ਤਮਿਲਨਾਡੂ ‘ਚ ਹੜ੍ਹ ਕਾਰਨ ਹੁਣ ਤੱਕ 300 ਤੋਂ ਜ਼ਿਆਦਾ ਲੋਕਾਂ ਦੀ ਮੌਤ

2ਚੇਨੱਈ: ਤਮਿਲਨਾਡੂ ਵਿਚ ਆਏ ਭਿਆਨਕ ਹੜ੍ਹ ਨੇ ਹੁਣ ਤੱਕ 300 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ। ਹਾਲਾਂਕਿ ਸੂਬੇ ਵਿਚ ਹੜ੍ਹ ਦੀ ਸਥਿਤੀ ਵਿਚ ਕੁਝ ਸੁਧਾਰ ਹੋ ਰਿਹਾ ਹੈ, ਪਰ ਇਸ ਹੜ੍ਹ ਨੇ ਪਿਛਲੇ 100 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਆਪਣੇ ਪਿੱਛੇ ਤਬਾਹੀ ਦੀਆਂ ਪੈੜਾਂ ਛੱਡ ਗਏ ਇਸ ਹੜ੍ਹ ਤੋਂ ਉਭਰਨ ਲਈ ਤਮਿਲਨਾਡੂ ਨੂੰ ਕਈ ਸਾਲ ਲੱਗਣਗੇ। ਹੜ੍ਹ ਕਾਰਨ ਜਿਥੇ ਕਈ ਰਿਹਾਇਸ਼ੀ ਇਲਾਕਿਆਂ ਵਿਚ ਗੋਡੇ-ਗੋਡੇ ਪਾਣੀ ਭਰ ਗਿਆ, ਉਥੇ ਸੜਕਾਂ ਵੀ ਪਾਣੀ ਵਿਚ ਡੁੱਬ ਗਈਆਂ, ਜਿਸ ਕਾਰਨ ਆਵਾਜਾਈ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ। ਇਸ ਦੌਰਾਨ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਫੌਜ ਦੀ ਮਦਦ ਲਈ ਜਾ ਰਹੀ ਹੈ। ਇਸ ਦੌਰਾਨ ਸੂਚਨਾ ਮਿਲੀ ਹੈ ਕਿ ਕਈ ਸਿੱਖ ਭਾਈਚਾਰੇ ਦੇ ਲੋਕ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਉਹ ਨਾ ਕੇਵਲ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਰਹੇ ਹਨ, ਬਲਕਿ ਪੀੜਤਾਂ ਨੂੰ ਖਾਣਾ ਵੀ ਮੁਹੱਈਆ ਕਰਾ ਰਹੇ ਹਨ।
ਦੂਸਰੇ ਕੇਂਦਰ ਵੱਲੋਂ ਤਮਿਲਨਾਡੂ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਹੈ, ਉਥੇ ਕਈ ਖੇਡ ਅਤੇ ਫਿਲਮੀ ਹਸਤੀਆਂ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈਆਂ ਹਨ। ਤਮਿਲਨਾਡੂ ਵਿਚ ਭਾਵੇਂ ਪਾਣੀ ਹੌਲੀ-ਹੌਲੀ ਉਤਰਦਾ ਜਾ ਰਿਹਾ ਹੈ, ਪਰ ਸੂਬੇ ਵਿਚ ਜਨਜੀਵਨ ਪਟੜੀ ‘ਤੇ ਪਰਤਣ ਨੂੰ ਹਾਲੇ ਸਮਾਂ ਲੱਗੇਗਾ।
ਇਸ ਦੌਰਾਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ, ਜਦੋਂ ਕਿ ਕਈ ਲੋਕਾਂ ਦੇ ਮਕਾਨ ਇਸ ਭਾਰੀ ਬਾਰਿਸ਼ ਦੀ ਭੇਂਟ ਚੜ੍ਹ ਗਏ। ਹੜ੍ਹ ਕਾਰਨ ਨਾ ਕੇਵਲ ਸੜਕੀ ਬਲਕਿ ਰੇਲ ਅਤੇ ਹਵਾਈ ਸੇਵਾਵਾਂ ‘ਤੇ ਵੀ ਕਾਫੀ ਅਸਰ ਦੇਖਣ ਨੂੰ ਮਿਲਿਆ। ਪਿਛਲੇ 100 ਸਾਲਾਂ ਵਿਚ ਪਹਿਲੀ ਵਾਰੀ ਆਏ ਇਸ ਭਿਆਨਕ ਹੜ੍ਹ ਬਾਰੇ ਭਾਵੇਂ ਮੌਸਮ ਵਿਭਾਗ ਨੇ ਪਹਿਲਾਂ ਹੀ ਚੇਤਾਵਨੀ ਜਾਰੀ ਕਰ ਦਿੱਤੀ ਸੀ, ਪਰ ਸਮਾਂ ਰਹਿੰਦਿਆਂ ਜੇਕਰ ਸੂਬਾ ਸਰਕਾਰ ਚੌਕਸ ਹੋ ਜਾਂਦੀ ਤਾਂ ਅੱਜ ਤਮਿਲਨਾਡੂ ਦੇ ਹਾਲਾਤ ਕੁਝ ਹੋਰ ਹੁੰਦੇ ਅਤੇ ਲੋਕਾਂ ਨੂੰ ਆਪਣੀ ਜਾਨ ਨਾ ਗਵਾਉਣੀ ਪੈਂਦੀ।

LEAVE A REPLY