ਤਾਮਿਲਨਾਡੂ ‘ਚ ਮੋਹਲੇਧਾਰ ਮੀਂਹ, ਅਲਰਟ ਜਾਰੀ

ਚੇਨਈ- ਖੇਤਰੀ ਮੌਸਮ ਵਿਗਿਆਨ ਕੇਂਦਰ (RMC) ਨੇ ਵੀਰਵਾਰ ਨੂੰ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ਲਈ ਯੈਲੋ ਅਤੇ ਆਰੇਂਜ ਅਲਰਟ ਜਾਰੀ ਕੀਤਾ। ਚੇਨਈ ਅਤੇ ਨੇੜਲੇ ਜ਼ਿਲ੍ਹਿਆਂ ਲਈ ਯੈਲ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ ਡੈਲਟਾ ਜ਼ਿਲ੍ਹਿਆਂ ਲਈ ਆਰੇਂਜ ਅਲਰਟ ਐਲਾਨ ਕੀਤਾ ਗਿਆ ਹੈ, ਜਿਸ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਡੈਲਟਾ ਖੇਤਰ ਦੇ ਕੁੱਡਾਲੋਰ ਅਤੇ ਮੇਇਲਾਦੁਥੁਰਾਈ ਵਿਚ ਵੀਰਵਾਰ ਨੂੰ 24.4 ਸੈਂਟੀਮੀਟਰ ਤੋਂ ਜ਼ਿਆਦਾ ਮੀਂਹ ਪੈ ਸਕਦਾ ਹੈ। ਕਾਂਚੀਪੁਰਮ, ਕੁਡਲੋਰ, ਚੇਂਗਲਪੱਟੂ, ਵਿੱਲੂਪੁਰਮ ਅਤੇ ਪੁਡੂਚੇਰੀ ਵਰਗੇ ਜ਼ਿਲ੍ਹਿਆਂ ਵਿਚ ਅਲੱਗ-ਅਲੱਗ ਥਾਵਾਂ ‘ਤੇ 24 ਸੈਂਟੀਮੀਟਰ ਤੱਕ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਚੇਨਈ, ਤਿਰੂਵੱਲੁਰ, ਰਾਨੀਪੇਟ, ਤਿਰੂਵਰੂਰ ਅਤੇ ਨਾਗਾਪੱਟੀਨਮ ਵਿਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। RMC ਨੇ ਕਿਹਾ ਕਿ 29 ਨਵੰਬਰ ਤੋਂ 2 ਦਸੰਬਰ ਤੱਕ ਤੱਟਵਰਤੀ ਖੇਤਰ ਅਤੇ ਉੱਤਰੀ ਤਾਮਿਲਨਾਡੂ ਵਿਚ ਭਾਰੀ ਮੀਂਹ ਜਾਰੀ ਰਹੇਗਾ।
ਇਸ ਤੋਂ ਇਲਾਵਾ 28 ਨਵੰਬਰ ਨੂੰ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਦੇ ਤੱਟਵਰਤੀ ਖੇਤਰਾਂ ਵਿਚ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਬੰਗਾਲ ਦੀ ਖਾੜੀ ‘ਤੇ ਪੈਦਾ ਹੋਏ ਚੱਕਰਵਾਤੀ ਤੂਫਾਨ ਦੇ ਤਾਮਿਲਨਾਡੂ ਤੱਟ ਦੇ ਨੇੜੇ ਪਹੁੰਚਣ ਦੀ ਸੰਭਾਵਨਾ ਹੈ, ਜਿਸ ਨਾਲ 1 ਦਸੰਬਰ ਤੱਕ ਤੱਟਵਰਤੀ ਖੇਤਰਾਂ ‘ਚ ਲਗਾਤਾਰ ਮੀਂਹ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਮੱਧ ਅਕਤੂਬਰ ਤੋਂ ਉੱਤਰ-ਪੂਰਬੀ ਮਾਨਸੂਨ ਸੀਜ਼ਨ ਦੌਰਾਨ ਵਿਕਸਿਤ ਹੋਣ ਵਾਲੀ ਇਹ ਚੌਥੀ ਮੌਸਮ ਪ੍ਰਣਾਲੀ ਹੈ। ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਮੌਜੂਦਾ ਪ੍ਰਣਾਲੀ ਦਾ ਸਹੀ ਕ੍ਰਾਸਿੰਗ ਪੁਆਇੰਟ ਨਿਰਧਾਰਤ ਕਰਨਾ ਹੈ। ਇਸ ਦੌਰਾਨ ਇੰਡੀਗੋ ਏਅਰਲਾਈਨਜ਼ ਨੇ ਯਾਤਰੀਆਂ ਨੂੰ ਸੂਚਿਤ ਕੀਤਾ ਹੈ ਕਿ ਉਲਟ ਮੌਸਮ ਦੇ ਕਾਰਨ ਚੇਨਈ, ਤੂਤੀਕੋਰਿਨ, ਮਦੁਰਾਈ, ਤਿਰੂਚਿਰਾਪੱਲੀ ਅਤੇ ਸਲੇਮ ਲਈ ਉਡਾਣਾਂ ਦੇ ਸੰਚਾਲਨ ਵਿਚ ਵਿਘਨ ਪੈਣ ਦੀ ਸੰਭਾਵਨਾ ਹੈ।