ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ‘ਚ 25 ਸਾਲਾ ਨੌਜਵਾਨ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਨੌਜਵਾਨ ਦੀ ਪਛਾਣ ਸ਼ਲੋਕ ਤਿਵਾੜੀ ਵਜੋਂ ਹੋਈ ਹੈ ਪਰ ਪੁਲਸ ਸੂਤਰਾਂ ਨੇ ਦੱਸਿਆ ਕਿ ਧੋਖੇਬਾਜ਼ੀ ਦੇ ਕੰਮਾਂ ‘ਚ ਸ਼ਾਮਲ ਰਹਿੰਦਾ ਹੈ ਅਤੇ ਆਪਣੀ ਪਛਾਣ ਹਮੇਸ਼ਾ ਬਦਲਦਾ ਰਹਿੰਦਾ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਉੱਤਰ-ਪੱਛਮ ਦਿੱਲੀ ‘ਚ ਪੁਲਸ ਦੇ ਵਿਸ਼ੇਸ਼ ਸੈੱਲ ਦੇ ਦਫ਼ਤਰ ‘ਚ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਨੇ ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ‘ਚ ਐਮਰਜੈਂਸੀ ਹੈਲਪਲਾਈਨ 112 ‘ਤੇ ਫੋਨ ਕਰ ਕੇ ਇਹ ਧਮਕੀ ਦਿੱਤੀ ਸੀ। ਗਾਜ਼ੀਆਬਾਦ ਦੇ ਸਹਾਇਕ ਪੁਲਸ ਸੁਪਰਡੈਂਟ ਰਿਤੇਸ਼ ਤ੍ਰਿਪਾਠੀ ਨੇ ਦੱਸਿਆ ਕਿ ਗਾਜ਼ੀਆਬਾਦ ਪੁਲਸ ਨੇ ਦਿੱਲੀ ਪੁਲਸ ਦੇ ਆਪਣੇ ਹਮਰੁਤਬਿਆਂ ਨੂੰ ਚੌਕਸ ਕੀਤਾ ਅਤੇ ਇਕ ਟੀਮ ਨੂੰ ਵੀ ਪੰਚਵਟੀ ਕਾਲੋਨੀ ਭੇਜਿਆ, ਜਿੱਥੋਂ ਫੋਨ ਕੀਤਾ ਗਿਆ ਸੀ। ਹਾਲਾਂਕਿ ਫੋਨ ਕਰਨ ਵਾਲਾ ਵਿਅਕਤੀ ਫਰਾਰ ਹੋ ਗਿਆ ਸੀ।