ਦੂਜੇ T-20 ‘ਚ ਹੌਲੀ ਓਵਰ ਗਤੀ ਲਈ ਭਾਰਤ ‘ਤੇ ਲੱਗਿਆ ਜੁਰਮਾਨਾ

ਦੁਬਈ – ਇੰਗਲੈਂਡ ਵਿਰੁੱਧ ਖੇਡੇ ਗਏ ਦੂਜੇ T-20 ਅੰਤਰਰਾਸ਼ਟਰੀ ਮੈਚ ‘ਚ ਭਾਰਤ ਨੇ ਸੱਤ ਵਿਕਟਾਂ ਨਾਲ ਜਿੱਤ ਦਰਜ ਕਰਦੇ ਹੋਏ ਸੀਰੀਜ਼ ‘ਚ 1-1 ਨਾਲ ਬਰਾਬਰੀ ਕਰ ਲਈ ਹੈ। ਇੰਗਲੈਂਡ ਵਿਰੁੱਧ ਐਤਵਾਰ ਨੂੰ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ‘ਚ ਦੂਜੇ T-20 ਕੌਮਾਂਤਰੀ ਮੈਚ ਦੌਰਾਨ ਹੌਲੀ ਓਵਰ ਗਤੀ ਲਈ ਭਾਰਤੀ ਕ੍ਰਿਕਟਰਾਂ ‘ਤੇ ਉਨ੍ਹਾਂ ਦੀ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਮੈਚ ਰੈਫ਼ਰੀ ਨੇ ICC ਐਲੀਟ ਪੈਨਲ ਦੇ ਜਵਾਗਲ ਸ਼੍ਰੀਨਾਥ ਨੇ ਵਿਰਾਟ ਕੋਹਲੀ ਦੀ ਟੀਮ ‘ਤੇ ਜੁਰਮਾਨਾ ਲਾਇਆ ਕਿਉਂਕਿ ਟੀਮ ਨੇ ਨਿਰਧਾਰਿਤ ਸਮੇਂ ‘ਚੋਂ ਇੱਕ ਓਵਰ ਘੱਟ ਕੀਤਾ ਸੀ। ਕੋਹਲੀ ਨੇ ਗ਼ਲਤੀ ਸਵੀਕਾਰ ਕਰ ਲਈ ਹੈ ਅਤੇ ਇਸ ਲਈ ਰਸਮੀ ਸੁਣਵਾਈ ਦੀ ਲੋੜ ਨਹੀਂ ਪਈ।
ਜ਼ਿਕਰਯੋਗ ਹੈ ਕਿ ਕਪਤਾਨ ਵਿਰਾਟ ਕੋਹਲੀ (ਅਜੇਤੂ 73) ਅਤੇ ਡੈਬੀਊ ਕਰ ਰਹੇ ਅਤੇ ਮੈਨ ਔਫ਼ ਦਾ ਮੈਚ ਇਸ਼ਾਨ ਕਿਸ਼ਨ (56) ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਐਤਵਾਰ ਨੂੰ ਇੱਥੇ ਦੂਜੇ T-20 ਕੌਮਾਂਤਰੀ ਮੈਚ ‘ਚ ਸ਼ਾਨਦਾਰ ਵਾਪਸੀ ਕਰਦੇ ਹੋਏ ਇੰਗਲੈਂਡ ਨੂੰ 13 ਗੇਂਦਾਂ ਬਾਕੀ ਰਹਿੰਦਿਆਂ ਸੱਤ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ‘ਚ 1-1 ਨਾਲ ਬਰਾਬਰੀ ਕਰ ਲਈ ਹੈ। ਇੰਗਲੈਂਡ ਨੇ ਪਹਿਲੇ T-20 ਕੌਮਾਂਤਰੀ ਮੈਚ ‘ਚ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ ਸੀ। ਇਸ ਤਰ੍ਹਾਂ ਟੀਮ ਇੰਡੀਆ ਨੇ ਇੰਗਲੈਂਡ ਹੱਥੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।