਿੱਚ ਚੌਥਾ ਸਥਾਨ ਹਾਸਲ ਕਰਨਾ, ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਦਾ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ‘ਚ ਚੌਥੇ ਸਥਾਨ ‘ਤੇ ਰਹਿਣਾ, ਐਥਲੀਟ ਲਲਿਤਾ ਬਬਰ ਦਾ 3000 ਮੀਟਰ ਸਟੀਪਲਚੇਜ਼ ‘ਚ 10ਵੇਂ ਸਥਾਨ ‘ਤੇ ਰਹਿਣਾ, ਸਾਨੀਆ ਅਤੇ ਬੋਪੰਨਾ ਦੀ ਜੋੜੀ ਦੀ ਕਾਂਸੀ ਤਮਗੇ ਦੇ ਮੁਕਾਬਲੇ ‘ਚ ਹਾਰਨਾ, ਕਿਦਾਂਬੀ ਸ਼੍ਰੀਕਾਂਤ ਦਾ ਬੈਡਮਿੰਟਨ ਦੇ ਪੁਰਸ਼ ਕੁਆਰਟਰਫ਼ਾਈਨਲ ‘ਚ ਹਾਰਨਾ, ਪੁਰਸ਼ ਤੀਰਅੰਦਾਜ਼ ਅਤਨੂ ਦਾਸ ਦਾ ਕੁਆਰਟਰਫ਼ਾਈਨਲ ਤੱਕ ਪਹੁੰਚਣਾ, ਮੁੱਕੇਬਾਜ਼ ਵਿਕਾਸ ਕ੍ਰਿਸ਼ਨਨ ਦਾ ਵੀ ਕੁਆਰਟਰਫ਼ਾਈਨਲ ਤੱਕ ਪਹੁੰਚਣਾ, 18 ਸਾਲਾਂ ਮਹਿਲਾ ਗੋਲਫ਼ਰ ਅਦਿਤੀ ਅਸ਼ੋਕ ਦਾ 41ਵਾਂ ਸਥਾਨ ਹਾਸਲ ਕਰਨਾ ਅਤੇ ਨੌਜਵਾਨ ਨਿਸ਼ਾਨੇਬਾਜ਼ ਜੀਤੂ ਰਾਏ ਦਾ 10 ਮੀਟਰ ਏਅਰ ਪਿਸਟਲ ‘ਚ ਅੱਠਵੇਂ ਸਥਾਨ ‘ਤੇ ਰਹਿਣਾ ਇਸ ਨਿਰਾਸ਼ਾਜਨਕ ਅਭਿਆਨ ਦੇ ਵਿੱਚਕਾਰ ਦੇ ਕੁਝ ਜ਼ਿਕਰਯੋਗ ਪ੍ਰਦਰਸ਼ਨ ਰਹੇ।