ਬੌਲੀਵੁਡ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਪਿਛਲੇ ਸਾਲ ਲੌਸ ਐਂਜਲਸ ‘ਚ 95ਵੇਂ ਅਕੈਡਮੀ ਐਵਾਰਡਜ਼ ਦੌਰਾਨ ਪੇਸ਼ਕਾਰ ਬਣ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ। ਅਦਾਕਾਰਾ ਨੇ ਔਸਕਰ ਸਟੇਜ ‘ਤੇ RRR ਦੇ ਗੀਤ ਨਾਟੂ ਨਾਟੂ ਲਈ ਘੋਸ਼ਣਾ ਵੀ ਕੀਤੀ ਸੀ। ਹੁਣ ਇੱਕ ਵਾਰ ਫ਼ਿਰ ਇਸ ਅਦਾਕਾਰਾ ਨੂੰ ਆਪਣੇ ਦੇਸ਼ ‘ਚ ਪ੍ਰਸਿਧੀ ਲਿਆਉਣ ਦਾ ਮੌਕਾ ਮਿਲਿਆ ਹੈ।
ਇਸ ਵਾਰ ਦੀਪਿਕਾ ਪਾਦੁਕੋਣ BAFTA ਐਵਾਰਡਜ਼ 2024 ‘ਚ ਪੇਸ਼ਕਾਰ ਦੇ ਰੂਪ ‘ਚ ਹਿੱਸਾ ਲਵੇਗੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ BAFTA ਅਵਾਰਡਸ 2024 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ 19 ਫ਼ਰਵਰੀ ਨੂੰ ਲੰਡਨ ਦੇ ਰੌਇਲ ਫ਼ੈੱਸਟੀਵਲ ਹਾਲ ‘ਚ ਹੋਵੇਗਾ, ਇੱਕ ਪ੍ਰਮੁੱਖ ਅਪਡੇਟ ‘ਚ ਇਹ ਖ਼ੁਲਾਸਾ ਕੀਤਾ ਗਿਆ। ਇਸ ਐਵਾਰਡ ਸ਼ੋਅ ‘ਚ ਦੀਪਿਕਾ ਪਾਦੂਕੋਣ ਡੇਵਿਡ ਬੈਖਮ ਤੋਂ ਲੈ ਕੇ ਦੁਆ ਲਿਪਾ ਵਰਗੀਆਂ ਮਸ਼ਹੂਰ ਹਸਤੀਆਂ ਨਾਲ ਨਜ਼ਰ ਆਵੇਗੀ।
ਦੀਪਿਕਾ ਤੋਂ ਇਲਾਵਾ ਇਸ ਐਵਾਰਡ ਦੇ ਮੰਚ ‘ਤੇ ਬ੍ਰਿਜਰਟਨ ਫ਼ੇਮ ਐਡਜੋਆ ਐਂਡੋਹ, ਵੋਨਕਾ ਹਿਊ ਗ੍ਰੈਂਟ ਅਤੇ ਐਮਿਲੀ ਇਨ ਪੈਰਿਸ ਸਟਾਰ ਲਿਲੀ ਕੋਲਿਨਸ, ਦਾ ਕਰਾਊਨ ਦੇ ਸਟਾਰ ਐਮਾ ਕੋਰਿਨ ਅਤੇ ਗਿਲਿਅਨ ਐਂਡਰਸਨ, ਹਿਮੇਸ਼ ਪਟੇਲ ਅਤੇ ਇਦਰੀਸ ਐਲਬਾ ਵੀ ਸ਼ਿਰਕਤ ਕਰਨਗੇ। ਅਜੇ ਤਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਕਿਹੜੀ ਸੈਲੀਬ੍ਰਿਟੀ ਕਿਸ ਸ਼੍ਰੇਣੀ ਲਈ ਟਰੌਫ਼ੀ ਦੇਵੇਗੀ।
ਦੀਪਿਕਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ ‘ਚ ਰਿਤਿਕ ਰੋਸ਼ਨ ਨਾਲ ਫ਼ਿਲਮ ਫ਼ਾਈਟਰ ‘ਚ ਨਜ਼ਰ ਆਈ ਸੀ। ਹੁਣ ਉਹ ਜਲਦ ਹੀ ਪ੍ਰਭਾਸ ਨਾਲ ਕਾਲਕੀ 2898 AD ‘ਚ ਨਜ਼ਰ ਆਵੇਗੀ। ਇਸ ‘ਚ ਅਮਿਤਾਭ ਬੱਚਨ ਅਤੇ ਕਮਲ ਹਾਸਨ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਸ ਕੋਲ ਰੋਹਿਤ ਸ਼ੈੱਟੀ ਦੀ ਸਿੰਘਮ ਅਗੇਨ ਵੀ ਹੈ।