ਜਦੋਂ ਮੈਂ ਨਿੱਕਾ ਹੁੰਦਾ ਸੀ ਤਾਂ ਮੇਰੇ ਪਿਤਾ ਜੀ ਲਾਹੌਰ ਦੀ ਖ਼ੂਬਸੂਰਤੀ ਦੀਆਂ ਗੱਲਾਂ ਕਰਦੇ ਰਹਿੰਦੇ ਅਤੇ ਮੇਰਾ ਜੀਅ ਕਰਦਾ ਕਿ ਉੱਡ ਕੇ ਲਾਹੌਰ ਚਲਿਆ ਜਾਵਾਂ। ”ਮੈਂ ਵੀ ਲੌਰ ਦਾਊਂਗਾ।” ਮੈਂ ਤੋਤਲੀ ਜ਼ੁਬਾਨ ਨਾਲ ਆਖਦਾ ਪਰ ਬੱਚਿਆਂ ਨੂੰ ਐਵੇਂ ਹੀ ਇੰਨੀ ਦੂਰ ਲਾਹੌਰ ਲਿਜਾਣ ਵਾਲੀ ਗੱਲ ਅਸੰਭਵ ਜਿਹੀ ਸੀ। ਫ਼ਿਰ ਦੇਸ਼ ਦੀ ਵੰਡ ਹੋ ਗਈ ਅਤੇ ਲਾਹੌਰ ਪਰਾਏ ਦੇਸ਼ ਦਾ ਸ਼ਹਿਰ ਬਣ ਗਿਆ। ਕਿੰਨੇ ਹੀ ਵਰ੍ਹੇ ਲੰਘ ਗਏ। ਮੈਂ ਵੱਡਾ ਹੋ ਗਿਆ। ਪੜ੍ਹਾਈ ਪੂਰੀ ਕਰਨ ਮਗਰੋਂ ਮੈਨੂੰ ਇੱਕ ਫ਼ੈਕਟਰੀ ਵਿੱਚ ਚੰਗੀ ਨੌਕਰੀ ਮਿਲ ਗਈ ਪਰ ਲਾਹੌਰ ਵੇਖਣ ਦੀ ਇੱਛਾ ਮਨ ਵਿੱਚ ਜਿਉਂ ਦੀ ਤਿਉਂ ਬਣੀ ਰਹੀ। ਪਾਸਪੋਰਟ ਵੀ ਬਣਵਾਇਆ ਪਰ ਜਾਣ ਦਾ ਸਬੱਬ ਹੀ ਨਾ ਬਣਿਆ। ਇੱਕ ਦਿਨ ਮਨ ਵਿੱਚ ਪਤਾ ਨਹੀਂ ਕਿੱਥੋਂ ਖ਼ਿਆਲ ਆ ਗਿਆ ਕਿ ‘ਲਾਹੌਰ ਨਹੀਂ ਤਾਂ ਫ਼ਿਲੌਰ ਈ ਜਾ ਆਵਾਂ।’ ਲਾਹੌਰ ਤੇ ਫ਼ਿਲੌਰ ਵਿੱਚ ਕੋਈ ਸਬੰਧ ਨਹੀਂ ਸੀ। ਕਿੱਥੇ ਵੱਡਾ ਸਾਰਾ ਸੁੰਦਰ ਸ਼ਹਿਰ ਲਾਹੌਰ ਅਤੇ ਕਿੱਥੇ ਨਿੱਕਾ ਜਿਹਾ ਕਸਬਾ ਫ਼ਿਲੌਰ! ਬੱਸ, ਇਨ੍ਹਾਂ ਦੋਵਾਂ ਦੀ ਆਵਾਜ਼ ਹੀ ਇੱਕੋ ਜਿਹੀ ਸੀ। ਮੈਂ ਫ਼ਿਲੌਰ ਜਾਣ ਦਾ ਹੀ ਮਨ ਬਣਾ ਲਿਆ। ਜਦ ਬੱਸ ਲੁਧਿਆਣੇ ਬੱਸ ਸਟੈਂਡ ਤੋਂ ਚੱਲ ਕੇ ਜਲੰਧਰ ਬਾਈਪਾਸ ਤੋਂ ਕੁਝ ਅੱਗੇ ਚੜ੍ਹਾਈ ਚੜ੍ਹਨ ਲੱਗੀ ਤਾਂ ਹੇਠਾਂ ਵੱਲ ਲਹਿਲਹਾਉਂਦੀਆਂ ਫ਼ਸਲਾਂ ਵੇਖ ਕੇ ਮੇਰਾ ਮਨ ਖ਼ੁਸ਼ ਹੋ ਗਿਆ। ਸੱਜੇ ਪਾਸੇ ਬਣੇ ਰੰਗ-ਬਿਰੰਗੇ ਪਿਕਨਿਕ ਸਪਾਟ ‘ਹਾਰਡੀਜ਼ ਵਰਲਡ’ ਵੱਲ ਮੈਂ ਹੈਰਾਨੀ ਨਾਲ ਵੇਖੀ ਗਿਆ। ਫ਼ਿਰ ਕੁਝ ਹੋਰ ਅੱਗੇ ਦਰਿਆ ਵਿੱਚ ਦੂਰ-ਦੂਰ ਤਕ ਪਾਣੀ ਹੀ ਪਾਣੀ ਵੇਖ ਕੇ ਮਨ ਉਛਾਲੇ ਖਾਣ ਲੱਗਿਆ। ਫ਼ਿਲੌਰ ਤਾਂ ਆਮ ਕਸਬਿਆਂ ਵਰਗਾ ਹੀ ਸੀ ਪਰ ਮਨ ਵਿੱਚ ਖ਼ਾਹਿਸ਼ ਪੈਦਾ ਹੋ ਗਈ ਕਿ ਕਿੰਨਾ ਚੰਗਾ ਹੋਵੇ ਜੇ ਅਜਿਹਾ ਸਫ਼ਰ ਕਰਨ ਦਾ ਮੌਕਾ ਨਸੀਬ ਹੁੰਦਾ ਰਹੇ।
ਕੁਝ ਵਰ੍ਹਿਆਂ ਮਗਰੋਂ ਮੇਰੀ ਇਹ ਖ਼ਾਹਿਸ਼ ਪੂਰੀ ਹੋ ਗਈ। ਭਾਵੇਂ ਮੈਂ ਫ਼ੈਕਟਰੀ ਵਿੱਚ ਡਿਪਟੀ ਮੈਨੇਜਰਾਂ ‘ਚੋਂ ਸਭ ਤੋਂ ਸੀਨੀਅਰ ਸੀ ਪਰ ਜਨਰਲ ਮੈਨੇਜਰ ਬਣਨ ਦਾ ਮੌਕਾ ਜਲਦੀ ਮਿਲਣ ਦੀ ਉਮੀਦ ਨਹੀਂ ਸੀ। ਮੈਨੂੰ ਇਹ ਮੌਕਾ ਤਾਂ ਹੀ ਮਿਲਣਾ ਸੀ ਜੇ ਸਾਡਾ ਜਨਰਲ ਮੈਨੇਜਰ ਕਿਸੇ ਹੋਰ ਫ਼ੈਕਟਰੀ ਵਿੱਚ ਚਲਿਆ ਜਾਂਦਾ ਜਾਂ ਸੇਵਾ ਮੁਕਤ ਹੋ ਜਾਂਦਾ ਤੇ ਜਾਂ ਫ਼ਿਰ ਚੜ੍ਹਾਈ ਹੀ ਕਰ ਜਾਂਦਾ। ਨੇੜ-ਭਵਿੱਖ ਵਿੱਚ ਇਨ੍ਹਾਂ ਵਿੱਚੋਂ ਕਿਸੇ ਵੀ ਘਟਨਾ ਦੇ ਵਾਪਰਨ ਦੀ ਸੰਭਾਵਨਾ ਨਹੀਂ ਸੀ। ਇੱਕ ਦਿਨ ਅਖ਼ਬਾਰ ਵਿੱਚ ਇਸ਼ਤਿਹਾਰ ਪੜ੍ਹਿਆ। ਦਰਿਆਉਂ ਪਾਰਲੇ ਸਨਅਤੀ ਕਸਬੇ ਦੀ ਇੱਕ ਫ਼ੈਕਟਰੀ ਵਿੱਚ ਜਨਰਲ ਮੈਨੇਜਰ ਦੀ ਆਸਾਮੀ ਖਾਲੀ ਸੀ। ਮੈਂ ਝੱਟ ਅਰਜ਼ੀ ਭੇਜ ਦਿੱਤੀ। ਕੁਝ ਦਿਨਾਂ ਮਗਰੋਂ ਇੰਟਰਵਿਊ ਹੋਈ ਅਤੇ ਮੈਨੂੰ ਚੁਣ ਲਿਆ ਗਿਆ। ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਮੈਨੂੰ ਵਧੀਆ ਨੌਕਰੀ ਮਿਲ ਗਈ ਸੀ ਅਤੇ ਆਉਂਦੇ-ਜਾਂਦੇ ਦਿਲਕਸ਼ ਨਜ਼ਾਰੇ ਵੇਖਣ ਦਾ ਸੁਭਾਗ ਵੀ।
ਨਵੀਂ ਥਾਂ ਨੌਕਰੀ ‘ਤੇ ਜਾਣ ਲਈ ਮੈਂ ਆਪਣੀ ਫ਼ੈਕਟਰੀ ‘ਚੋਂ ਅਸਤੀਫ਼ਾ ਦੇ ਦਿੱਤਾ। ਕਈਆਂ ਨੇ ਬੜਾ ਸਮਝਾਇਆ, ”ਐਥੇ ਵਰਗੀ ਮੌਜ ਕਿਤੇ ਨ੍ਹੀਂ ਮਿਲਣੀ। ਰਹਿਣ ਦੇ ਉੱਥੇ ਜਾਣ ਨੂੰ। ਮਗਰੋਂ ਪਛਤਾਵੇਂਗਾ।” ਪਰ ਮੈਂ ਕਿਸੇ ਦੀ ਨਾ ਸੁਣੀ ਅਤੇ ਹਿਸਾਬ-ਕਿਤਾਬ ਨਿਬੇੜ ਕੇ ਨਵੀਂ ਫ਼ੈਕਟਰੀ ਵਿੱਚ ਜਾ ਹਾਜ਼ਰੀ ਦਿੱਤੀ। ਮੇਰਾ ਦਫ਼ਤਰ ਏਅਰ-ਕੰਡੀਸ਼ਨਡ ਸੀ ਤੇ ਬਹੁਤ ਹੀ ਆਲੀਸ਼ਾਨ। ਮੇਰੇ ਅਧੀਨ ਕੰਮ ਕਰਨ ਵਾਲਾ ਵੱਡਾ ਅਮਲਾ ਸੀ- ਤਿੰਨ ਡਿਪਟੀ ਮੈਨੇਜਰ, ਕਈ ਇੰਜਨੀਅਰ, ਕਲਰਕ, ਚਪੜਾਸੀ ਆਦਿ ਅਤੇ ਮਜ਼ਦੂਰਾਂ ਦੀ ਗਿਣਤੀ ਸਾਢੇ ਅੱਠ ਸੌ ਦੇ ਕਰੀਬ ਸੀ। ਦਫ਼ਤਰੀ ਅਮਲੇ ਨੇ ਮੈਨੂੰ ਫ਼ੁੱਲਾਂ ਨਾਲ ਲੱਦ ਦਿੱਤਾ, ਵਧੀਆ ਚਾਹ ਪਾਰਟੀ ਦਿੱਤੀ ਅਤੇ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਮੈਨੂੰ ਸਰੂਰ ਜਿਹਾ ਆ ਗਿਆ। ”ਉੱਥੇ ਤਾਂ ਫ਼ੈਕਟਰੀ ‘ਚ ਮੇਰੀ ਕੋਈ ਪੁੱਛਗਿੱਛ ਹੀ ਨਹੀਂ ਸੀ। ਜੀਐੱਮ ਐਵੇਂ ਕੁੜ-ਕੁੜ ਕਰਦਾ ਰਹਿੰਦਾ ਸੀ ਤੇ ਐਥੇ ਆ ਮੇਰੀ ਅਫ਼ਸਰੀ।” ਮੈਂ ਦਿਲ ਵਿੱਚ ਆਖਿਆ।
ਬਿੱਲੀਆਂ ਅੱਖਾਂ ਵਾਲਾ ਡਿਪਟੀ ਮੈਨੇਜਰ ਕਸਤੂਰੀ ਲਾਲ ਦਿਨੋਂ-ਦਿਨ ਮੇਰੇ ਨੇੜੇ ਹੁੰਦਾ ਜਾ ਰਿਹਾ ਸੀ ਅਤੇ ਮੈਨੂੰ ਵੀ ਉਹ ਚੰਗਾ ਲੱਗਦਾ ਸੀ। ਉਹ ਮੈਨੇਜਿੰਗ ਡਾਇਰੈਕਟਰ ਦਾ ਖ਼ਾਸ ਆਦਮੀ ਸੀ। ਉਸ ਨੂੰ ਹਰ ਚੰਗੀ-ਮਾੜੀ ਖ਼ਬਰ ਪਹੁੰਚਾਉਣ ਵਾਲਾ। ‘ਮੈਨੇਜਿੰਗ ਡਾਇਰੈਕਟਰ ਨਾਲ ਵਧੀਆ ਸਬੰਧ ਬਣਾਉਣ ਲਈ ਇਸ ਬੰਦੇ ਨਾਲ ਨੇੜਤਾ ਜ਼ਰੂਰੀ ਐ’ ਮੈਂ ਸੋਚਿਆ। ”ਕਸਤੂਰੀ ਲਾਲ ਤੇਰੇ ‘ਤੇ ਮਾਲਕਾਂ ਦੀ ਬੜੀ ਮਿਹਰ ਆ। ਤੂੰ ਹੀ ਜਨਰਲ ਮੈਨੇਜਰ ਬਣ ਜਾਣਾ ਸੀ।” ਇੱਕ ਦਿਨ ਮੈਂ ਉਸ ਨਾਲ ਸਰਸਰੀ ਜਿਹੀ ਗੱਲ ਕੀਤੀ। ”ਸਾਹਬ, ਗੱਲ ਇਹ ਆ ਕਿ ਬੱਗਾ ਮੈਥੋਂ ਸੀਨੀਅਰ ਆ। ਉਹਨੂੰ ਮਾਲਕ ਬਣਾਉਣਾ ਨ੍ਹੀਂ ਚਾਹੁੰਦੇ। ਆਪਾਂ ਅਸੂਲ ਦੇ ਬੰਦੇ ਆਂ। ਸੀਨੀਅਰ ਬੰਦਾ ਈ ਇਸ ਕੁਰਸੀ ‘ਤੇ ਬਹਿਣਾ ਚਾਹੀਦੈ। ਤੇ ਨਾਲੇ ਸਾਹਬ, ਥੋਡੀ ਖ਼ਿਦਮਤ ਕਰਨ ਦਾ ਮੌਕਾ ਵੀ ਤਾਂ ਮਿਲਣਾ ਸੀ। ਮੈਨੂੰ ਤਾਂ ਜਿੱਥੇ ਮਰਜ਼ੀ ਵਰਤ ਲਿਆ ਕਰੋ।” ਉਸ ਦੇ ਇਹ ਕਹਿਣ ਨਾਲ ਮੇਰੀ ਤਸੱਲੀ ਹੋ ਗਈ। ਇੱਕ ਦਿਨ ਲੇਖਾਕਾਰ ਨੇ ਗੱਲਾਂ-ਗੱਲਾਂ ਵਿੱਚ ਆਖਿਆ, ”ਸਾਹਬ ਇਸ ਬਿੱਲੀਆਂ ਅੱਖਾਂ ਵਾਲੇ ਤੋਂ ਬਚ ਕੇ ਰਹਿਣਾ। ਜਿੰਨਾ ਇਹ ਮੂੰਹ ਦਾ ਮਿੱਠੈ, ਓਨਾ ਹੀ ਦਿਲ ਦਾ ਕਾਲੈ।” ਪਰ ਮੈਂ ਉਸ ਦੀ ਗੱਲ ਅਣਸੁਣੀ ਕਰ ਦਿੱਤੀ ਅਤੇ ਕਸਤੂਰੀ ਲਾਲ ਨਾਲ ਦਿਲ ਦੀ ਹਰ ਗੱਲ ਸਾਂਝੀ ਕਰਨ ਲੱਗ ਪਿਆ। ਇੱਕ ਕਲਰਕ ਚਾਰ ਦਿਨ ਬਿਨਾਂ ਛੁੱਟੀ ਦੀ ਅਰਜ਼ੀ ਦਿੱਤੇ ਗ਼ੈਰਹਾਜ਼ਰ ਰਿਹਾ ਅਤੇ ਆ ਕੇ ਉਸ ਨੇ ਰਜਿਸਟਰ ਵਿੱਚ ਹਾਜ਼ਰੀਆਂ ਭਰ ਦਿੱਤੀਆਂ। ਮੈਨੂੰ ਗੁੱਸਾ ਆਇਆ ਅਤੇ ਮੈਂ ਉਸ ਦੀ ਜਵਾਬਤਲਬੀ ਕਰ ਲਈ। ਅਗਲੇ ਦਿਨ ਮੈਨੇਜਿੰਗ ਡਾਇਰੈਕਟਰ ਨੇ ਮੈਨੂੰ ਬੁਲਾ ਕੇ ਹਦਾਇਤ ਦਿੱਤੀ, ”ਇਹ ਬਾਬੂ ਮੇਰਾ ਖ਼ਾਸ ਬੰਦੈ। ਮੈਂ ਹੀ ਕੰਮ ਭੇਜਿਆ ਸੀ। ਅੱਗੇ ਤੋਂ ਇਸ ਦੀ ਪੁੱਛ-ਪੜਤਾਲ ਨ੍ਹੀਂ ਕਰਨੀ।” ਮੈਂ ਕਸਤੂਰੀ ਲਾਲ ਨਾਲ ਇਹ ਗੱਲ ਸਾਂਝੀ ਕੀਤੀ। ਉਸ ਨੇ ਕਿਹਾ, ”ਮੈਂ ਤਾਂ ਥੋਡਾ ਗੁਲਾਮ ਆਂ। ਮਾਲਕਾਂ ਨਾਲ ਗੱਲ ਕਰ ਲਊਂਗਾ।” ਉਸ ਦੇ ਆਖਣ ਦਾ ਢੰਗ ਇਸ ਤਰ੍ਹਾਂ ਸੀ ਜਿਵੇਂ ਇਹ ਕੋਈ ਘਟਨਾ ਹੀ ਨਾ ਹੋਵੇ। ਖ਼ੈਰ! ਉਸ ਨੇ ਪਤਾ ਨਹੀਂ ਅੱਗੇ ਗੱਲ ਕੀਤੀ ਜਾਂ ਨਹੀਂ ਪਰ ਮੈਨੂੰ ਇੰਨਾ ਪਤਾ ਜ਼ਰੂਰ ਲੱਗ ਗਿਆ ਕਿ ਮੈਨੇਜਿੰਗ ਡਾਇਰੈਕਟਰ ਦਾ ਉਸ ਕਲਰਕ ਰਾਹੀਂ ਸਮਗਲਿੰਗ ਦਾ ਧੰਦਾ ਚੱਲਦਾ ਹੈ। ‘ਐੱਮਡੀ ਕਹਾਉਂਦਾ ਤਾਂ ਆਪਣੇ ਆਪ ਨੂੰ ਬੜਾ ਧਰਮਾਤਮੈਂ ਪਰ ਕੰਮ ਕਿਹੋ ਜਿਹੇ ਕਰਦੈ!” ਇਹ ਸੋਚ ਕੇ ਮੈਨੂੰ ਝਟਕਾ ਜਿਹਾ ਲੱਗਿਆ ਅਤੇ ਮੈਂ ਪ੍ਰੇਸ਼ਾਨ ਰਹਿਣ ਲੱਗ ਪਿਆ।
ਹੌਲੀ-ਹੌਲੀ ਮੈਨੂੰ ਮੈਨੇਜਿੰਗ ਡਾਇਰੈਕਟਰ ਬਾਰੇ ਹੋਰ ਪਤਾ ਲੱਗਦਾ ਗਿਆ। ਉਹ ਦਫ਼ਤਰ ਲਈ ਕਲਰਕ ਲੜਕੀਆਂ ਸੋਹਣੀ ਸ਼ਕਲ-ਸੂਰਤ ਵਾਲੀਆਂ ਹੀ ਰੱਖਦਾ ਸੀ ਅਤੇ ਉਨ੍ਹਾਂ ਨਾਲ ਉਸ ਦੇ ਨਾਜਾਇਜ਼ ਸਬੰਧਾਂ ਦੀ ਚਰਚਾ ਵੀ ਸੀ। ਜੇ ਕੋਈ ਲੜਕੀ ਉਸ ਨੂੰ ਵੇਲੇ-ਕੁਵੇਲੇ ਮਿਲਣ ਤੋਂ ਨਾਂਹ ਕਰ ਦਿੰਦੀ ਤਾਂ ਅਗਲੇ ਹੀ ਦਿਨ ਉਸ ਨੂੰ ਨੌਕਰੀਉਂ ਜੁਆਬ ਮਿਲ ਜਾਂਦਾ। ਦੋ, ਤਿੰਨ ਕਰਮਚਾਰੀਆਂ ਨੇ ਤਾਂ ਇਹ ਵੀ ਦੱਸਿਆ ਕਿ ਪਿਛਲੇ ਸਾਲ ਇੱਕ ਲੜਕੀ ਨੇ ਉਸ ਦੀ ਅਜਿਹੀ ਭੰਡੀ ਕੀਤੀ ਸੀ ਕਿ ਉਸ ਦੀਆਂ ਕਰਤੂਤਾਂ ਦੀ ਖ਼ਬਰ ਸਥਾਨਕ ਅਖ਼ਬਾਰ ਨੇ ਵੱਡੀ ਸੁਰਖ਼ੀ ਲਾ ਕੇ ਛਾਪੀ ਸੀ। ‘ਮੈਂ ਤਾਂ ਇੱਥੇ ਕਸੂਤਾ ਫ਼ਸ ਗਿਆ।’ ਕਈ ਵਾਰ ਮੈਂ ਦਿਲ ਵਿੱਚ ਆਖਦਾ। ਮੇਰੀ ਪ੍ਰੇਸ਼ਾਨੀ ਵਧਦੀ ਜਾ ਰਹੀ ਸੀ। ਹੁਣ ਮੈਨੂੰ ਬੱਸ ਵਿੱਚ ਸਫ਼ਰ ਕਰਦਿਆਂ ਨਾ ਫ਼ਸਲਾਂ ਲਹਿਲਹਾਉਂਦੀਆਂ ਜਾਪਦੀਆਂ, ਨਾ ‘ਹਾਰਡੀਜ਼ ਵਰਲਡ’ ਖਿੱਚ ਪਾਉਂਦਾ ਤੇ ਨਾ ਹੀ ਦਰਿਆ ਦਾ ਦ੍ਰਿਸ਼ ਸੁੰਦਰ ਲੱਗਦਾ।
ਇੱਕ ਦਿਨ ਮੈਂ ਐਵੇਂ ਆਪਣੇ ਮਨ ਦੀ ਹਾਲਤ ਕਸਤੂਰੀ ਲਾਲ ਨੂੰ ਦੱਸ ਬੈਠਾ। ”ਸਾਹਬ, ਤੁਸੀਂ ਤਾਂ ਐਵੇਂ ਸੋਚੀ ਜਾਂਦੇ ਓ। ਬੱਸ ‘ਚ ਆਉਣਾ-ਜਾਣਾ ਛੱਡੋ। ਐਥੇ ਰਹੋ। ਰੋਜ਼ ਜਸ਼ਨ ਮਨਾਉ।” ਉਸ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਤਾਂ ਬੜਾ ਆਇਆ ਪਰ ਮੈਂ ਅੰਦਰੇ ਅੰਦਰ ਪੀ ਗਿਆ। ”ਇਹਦੇ ਨਾਲ ਕਾਹਨੂੰ ਗੱਲ ਕਰਨੀ ਸੀ?” ਮੈਂ ਆਪਣੇ-ਆਪ ਨੂੰ ਕੋਸਣ ਲੱਗਿਆ। ਕੁਝ ਦਿਨਾਂ ਬਾਅਦ ਜਦ ਮੈਂ ਦਫ਼ਤਰ ਪਹੁੰਚਿਆ ਤਾਂ ਕਸਤੂਰੀ ਲਾਲ ਮੇਰੀ ਕੁਰਸੀ ‘ਤੇ ਬੈਠਾ ਸੀ। ”ਸਾਹਬ, ਮਾਲਕਾਂ ਨੇ ਤੁਹਾਡੇ ਲਈ ਆਹ ਚਿੱਠੀ ਦਿੱਤੀ ਆ।” ਉਹ ਮੁਸਕਰਾਇਆ। ਮੈਂ ਚਿੱਠੀ ਪੜ੍ਹੀ। ਮੈਨੂੰ ਨੌਕਰੀਉਂ ਕੱਢ ਦਿੱਤਾ ਗਿਆ ਸੀ ਅਤੇ ਮੇਰੀ ਥਾਂ ਕਸਤੂਰੀ ਲਾਲ ਜਨਰਲ ਮੈਨੇਜਰ ਬਣ ਗਿਆ ਸੀ। ਇੱਕ ਪਲ ਤਾਂ ਮੈਨੂੰ ਨੌਕਰੀ ਖੁੱਸਣ ਦਾ ਅਫ਼ਸੋਸ ਹੋਇਆ ਪਰ ਜਲਦੀ ਹੀ ਮੇਰੇ ਚਿਹਰੇ ਤੋਂ ਉਦਾਸੀ ਦੀ ਝਲਕ ਲੋਪ ਹੋ ਗਈ। ਮੇਰੇ ਸਿਰੋਂ ਮਣਾਂ-ਮੂੰਹੀਂ ਭਾਰ ਜੁ ਲਹਿ ਗਿਆ ਸੀ।
ਡਾ. ਹਰਨੇਕ ਸਿੰਘ ਕੈਲੇ