ਨੂਹ (ਹਰਿਆਣਾ), – ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਹਰਿਆਣਾ ਦੀ ਜਨਤਾ ਨੂੰ ਭਾਜਪਾ ਨੂੰ ਸੱਤਾ ਤੋਂ ਉਖਾੜ ਸੁੱਟਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਕਾਂਗਰਸ ਧਰਮ, ਭਾਸ਼ਾ ਤੇ ਜਾਤੀ ਦੇ ਆਧਾਰ ’ਤੇ ਭਾਜਪਾ ਵੱਲੋਂ ਫੈਲਾਈ ਜਾ ਰਹੀ ਨਫਰਤ ਨੂੰ ਸਫਲ ਨਹੀਂ ਹੋਣ ਦੇਵੇਗੀ।
ਰਾਹੁਲ ਨੂਹ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਭਾਜਪਾ ’ਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਅੱਜ ਮੁਹੱਬਤ ਤੇ ਨਫਰਤ ਵਿਚਾਲੇ ਲੜਾਈ ਚੱਲ ਰਹੀ ਹੈ। ਪਿਛਲੇ ਸਾਲ ਨੂਹ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਲੂਸ ’ਤੇ ਭੀੜ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਹਿੰਸਾ ਭੜਕ ਗਈ ਸੀ, ਜਿਸ ਵਿਚ 2 ਹੋਮਗਾਰਡਾਂ ਤੇ ਇਕ ਮੌਲਵੀ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਰਾਹੁਲ ਨੇ ਦੋਸ਼ ਲਾਇਆ ਕਿ ਭਾਜਪਾ ਨਫਰਤ ਫੈਲਾਉਂਦੀ ਹੈ, ਜਦੋਂਕਿ ਕਾਂਗਰਸ ਪਿਆਰ ਫੈਲਾਉਣ ’ਚ ਯਕੀਨ ਰੱਖਦੀ ਹੈ। ਸਭ ਤੋਂ ਅਹਿਮ ਭਾਈਚਾਰਾ ਹੈ। ਭਾਜਪਾ ਤੇ ਆਰ. ਐੱਸ. ਐੱਸ. ਦੇ ਲੋਕ ਜਿੱਥੇ ਵੀ ਜਾਂਦੇ ਹਨ, ਨਫਰਤ ਫੈਲਾਉਂਦੇ ਹਨ। ਉਹ ਜਿਸ ਵੀ ਸੂਬੇ ਵਿਚ ਜਾਂਦੇ ਹਨ, ਕਿਤੇ ਭਾਸ਼ਾ, ਕਿਤੇ ਧਰਮ ਅਤੇ ਕਿਤੇ ਜਾਤੀ ਬਾਰੇ ਗੱਲ ਕਰਦੇ ਹਨ। ਅੱਜ ਨਫਰਤ ਨੂੰ ਖਤਮ ਕਰਨ ਦੀ ਲੋੜ ਹੈ। ਭਾਰਤ ਨਫਰਤ ਦਾ ਨਹੀਂ, ਸਗੋਂ ਮੁਹੱਬਤ ਦਾ ਦੇਸ਼ ਹੈ।