ਦੇਸ਼ ‘ਚ ਕੋਰੋਨਾ ਦੇ ਮਾਮਲੇ 81 ਲੱਖ ਦੇ ਪਾਰ, ਸਰਗਰਮ ਮਾਮਲਿਆਂ ਦੀ ਗਿਣਤੀ 3 ਅਗਸਤ ਤੋਂ ਬਾਅਦ ਸਭ ਤੋਂ ਘੱਟ

Image Courtesy :jagbani(punjabkesari)

ਨਵੀਂ ਦਿੱਲੀ- ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 81 ਲੱਖ ਦੇ ਪਾਰ ਚੱਲੇ ਗਏ ਹਨ। ਪਿਛਲੇ 24 ਘੰਟਿਆਂ ‘ਚ 48,268 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਹੁਣ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 81 ਲੱਖ 37 ਹਜ਼ਾਰ 119 ਹੋ ਗਈ ਹੈ। ਉੱਥੇ ਹੀ ਪਿਛਲੇ 24 ਘੰਟਿਆਂ ‘ਚ ਕੁੱਲ 59 ਹਜ਼ਾਰ 454 ਮਰੀਜ਼ ਠੀਕ ਹੋਏ ਹਨ, ਜਦੋਂ ਕਿ 551 ਲੋਕਾਂ ਦੀ ਮੌਤ ਹੋਈ ਹੈ। ਦੇਸ਼ ‘ਚ 3 ਅਗਸਤ ਤੋਂ ਬਾਅਦ ਸਰਗਰਮ ਮਾਮਲਿਆਂ ਦੀ ਗਿਣਤੀ ਸਭ ਤੋਂ ਘੱਟ ਦਰਜ ਕੀਤੀ ਗਈ ਹੈ।
ਦੇਸ਼ ‘ਚ ਸਰਗਰਮ ਮਾਮਲਿਆਂ ਦੀ ਗਿਣਤੀ 5 ਲੱਖ 82 ਹਜ਼ਾਰ 649 ਹੈ। ਦੇਸ਼ ‘ਚ ਇਸ ਸਮੇਂ ਰਿਕਵਰੀ ਰੇਟ 91.34 ਫੀਸਦੀ ਦਰਜ ਕੀਤੀ ਗਈ ਹੈ, ਜਦੋਂ ਕਿ ਮੌਤ ਦਰ 1.49 ਫੀਸਦੀ ਹੈ। ਸਰਗਰਮ ਮਰੀਜ਼ਾਂ ਦੀ ਦਰ 7.16 ਫੀਸਦੀ ਹੈ, ਜਦੋਂ ਕਿ ਪਾਜ਼ੇਟਿਵ ਰੇਟ ਡਿੱਗ ਕੇ 4.51 ਫੀਸਦੀ ਆ ਚੁਕੀ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਠੀਕ ਹੋਏ ਮਰੀਜ਼ਾਂ ਦੀ ਗਿਣਤੀ 59,454 ਹੈ। ਹੁਣ ਤੱਕ ਪੂਰੇ ਦੇਸ਼ ‘ਚ 74 ਲੱਖ 32 ਹਜ਼ਾਰ 829 ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਦੇ ਚੁਕੇ ਹਨ ਅਤੇ ਸਿਹਤਯਾਬ ਹੋ ਚੁਕੇ ਹਨ। ਇਸ ਤੋਂ ਇਲਾਵਾ ਦੇਸ਼ ਭਰ ‘ਚ ਹੁਣ ਤੱਕ ਕੁੱਲ 1,21,641 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਹੁਣ ਤੱਕ ਦੇਸ਼ ‘ਚ ਕੁੱਲ 10 ਕਰੋੜ 87 ਲੱਖ 96 ਹਜ਼ਾਰ 64 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ।
News Credit :jagbani(punjabkesari)