ਦਿੱਲੀ ‘ਚ ਹਵਾ ਦੀ ਗੁਣਵੱਤਾ ਖ਼ਰਾਬ, AQI ‘ਬਹੁਤ ਖਰਾਬ’ ਸ਼੍ਰੇਣੀ ‘ਚ ਦਰਜ

ਨਵੀਂ ਦਿੱਲੀ : ਦਿੱਲੀ ਵਿਚ ਵੀਰਵਾਰ ਦੀ ਸਵੇਰੇ ਪ੍ਰਦੂਸ਼ਣ ਦਾ ਪੱਧਰ ਥੋੜ੍ਹਾ ਵੱਧ ਗਿਆ ਅਤੇ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਸ਼੍ਰੇਣੀ ਵਿਚ ਪਹੁੰਚ ਗਈ। ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਕੇਂਦਰੀ ਪ੍ਰਦੂਸ਼ਣ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ ਸਵੇਰੇ 9 ਵਜੇ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) 313 ਦਰਜ ਕੀਤਾ ਗਿਆ, ਜਦਕਿ ਬੁੱਧਵਾਰ ਦੀ ਸਵੇਰੇ 9 ਵਜੇ ਇਹ 301 ਸੀ। ਰਾਸ਼ਟਰੀ ਰਾਜਧਾਨੀ ‘ਚ ਧੂੰਏਂ ਦੀ ਸੰਘਣੀ ਪਰਤ ਬਣੀ ਰਹੀ। ਜ਼ੀਰੋ ਅਤੇ 50 ਦੇ ਵਿਚਕਾਰ ਇੱਕ AQI ਨੂੰ ‘ਚੰਗਾ’, 51 ਤੋਂ 100 ਦੇ ਵਿਚਕਾਰ ‘ਸੰਤੋਖਜਨਕ’, 101 ਤੋਂ 200 ਵਿਚ ‘ਮੱਧਮ’, 201 ਤੋਂ 300 ਵਿਚ ‘ਖ਼ਰਾਬ’, 301 ਤੋਂ 400 ‘ਬਹੁਤ ਖ਼ਰਾਬ’ ਅਤੇ 401 ਤੋਂ 500 ਦੇ ਵਿਚਕਾਰ ਨੂੰ AQI ਨੂੰ ‘ਗੰਭੀਰ’ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ।
CPCB ਦੇ ਅੰਕੜਿਆਂ ਅਨੁਸਾਰ ਹਵਾ ਦੀ ਗੁਣਵੱਤਾ ਦੇ ਡੇਟਾ ਨੂੰ ਰਿਕਾਰਡ ਕਰਨ ਵਾਲੇ 38 ਨਿਗਰਾਨੀ ਸਟੇਸ਼ਨਾਂ ਵਿੱਚੋਂ ਕਿਸੇ ਨੇ ਵੀ ਗੰਭੀਰ ਸ਼੍ਰੇਣੀ ਵਿੱਚ AQI ਪੱਧਰ ਦੀ ਰਿਪੋਰਟ ਨਹੀਂ ਕੀਤੀ। ਇਸ ਦੌਰਾਨ ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਕਿ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 0.2 ਡਿਗਰੀ ਘੱਟ ਹੈ। ਆਈਐਮਡੀ ਨੇ ਦਿਨ ਵੇਲੇ ਆਸਮਾਨ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ।