ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ’ਚ ਬੁੱਧਵਾਰ ਦੇਰ ਸ਼ਾਮ ਤੇਜ਼ ਮੀਂਹ ਪਿਆ। ਦਿੱਲੀ ’ਚ ਇਕ ਘੰਟੇ ’ਚ 112 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਸ਼ਹਿਰ ਵਿਚ ਪਾਣੀ ਭਰਨ ਕਾਰਨ ਆਵਾਜਾਈ ਵਿਵਸਥਾ ਵੀ ਪੂਰੀ ਤਰ੍ਹਾਂ ਠੱਪ ਹੋ ਗਈ। ਮੀਂਹ ਕਾਰਨ ਸ਼ਹਿਰ ਦੇ ਸਾਰੇ ਸਕੂਲਾਂ ਵਿਚ ਅੱਜ ਛੁੱਟੀ ਰਹੀ। ਦਿੱਲੀ ਵਿਚ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ ਦੋ ਲੋਕਾਂ ਦੀ ਮੌਤ ਹੋ ਗਈ, ਦੋ ਜ਼ਖ਼ਮੀ ਹੋ ਗਏ।
ਓਧਰ ਮੌਸਮ ਵਿਭਾਗ ਵਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ। ਬੁੱਧਵਾਰ ਸ਼ਾਮ ਮੋਹਲੇਧਾਰ ਮੀਂਹ ਕਾਰਨ ਸ਼ਹਿਰ ਦੇ ਵੱਡੇ ਹਿੱਸੇ ਪਾਣੀ ਨਾਲ ਭਰ ਗਏ। ਗਾਜ਼ੀਪੁਰ ਵਿਚ 22 ਸਾਲਾ ਇਕ ਔਰਤ ਅਤੇ ਉਸ ਦਾ ਬੱਚਾ ਡੁੱਬ ਗਿਆ। ਕਈ ਇਲਾਕਿਆਂ ਵਿਚ ਆਵਾਜਾਈ ਜਾਮ ਹੋ ਗਈ ਅਤੇ ਸੜਕਾਂ ਨਦੀਆਂ ਬਣ ਗਈਆਂ, ਜਿਸ ਕਾਰਨ ਕਈ ਲੋਕ ਫਸ ਗਏ। ਮੌਸਮ ਵਿਭਾਗ ਨੇ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ, ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਐਲਾਨ ਕੀਤਾ ਕਿ ਮੋਹਲੇਧਾਰ ਮੀਂਹ ਕਾਰਨ ਸ਼ਹਿਰ ਵਿਚ ਵੀਰਵਾਰ ਨੂੰ ਸਾਰੇ ਸਕੂਲ ਬੰਦ ਰਹਿਣਗੇ।
ਮੌਸਮ ਵਿਭਾਗ ਨੇ ਦਿੱਲੀ ਵਿਚ 5 ਅਗਸਤ ਤੱਕ ਮੀਂਹ ਦਾ ਅਨੁਮਾਨ ਜਤਾਇਆ ਹੈ। 2 ਅਗਸਤ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ ਤੋਂ ਇਲਾਵਾ 1 ਅਗਸਤ ਨੂੰ ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰਾਖੰਡ, ਪੰਜਾਬ, ਛੱਤੀਸਗੜ੍ਹ, ਮਹਾਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ, ਗੋਆ ਅਤੇ ਗੁਜਰਾਤ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।